
ਲੰਡਨ, 28 ਮਾਰਚ – ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਮੁੱਦਾ ਬ੍ਰਿਟਿਸ਼ ਸੰਸਦ ਵਿੱਚ ਉਠਾਇਆ ਗਿਆ ਹੈ। ਇਹ ਮੰਗ ਕੀਤੀ ਜਾ ਰਹੀ ਹੈ ਕਿ ਬ੍ਰਿਟੇਨ ਨੂੰ ਇਸ 106 ਸਾਲ ਪੁਰਾਣੀ ਘਟਨਾ ਲਈ ਭਾਰਤੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਖਾਸ ਗੱਲ ਇਹ ਹੈ ਕਿ ਇਹ ਮੰਗ ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਵੀ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਘਟਨਾ ਨੂੰ ਬ੍ਰਿਟੇਨ ਦੇ ਇਤਿਹਾਸ ਵਿੱਚ ’ਕਾਲਾ ਧੱਬਾ’ ਕਰਾਰ ਦਿੱਤਾ ਹੈ। ਇਸ ਕਤਲੇਆਮ ਵਿੱਚ, ਬ੍ਰਿਟਿਸ਼ ਸੈਨਿਕਾਂ ਨੇ ਨਿਹੱਥੇ ਭਾਰਤੀਆਂ ’ਤੇ ਗੋਲੀਆਂ ਚਲਾਈਆਂ। ਬਲੈਕਮੈਨ ਨੇ ਜਲ੍ਹਿਆਂਵਾਲਾ ਬਾਗ਼ ਘਟਨਾ ਦੇ ਸਬੰਧ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਭਾਸ਼ਣ ਦਿੱਤਾ। ਉਨ੍ਹਾਂ ਕਿਹਾ, ‘13 ਅਪ੍ਰੈਲ, 1919 ਨੂੰ ਬਹੁਤ ਸਾਰੇ ਪਰਵਾਰ ਆਪਣੇ ਪ੍ਰਵਾਰਾਂ ਨਾਲ ਚੰਗਾ ਦਿਨ ਬਿਤਾਉਣ ਲਈ ਸ਼ਾਂਤੀ ਨਾਲ ਇਕੱਠੇ ਹੋਏ ਸਨ। ਬ੍ਰਿਟਿਸ਼ ਫ਼ੌਜ ਵਲੋਂ ਜਨਰਲ ਡਾਇਰ ਨੇ ਆਪਣੇ ਸਿਪਾਹੀਆਂ ਨੂੰ ਉਨ੍ਹਾਂ ਮਾਸੂਮ ਲੋਕਾਂ ’ਤੇ ਉਦੋਂ ਤਕ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਜਦੋਂ ਤੱਕ ਗੋਲੀਆਂ ਖ਼ਤਮ ਨਾ ਹੋ ਜਾਣ।
ਉਨ੍ਹਾਂ ਕਿਹਾ, ‘ਇਸ ਕਤਲੇਆਮ ਦੇ ਅੰਤ ਵਿੱਚ 1500 ਲੋਕ ਮਾਰੇ ਗਏ ਅਤੇ 1200 ਜ਼ਖ਼ਮੀ ਹੋ ਗਏ ਸਨ। ਬਾਅਦ ਵਿੱਚ ਜਨਰਲ ਡਾਇਰ ਨੂੰ ਬ੍ਰਿਟਿਸ਼ ਰਾਜ ’ਤੇ ਇਸ ਦਾਗ਼ ਲਈ ਅਪਮਾਨ ਸਹਿਣਾ ਪਿਆ।’ ਉਨ੍ਹਾਂ ਅੱਗੇ ਕਿਹਾ, ‘ਤਾਂ ਕੀ ਅਸੀਂ ਸਰਕਾਰ ਵੱਲੋਂ ਬਿਆਨ ਜਾਰੀ ਕਰ ਸਕਦੇ ਹਾਂ ਇਹ ਮੰਨਦੇ ਹੋਏ ਕਿ ਕੀ ਗ਼ਲਤ ਹੋਇਆ ਅਤੇ ਭਾਰਤ ਦੇ ਲੋਕਾਂ ਤੋਂ ਰਸਮੀ ਤੌਰ ’ਤੇ ਮੁਆਫ਼ੀ ਮੰਗ ਲਈਏ। 2019 ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਸ ਕਤਲੇਆਮ ’ਤੇ ਦੁੱਖ ਪ੍ਰਗਟ ਕੀਤਾ ਸੀ। ਉਸਨੇ ਇਸਨੂੰ ‘ਬ੍ਰਿਟੇਨ ਦੇ ਇਤਿਹਾਸ ’ਤੇ ਇੱਕ ਸ਼ਰਮਨਾਕ ਜ਼ਖ਼ਮ’ ਕਰਾਰ ਦਿਤਾ ਸੀ। ਹਾਲਾਂਕਿ, ਉਨ੍ਹਾਂ ਨੇ ਉਦੋਂ ਵੀ ਰਸਮੀ ਮੁਆਫ਼ੀ ਨਹੀਂ ਮੰਗੀ ਸੀ।