
ਫੱਗਣ ਦੇ ਮਹੀਨੇ ਵਿਚ ਹਰ ਪਾਸੇ ਫੁੱਲ ਖਿੜਦੇ ਹਨ ਅਤੇ ਚਾਰੇ ਪਾਸੇ ਰੰਗ-ਬਿਰੰਗੀ ਬਹਾਰ ਹੁੰਦੀ ਹੈ। ਹੋਲੀ ਦਾ ਤਿਉਹਾਰ ਇਸੇ ਫੱਗਣ ਮਹੀਨੇ ਵਿਚ ਵੱਡੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਜਾਂਦਾ ਹੈ ਜਿਸ ਵਿਚ ਲੋਕ ਇਕ-ਦੂਜੇ ਨੂੰ ਗਲੇ ਲਗਾ ਕੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ਹੋਲੀ ਦੇ ਤਿਉਹਾਰ ਦਾ ਇਕ ਬਾਹਰੀ ਪੱਖ ਹੈ ਜਿਸ ਵਿਚ ਇਕ ਦਿਨ ਹੋਲਿਕਾ ਸਾੜੀ ਜਾਂਦੀ ਹੈ ਅਤੇ ਅਗਲੇ ਦਿਨ ਇਕ-ਦੂਜੇ ’ਤੇ ਰੰਗ ਅਤੇ ਗੁਲਾਲ ਪਾ ਕੇ ਇਸ ਤਿਉਹਾਰ ਨੂੰ ਰਵਾਇਤੀ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇਸ ਦਾ ਇਕ ਰੂਹਾਨੀ ਪੱਖ ਵੀ ਹੈ। ਦੁਨੀਆ ਵਿਚ ਹਮੇਸ਼ਾ ਇਕ ਦੌਰ ਚੱਲਦਾ ਰਹਿੰਦਾ ਹੈ ਜਿਸ ਵਿਚ ਸੱਚ ਅਤੇ ਝੂਠ ਦੀ ਲੜਾਈ ਹੁੰਦੀ ਰਹਿੰਦੀ ਹੈ। ਸੱਚ ਨੂੰ ਦਬਾਉਣ ਲਈ ਝੂਠ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਛੁਪ ਜਾਵੇ ਪਰ ਸੱਚ ਇਕ ਅਜਿਹੀ ਚੀਜ਼ ਹੈ ਜੋ ਕਦੇ ਵੀ ਛੁਪ ਨਹੀਂ ਸਕਦਾ।
ਹੋਲੀ ਦਾ ਦਿਨ ਇਸ ਦਾ ਪ੍ਰਤੀਕ ਹੈ ਕਿ ਅਖ਼ੀਰ ਸੱਚ ਦੀ ਜਿੱਤ ਅਤੇ ਝੂਠ ਦੀ ਹਾਰ ਹੁੰਦੀ ਹੈ। ਸਮੇਂ ਦੇ ਪੂਰਨ ਸੰਤਾਂ ਮੁਤਾਬਕ ਹੋਲੀ ਜਲਾਉਣ ਦਾ ਅਧਿਆਤਮਕ ਮਹੱਤਵ ਇਹ ਹੈ ਕਿ ਅਸੀਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾੜ ਕੇ ਸਦਾਚਾਰੀ ਜੀਵਨ ਬਤੀਤ ਕਰੀਏ। ਜਿਸ ਤਰ੍ਹਾਂ ਅਸੀਂ ਬਾਹਰੋਂ ਇਕ-ਦੂਜੇ ’ਤੇ ਰੰਗ ਅਤੇ ਗੁਲਾਲ ਪਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਾਂ, ਉਸੇ ਤਰ੍ਹਾਂ ਅਸੀਂ ਪੂਰਨ ਗੁਰੂ ਦੀ ਸਹਾਇਤਾ ਨਾਲ ਧਿਆਨ-ਅਭਿਆਸ ਰਾਹੀਂ ਆਪਣੇ ਅੰਦਰ ਪ੍ਰਭੂ ਦੇ ਵੱਖ-ਵੱਖ ਰੰਗਾਂ ਨੂੰ ਦੇਖ ਕੇ ਸੱਚੀ ਹੋਲੀ ਆਪਣੇ ਅੰਦਰ ਖੇਡੀਏ।
ਇਸ ਤਿਉਹਾਰ ਦਾ ਇਕ ਹੋਰ ਪੱਖ ਇਕ-ਦੂਜੇ ਨੂੰ ਰੰਗ ਲਗਾਉਣਾ ਵੀ ਹੈ। ਹੋਲੀ ਮੌਕੇ ਲੋਕ ਚਿੱਟੇ ਕੱਪੜੇ ਪਹਿਨਦੇ ਹਨ ਜਿਸ ਦਾ ਇਕ ਰੂਹਾਨੀ ਪੱਖ ਵੀ ਹੈ। ਚਿੱਟੇ ਰੰਗ ਵਿਚ ਹੋਰ ਸਾਰੇ ਰੰਗ ਸ਼ਾਮਲ ਹੁੰਦੇ ਹਨ। ਪਿਤਾ-ਪਰਮੇਸ਼ਵਰ ਸਾਡੇ ਸਭ ਦੇ ਅੰਦਰ ਹੈ। ਜਿਸ ਤਰ੍ਹਾਂ ਚਿੱਟਾ ਰੰਗ ਸਾਰੇ ਰੰਗਾਂ ਦਾ ਸਰੋਤ ਹੈ, ਉਸੇ ਤਰ੍ਹਾਂ ਪਿਤਾ-ਪਰਮੇਸ਼ਵਰ ਸਾਰੀ ਸ੍ਰਿਸ਼ਟੀ ਦਾ ਸਰੋਤ ਹੈ। ਜਿਸ ਤਰ੍ਹਾਂ ਹੋਲੀ ਵਿਚ ਵੱਖ-ਵੱਖ ਰੰਗ ਸਾਡੇ ਕੱਪੜਿਆਂ ’ਤੇ ਬਹੁ-ਰੰਗੀ ਆਕ੍ਰਿਤੀ ਬਣਾਉਂਦੇ ਹਨ ਅਤੇ ਅਸੀਂ ਉਨ੍ਹਾਂ ਆਕ੍ਰਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ, ਉਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਵਿਚ ਇਕ-ਦੂਜੇ ਨੂੰ ਪਿਆਰ ਨਾਲ ਸਵੀਕਾਰ ਕਰਨਾ ਚਾਹੀਦਾ ਹੈ।
ਜੇਕਰ ਅਸੀਂ ਇਕ ਦੇਸ਼ ਜਾਂ ਸਮੁਦਾਇ ਦੇ ਮੈਂਬਰ ਹਾਂ ਤਾਂ ਸਾਨੂੰ ਹੋਰਾਂ ਨੂੰ ਉਸੇ ਤਰ੍ਹਾਂ ਸਵੀਕਾਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਪਿਤਾ-ਪਰਮੇਸ਼ਵਰ ਸਭ ਨੂੰ ਸਵੀਕਾਰ ਕਰਦੇ ਹਨ। ਆਓ, ਹੋਲੀ ਦੇ ਇਸ ਤਿਉਹਾਰ ’ਤੇ ਅਸੀਂ ਸਭ ਆਪਣੇ ਅੰਦਰ ਫੈਲੀਆਂ ਸਾਰੀਆਂ ਬੁਰਾਈਆਂ ਨੂੰ ਸਾੜ ਕੇ ਅਤੇ ਇਕ-ਦੂਜੇ ’ਤੇ ਪਿਆਰ ਅਤੇ ਭਾਈਚਾਰੇ ਦੇ ਰੰਗ ਪਾਉਂਦੇ ਹੋਏ ਮਨੁੱਖੀ ਜੀਵਨ ਦੇ ਮੁੱਖ ਉਦੇਸ਼ ਨੂੰ ਪ੍ਰਾਪਤ ਕਰੀਏ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਨੇਕ ਕੰਮ ਕਰਦੇ ਹੋਏ ਆਪਣਾ ਲੋਕ ਤੇ ਪਰਲੋਕ ਸੁਧਾਰ ਲਈਏ ਤੇ ਬੁਰਾਈਆਂ ਤੋਂ ਤੌਬਾ ਕਰੀਏ।