
ਬਿਹਾਰ, 24 ਮਾਰਚ – ਡਾਕਟਰਾਂ ਨੂੰ ਰੱਬ ਦਾ ਦਰਜਾ ਦਿਤਾ ਜਾਂਦਾ ਹੈ ਕਿਉਂਕਿ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੰਮ ਕਰਦੇ ਹਨ। ਪਰ, ਬਿਹਾਰ ਦੇ ਇਕ ਡਾਕਟਰ ’ਤੇ ਗੰਭੀਰ ਦੋਸ਼ ਲਗਾਏ ਗਏ ਹਨ। ਕਿਹਾ ਜਾ ਰਿਹਾ ਹੈ ਕਿ ਡਾਕਟਰਾਂ ਨੇ ਮ੍ਰਿਤਕ ਬੱਚੇ ਦਾ ਤਿੰਨ ਦਿਨਾਂ ਤਕ ਇਲਾਜ ਜਾਰੀ ਰਖਿਆ। ਜਦੋਂ ਸਰੀਰ ਵਿਚੋਂ ਬਦਬੂ ਆਉਣ ਲੱਗੀ ਤਾਂ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿਤਾ ਗਿਆ। ਇਹ ਹੈਰਾਨ ਕਰਨ ਵਾਲੀ ਘਟਨਾ ਰਾਜਧਾਨੀ ਪਟਨਾ ਤੋਂ ਸਾਹਮਣੇ ਆਈ ਹੈ। ਪਟਨਾ ਦੇ ਗਾਂਧੀ ਮੈਦਾਨ ਥਾਣਾ ਖੇਤਰ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ’ਤੇ ਗੰਭੀਰ ਦੋਸ਼ ਲਗਾਏ ਗਏ ਹਨ। ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਹਸਪਤਾਲ ਦੇ ਡਾਕਟਰ ਪੈਸੇ ਵਸੂਲਣ ਲਈ ਉਨ੍ਹਾਂ ਦੇ 10 ਮਹੀਨੇ ਦੇ ਮ੍ਰਿਤਕ ਬੱਚੇ ਦਾ ਇਲਾਜ ਕਰਦੇ ਰਹੇ। ਜਦੋਂ ਲਾਸ਼ ਵਿਚੋਂ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਨੇ ਮ੍ਰਿਤਕ ਬੱਚੇ ਨੂੰ ਦੂਜੇ ਹਸਪਤਾਲ ਰੈਫਰ ਕਰ ਦਿਤਾ।
ਜਦੋਂ ਉਸ ਨੂੰ ਦੂਜੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤਾਂ ਉਥੋਂ ਦੇ ਡਾਕਟਰਾਂ ਨੇ ਕਿਹਾ ਕਿ ਬੱਚੇ ਦੀ ਮੌਤ 48 ਘੰਟੇ ਪਹਿਲਾਂ ਹੋ ਗਈ ਸੀ। ਬੱਚੇ ਦੀ ਮਾਂ ਅਨੀਮਾ ਨੇ ਦਸਿਆ ਕਿ ਬੁੱਧਵਾਰ ਨੂੰ ਉਸ ਦੇ ਬੱਚੇ ਨੂੰ ਸਾਹ ਲੈਣ ਵਿਚ ਮੁਸ਼ਕਲ ਆਈ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਸਪਤਾਲ ਲਿਆਉਣ ਦੇ ਦੋ-ਤਿੰਨ ਘੰਟਿਆਂ ਦੇ ਅੰਦਰ-ਅੰਦਰ ਬੱਚੇ ਦੀ ਮੌਤ ਹੋ ਗਈ, ਪਰ ਡਾਕਟਰ ਮ੍ਰਿਤਕ ਬੱਚੇ ਨੂੰ ਜ਼ਿੰਦਾ ਕਹਿ ਕੇ ਪੈਸੇ ਲੈਂਦੇ ਰਹੇ। ਪਰਿਵਾਰ ਨੇ ਡਾਕਟਰਾਂ ’ਤੇ ਲਾਪਰਵਾਹੀ ਦਾ ਵੀ ਦੋਸ਼ ਲਗਾਇਆ। ਉਹ ਕਹਿੰਦੇ ਹਨ ਕਿ ਹਸਪਤਾਲ ਨੂੰ ਸਾਡੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।