ਮੋਬਾਈਲ ਨੇ ਖੋਹਿਆ ਬਚਪਣਾ/ਲੈਕਚਰਾਰ ਅਜੀਤ ਖੰਨਾ

ਮੋਬਾਈਲ ਦੀ ਕਾਢ ਕੱਢਣ ਵਾਲੇ ਮਿਸਟਰ ਮਾਰਟਿਨ ਕੂਪਰ ਦਾ ਕਹਿਣਾ ਹੈ ਕੇ ਜਦੋ 3 ਅਪ੍ਰੈਲ 1973 ਨੂੰ ਮੈਂ ਦੁਨੀਆ ਦਾ ਪਹਿਲਾ ਮੋਬਾਈਲ ਲਾਂਚ ਕੀਤਾ ਸੀ ਤਾ ਕਦੇ ਸੋਚਿਆ ਨਹੀਂ ਸੀ ਕੇ ਬੱਚੇ ਤੇ ਆਮ ਲੋਕ ਮੋਬਾਈਲ ਦੀ ਏਨੀ ਜਿਆਦਾ ਦੁਰਵਰਤੋਂ ਕਰਨਗੇ।ਵਾਕਿਆ ਹੀ ਮੋਬਾਈਲ ਨੇ ਨਾ ਕੇਵਲ ਸਾਡੇ ਬੱਚਿਆਂ ਦਾ ਬਚਪਨਾ ਖੋਹ ਲਿਆ ਹੈ।ਸਗੋਂ ਸਾਨੂੰ ਸਾਰਿਆਂ ਨੂੰ ਇਕ ਅਜਿਹੀ ਦਲਦਲ ਚ ਧੱਕ ਦਿੱਤਾ।ਜਿਸ ਵਿਚ ਫਸ ਕੇ ਅਸੀਂ ਮੋਬਾਈਲ ਨੂੰ ਆਪਣੇ ਸਰੀਰ ਦਾ ਇਕ ਪਾਰਟ ਬਣਾ ਲਿਆ ਹੈ।ਅੱਜ ਹਾਲਾਤ ਇਹ ਹਨ ਕੇ ਦੋ ਦੋ ਸਾਲਾਂ ਦੇ ਬੱਚੇ ਮੋਬਾਈਲ ਮੰਗਦੇ ਵੇਖੇ ਜਾਂਦੇ ਹਨ।ਜਦ ਕੇ ਮੋਬਾਈਲ ਦੇ ਆਉਣ ਤੋ ਪਹਿਲਾਂ ਦੇ ਸਮਿਆਂ ਚ ਬੱਚਿਆਂ ਨੂੰ ਖੇਡਣ ਵਾਸਤੇ ਖਿਡਾਉਣੇ ਦਿੱਤੇ ਜਾਂਦੇ ਸਨ।ਪਰ ਅੱਜ ਛੋਟੇ ਤੋ ਛੋਟੇ ਬੱਚੇ ਦੇ ਹੱਥ ਚ ਖਿਡੌਣਿਆਂ ਦੀ ਥਾਂ ਮੋਬਾਈਲ ਹੁੰਦੇ ਹਨ।

ਕੀ ਮਾਪੇ ਹਨ ਜਿੰਮੇਵਾਰ !

ਜਦੋ ਅਸੀ ਨਿੱਕੇ ਹੁੰਦੇ ਸੀ ਤਾ ਉਸ ਵਕਤ ਅਨੇਕਾਂ ਰਿਵਾਇਤੀ ਖੇਡਾਂ ਹੁੰਦੀਆਂ ਸੀ।ਜਿਸ ਨਾਲ ਬੱਚੇ ਮਨ ਪਰਚਾਵਾ ਕਰਦੇ ਸਨ।ਪਰ ਹੁਣ ਮੋਬਾਈਲ ਦੀ ਵਰਤੋ ਨੇ ਬੱਚਿਆਂ ਦਾ ਬਚਪਨਾ ਖੋਹ ਲਿਆ ਹੈ।ਜਿਸ ਨੂੰ ਲੈ ਕੇ ਮਾਪੇ ਜਿਆਦਾ ਜਿੰਮੇਵਾਰ ਕਹੇ ਜਾ ਸਕਦੇ ਹਨ।ਕਿਉਂਕੇ ਮਾਤਾ ਪਿਤਾ ਛੋਟੇ ਛੋਟੇ ਬੱਚਿਆਂ ਨੂੰ ਮੋਬਾਈਲ ਦੇ ਦਿੰਦੇ ਹਨ ਤਾਂ ਜੋ ਉਹ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ।ਪਰ ਉਹਨਾਂ ਦਾ ਇਹ ਕਦਮ ਸਹੀ ਨਹੀਂ ਹੁੰਦਾ।ਉਹ ਬੱਚੇ ਨੂੰ ਮੋਬਾਈਲ ਦੇ ਕੇ ਆਹਰੇ ਤਾਂ ਲਾ ਦਿੰਦੇ ਹਨ।ਪਰ ਉਹ ਇਹ ਨਹੀਂ ਸੋਚਦੇ ਕੇ ਆਉਣ ਵਾਲੇ ਸਮੇਂ ਚ ਇਸ ਦੇ ਨਤੀਜੇ ਬੜੇ ਘਾਤਕ ਹੋ ਸਕਦੇ ਹਨ ? ਜੋ ਉਹਨਾਂ ਦੇ ਬੱਚੇ ਦਾ ਭਵਿੱਖ ਖ਼ਰਾਬ ਕਰ ਸਕਦੇ ਹਨ।ਬੱਚੇ ਨੂੰ ਮੋਬਾਈਲ ਦੀ ਇਹੋ ਜੇਹੀ ਲਤ ਲੱਗ ਜਾਂਦੀ ਹੈ ਕੇ ਉਹ ਮੋਬਾਈਲ ਦਾ ਖਹਿੜਾ ਹੀ ਨਹੀਂ ਛੱਡਦਾ।ਮੋਬਾਈਲ ਤੇ ਚਲਦੀਆਂ ਗੇਮਾਂ ਕਈ ਬੱਚਿਆਂ ਦੀ ਜਾਨ ਵੀ ਲੈ ਚੁੱਕੀਆਂ ਹਨ।ਪਤਾ ਨਹੀਂ ਅਸੀ ਫਿਰ ਵੀ ਕਿਉਂ ਬੇਸਮਝ ਬਣੇ ਹੋਏ ਹਾਂ।

ਸਿਹਤ ਤੇ ਪਾਉਂਦਾ ਹੈ ਬੁਰਾ ਅਸਰ !

ਮੋਬਾਈਲ ਨੇ ਨਾ ਸਿਰਫ ਬੱਚਿਆਂ ਦਾ ਬਚਪਨਾ ਖੋਹ ਲਿਆ ਸਗੋਂ ਉਹਨਾਂ ਦੀ ਸਿਹਤ ਤੇ ਵੀ ਬੁਰਾ ਅਸਰ ਪੈ ਰਿਹਾ ਹੈ।ਪਹਿਲਾਂ ਬੱਚੇ ਰਿਵਾਇਤੀ ਖੇਡਾਂ ਖੇਡ ਕੇ ਤੰਦਰੁਸਤ ਰਹਿੰਦੇ ਸਨ।ਜਦ ਕੇ ਅੱਜ ਮੋਬਾਈਲ ਕਰਕੇ ਉਹ ਰਵਾਇਤੀ ਖੇਡਾਂ ਤੋ ਦੂਰ ਹੋ ਚੁੱਕੇ ਹਨ ਜਾਂ ਇੰਜ ਕਹਿ ਲਵੋ,ਉਹ ਇਹ ਖੇਡਾਂ ਹੀ ਭੁੱਲ ਚੁੱਕੇ ਹਨ।ਸਮਝ ਤੋ ਬਾਹਰ ਦੀ ਗੱਲ ਇਹ ਹੈ ਕੇ ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਮਹਿੰਗੇ ਤੋ ਮਹਿੰਗੇ (10000 ਤੋ ਲੈ ਕੇ 80-90 ਹਜਾਰ ਤੱਕ ਦੇ )ਮੋਬਾਈਲ ਕਿਉਂ ਖਰੀਦ ਕੇ ਦਿੰਦੇ ਹਨ?ਜਿਸ ਨਾਲ ਉਹ ਆਪਣੀ ਲਾਇਫ਼ ਦਾ ਵਧੇਰਾ ਸਮਾਂ ਮੋਬਾਈਲ ਉੱਤੇ (ਯੂ ਟਿਊਬ ਇੰਸਟਾਗ੍ਰਾਮ,ਵਟਸਐਪ ਤੇ ਹੋਰ ਦੂਸਰੀਆਂ ਐਪ ਵੇਖਣ ਚ )ਰੁੱਝੇ ਰਹਿੰਦੇ ਹਨ।ਸਭ ਤੋ ਵੱਡਾ ਅਸਰ ਮੋਬਾਈਲ ਨਾਲ ਬੱਚਿਆਂ ਦੀਆਂ ਅੱਖਾਂ ਤੇ ਪੈਂਦਾ ਹੈ।ਮੋਬਾਈਲ ਦੀਆਂ ਰੇਂਜ ਨਿਗ੍ਹਾ ਨੂੰ ਕਮਜ਼ੋਰ ਕਰਦੀਆਂ ਹਨ।ਮੋਬਾਈਲ ਦੀ ਵਰਤੋਂ ਕਰਕੇ ਬੱਚੇ ਹਰ ਵਕਤ ਮੋਬਾਈਲ ਤੇ ਜੁਟੇ ਰਹਿੰਦੇ ਹਨ।ਵਿਰਾਸਤੀ ਖੇਡਾਂ ਜੋ ਸਿਹਤ ਨੂੰ ਮਜ਼ਬੂਤੀ ਤੇ ਤੰਦਰੁਸਤੀ ਦਿੰਦੀਆਂ ਹਨ ਉਹ ਨਹੀਂ ਖੇਡਦੇ ।

ਜਿਸ ਦਾ ਨਤੀਜਾ ਇਹ ਹੁੰਦਾ ਹੈ ਕੇ ਉਹਨਾਂ ਦਾ ਸਰੀਰਕ ਤੇ ਬੌਧਿਕ ਵਿਕਾਸ ਨਹੀਂ ਹੁੰਦਾ।ਸਟੱਡੀ ਪੱਖੋਂ ਵੀ ਉਹ ਕਮਜ਼ੋਰ ਰਹਿੰਦੇ ਹੋ ਜਾਂਦੇ ਹਨ।ਬਹੁਤ ਸਾਰੇ ਬੱਚਿਆਂ ਦੇ ਸਿਰ ਦੇ ਵਾਲ ਵੀ ਉਮਰ ਤੋ ਪਹਿਲਾਂ ਹੀ ਚਿੱਟੇ ਹੋ ਜਾਂਦੇ ਹਨ ਤੇ ਮੋਟੀਆਂ ਮੋਟੀਆਂ ਐਨਕਾਂ ਲੱਗ ਜਾਂਦੀਆਂ ਹਨ।ਜਿਸ ਨਾਲ ਉਹਨਾਂ ਦੀ ਪਰਸਨੈਲਿਟੀ ਵੀ ਘਟਦੀ ਹੈ।ਜਦੋ ਕੇ ਪਹਿਲਾਂ ਬੱਚੇ ਘਰੇਲੂ ਖੇਡਾਂ ਜਿਵੇਂ ਗੁੱਲੀ ਡੰਡਾ,ਪੀਚੋ ,ਛੂ ਛਪੀਕਾਂ ,ਬਾਂਦਰ ਕਿਲਾ,ਲੁਕਣ ਮੀਚੀ ਬੰਟੇ,ਅਖਰੋਟ ਆਦੀ ਖੇਡਦੇ ਸਨ ।ਜੋ ਬੇਹੱਦ ਲਾਹੇਵੰਦ ਹੁੰਦੀਆਂ ਸਨ।ਮੋਬਾਈਲਾਂ ਦਾ ਅਗਲਾ ਨੁਕਸਾਨ ਇਹ ਹੈ ਕੇ ਸ਼ੋਸ਼ਲ ਮੀਡੀਆ ਤੇ ਬਹੁਤੀ ਜਾਣਕਾਰੀ ਫੇਕ ਹੁੰਦੀ ਹੈ।ਜੋ ਬੱਚਿਆਂ ਨੂੰ ਮਿਸ ਗਾਇਡ ਕਰਦੀ ਹੈ।ਇਸ ਨਾਲ ਕ੍ਰਾਈਮ ਚ ਵਾਧਾ ਹੁੰਦਾ ਹੈ।ਬੇਸ਼ੱਕ ਮੋਬਾਈਲ ਦੇ ਚੰਗੇ ਪੱਖਾਂ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ।

ਬੱਚਿਆਂ ਵਲੋ ਵੇਖੋ ਵੇਖੀ ਮਹਿੰਗੇ ਮੋਬਾਈਲਾਂ ਦੀ ਮੰਗ ਕੀਤੇ ਜਾਣ ਸਦਕਾ ਮਾਪਿਆ ਤੇ ਆਰਥਿਕ ਬੋਝ ਵੀ ਪੈਂਦਾ ਹੈ ਤੇ ਮਾਪੇ ਪ੍ਰੇਸ਼ਾਨੀ ਵਿੱਚ ਰਹਿਣ ਲੱਗਦੇ ਹਨ।ਬੱਚਿਆਂ ਤੇ ਖ਼ਾਸ ਕਰ ਛੋਟੇ ਬੱਚਿਆਂ ਨੂੰ ਮੋਬਾਈਲ ਦਿੱਤੇ ਜਾਣ ਨਾਲ ਉਹਨਾਂ ਵਲੋ ਬੇਲੋੜੀ ਵਰਤੋ ਕੀਤੀ ਜਾਂਦੀ ਹੈ।ਜਿਸ ਕਰਕੇ ਮਾਪਿਆ ਨੂੰ ਇੰਟਰਨੈੱਟ ਦੀ ਵਰਤੋਂ ਵਾਸਤੇ ਨੈਟ ਪੈਕ ਵੀ ਪਵਾ ਕੇ ਦੇਣਾ ਪੈਂਦਾ ਹੈ।ਜਿਸ ਨਾਲ ਉਹਨਾਂ ਉੱਤੇ ਹੋਰ ਆਰਥਕ ਬੋਝ ਪੈਂਦਾ ਹੈ।ਇਸ ਤੋ ਇਲਾਵਾ ਛੋਟੇ ਬੱਚੇ ਮੋਬਾਈਲ ਤੋ ਚੀਜ਼ਾਂ ਵੇਖ ਕੇ ਆਪਣੇ ਮਾਤਾ ਪਿਤਾ ਤੋ ਉਨਾ ਚੀਜ਼ਾਂ ਦੀ ਡਿਮਾਂਡ ਕਰਦੇ ਹਨ ।ਜੋ ਆਰਥਿਕ ਪੱਖੋਂ ਘਾਤਕ ਸਾਬਤ ਹੁੰਦੀਆਂ ਹਨ।

ਮੋਬਾਈਲ ਦੀ ਥਾਂ ਖਿਡੌਣੇ ਦਿਓ

ਸੋ ਮਾਪਿਆਂ ਨੂੰ ਇਸ ਗੱਲ ਦਾ ਖ਼ਿਆਲ ਰੱਖਣ ਦੀ ਜਰੂਰਤ ਹੈ ਕੇ ਉਹ ਆਪਣੇ ਬੱਚਿਆਂ ਨੂੰ ਕੇਵਲ ਉਸ ਉਮਰ ਚ ਹੀ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਦੀ ਆਗਿਆ ਦੇਣ ਜਦੋ ਸਟੱਡੀ ਲਈ ਜਰੂਰੀ ਹੋਵੇ।ਨਾ ਕੇ ਇਸ ਲਈ ਮੋਬਾਈਲ ਫੜਾਉਣ ਕੇ ਬੱਚਾ ਉਹਨਾਂ ਨੂੰ ਤੰਗ ਕਰਦਾ ਤੇ ਉਸ ਨੂੰ ਆਹਰੇ ਲਾਉਣਾ ਹੈ।ਜੇ ਮਾਪਿਆਂ ਦੀ ਇਹ ਸੋਚ ਹੈ ਤਾਂ ਇਹ ਬਿਲਕੁਲ ਗਲਤ ਹੈ।ਜੋ ਬੱਚੇ ਦੇ ਕੈਰੀਅਰ ਨੂੰ ਤਬਾਹ ਕਰਨ ਵੱਲ ਪਹਿਲਾ ਕਦਮ ਹੈ।ਮਾਪਿਆਂ ਨੂੰ ਚਾਹੀਦਾ ਹੈ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਖਿਡੌਣੇ ਲਿਆ ਕੇ ਦੇਣ।ਉਹ ਸਸਤੇ ਵੀ ਹੁੰਦੇ ਹਨ ਤੇ ਬੱਚੇ ਦੀ ਸਿਹਤ ਉੱਤੇ ਵੀ ਮਾੜਾ ਅਸਰ ਨਹੀਂ ਪੈਂਦਾ।ਇੰਝ ਉਹ ਮਾਨਸਕ ਤੌਰ ਤੇ ਮਜ਼ਬੂਤ ਹੁੰਦੇ ਹਨ।ਵੱਡੀ ਉਮਰ ਦਾ ਹੋਣ ਤੇ ਉਨਾਂ ਵਾਸਤੇ ਚੋਖਾ ਲਾਹੇਵੰਦ ਹੁੰਦਾ ਹੈ ।ਮਾਪਿਆਂ ਤੇ ਆਰਥਿਕ ਬੋਝ ਵੀ ਨਹੀਂ ਪਵੇਗਾ।ਕਿਉਂਕੇ ਖਿਡਾਉਣੇ ਮੋਬਾਈਲ ਦੇ ਮੁਕਾਬਲੇ ਸਸਤੇ ਹੁੰਦੇ ਹਨ।ਸੋ ਛੋਟੀ ਉਮਰ ਤੇ ਖ਼ਾਸ ਕਰਕੇ 8 ਵੀਂ ਜਮਾਤ ਤੋ ਥੱਲੇ ਵਾਲੇ ਬੱਚੇ ਨੂੰ ਮੋਬਾਈਲ ਦੀ ਵਰਤੋਂ ਤੋ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਹੀ ਮੋਬਾਈਲ ਦੀ ਈਜ਼ਾਦ ਕਰਨ ਵਾਲੇ ਮਾਰਟਿਨ ਕੂਪਰ ਦਾ ਮੋਬਾਈਲ ਬਣਾਉਣ ਦਾ ਸੁਪਨਾ ਸਹੀ ਅਰਥਾਂ ਚ ਸਾਕਾਰ ਹੋਵੇਗਾ ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸੰਭਾਲਣ ਤੇ ਨੌਜੁਆਨ

ਲੁਧਿਆਣਾਃ 15 ਮਾਰਚ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਸੱਭਿਆਚਾਰਕ...