ਵਿਦਿਆਰਥੀ ਰਾਜਨੀਤੀ ਤੇ ਭਗਤ ਸਿੰਘ ਦੀ ਸੋਚ/ਨਵਨੀਤ ਸ਼ਰਮਾ

ਉੱਚ ਸਿੱਖਿਆ ਦੀਆਂ ਸੰਸਥਾਵਾਂ ਅਕਸਰ ਦੁਨੀਆ ਭਰ ਵਿੱਚ ਮਾਣਮੱਤੇ ਅਤੇ ਘ੍ਰਿਣਤ ਦੋਵਾਂ ਕਿਸਮਾਂ ਦੇ ਵਿਦਰੋਹਾਂ ਲਈ ਪੰਘੂੜਾ ਬਣਦੀਆਂ ਰਹੀਆਂ ਹਨ। ਜੇਐੱਨਯੂ, ਦਿੱਲੀ ਯੂਨੀਵਰਸਿਟੀ, ਰਾਜਸਥਾਨ ਯੂਨੀਵਰਸਿਟੀ, ਹਰਿਆਣਾ ਕੇਂਦਰੀ ਯੂਨੀਵਰਸਿਟੀ, ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਵਿੱਚ ਚੱਲ ਰਹੀਆਂ ਵਿਚਾਰਧਾਰਕ ਲੜਾਈਆਂ ਸਾਰੀਆਂ ਸਬੰਧਿਤ ਧਿਰਾਂ ਲਈ ਚਿੰਤਾਵਾਂ ਪੈਦਾ ਕਰਦੀਆਂ ਹਨ। ਹਿੰਸਾ, ਹਮਲਿਆਂ ਅਤੇ ਵਿਰੋਧ ਅੰਦੋਲਨਾਂ ਦੀਆਂ ਘਟਨਾਵਾਂ ਜੋ ਭਾਵੇਂ ਵੱਖ-ਵੱਖ ਕਾਰਕਾਂ ਦੁਆਰਾ ਪ੍ਰੇਰਿਤ ਹਨ -ਇਨ੍ਹਾਂ ਸੰਸਥਾਵਾਂ ਵਿੱਚ ਰਾਜਨੀਤੀ ਦੀ ਭੂਮਿਕਾ ਬਾਰੇ ਮਹੱਤਵਪੂਰਨ ਸਵਾਲ ਉਠਾਉਂਦੀਆਂ ਹਨ।

ਕੀ ਸਾਨੂੰ ਸਾਡੇ ਵਿਦਿਅਕ ਆਲੇ-ਦੁਆਲੇ ਵਿੱਚ ‘ਰਾਜਨੀਤੀ’ ਦੀ ਲੋੜ ਹੈ? ਕੀ ਇਹ ਸੰਸਥਾਵਾਂ ਲੋੜੀਂਦੀ ਆਜ਼ਾਦੀ ਦਾ ਨਿੱਘ ਮਾਣਦੀਆਂ ਹਨ ਅਤੇ ਸਾਡੇ ਰਾਸ਼ਟਰ ਦੁਆਰਾ ਅਪਣਾਏ ਗਏ ਲੋਕਤੰਤਰੀ ਆਦਰਸ਼ਾਂ ਨੂੰ ਦਰਸਾਉਂਦੀਆਂ ਹਨ? ਹਾਲਾਂਕਿ ਵਿਦਿਆਰਥੀ ਰਾਜਨੀਤੀ ਸੁਭਾਵਿਕ ਤੌਰ ’ਤੇ ਸਮੱਸਿਆਜਨਕ ਨਹੀਂ ਹੈ ਪਰ ਭਾਰਤ ਵਿੱਚ ਵਿਦਿਆਰਥੀ ਯੂਨੀਅਨਾਂ ਦੇ ਰਾਜਨੀਤੀਕਰਨ ਦੇ ਕਈ ਅਣਚਾਹੇ ਨਤੀਜੇ ਨਿਕਲੇ ਹਨ। ਇਨ੍ਹਾਂ ਮੁੱਦਿਆਂ ਤੋਂ ਇਲਾਵਾ ਭਾਰਤ ਵਿੱਚ ਉਚੇਰੀ ਸਿੱਖਿਆ ਅਜਿਹੀਆਂ ਸਮੱਸਿਆ ਨਾਲ ਗ੍ਰਸੀ ਹੋਈ ਹੈ ਜੋ ਵਡੇਰੇ ਸਿਆਸੀ ਧਰਾਤਲ ਦੀ ਝਲਕ ਪੇਸ਼ ਕਰਦੇ ਹਨ।

ਵਿਦਿਆਰਥੀ ਜਥੇਬੰਦੀਆਂ ਵਿਚਕਾਰ ਵਾਰ-ਵਾਰ ਹੋਣ ਵਾਲੀਆਂ ਝੜਪਾਂ, ਕਲਾਸਾਂ ਦਾ ਬਾਈਕਾਟ, ਹੜਤਾਲਾਂ, ਚੁਣਾਵੀ ਧਾਂਦਲੀਆਂ, ਬਾਹੂਬਲ ਦੀ ਨੁਮਾਇਸ਼, ਪੜ੍ਹਾਈ ਵਿੱਚ ਪੈਂਦਾ ਵਿਘਨ ਅਤੇ ਹਿੰਸਾ ਆਮ ਵਰਤਾਰਾ ਬਣ ਗਏ ਹਨ। ਸੰਸਥਾਈ ਰਾਜਨੀਤੀਕਰਨ ਦੇ ਆਲੋਚਕ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਗਿਣਾਉਂਦੇ ਹਨ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਰ ਕੇ ਪੂਰੇ ਦੇ ਪੂਰੇ ਵਿਦਿਅਕ ਸੈਸ਼ਨ ਬਰਬਾਦ ਹੋ ਜਾਂਦੇ ਹਨ। ਉਹ ਆਧੁਨਿਕ ਭਾਰਤ ਦੇ ਮੰਦਿਰਾਂ ਵਜੋਂ ਪੁਕਾਰੇ ਜਾਂਦੇ ਇਨ੍ਹਾਂ ਸਿੱਖਿਆ ਕੇਂਦਰਾਂ ਵਿੱਚ ਸਿਆਸੀ ਹਿੰਸਾ ਦੀ ਘੁਸਪੈਠ ਦੀ ਨਿਖੇਧੀ ਕਰਦੇ ਹਨ।

ਇਨ੍ਹਾਂ ਘਟਨਾਵਾਂ ਪ੍ਰਤੀ ਭਗਤ ਸਿੰਘ ਹੁਰਾਂ ਦੀ ਸੋਚ ਕਿਹੋ ਜਿਹੀ ਹੋਣੀ ਸੀ? ਭਗਤ ਸਿੰਘ ਅੱਜ ਵੀ ਗਾਂਧੀ, ਅੰਬੇਡਕਰ ਅਤੇ ਹੈਡਗੇਵਾਰ ਦੀਆਂ ਵਿਦਿਆਰਥੀ ਰਾਜਨੀਤੀ ਦੀਆਂ ਵੱਖੋ-ਵੱਖਰੀਆਂ ਵਿਚਾਰਧਾਰਕ ਲੀਹਾਂ ਦੇ ਆਰ-ਪਾਰ ਵਿਦਿਆਰਥੀ ਰਾਜਨੀਤੀ ਦੁਆਲੇ ਬੁਣੇ ਬਿਰਤਾਂਤ ਅਤੇ ਸਰਗਰਮੀ ਦਾ ਮੁਹਾਂਦਰਾ ਘੜਦੇ ਆ ਰਹੇ ਹਨ। ਭਗਤ ਸਿੰਘ ਦਾ ਵਿਸ਼ਵਾਸ ਸੀ ਕਿ ‘‘ਵਿੱਦਿਆ ਨੂੰ ਇੱਕ ਬਿਹਤਰ, ਵਧੇਰੇ ਬਰਾਬਰ, ਵਧੇਰੇ ਜਮਹੂਰੀ ਅਤੇ ਵਧੇਰੇ ਸਮਾਜਵਾਦੀ ਸਮਾਜ ਦੀ ਰਚਨਾ ਕਰਨੀ ਚਾਹੀਦੀ ਹੈ।

ਅਕਸਰ ਵਿਚਾਰਧਾਰਾ ਦੇ ਨਾਲ ਪਾਠ ਕ੍ਰਮ ਦਾ ਬੋਝ ਵੀ ਪਾ ਦਿੱਤਾ ਜਾਂਦਾ ਹੈ ਅਤੇ ਸਿੱਖਿਆ ਸੰਸਥਾਵਾਂ ਅਕਾਦਮਿਕ ਝੁਕਾਵਾਂ ਦੇ ਇਸ ਝਾਂਸੇ ਵਿੱਚ ਝੁਕ ਜਾਂਦੀਆਂ ਹਨ। ਕਿਸੇ ਸਕੂਲ ਦੇ ਸੁਰੱਖਿਅਤ ਮਾਹੌਲ ’ਚੋਂ ਨਵੇਂ-ਨਵੇਂ ਆਏ ਕਿਸੇ ਅਠਾਰਾਂ ਕੁ ਸਾਲ ਦੇ ਨੌਜਵਾਨ ਜਾਂ ਮੁਟਿਆਰ ਦੇ ਕਿਸੇ ਖ਼ਾਸ ਵਿਚਾਰਧਾਰਾ ਦਾ ਤਾਉਮਰ ਹਮਾਇਤੀ ਜਾਂ ਹਿਤੈਸ਼ੀ ਬਣ ਜਾਣ ਦਾ ਖ਼ਤਰਾ ਹੁੰਦਾ ਹੈ। ਇਹਦੇ ਲਈ ਸੰਭਾਵੀ ਵੋਟਰ ਦਾ ਧਿਆਨ ਖਿੱਚਣ ਲਈ ਵਿਚਾਰਧਾਰਾਵਾਂ ਮੁਕਾਬਲਾ ਕਰ ਰਹੀਆਂ ਹੁੰਦੀਆਂ ਹਨ।

ਭਗਤ ਸਿੰਘ ਨੇ ਵਿਦਿਆਰਥੀਆਂ ਨੂੰ ‘ਅਧਿਐਨ’ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਉਹ ਆਪਣੇ ਵਿਰੋਧੀਆਂ ਦੇ ਤਰਕਾਂ ਦਾ ਟਾਕਰਾ ਕਰਨ ਦੇ ਸਮੱਰਥ ਬਣ ਸਕਣ। ਆਪਣੀ ਵਿਚਾਰਧਾਰਾ ਨੂੰ ਸਹਾਇਕ ਤਰਕਾਂ ਨਾਲ ਲੈਸ ਕਰੋ। ਜੇ ਤੁਸੀਂ ਕਿਸੇ ਪ੍ਰਚੱਲਤ ਧਾਰਨਾ ਦਾ ਵਿਰੋਧ ਕਰਦੇ ਹੋ, ਜੇ ਤੁਸੀਂ ਕਿਸੇ ਮਹਾਨ ਵਿਅਕਤੀ ਦੀ ਨੁਕਤਾਚੀਨੀ ਕਰਦੇ ਹੋ ਜੋ ਆਪਣੇ ਆਪ ਨੂੰ ਕੋਈ ਦੈਵੀ ਅਵਤਾਰ ਮੰਨਦਾ ਹੈ ਤਾਂ ਤੁਸੀਂ ਪਾਓਗੇ ਕਿ ਤੁਹਾਡੀ ਨੁਕਤਾਚੀਨੀ ਦਾ ਜਵਾਬ ਤੁਹਾਨੂੰ ਨਿਰਾਰਥਕ ਅਤੇ ਹੰਕਾਰੀ ਕਹਿ ਕੇ ਦਿੱਤਾ ਜਾਵੇਗਾ। ਇਸ ਦਾ ਕਾਰਨ ਮਾਨਸਿਕ ਅਗਿਆਨਤਾ ਹੈ। ਤਰਕ ਅਤੇ ਆਜ਼ਾਦ ਖਿਆਲੀ ਆਪੋ ਵਿੱਚ ਜੁੜੀਆਂ ਉਹ ਖ਼ੂਬੀਆਂ ਹਨ ਜੋ ਕਿਸੇ ਇਨਕਲਾਬੀ ਕੋਲ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ।

ਹਾਲੀਆ ਸਾਲਾਂ ਵਿੱਚ ਭਾਰਤ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਕਾਫ਼ੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ ਜੋ ਸਿਆਸੀ ਜੁਗਤਾਂ ਦੇ ਮੰਚ ਬਣ ਗਈਆਂ ਹਨ ਜਿੱਥੇ ਵਿਦਿਆਰਥੀ ਰਾਜਨੀਤੀ ਵਡੇਰੀਆਂ ਖਾਹਿਸ਼ਾਂ ਦੇ ਲਾਂਚਿੰਗ ਪੈਡ ਦਾ ਕੰਮ ਦਿੰਦੀਆਂ ਹਨ। ਲੂਈਸ ਅਲਥੂਜ਼ਰ ਮੁਤਾਬਕ ਸਟੇਟ/ਰਿਆਸਤ ਆਪਣੀ ਰਿਆਇਆ ਉੱਪਰ ਦਮਨਕਾਰੀ ਰਾਜਕੀ ਢਾਂਚਿਆਂ (ਜਿਵੇਂ ਕਿ ਪੁਲੀਸ) ਅਤੇ ਵਿਚਾਰਧਾਰਕ ਰਾਜਕੀ ਢਾਂਚਿਆਂ (ਜਿਵੇਂ ਕਿ ਕਾਲਜ ਤੇ ਯੂਨੀਵਰਸਿਟੀਆਂ) ਰਾਹੀਂ ਕੰਟਰੋਲ ਕਰਦੀਆਂ ਹਨ। ਵਿਦਿਆਰਥੀਆਂ ਨੂੰ ਅਕਸਰ ਸਿਆਸੀ ਤੌਰ ’ਤੇ ਜੁੜੇ ਸੰਦਾਂ ਰਾਹੀਂ ਵਿਸ਼ੇਸ਼ ਵਿਚਾਰਧਾਰਾਵਾਂ ਨੂੰ ਅਗਾਂਹ ਵਧਾਉਣ ਲਈ ਵਰਤਿਆ ਜਾਂਦਾ ਹੈ।

ਇਸ ਪ੍ਰਸੰਗ ਵਿੱਚ ਉਨ੍ਹਾਂ ਨੂੰ ‘ਰੈਡੀਮੇਡ’ ਨਾਇਕ ਤੇ ਆਦਰਸ਼ ਮੁਹੱਈਆ ਕਰਵਾਏ ਜਾਂਦੇ ਹਨ, ਜਿਨ੍ਹਾਂ ਦੇ ਹਰ ਹੁਕਮ ਨੂੰ ਬਿਨਾਂ ਕਿਸੇ ਕਿੰਤੂ-ਪ੍ਰੰਤੂ ਤੋਂ ਪ੍ਰਵਾਨ ਕੀਤਾ ਜਾਂਦਾ ਹੈ। ਭਗਤ ਸਿੰਘ ਨੇ ਇਸ ਮਾਨਸਿਕਤਾ ਖ਼ਿਲਾਫ਼ ਖ਼ਬਰਦਾਰ ਕਰਦਿਆਂ ਲਿਖਿਆ ਸੀ: ‘‘ਇਹ ਕਹਿਣਾ ਕਿ ਮਹਾਤਮਾਵਾਂ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਉਹ ਆਲੋਚਨਾ ਤੋਂ ਉੱਪਰ ਹੁੰਦੇ ਹਨ ਅਤੇ ਇਸ ਕਰ ਕੇ ਉਹ ਰਾਜਨੀਤੀ, ਧਰਮ, ਅਰਥਚਾਰੇ ਅਤੇ ਇਖ਼ਲਾਕ ਬਾਰੇ ਜੋ ਵੀ ਕੁਝ ਕਹਿੰਦੇ ਹਨ, ਉਹ ਸਹੀ ਹੁੰਦਾ ਹੈ ਅਤੇ ਉਹ ਜੋ ਕੁਝ ਵੀ ਆਖਦੇ ਹਨ, ਉਸ ਨੂੰ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਤੁਸੀਂ ਇਸ ’ਤੇ ਵਿਸ਼ਵਾਸ ਕਰੋ ਜਾਂ ਨਾ -ਇਹ ਇੱਕ ਅਜਿਹੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜੋ ਸਾਨੂੰ ਤਰੱਕੀ ਵੱਲ ਨਹੀਂ ਲਿਜਾ ਸਕਦੀ ਅਤੇ ਇਹ ਸਾਫ਼ ਤੌਰ ’ਤੇ ਪਿਛਾਂਹਖਿੱਚੂ ਹੈ।

ਭਗਤ ਸਿੰਘ ਵਿਦਿਆਰਥੀ ਰਾਜਨੀਤੀ ਦੇ ਖ਼ਿਲਾਫ਼ ਨਹੀਂ ਸੀ, ਸਗੋਂ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਅਕਸਰ ਨਾਂਹ-ਮੁਖੀ ਵਿਖਾਵੇ ਦੇ ਬਾਵਜੂਦ ਰਾਜਨੀਤੀ ਬੁਨਿਆਦੀ ਤੌਰ ’ਤੇ ਬੁਰਾ ਸੰਕਲਪ ਨਹੀਂ ਹੈ। ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਸੀ ਕਿ ਹਰੇਕ ਵਿਦਿਆਰਥੀ ਅਤੇ ਨੌਜਵਾਨ ਕੋਲ ਮਜ਼ਬੂਤ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਭਾਵ ਉਹ ਜਿਹੋ ਜਿਹੇ ਸਮਾਜ ਵਿੱਚ ਰਹਿਣਾ ਜਾਂ ਬਣਾਉਣਾ ਚਾਹੁੰਦਾ ਹੈ, ਉਸ ਦੀ ਕੋਈ ਪ੍ਰੇਰਨਾਮਈ ਚਾਹਤ ਹੋਣੀ ਚਾਹੀਦੀ ਹੈ। ਹਾਲਾਂਕਿ ਕਿਸੇ ਨੂੰ ਇਹ ਆਦਰਸ਼ਕ ਗੱਲ ਲੱਗ ਸਕਦੀ ਹੈ ਪਰ ਇਹ ਮਹਿਜ਼ ਖ਼ਾਮ ਖ਼ਿਆਲੀ ਨਹੀਂ ਹੁੰਦੀ। ਸਗੋਂ ਇਸ ਉਮੀਦ ਦੀ ਕਿਰਨ, ਸੰਭਾਵਨਾ ਅਤੇ ਵਾਅਦੇ ਨਾਲ ਭਰੇ ਭਵਿੱਖ ਦੀ ਰੋਸ਼ਨੀ ਹੋਣੀ ਚਾਹੀਦੀ ਹੈ।

ਭਗਤ ਸਿੰਘ ਨੇ ਆਪਣੇ ਦੋ ਅਹਿਮ ਲੇਖਾਂ ‘‘ਵਿਦਿਆਰਥੀ ਅਤੇ ਰਾਜਨੀਤੀ’’ ਅਤੇ ‘‘ਨੌਜਵਾਨ ਸਿਆਸੀ ਕਾਰਕੁਨਾਂ ਦੇ ਨਾਂ ਚਿੱਠੀ’’ ਵਿੱਚ ਵਿਚਾਰ ਪ੍ਰਗਟਾਏ ਸਨ ਕਿ ‘‘ਵਿਦਿਆਰਥੀਆਂ ਨੂੰ ਸ਼ੋਸ਼ਣਕਾਰੀ ਢਾਂਚਿਆਂ ਨੂੰ ਤੋੜਨ ਅਤੇ ਆਜ਼ਾਦੀ, ਲੋਕਰਾਜ ਅਤੇ ਸਮਾਜਵਾਦ ’ਤੇ ਅਧਾਰਿਤ ਸਮਾਜ ਦੀ ਉਸਾਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਤਾਲਮੇਲ ਬਣਾ ਕੇ ਜਥੇਬੰਦ ਹੋਣਾ ਚਾਹੀਦਾ ਹੈ ਅਤੇ ਰਾਜਨੀਤੀ ਵਿੱਚ ਸਰਗਰਮ ਹੋਣਾ ਚਾਹੀਦਾ ਅਤੇ ਸਮਾਜਵਾਦੀ ਇਨਕਲਾਬ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਸੀ: ‘‘ਪਹਿਲਾਂ ਆਪਣੀ ਸ਼ਖ਼ਸੀਅਤ ਨੂੰ ਕੁਚਲ ਦਿਓ। ਨਿੱਜੀ ਸੁੱਖ-ਸਹੂਲਤਾਂ ਦੇ ਸੁਪਨਿਆਂ ਨੂੰ ਝੰਜੋੜ ਦਿਓ। ਫਿਰ ਕੰਮ ਕਰਨਾ ਸ਼ੁਰੂ ਕਰੋ। ਕਦਮ-ਦਰ-ਕਦਮ ਤੁਹਾਨੂੰ ਅੱਗੇ ਵਧਣਾ ਪਵੇਗਾ। ਇਸ ਲਈ ਹਿੰਮਤ, ਲਗਨ ਅਤੇ ਬਹੁਤ ਮਜ਼ਬੂਤ ਦ੍ਰਿੜ ਇਰਾਦੇ ਦੀ ਲੋੜ ਹੈ। ਕੋਈ ਵੀ ਮੁਸ਼ਕਿਲ ਅਤੇ ਕੋਈ ਵੀ ਮੁਸ਼ਕਿਲ ਤੁਹਾਨੂੰ ਨਿਰਾਸ਼ ਨਹੀਂ ਕਰੇਗੀ। ਕੋਈ ਵੀ ਅਸਫਲਤਾ ਅਤੇ ਵਿਸ਼ਵਾਸਘਾਤ ਤੁਹਾਨੂੰ ਨਿਰਾਸ਼ ਨਹੀਂ ਕਰੇਗਾ। ਤੁਹਾਡੇ ’ਤੇ ਥੋਪਿਆ ਗਿਆ ਕੋਈ ਵੀ ਦੁੱਖ ਤੁਹਾਡੇ ਅੰਦਰ ਇਨਕਲਾਬੀ ਇੱਛਾ ਸ਼ਕਤੀ ਨੂੰ ਖ਼ਤਮ ਨਹੀਂ ਕਰੇਗਾ। ਦੁੱਖ ਅਤੇ ਕੁਰਬਾਨੀ ਦੀ ਅਗਨੀ ਪ੍ਰੀਖਿਆ ਵਿੱਚੋਂ, ਤੁਸੀਂ ਜੇਤੂ ਹੋ ਕੇ ਬਾਹਰ ਆਓਗੇ ਅਤੇ ਇਹ ਵਿਅਕਤੀਗਤ ਜਿੱਤਾਂ ਇਨਕਲਾਬ ਦੀਆਂ ਮੁੱਲਵਾਨ ਸੰਪਤੀਆਂ ਹੋਣਗੀਆਂ।

ਮਾਰਥਾ ਨਸਬਾਮ ਨੇ ਆਪਣੀਆਂ ਲਿਖਤਾਂ ਵਿੱਚ ਖ਼ਬਰਦਾਰ ਕੀਤਾ ਕਿ ‘‘ਤਕਨੀਕੀ ਤੌਰ ’ਤੇ ਕੁਸ਼ਲ ਅਜਿਹੇ ਲੋਕਾਂ ਦਾ ਰਾਸ਼ਟਰ ਬਣ ਜਾਣਾ ਬਹੁਤ ਬਿਪਤਾਜਨਕ ਹੋਵੇਗਾ ਜੋ ਆਲੋਚਨਾਤਮਕ ਢੰਗ ਨਾਲ ਸੋਚਣ, ਆਤਮਝਾਤ ਅਤੇ ਮਾਨਵਤਾ ਤੇ ਦੂਜਿਆਂ ਦੀ ਵਿਭਿੰਨਤਾ ਦੇ ਸਤਿਕਾਰ ਦੀ ਕਾਬਲੀਅਤ ਗੁਆ ਚੁੱਕੇ ਹੋਣ।’’ ਸਿੱਖਿਆਦਾਨੀਆਂ ਅਤੇ ਸਿੱਖਿਆ ਦੇ ਪੈਰਵੀਕਾਰ ਪੱਕਾ ਵਿਸ਼ਵਾਸ ਕਰਦੇ ਹਨ ਕਿ ਯੂਨੀਵਰਸਿਟੀ ਅਤੇ ਕਾਲਜ ਅਲੱਥ-ਥਲੱਗ ਕਲਪਨਾ ਲੋਕ ਨਹੀਂ ਬਣ ਜਾਣਾ ਚਾਹੀਦਾ ਸਗੋਂ ਆਪੋ-ਆਪਣੀਆਂ ਹੱਦਬੰਦੀਆਂ ਤੋਂ ਪਰ੍ਹੇ ਦੀ ਦੁਨੀਆ ਬਾਰੇ ਜਾਣਨਾ ਅਤੇ ਯੋਗਦਾਨ ਪਾਉਣਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ

ਹਰਜਿੰਦਰ ਸਿੰਘ ਅਟਵਾਲ ਦਾ ਅੰਤਿਮ ਸੰਸਕਾਰ 

ਫਗਵਾੜਾ:4 ਅਪ੍ਰੈਲ 2025-ਉੱਘੇ ਪੰਜਾਬੀ ਆਲੋਚਕ ਕੇਂਦਰੀ ਪੰਜਾਬੀ ਲੇਖਕ ਸਭਾ ਦੇ...