
ਸਮੁੱਚੇ ਸਨਸਨੀਖ਼ੇਜ਼ ਪ੍ਰਚਾਰ ’ਤੇ ਖ਼ਰੀ ਉੱਤਰਦਿਆਂ ਭਾਰਤੀ ਟੀਮ ਚੈਂਪੀਅਨਜ਼ ਟਰਾਫ਼ੀ ਦੀ ਜੇਤੂ ਬਣ ਕੇ ਉੱਭਰੀ ਹੈ। ਰੋਹਿਤ ਸ਼ਰਮਾ ਦੀ ਅਗਵਾਈ ’ਚ ਇਸ ਕਾਬਿਲ ਧਿਰ ਕੋਲ ਮੌਕੇ ਮੁਤਾਬਿਕ ਵਰਤਣ ਲਈ ਕਾਫ਼ੀ ਸਾਧਨ ਮੌਜੂਦ ਸਨ। ਹੈਰਾਨੀ ਦੀ ਗੱਲ ਨਹੀਂ ਕਿ ਦ੍ਰਿੜ ਇਰਾਦਾ ਰੱਖਣ ਲਈ ਜਾਣੀ ਜਾਂਦੀ ਨਿਊਜ਼ੀਲੈਂਡ ਦੀ ਟੀਮ ਆਸ ਤੋਂ ਕਿਤੇ ਚੰਗਾ ਪ੍ਰਦਰਸ਼ਨ ਕਰਦਿਆਂ ਦੂਜੇ ਨੰਬਰ ’ਤੇ ਰਹੀ। ਟੂਰਨਾਮੈਂਟ ’ਚ ਸ਼ੁਰੂ ਤੋਂ ਹੀ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਰਹੀ ਭਾਰਤੀ ਟੀਮ, ਸ਼ਾਨਦਾਰ ਢੰਗ ਨਾਲ ਇੱਕ ਵੀ ਮੈਚ ਨਹੀਂ ਹਾਰੀ ਹਾਲਾਂਕਿ, ਇਸ ਸ਼ਾਨਦਾਰ ਉਪਲਬਧੀ ਨੂੰ ਇਨ੍ਹਾਂ ਇਲਜ਼ਾਮਾਂ ਨੇ ਖੱਟਾ ਵੀ ਕੀਤਾ ਕਿ ਭਾਰਤ ਨੂੰ ਟੂਰਨਾਮੈਂਟ ਵਿੱਚ ਤਰਜੀਹ ਮਿਲੀ ਹੈ, ਜਿਸ ਦਾ ਕਾਰਨ ਇਸ ਦਾ ਆਰਥਿਕ ਪੱਖੋਂ ਤਕੜਾ ਹੋਣਾ ਤੇ ਕੌਮਾਂਤਰੀ ਕ੍ਰਿਕਟ ਕੌਂਸਲ ’ਚ ਦਬਦਬਾ ਹੈ। ਟੀਮ ਪੂਰੇ ਟੂਰਨਾਮੈਂਟ ਦੌਰਾਨ ਦੁਬਈ ਵਿੱਚ ਹੀ ਰਹੀ, ਜਦੋਂਕਿ ਬਾਕੀਆਂ ਨੂੰ ਪਾਕਿਸਤਾਨ ਤੇ ਯੂਏਈ ਵਿਚਾਲੇ ਆਉਣਾ-ਜਾਣਾ ਪਿਆ। ਇਸ ਅਨੋਖੇ ਬੰਦੋਬਸਤ ਦੀ ਲੋੜ ਭਾਰਤ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਗੁਆਂਢੀ ਮੁਲਕ ’ਚ ਖੇਡਣ ਤੋਂ ਨਾਂਹ ਕਰਨ ਕਰ ਕੇ ਪਈ।
ਮੇਜ਼ਬਾਨ ਪਾਕਿਸਤਾਨ ਲਈ ਇਹ ਟੂਰਨਾਮੈਂਟ ਇੱਕ ਤੋਂ ਵੱਧ ਵਜ੍ਹਾ ਕਰ ਕੇ ਮਾੜਾ ਰਿਹਾ। ਪਾਕਿਸਤਾਨੀ ਟੀਮ ਗਰੁੱਪ ਪੱਧਰ ’ਤੇ ਹੀ ਬਾਹਰ ਹੋ ਗਈ, ਜਦੋਂਕਿ ਭਾਰਤ ਦੇ ਜੇਤੂ ਰੱਥ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਫਾਈਨਲ ਦੀ ਮੇਜ਼ਬਾਨੀ ਦੇ ਮਾਣ-ਸਨਮਾਨ ਤੋਂ ਵਾਂਝਾ ਕਰ ਦਿੱਤਾ। ਦੋਵਾਂ ਧਿਰਾਂ ਦੀ ਹੋਣੀ ਵਿਚਲਾ ਫ਼ਰਕ ਇਸ ਤੋਂ ਵੱਧ ਖਰ੍ਹਵਾ ਨਹੀਂ ਹੋ ਸਕਦਾ। ਭਾਰਤ ਦੇ ਮੈਚ ਜੇਕਰ ਪਾਕਿਸਤਾਨ ’ਚ ਖੇਡੇ ਗਏ ਹੁੰਦੇ ਤਾਂ ਮੈਦਾਨਾਂ ’ਚ ਦਰਸ਼ਕਾਂ ਦੀ ਮੌਜੂਦਗੀ ਵੀ ਸੁਭਾਵਿਕ ਤੌਰ ’ਤੇ ਵਧਣੀ ਸੀ। ਬੇਸ਼ੱਕ ਭਾਰਤੀ ਖਿਡਾਰੀਆਂ ਦੇ ਪਾਕਿਸਤਾਨ ’ਚ ਵੱਡੀ ਗਿਣਤੀ ਪ੍ਰਸ਼ੰਸਕ ਹਨ। ਭਾਰਤ ਦੀ ਜ਼ੋਰਦਾਰ ਜਿੱਤ ਹੋਰ ਵੀ ਜ਼ਿਆਦਾ ਤਸੱਲੀ ਦਿੰਦੀ ਜੇਕਰ ਇਹ ਪਾਕਿਸਤਾਨ ਦੀ ਧਰਤੀ ’ਤੇ ਪ੍ਰਾਪਤ ਕੀਤੀ ਗਈ ਹੁੰਦੀ। ਪਾਕਿਸਤਾਨ 2023 ਵਿੱਚ ਸਰਹੱਦ ਪਾਰ ਕਰ ਕੇ ਇੱਕ ਰੋਜ਼ਾ ਵਿਸ਼ਵ ਕੱਪ ’ਚ ਹਿੱਸਾ ਲੈਣ ਭਾਰਤ ਆਇਆ ਸੀ, ਪਰ ਭਾਰਤ ਨੇ ਬਦਲੇ ’ਚ ਅਜਿਹਾ ਨਹੀਂ ਕੀਤਾ। ਇਸ ਤਰ੍ਹਾਂ ਦੁਵੱਲੇ ਰਿਸ਼ਤਿਆਂ ’ਚ ਖੜੋਤ ਤੋੜਨ ਦਾ ਮੌਕਾ ਗੁਆਚ ਗਿਆ ਪਰ ਭੁੱਲ ਸੁਧਾਰਨ ਅਤੇ ਰਿਸ਼ਤੇ ਜੋੜਨ ’ਚ ਦੇਰ ਹੋਣ ਦਾ ਕਦੇ ਸਵਾਲ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਮਾਰਗਦਰਸ਼ਕ ਅਟਲ ਬਿਹਾਰੀ ਵਾਜਪਈ ਤੋਂ ਸਬਕ ਲੈਣ ਦੀ ਲੋੜ ਹੈ। ਵਾਜਪਈ ਨੇ ਕਾਰਗਿਲ ਜੰਗ ਦਾ ਕ੍ਰਿਕਟ ਸਬੰਧਾਂ ’ਤੇ ਜ਼ਿਆਦਾ ਲੰਮਾ ਪਰਛਾਵਾਂ ਨਹੀਂ ਪੈਣ ਦਿੱਤਾ ਸੀ।