ਵਿਧਾਨ ਸਭਾ ’ਚ ਗੂੰਜੇ ਸੜਕਾਂ ਤੇ ਕਾਲਜਾਂ ਦੇ ਮੁੱਦੇ

ਚੰਡੀਗੜ੍ਹ, 25 ਮਾਰਚ – ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਸਿਫ਼ਰ ਕਾਲ ਦੌਰਾਨ ਪੰਜਾਬ ਦੀਆਂ ਖਸਤਾ ਹਾਲ ਸੜਕਾਂ ਤੇ ਕਾਲਜਾਂ ਦੀ ਗੂੰਜ ਪਈ। ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਿਕਾਸ ਪ੍ਰਾਜੈਕਟਾਂ ਲਈ ਭੌਂ ਪ੍ਰਾਪਤੀ ਹੋਣ ਮਗਰੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਲਕ ਦੇ ਕਿਸੇ ਵੀ ਹਿੱਸੇ ’ਚ ਜ਼ਮੀਨ ਖ਼ਰੀਦਣ ਦੀ ਖੁੱਲ੍ਹ ਦਿੱਤੇ ਜਾਣ ਦਾ ਮੁੱਦਾ ਚੁੱਕਿਆ। ਸ੍ਰੀ ਬਰਾੜ ਨੇ ਕਿਹਾ ਕਿ ਜ਼ਮੀਨਾਂ ਗੁਆਉਣ ਵਾਲੇ ਕਿਸਾਨਾਂ ਕੋਲ ਏਨੀ ਪਹੁੰਚ ਨਹੀਂ ਹੁੰਦੀ ਕਿ ਪੰਜਾਬ ਵਿੱਚ ਹੀ ਮੁੜ ਮਹਿੰਗੀ ਜ਼ਮੀਨ ਖ਼ਰੀਦ ਸਕਣ। ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜੰਮੂ ਕਟੜਾ ਐਕਸਪ੍ਰੈੱਸ ਵੇਅ ਮੁਕੰਮਲ ਹੋਣ ਮਗਰੋਂ ਸੰਗਰੂਰ ਵਿੱਚ ਆਵਾਜਾਈ ਸਮੱਸਿਆ ਬਣਨ ਦਾ ਖ਼ਦਸ਼ਾ ਜ਼ਾਹਰ ਕੀਤਾ।

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਲਕਾ ਨਿਹਾਲ ਸਿੰਘ ਵਾਲਾ ਦੀਆਂ ਕਈ ਸੜਕਾਂ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਦੀ ਮਾੜੀ ਹਾਲਤ ਕਾਰਨ ਪ੍ਰਾਈਵੇਟ ਬੱਸਾਂ ਚੱਲਣੋਂ ਬੰਦ ਹੋ ਗਈਆਂ ਹਨ। ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਨੇ ਬੇਟ ਇਲਾਕੇ ਦੀਆਂ ਟੁੱਟੀਆਂ ਸੜਕਾਂ ਦੀ ਗੱਲ ਕੀਤੀ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਦੇ ਬਾਂਡ ਭਰਾਏ ਜਾਣ ਵਿੱਚ ਕੀਤੀ ਸੋਧ ਦੀ ਸ਼ਲਾਘਾ ਕੀਤੀ। ਉਨ੍ਹਾਂ ਬਜਟ ਵਿੱਚ ਅਬੋਹਰ ਇਲਾਕੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ। ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਮਾਹਿਲਪੁਰ ਬਲਾਕ ’ਚ ਗਰਾਂਟਾਂ ਵਿੱਚ ਹੋਏ ਘਪਲੇ ਦੀ ਵਿਜੀਲੈਂਸ ਜਾਂਚ ਮੰਗੀ। ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਫਗਵਾੜਾ ਨੇ ਸਰਕਾਰ ਨੇ 1800 ਲੈਕਚਰਾਰਾਂ ਨੂੰ ਤਰੱਕੀ ਦੇ ਕੇ ਉਨ੍ਹਾਂ ਦੀ ਤਾਇਨਾਤੀ ਦੂਰ-ਦੁਰਾਡੇ ਕਰਨ ’ਤੇ ਸਵਾਲ ਚੁੱਕੇ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਲਕਾ ਮਹਿਲ ਕਲਾਂ ’ਚ ਕਾਲਜ ਖੋਲ੍ਹਣ ਦਾ ਮੁੱਦਾ ਚੁੱਕਿਆ।

ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਆਦਮਪੁਰ ਦੇ ਪੁਲ ਦਾ ਮਸਲਾ ਚੁੱਕਿਆ। ਉਨ੍ਹਾਂ ਕਿਹਾ ਕਿ ਸਾਲ 2016 ਵਿੱਚ ਸ਼ੁਰੂ ਹੋਇਆ ਪੁਲ ਹਾਲੇ ਵੀ ਅਧੂਰਾ ਪਿਆ ਹੈ। ਇਸੇ ਦੌਰਾਨ ਪ੍ਰਸ਼ਨ ਕਾਲ ਵਿੱਚ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਵੱਲੋਂ ਖੇਤੀਬਾੜੀ ਲਈ ਲਗਾਏ ਗਏ ਸੋਲਰ ਪੰਪਾਂ ਰਾਹੀਂ ਵਾਧੂ ਸੌਰ ਊਰਜਾ ਪੈਦਾ ਕਰਨ ’ਤੇ ਕਿਸਾਨਾਂ ਨੂੰ ਲਾਭ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ੍ਰੀ ਅਰੋੜਾ ਨੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਰੇਸ਼ ਪੁਰੀ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਸੂਬੇ ਵਿੱਚ ਖੇਤੀ ਵਰਤੋਂ ਲਈ 20,000 ਸੋਲਰ ਪੰਪ ਲਗਾਏ ਜਾਣਗੇ ਅਤੇ ਇਨ੍ਹਾਂ ਵਿੱਚੋਂ ਪੰਜ ਹਜ਼ਾਰ ਤੋਂ ਵੱਧ ਪੰਪ ਪਹਿਲਾਂ ਹੀ ਕਿਸਾਨਾਂ ਨੂੰ ਅਲਾਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੇਡਾ ਵੱਲੋਂ ਅਗਲੇ ਦੋ ਵਿੱਤੀ ਸਾਲਾਂ ਵਿੱਚ ਸਰਕਾਰੀ ਇਮਾਰਤਾਂ ’ਤੇ 100 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਸਥਾਪਤ ਕਰਨ ਦੀ ਯੋਜਨਾ ਉਲੀਕੀ ਗਈ ਹੈ।

ਇਸ ਤੋਂ ਇਲਾਵਾ ਪ੍ਰਸ਼ਨ ਕਾਲ ਦੌਰਾਨ ‘ਆਪ’ ਦੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸਿਹਤ ਸੇਵਾਵਾਂ ਨੂੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਸਵਾਲ ਚੁੱਕ ਲਏ ਹਨ। ਲਾਡੀ ਢੋਸ ਨੇ ਸਵਾਲ ਕੀਤਾ ਕਿ ਵਿਧਾਨ ਸਭਾ ਹਲਕਾ ਧਰਮਕੋਟ ਵਿੱਚ ਕੋਈ ਸਬ ਡਿਵੀਜ਼ਨਲ ਹਸਪਤਾਲ ਨਹੀਂ ਹੈ। ਹੁਣ ਭਰਤੀ ਕੀਤੇ 255 ਨਵੇਂ ਡਾਕਟਰਾਂ ਵਿੱਚੋਂ ਵੀ ਮੋਗਾ ਦੇ ਹਿੱਸੇ ਸਿਰਫ਼ 4 ਹੀ ਆਏ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਲਦ ਹੀ ਹਜ਼ਾਰ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-69 ਅਤੇ ਪਿੰਡ ਸਨੇਟਾ ਵਿੱਚ ਡਿਸਪੈਂਸਰੀਆਂ ਲਈ ਉਸਾਰੀਆਂ ਨਵੀਆਂ ਇਮਾਰਤਾਂ ’ਚ ਲੋੜੀਂਦਾ ਸਿਹਤ ਅਮਲਾ ਤਾਇਨਾਤ ਕਰਨ ਦਾ ਮੁੱਦਾ ਚੁੱਕਿਆ। ਉਨ੍ਹਾਂ ਸੈਕਟਰ-79 ਵਿੱਚ ਉਸਾਰੀ ਅਧੀਨ ਡਿਸਪੈਂਸਰੀ ਦੀ ਇਮਾਰਤ ਦਾ ਮੁੱਦਾ ਵੀ ਚੁੱਕਿਆ। ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜ਼ੀਰਕਪੁਰ ਵਿੱਚ ਸਰਕਾਰੀ ਕਾਲਜ ਖੋਲ੍ਹਣ ਦੀ ਮੰਗ ਕੀਤੀ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ

ਚੰਡੀਗੜ੍ਹ, 5 ਅਪ੍ਰੈਲ: ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ...