
ਨਵੀਂ ਦਿੱਲੀ, 15 ਮਾਰਚ – ਭਾਰਤੀ ਐਥਲੀਟ ਵਿਸਪੀ ਖਰਾਡੀ ਨੇ ਹਰਕਿਊਲੀਸ ਪਿਲਰ ਨੂੰ ਸਭ ਤੋਂ ਲੰਬੇ ਸਮੇਂ ਤੱਕ ਫੜ ਕੇ ਗਿੰਨੀਜ਼ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਇਹ ਰਿਕਾਰਡ ਤੋੜਨ ਵਾਲੀ ਉਪਲਬਧੀ ਗੁਜਰਾਤ ਦੇ ਸੂਰਤ ਵਿਚ ਹੋਈ, ਜਿੱਥੇ ਖਰਾਡੀ ਨੇ 2 ਮਿੰਟ ਅਤੇ 10.75 ਸਕਿੰਟ ਤੱਕ ਦੋ ਵਿਸ਼ਾਲ ਪਿਲਰਾਂ ਨੂੰ ਫੜ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਹ ਦੱਸਣਾ ਜ਼ਰੂਰੀ ਹੈ ਕਿ ਗ੍ਰੀਕ ਵਾਸਤੁਕਲਾ ਤੋਂ ਪ੍ਰੇਰਿਤ ਇਹ ਦੋਵੇਂ ਖੰਭੇ 123 ਇੰਚ ਉੱਚੇ ਸਨ ਅਤੇ ਇਨ੍ਹਾਂ ਦਾ ਵਿਆਸ 20.5 ਇੰਚ ਸੀ। 166.7 ਅਤੇ 168.9 ਕਿਲੋਗ੍ਰਾਮ ਭਾਰ ਵਾਲੇ ਇਹ ਖੰਭੇ ਜ਼ੰਜੀਰਾਂ ਨਾਲ ਬੰਨੇ ਹੋਏ ਸਨ। ਖਰਾਡੀ ਨੇ ਇਨ੍ਹਾਂ ਨੂੰ ਤਦ ਤੱਕ ਫੜ ਕੇ ਰੱਖਣਾ ਸੀ ਜਦ ਤੱਕ ਉਹ ਥੱਕ ਨਹੀਂ ਜਾਂਦੇ। ਖਰਾਡੀ ਨੇ 2 ਮਿੰਟ ਅਤੇ 10.75 ਸਕਿੰਟ ਤੱਕ ਇਸਨੂੰ ਫੜ ਕੇ ਵਰਲਡ ਰਿਕਾਰਡ ਬਣਾ ਲਿਆ।
ਸਟੀਲ ਮੈਨ ਆਫ ਇੰਡੀਆ ਮਿਲਿਆ ਨਾਮ
ਵਿਸਪੀ ਖਰਾਡੀ ਦੇ ਇਸ ਅਦਭੁਤ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ‘ਸਟੀਲ ਮੈਨ ਆਫ ਇੰਡੀਆ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ, ਜੋ ਉਨ੍ਹਾਂ ਦੇ 15 ਗਿਨੀਜ਼ ਵਰਲਡ ਰਿਕਾਰਡਾਂ ਵਿਚ ਸ਼ਾਮਲ ਹੈ। ਇਸੇ ਦੌਰਾਨ, ਗਿਨੀਜ਼ ਵਰਲਡ ਰਿਕਾਰਡਜ਼ ਨੇ ਅਧਿਕਾਰਕ ਤੌਰ ‘ਤੇ ਉਨ੍ਹਾਂ ਦੀ ਅਦਭੁਤ ਉਪਲਬਧੀ ਨੂੰ ਮਾਨਤਾ ਦਿੱਤੀ ਅਤੇ ਉਸਦਾ ਸਰਟੀਫਿਕੇਟ ਵੀ ਪ੍ਰਦਾਨ ਕੀਤਾ।
ਐਲਨ ਮਸਕ ਨੇ ਸਾਂਝਾ ਕੀਤਾ ਵੀਡੀਓ
ਖਰਾਡੀ ਨੇ ਐਕਸ ‘ਤੇ ਦੱਸਿਆ ਕਿ ਉਨ੍ਹਾਂ ਦੇ ਇਸ ਕਾਰਨਾਮੇ ਨੂੰ ਹੋਰ ਪਛਾਣ ਮਿਲੀ ਜਦੋਂ ਟੈਕ ਅਰਬਪਤੀ ਐਲਨ ਮਸਕ ਨੇ ਉਨ੍ਹਾਂ ਦੇ ਪ੍ਰਦਰਸ਼ਨ ਦਾ ਵੀਡੀਓ ਮੁੜ ਸਾਂਝਾ ਕੀਤਾ। ਵੀਡੀਓ ਨੂੰ ਮੁਢਲੀਆਂ ਤੌਰ ‘ਤੇ ਗਿਨੀਜ਼ ਵਰਲਡ ਰਿਕਾਰਡਜ਼ ਦੇ ਅਧਿਕਾਰਕ ਐਕਸ ਅਕਾਊਂਟ ਦੁਆਰਾ ਪੋਸਟ ਕੀਤਾ ਗਿਆ ਸੀ।
ਖਰਾਡੀ ਨੇ ਜਤਾਈ ਖੁਸ਼ੀ
ਉਸ ਉਪਲਬਧੀ ‘ਤੇ ਖਰਾਡੀ ਨੇ ਲਿਖਿਆ, “ਇਹ ਸੱਚਮੁੱਚ ਇਕ ਹੈਰਾਨੀ ਵਾਲੀ ਗੱਲ ਸੀ, ਜਦੋਂ ਮੈਨੂੰ ਪਤਾ ਲੱਗਿਆ ਕਿ ਐਲਨ ਮਸਕ ਨੇ ਮੇਰਾ ਗਿਨੀਜ਼ ਵਰਲਡ ਰਿਕਾਰਡ ਵੀਡੀਓ ਐਕਸ ‘ਤੇ ਸਾਂਝਾ ਕੀਤਾ ਹੈ। ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਤੋਂ ਇਲਾਵਾ, ਇਹ ਮੈਨੂੰ ਬਹੁਤ ਮਾਣ ਦਿੰਦਾ ਹੈ ਕਿ ਇਕ ਭਾਰਤੀ ਦੀ ਤਾਕਤ ਦੇ ਖੇਤਰ ਵਿਚ ਦੁਨੀਆ ਭਰ ਵਿਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਕੌਣ ਹਨ ਵਿਸਪੀ ਖਰਾਡੀ
ਵਿਸਪੀ ਖਰਾਡੀ ਇਕ ਮਲਟੀਪਲ ਬਲੈਕ ਬੈਲਟ ਧਾਰਕ ਅਤੇ ਕ੍ਰਾਵ ਮਾਗਾ ਸਪੈਸ਼ਲਿਸਟ ਹਨ। ਉਹ ਅਮਰੀਕਾ ਦੀ ਇੰਟਰਨੈਸ਼ਨਲ ਸਪੋਰਟਸ ਸਾਇੰਸ ਅਕੈਡਮੀ ਤੋਂ ਪ੍ਰਮਾਣਿਤ ਸਪੋਰਟਸ ਨਿਊਟ੍ਰਿਸ਼ਨਿਸਟ ਹਨ। ਖਰਾਡੀ ਸਟੰਟ ਕੋਰੀਓਗ੍ਰਾਫਰ, ਅਦਾਕਾਰ ਅਤੇ ਮਾਡਲ ਵਜੋਂ ਵੀ ਕੰਮ ਕਰਦੇ ਹਨ।