
ਆਸਾਮ ਦੀ ਰਾਜਧਾਨੀ ਗੁਹਾਟੀ ’ਚ ਸੀਨੀਅਰ ਪੱਤਰਕਾਰ ਦਿਲਾਵਰ ਹੁਸੈਨ ਮਜੂਮਦਾਰ ਨੂੰ ਮੰਗਲਵਾਰ ਰਾਤ ਪੁਲਸ ਨੇ ਗਿ੍ਰਫਤਾਰ ਕਰ ਲਿਆ, ਜਦੋਂ ਉਹ ਆਸਾਮ ਕੋਆਪ੍ਰੇਟਿਵ ਅਪੈਕਸ ਬੈਂਕ (ਏ ਸੀ ਏ ਬੀ) ਖਿਲਾਫ ਇੱਕ ਮੁਜ਼ਾਹਰੇ ਨੂੰ ਕਵਰ ਕਰਕੇ ਘਰ ਪਰਤਿਆ ਸੀ। ਇਸ ਬੈਂਕ ਦੇ ਡਾਇਰੈਕਟਰ ਸੂਬੇ ਦੇ ਮੁੱਖ ਮੰਤਰੀ ਬਿਸਵਾ ਸਰਮਾ ਹਨ ਤੇ ਇਸ ਦੇ ਚੇਅਰਮੈਨ ਭਾਜਪਾ ਵਿਧਾਇਕ ਬਿਸਵਜੀਤ ਫੁਕਨ ਹਨ। ਪੱਤਰਕਾਰਾਂ ਨੇ ਡਿਜੀਟਲ ਮੀਡੀਆ ਪੋਰਟਲ ‘ਦੀ ਕਰਾਸਕਰੰਟ’ ਦੇ ਚੀਫ ਰਿਪੋਰਟਰ ਮਜੂਮਦਾਰ ਦੀ ਗਿ੍ਰਫਤਾਰੀ ਖਿਲਾਫ ਬੁੱਧਵਾਰ ਪ੍ਰੈੱਸ ਕਲੱਬ ਦੇ ਬਾਹਰ ਪ੍ਰਦਰਸ਼ਨ ਕਰਕੇ ਗਿ੍ਰਫਤਾਰੀ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਤੇ ਆਸਾਮ ਪੁਲਸ ਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ।
ਕਾਂਗਰਸ, ਰਾਇਜ਼ੋਰ ਦਲ ਤੇ ਆਸਾਮ ਜਾਤੀ ਪ੍ਰੀਸ਼ਦ ਵਰਗੀਆਂ ਆਪੋਜ਼ੀਸ਼ਨ ਪਾਰਟੀਆਂ ਨੇ ਵੀ ਮਜੂਮਦਾਰ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਹੈ। ਪੋਰਟਲ ਦੇ ਸੰਪਾਦਕ ਅਰੂਪ ਕਲਿਤਾ ਨੇ ਕਿਹਾ ਹੈ ਕਿ ਗਿ੍ਰਫਤਾਰੀ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਦਿਲਾਵਰ ਨੇ ਸਿਰਫ ਆਪਣਾ ਕੰਮ ਕੀਤਾ ਹੈ। ਦਰਅਸਲ ਏ ਸੀ ਏ ਬੀ ਵਿੱਚ ਕਥਿਤ ਬੇਨੇਮੀਆਂ ਖਿਲਾਫ ਆਸਾਮ ਜਾਤੀ ਪ੍ਰੀਸ਼ਦ ਦੇ ਯੂਥ ਵਿੰਗ ‘ਜਾਤੀ ਯੁਵਾ ਸ਼ਕਤੀ’ ਨੇ ਮੰਗਲਵਾਰ ਗੁਹਾਟੀ ਵਿੱਚ ਬੈਂਕ ਦੇ ਹੈੱਡਕੁਆਰਟਰ ਅੱਗੇ ਮੁਜ਼ਾਹਰਾ ਕੀਤਾ ਸੀ। ਇਸ ਦੌਰਾਨ ਮਜੂਮਦਾਰ ਨੇ ਉੱਥੇ ਮੌਜੂਦ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਡੋਮਬਾਰੂ ਸੈਕੀਆ ਤੋਂ ਕੁਝ ਸਵਾਲ ਪੁੱਛੇ। ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਸੈਕੀਆ ਨੇ ਜਵਾਬ ਦੇਣ ਦੀ ਥਾਂ ਮਜੂਮਦਾਰ ਨੂੰ ਆਪਣੇ ਦਫਤਰ ਵਿੱਚ ਆਉਣ ਲਈ ਕਿਹਾ।
ਇਸ ਦੇ ਕੁਝ ਘੰਟਿਆਂ ਬਾਅਦ ਪਾਨ ਬਾਜ਼ਾਰ ਥਾਣੇ ਦੀ ਪੁਲਸ ਨੇ ਉਸ ਨੂੰ ਚੁੱਕ ਲਿਆ। ਉਸ ’ਤੇ ਮੁਜਰਮਾਨਾ ਧਮਕੀ ਦੇਣ ਅਤੇ ਅਨੁਸੂਚਿਤ ਜਾਤੀ/ ਜਨਜਾਤੀ (ਅੱਤਿਆਚਾਰ ਨਿਵਾਰਨ) ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ। ਸ਼ਿਕਾਇਤ ਬੈਂਕ ਦੇ ਸਕਿਉਰਟੀ ਗਾਰਡ ਵੱਲੋਂ ਕੀਤੀ ਗਈ, ਜਿਸ ਦਾ ਕਹਿਣਾ ਹੈ ਕਿ ਮਜੂਮਦਾਰ ਨੇ ਉਸ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਮਜੂਮਦਾਰ ਆਸਾਮ ਦੇ ਉਨ੍ਹਾਂ ਪੱਤਰਕਾਰਾਂ ਵਿੱਚ ਸ਼ਾਮਲ ਹੈ, ਜਿਹੜੇ ਸਰਕਾਰ ਦੀਆਂ ਨੀਤੀਆਂ ਤੇ ਭਿ੍ਰਸ਼ਟਾਚਾਰ ਖਿਲਾਫ ਨਿਡਰਤਾ ਨਾਲ ਸਵਾਲ ਉਠਾਉਦੇ ਹਨ। ‘ਦੀ ਕਰਾਸਕਰੰਟ’ ਪੋਰਟਲ ਨੇ ਪਹਿਲਾਂ ਵੀ ਮੁੱਖ ਮੰਤਰੀ ਬਿਸਵਾ ਤੇ ਉਸ ਦੀ ਪਤਨੀ ਰਿਨਿਕੀ ਭੁਈਆ ਸਰਮਾ ਨਾਲ ਜੁੜੇ ਵਿਵਾਦਾਂ ਦੀਆਂ ਖਬਰਾਂ ਨਸ਼ਰ ਕੀਤੀਆਂ ਹਨ। 2022 ਵਿੱਚ ਪੋਰਟਲ ਨੇ ਖਬਰ ਚਲਾਈ ਸੀ ਕਿ ਸਰਮਾ ਦੇ ਸਿਹਤ ਮੰਤਰੀ ਹੁੰਦਿਆਂ ਉਸ ਦੀ ਪਤਨੀ ਦੀ ਫਰਮ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਪੀ ਪੀ ਆਈ ਕਿੱਟ ਦੀ ਸਪਲਾਈ ਲਈ ਤੱਤਕਾਲ ਆਰਡਰ ਦਿੱਤੇ ਗਏ ਸਨ।
ਇਸ ਦੇ ਇਲਾਵਾ ਮਜੂਮਦਾਰ ਨੇ ਏ ਸੀ ਏ ਬੀ ਵਿੱਚ ਕਥਿਤ ਬੇਨੇਮੀਆਂ ਬਾਰੇ ਕਈ ਲੇਖ ਲਿਖੇ ਸਨ। ਉਸ ਦੀ ਗਿ੍ਰਫਤਾਰੀ ਨੂੰ ਲੋਕ ਸਰਕਾਰ ਦੀ ਬਦਲਾਖੋਰੀ ਮੰਨ ਰਹੇ ਹਨ। ਇਸ ਗਿ੍ਰਫਤਾਰੀ ਪਿੱਛੇ ਕਈ ਸੰਭਾਵਤ ਮਕਸਦ ਹੋ ਸਕਦੇ ਹਨ। ਪਹਿਲਾ ਇਹ ਕਿ ਸੱਤਾ ਦੇ ਕਰੀਬੀਆਂ ਜਾਂ ਪ੍ਰਭਾਵਸ਼ਾਲੀ ਲੋਕਾਂ ਨੂੰ ਸਵਾਲ ਕੀਤੇ ਤਾਂ ਨਤੀਜੇ ਭੁਗਤਣੇ ਪੈਣਗੇ। ਦੂਜਾ, ਮਜੂਮਦਾਰ ਦੀ ਗਿ੍ਰਫਤਾਰੀ ਦੱਸਦੀ ਹੈ ਕਿ ਸਰਕਾਰ ਏ ਸੀ ਏ ਬੀ ਵਿੱਚ ਮੁੱਖ ਮੰਤਰੀ ਦੀ ਸਿੱਧੀ ਸ਼ਮੂਲੀਅਤ ਕਾਰਨ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ। ਇਸ ਗਿ੍ਰਫਤਾਰੀ ਨਾਲ ਸਰਕਾਰ ਦੂਜੇ ਪੱਤਰਕਾਰਾਂ ਵਿੱਚ ਡਰ ਪੈਦਾ ਕਰਨਾ ਚਾਹੁੰਦੀ ਹੈ। ਤੀਜਾ ਇਹ ਕਦਮ ਹੁਕਮਰਾਨ ਭਾਜਪਾ ਦੀ ਛਵੀ ਖਰਾਬ ਹੋਣ ਤੋਂ ਰੋਕਣ ਦੀ ਕੋਸ਼ਿਸ਼ ਹੋ ਸਕਦੀ ਹੈ, ਕਿਉਕਿ ਬੇਨੇਮੀਆਂ ਖਿਲਾਫ ਸੂਬੇ ਵਿੱਚ ਆਵਾਜ਼ਾਂ ਤੇਜ਼ ਹੋ ਰਹੀਆਂ ਹਨ।