
ਪਿਛਲੇ ਸਾਲ 4 ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇੱਕ ਪ੍ਰਵੇਸ਼ ਦੁਆਰ ’ਤੇ ‘ਤਨਖ਼ਾਹੀਏ’ ਵਜੋਂ ਪਹਿਰੇਦਾਰ ਦੀ ਸੇਵਾ ਨਿਭਾਅ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਗੋਲੀ ਚਲਾਉਣ ਦੀ ਘਟਨਾ ਦੇ ਸਬੰਧ ਵਿੱਚ ਸਾਬਕਾ ਖਾੜਕੂ ਨਰਾਇਣ ਸਿੰਘ ਚੌੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਇੱਕ ਵਾਰ ਪੰਜਾਬ ਦੀ ਸਿਆਸਤ ਵਿੱਚ ਤਰਥੱਲੀ ਮੱਚ ਗਈ ਸੀ ਪਰ ਹੁਣ ਕਰੀਬ 111 ਦਿਨਾਂ ਬਾਅਦ ਅੰਮ੍ਰਿਤਸਰ ਦੀ ਵਧੀਕ ਜ਼ਿਲ੍ਹਾ ਅਦਾਲਤ ਵੱਲੋਂ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ ਪੰਜਾਬ ਦੀਆਂ ਸਿਆਸੀ ਸਫ਼ਾਂ ਵਿੱਚ ਇਸ ਬਾਰੇ ਖ਼ਾਮੋਸ਼ੀ ਛਾਈ ਹੋਈ ਹੈ।
ਅਦਾਲਤ ਨੇ ਇੱਕ ਲੱਖ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦਿੱਤੀ ਹੈ ਅਤੇ ਨਾਲ ਹੀ ਇਹ ਸ਼ਰਤਾਂ ਆਇਦ ਕੀਤੀਆਂ ਗਈਆਂ ਹਨ ਕਿ ਉਹ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਅਤੇ ਕੇਸ ਦੀ ਹਰੇਕ ਸੁਣਵਾਈ ਦੌਰਾਨ ਹਾਜ਼ਰ ਰਹੇਗਾ। ਅਦਾਲਤ ਨੇ ਆਖਿਆ ਕਿ ਮੁਲਜ਼ਮ ਨੂੰ ਘਟਨਾ ਤੋਂ ਫੌਰੀ ਬਾਅਦ ਹੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਪਿਛਲੇ ਕੁਝ ਹਫ਼ਤਿਆਂ ਤੋਂ ਉਹ ਨਿਆਂਇਕ ਹਿਰਾਸਤ ਵਿੱਚ ਸੀ। ਪੁਲੀਸ ਦੀ ਜਾਂਚ ਅਤੇ ਅਦਾਲਤੀ ਕਾਰਵਾਈ ਲੰਮਾ ਸਮਾਂ ਚੱਲਣ ਦੇ ਆਸਾਰ ਹਨ ਜਿਸ ਕਰ ਕੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਰੱਖੇ ਜਾਣ ਨਾਲ ਕੋਈ ਲਾਭ ਨਹੀਂ ਹੋਵੇਗਾ।
ਇਹ ਮਾਮਲਾ ਉਦੋਂ ਤੂਲ ਫੜ ਗਿਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਕਈ ਦਿਨਾਂ ਤੱਕ ਲਗਾਤਾਰ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਗਏ ਸਨ ਅਤੇ ਇਸ ਹਮਲੇ ਪਿੱਛੇ ਗਹਿਰੀ ਸਾਜ਼ਿਸ਼ ਹੋਣ ਦੇ ਦੋਸ਼ ਲਾਏ ਗਏ ਸਨ। ਅਜੀਬ ਗੱਲ ਹੈ ਕਿ ਹੁਣ ਚੌੜਾ ਦੀ ਜ਼ਮਾਨਤ ’ਤੇ ਰਿਹਾਈ ਹੋਣ ’ਤੇ ਅਕਾਲੀ ਦਲ ਦੇ ਕਿਸੇ ਨੇਤਾ ਨੇ ਕੋਈ ਟਿੱਪਣੀ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਜਿਸ ਨੂੰ ਲੈ ਕੇ ਕਈ ਹਲਕਿਆਂ ਵਿੱਚ ਹੈਰਾਨੀ ਹੋਣੀ ਸੁਭਾਵਿਕ ਹੈ। ਇਹ ਗੱਲ ਠੀਕ ਹੈ ਕਿ ਨਰਾਇਣ ਸਿੰਘ ਚੌੜਾ ਦੀ ਮਹਿਜ਼ ਜ਼ਮਾਨਤ ’ਤੇ ਰਿਹਾਈ ਹੋਈ ਹੈ ਨਾ ਕਿ ਉਹ ਕੇਸ ’ਚੋਂ ਬਰੀ ਹੋਇਆ ਹੈ।
ਲਿਹਾਜ਼ਾ, ਹੁਣ ਇਸਤਗਾਸਾ ਪੱਖ ਵੱਲੋਂ ਉਸ ਖ਼ਿਲਾਫ਼ ਦਾਇਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 109 (ਹੱਤਿਆ ਦੀ ਕੋਸ਼ਿਸ਼) ਅਤੇ ਆਰਮਜ਼ ਐਕਟ ਦੀਆਂ ਮੱਦਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਸਾਬਿਤ ਕਰਨ ਲਈ ਜ਼ੋਰ ਲਾਇਆ ਜਾਵੇਗਾ ਪਰ ਹਾਲੇ ਵੀ ਸਭ ਤੋਂ ਅਹਿਮ ਸਵਾਲ ਹਮਲੇ ਦੇ ਮੰਤਵ ਨੂੰ ਲੈ ਕੇ ਬਣਿਆ ਹੋਇਆ ਹੈ ਜਿਸ ਵੱਲ ਪੁਲੀਸ ਦੀ ਜਾਂਚ ਵਿੱਚ ਸ਼ਾਇਦ ਬਹੁਤੀ ਤਵੱਜੋ ਹੀ ਨਹੀਂ ਦਿੱਤੀ ਗਈ। ਇਸਤਗਾਸਾ ਪੱਖ ਨੇ ਮੁਲਜ਼ਮ ਦੇ ਪਿਛੋਕੜ ਅਤੇ ਪਿਛਲੇ ਸਮਿਆਂ ਦੌਰਾਨ ਉਸ ਖ਼ਿਲਾਫ਼ ਦਰਜ ਕੀਤੇ ਗਏ 28 ਕੇਸਾਂ ਦਾ ਵਾਰ-ਵਾਰ ਜ਼ਿਕਰ ਕੀਤਾ ਪਰ ਬਚਾਅ ਪੱਖ ਨੇ ਇਸ ਗੱਲ ਨੂੰ ਉਭਾਰਿਆ ਕਿ ਘਟਨਾ ਦੌਰਾਨ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਸੀ ਅਤੇ ਚੌੜਾ ਪਿਛਲੇ ਸਾਰੇ ਕੇਸਾਂ ’ਚੋਂ ਬਰੀ ਹੋ ਚੁੱਕਿਆ ਹੈ।