ਟਰਮ ਇੰਸ਼ੋਰੈਂਸ ਖ਼ਰੀਦਣ ਵਾਲੀਆਂ ਔਰਤਾਂ ਦੀ ਹਿੱਸੇਦਾਰੀ ਵਧੀ

ਨਵੀਂ ਦਿੱਲੀ, 7 ਮਾਰਚ – ਭਾਰਤ ਵਿਚ ਔਰਤਾਂ ਤੇਜ਼ੀ ਨਾਲ ਆਪਣੀ ਵਿੱਤੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਰਹੀਆਂ ਹਨ। ਇਸ ਦਾ ਸਪੱਸ਼ਟ ਸਬੂਤ ਇਹ ਹੈ ਕਿ ਲਗਭਗ 44 ਪ੍ਰਤੀਸ਼ਤ ਔਰਤਾਂ ਹੁਣ ਟਰਮ ਇੰਸ਼ੋਰੈਂਸ ਖ਼ਰੀਦਦੀਆਂ ਹਨ ਅਤੇ ਇਕ ਕਰੋੜ ਰੁਪਏ ਜਾਂ ਇਸ ਤੋਂ ਵੱਧ ਦਾ ਕਵਰ ਚੁਣਦੀਆਂ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਿਵੇਸ਼ ਨਾਲ ਜੁੜੀਆਂ ਪਾਲਿਸੀਆਂ, ਸਿਹਤ ਬੀਮਾ ਤੇ ਟਰਮ ਲਾਈਫ ਇੰਸ਼ੋਰੈਂਸ ਵਿਚ ਔਰਤਾਂ ਦੀ ਹਿੱਸੇਦਾਰੀ ’ਚ ਮਹੱਤਵਪੂਰਨ ਵਾਧਾ ਹੋਇਆ ਹੈ। ਪਾਲਿਸੀ ਬਾਜ਼ਾਰ ਦੇ ਅੰਕੜਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਬਦਲਾਅ ਵਿੱਤੀ ਫੈਸਲੇ ਲੈਣ ਵਿਚ ਵਿਆਪਕ ਤਬਦੀਲੀ ਦਾ ਹਿੱਸਾ ਹੈ, ਜੋ ਕਿ ਕਾਰਜਸ਼ੀਲਤਾ ਵਿਚ ਵਧਦੀ ਹਿੱਸੇਦਾਰੀ ਅਤੇ ਡਿਜੀਟਲ ਵਿੱਤੀ ਸਾਧਨਾਂ ਤੱਕ ਵਧਦੀ ਪਹੁੰਚ ਨਾਲ ਪ੍ਰੇਰਿਤ ਹੈ।

ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਚਾਲੂ ਵਿੱਤੀ ਸਾਲ ’ਚ ਟਰਮ ਇੰਸ਼ੋਰੈਂਸ ਖਰੀਦਣ ਵਾਲੀਆਂ ਔਰਤਾਂ ਦੀ ਭਾਗੀਦਾਰੀ ਵੱਧ ਕੇ 18 ਪ੍ਰਤੀਸ਼ਤ ਹੋ ਗਈ ਹੈ। ਇਸ ’ਚ 49 ਫ਼ੀਸਦ ਦੇ ਨਾਲ ਤਨਖ਼ਾਹਦਾਰ ਮਹਿਲਾਵਾਂ ਸਭ ਤੋਂ ਅੱਗੇ ਹਨ, ਜਿਸ ਤੋਂ ਬਾਅਦ 39 ਪ੍ਰਤੀਸ਼ਤ ਦੇ ਨਾਲ ਘਰੇਲੂ ਔਰਤਾਂ ਦਾ ਸਥਾਨ ਹੈ। 31-40 ਸਾਲ ਦੀ ਉਮਰ ਦੇ ਗਰੁੱਪ ਦੀਆਂ ਔਰਤਾਂ ਨੇ ਸਭ ਤੋਂ ਵੱਧ ਟਰਮ ਇੰਸ਼ੋਰੈਂਸ ਖਰੀਦਿਆ ਹੈ ਅਤੇ ਔਰਤਾਂ ਵੱਲੋਂ ਖਰੀਦੇ ਜਾਣ ਵਾਲੇ ਟਰਮ ਇੰਸ਼ੋਰੈਂਸ ’ਚ ਉਨ੍ਹਾਂ ਦੀ ਹਿੱਸੇਦਾਰੀ 48 ਪ੍ਰਤੀਸ਼ਤ ਹੈ।

ਸਿਹਤ ਬੀਮਾ ’ਚ ਪਾਲਿਸੀ ਪ੍ਰਸਤਾਵਕਰਤਾਵਾਂ ਦੇ ਤੌਰ ‘ਤੇ ਔਰਤਾਂ ਦੀ ਹਿੱਸੇਦਾਰੀ ਪਿਛਲੇ ਦੋ ਸਾਲਾਂ ’ਚ 15 ਪ੍ਰਤੀਸ਼ਤ ਤੋਂ ਵੱਧ ਕੇ 22 ਫ਼ੀਸਦ ਹੋ ਗਈ ਹੈ, ਜੋ ਵਿੱਤੀ ਜਾਗਰੂਕਤਾ ’ਚ ਵਾਧੇ ਨੂੰ ਦਰਸਾਉਂਦੀ ਹੈ। ਇਸ ਹਿੱਸੇ ’ਚ ਜ਼ਿਆਦਾਤਰ ਮਹਿਲਾਵਾਂ ਉੱਚ ਕਵਰੇਜ ਦਾ ਬਦਲ ਚੁਣ ਰਹੀਆਂ ਹਨ। 70-75 ਔਰਤਾਂ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਬੀਮਾ ਰਕਮ ਚੁਣ ਰਹੀਆਂ ਹਨ। 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵੱਧ ਰਹੀ ਇਲਾਜ ਲਾਗਤ ਨੂੰ ਦੇਖਦੇ ਹੋਏ ਇ੍ਕ ਕਰੋੜ ਦੇ ਕਵਰੇਜ ਨੂੰ ਵੱਧ ਕਿਫਾਇਤੀ ਮੰਨਦੀਆਂ ਹਨ ਅਤੇ ਇਸ ਲਈ ਉਹ ਸੂਪਰ ਟਾਪ-ਅੱਪ ਪਲਾਨ ਦੀ ਵਰਤੋਂ ਕਰ ਰਹੀਆਂ ਹਨ। ਬੀਮਾ ਕੰਪਨੀ ਦੇ ਅੰਕੜਿਆਂ ਮੁਤਾਬਕ ਨਿਵੇਸ਼ ਨਾਲ ਜੁੜੇ ਬੀਮਾ ’ਚ ਵੀ ਮਹਿਲਾਵਾਂ ਦੀ ਹਿੱਸੇਦਾਰੀ ਵੱਧ ਰਹੀ ਹੈ ਅਤੇ ਯੂਨਿਟ ਲਿੰਕਡ ਇੰਸ਼ੋਰੈਂਸ ਪਲਾਨ (ਯੂਐੱਲਆਈਪੀ) ਵਿਚ ਕੁੱਲ ਨਿਵੇਸ਼ ਦਾ 18 ਪ੍ਰਤੀਸ਼ਤ ਹੁਣ ਔਰਤਾਂ ਦੁਆਰਾ ਕੀਤਾ ਜਾ ਰਿਹਾ ਹੈ।

ਸਾਂਝਾ ਕਰੋ

ਪੜ੍ਹੋ