
ਮਿਆਮੀ ਗਾਰਡਨਜ਼, 27 ਮਾਰਚ – ਸਿਖ਼ਰਲਾ ਦਰਜਾ ਪ੍ਰਾਪਤ ਆਰਿਆਨਾ ਸਬਾਲੇਂਕਾ ਅਤੇ ਜੈਸਮੀਨ ਪਾਓਲਿਨੀ ਨੇ ਸਿੱਧੇ ਸੈੱਟਾਂ ਵਿੱਚ ਜਿੱਤਾਂ ਦਰਜ ਕਰਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਛੇਵਾਂ ਦਰਜਾ ਪ੍ਰਾਪਤ ਪਾਓਲਿਨੀ ਨੇ ਪੋਲੈਂਡ ਦੀ ਗੈਰ ਦਰਜਾ ਪ੍ਰਾਪਤ ਮੈਗਡਾ ਲਿਨੇਟ ਨੂੰ 6-3, 6-2 ਨਾਲ ਹਰਾਇਆ। ਉਹ ਇਸ ਟੂਰਨਾਮੈਂਟ ਦੇ ਆਖ਼ਰੀ ਚਾਰ ਵਿੱਚ ਪਹੁੰਚਣ ਵਾਲੀ ਪਹਿਲੀ ਇਤਾਲਵੀ ਖਿਡਾਰਨ ਬਣ ਗਈ ਹੈ। ਪਾਓਲਿਨੀ ਸੈਮੀਫਾਈਨਲ ਵਿੱਚ ਸਬਾਲੇਂਕਾ ਦਾ ਸਾਹਮਣਾ ਕਰੇਗੀ।
ਸਬਾਲੇਂਕਾ ਨੇ ਮੰਗਲਵਾਰ ਰਾਤ ਨੂੰ ਆਪਣੇ ਕੁਆਰਟਰ ਫਾਈਨਲ ਮੈਚ ਵਿੱਚ ਨੌਵਾਂ ਦਰਜਾ ਪ੍ਰਾਪਤ ਚੀਨ ਦੀ ਕਿਨਵੇਨ ਜ਼ੇਂਗ ਨੂੰ 6-2, 7-5 ਨਾਲ ਹਰਾਇਆ। ਹੋਰ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਮੈਚਾਂ ਵਿੱਚ ਚੌਥਾ ਦਰਜਾ ਪ੍ਰਾਪਤ ਅਮਰੀਕਾ ਦੀ ਜੈਸਿਕਾ ਪੇਗੁਲਾ ਦਾ ਸਾਹਮਣਾ ਬਰਤਾਨੀਆ ਦੀ ਐਮਾ ਰਾਡਾਕਾਨੂ ਨਾਲ, ਜਦਕਿ ਦੂਜਾ ਦਰਜਾ ਪ੍ਰਾਪਤ ਇਗਾ ਸਵਿਆਤੇਕ ਦਾ ਸਾਹਮਣਾ ਫਿਲਪੀਨਜ਼ ਦੀ ਅਲੈਗਜ਼ੈਂਡਰਾ ਈਲਾ ਨਾਲ ਹੋਵੇਗਾ।