
ਹੈਰੀ ਨੂੰ ਜਦੋਂ ਹੋਸ਼ ਆਇਆ ਤਾਂ ਉਹ ਹਸਪਤਾਲ ਵਿਚ ਸੀ | ਉਸ ਨੇ ਆਪਣੀਆਂ ਲੱਤਾਂ ਵਲ ਡਿਠਾ ਤਾਂ ਉਨ੍ਹਾਂ ਉਪਰ ਪੱਟੀਆਂ ਬਝੀਆਂ ਹੋਇਆ ਸਨ ਜਦੋਂ ਆਪਣੀਆਂ ਬਾਹਾਂ ਤੇ ਨਿਗਾਹ ਮਾਰੀ ਉਹ ਵੀ ਪੱਟੀਆਂ ਨਾਲ ਭਰੀਆਂ ਹੋਈਆਂ ਸਨ | ਆਸੇ ਪਾਸੇ ਨਿਗ੍ਹਾ ਘੁਮਾਈ ਤਾਂ ਉਸ ਨੂੰ ਮੋਨਾ ਬੈਠੀ ਨਜ਼ਰ ਆਈ | ਉਸ ਵਲ ਸਵਾਲੀਆਂ ਨਜ਼ਰਾਂ ਵਲ ਵੇਖਿਆ ਤਾਂ ਮੋਨਾ ਸਮਝ ਗਈ ਕਿ ਹੈਰੀ ਪੁੱਛਣਾ ਚਾਹ ਰਿਹਾ ਸੀ ਕਿ ਉਸ ਦੀ ਇਹ ਹਾਲਤ ਕਿਵੇਂ ਹੋਈ ਹੈ | ਉਹ ਹਾਲੇ ਬੋਲਣ ਹੀ ਵਾਲੀ ਸੀ ਕਿ ਇਕ ਨਰਸ ਆਈ ਤੇ ਉਸ ਨੇ ਹੈਰੀ ਨੂੰ ਪੁੱਛਿਆ ਕਿ ਹੁਣ ਕਿਵੇਂ ਹਾਲ ਹੈ | ਉਸ ਨੇ ਬੋਲਣ ਦਾ ਯਤਨ ਕੀਤਾ ਪਰ ਬੋਲ ਨਾ ਸਕਿਆ | ਉਸ ਨੂੰ ਲੱਗਾ ਕੇ ਉਸ ਦੇ ਅੰਦਰੋਂ ਬੋਲਣ ਦੀ ਹਿੰਮਤ ਨਹੀਂ ਹੈ | ਨਰਸ ਨੇ ਦੱਸਿਆ ਕਿ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਤੁਹਾਡੀਆਂ ਲੱਤਾਂ ਅਤੇ ਬਾਹਾਂ ਉਪਰ ਸੱਟਾਂ ਲੱਗੀਆਂ ਹਨ | ਡਾਕਟਰ ਸਾਹਿਬ ਤੁਹਾਨੂੰ ਵਿਸਥਾਰ ਵਿਚ ਦਸਣਗੇ ਮੈਂ ਉਨ੍ਹਾਂ ਨੂੰ ਬੁਲਾ ਕੇ ਲਿਆਉਂਦੀ ਹਾਂ |
ਡਾਕਟਰ ਦੇ ਆਉਣ ਤੋਂ ਪਹਿਲਾਂ ਮੋਨਾ ਨੇ ਦੱਸਿਆ ਕੇ ਜਦੋਂ ਤੁਸੀਂ ਹਾਲੇ ਘਰੇ ਪੁਜੇ ਹੀ ਸੀ ਅਤੇ ਹਾਲੇ ਆਪਣੀ ਕਾਰ ਵਿਚੋਂ ਉਤਰਨ ਲਈ ਬਾਰੀ ਖੋਲੀ ਹੀ ਸੀ ਕਿ ਪਿੱਛੋਂ ਇਕ ਤੇਜ਼ ਸਪੀਡ ਕਾਰ ਤੁਹਾਡੀ ਕਾਰ ਵਿਚ ਵੱਜੀ ਸੀ | ਆਪਣੀ ਕਾਰ ਦੀ ਬਾਰੀ ਟੁੱਟ ਕੇ ਦੂਰ ਜਾ ਪਈ ਸੀ ਅਤੇ ਤੁਸੀਂ ਉਥੇ ਹੀ ਡਿਗ ਪਏ ਸੀ | ਤੁਸੀਂ ਉੱਠਣ ਦਾ ਯਤਨ ਕੀਤਾ ਤਾਂ ਦੁਬਾਰਾ ਬਰਫ ਤੋਂ ਤਿਲਕ ਗਏ ਸੀ ਬੇਹੋਸ਼ ਹੋ ਗਏ ਸੀ ਜਾਪਦਾ ਹੈ ਤੁਹਾਡੇ ਸਿਰ ਵਿਚ ਵੀ ਸੱਟ ਵਜੀ ਹੈ | ਜਦੋਂ ਤੁਹਾਨੂੰ ਹਸਪਤਾਲ ਲਿਆਂਦਾ ਸੀ ਤੁਹਾਡਾ ਕਾਫੀ ਖੂਨ ਨਿਕਲ ਚੁਕਾ ਸੀ | ਇਹ ਤਾਂ ਚੰਗੀ ਗੱਲ ਹੋਈ ਕਿ ਉਥੋਂ ਮੇਰੀ ਸਹੇਲੀ ਮਾਲਾ ਲੰਘ ਰਹੀ ਸੀ ਜਿਸ ਨੇਤੁਹਾਡਾ ਐਕਸੀਡੈਂਟ ਹੁੰਦਾ ਅੱਖੀਂ ਦੇਖਿਆ ਸੀ | ਉਸ ਨੇ ਮੈਨੂੰ ਫੋਨ ਤੇ ਦੱਸਿਆ ਅਤੇ ਪੁਲਿਸ ਨੂੰ ਵੀ ਫੋਨ ਕਰ ਦਿਤਾ | ਪੁਲਿਸ ਤੁਹਾਨੂੰ ਹਸਪਤਾਲ ਵਿਚ ਲੈ ਆਈ | ਮੈਂ ਆਪਣੇ ਕੰਮ ਤੋਂ ਸਿੱਧੀ ਇਥੇ ਆ ਗਈ ਹਾਂ | ਤੁਹਾਡੀ ਹਾਲਤ ਦੇਖ ਮੇਰਾ ਤਾਂ ਰੋਣ ਨਿਕਲ ਗਿਆ ਸੀ | ਡਾਕਟਰਾਂ ਅਤੇ ਨਰਸਾਂ ਨੇ ਛੇਤੀ ਹੀ ਦੇਖ ਭਾਲ ਸ਼ੁਰੂ ਕਰ ਦਿਤੀ | ਤੁਹਾਡੀ ਇਲਾਜ ਸ਼ੁਰੂ ਹੋ ਚੁਕਾ ਹੈ | ਤੁਹਾਨੂੰ ਟੀਕੇ ਲਾਏ ਹੋਏ ਹਨ |ਉਹ ਸਾਰਾ ਕੁਝ ਸੁਣ ਰਿਹਾ ਸੀ ਅਤੇ ਅਚਾਨਿਕ ਹੈਰੀ ਫਿਰ ਬੇਹੋਸ਼ ਹੋ ਗਿਆ | ਡਾਕਟਰ ਅਤੇ ਨਰਸਾਂ ਝੱਟ ਫਿਰ ਇਲਾਜ ਵਿਚ ਰੁਝ ਗਈਆਂ।
ਮੋਨਾ ਨੇ ਘਰ ਫੋਨ ਕਰ ਆਪਨੇ ਮਾਪਿਆਂ ਨੂੰ ਉਥੇ ਹੀ ਬੁਲਾ ਲਿਆ| ਮਾਪਿਆਂ ਨੇ ਹਾਲਤ ਦੇਖ ਮੋਨਾ ਨੂੰ ਹੌਸਲਾ ਦਿਤਾ ਅਤੇ ਡਾਕਟਰ ਤੋਂ ਪਤਾ ਕੀਤਾ | ਡਾਕਟਰ ਨੇ ਵੇਰਵੇ ਨਾਲ ਦੱਸਿਆ ਕਿ ਐਕਸੀਡੈਂਟ ਬੜਾ ਭਿਆਨਕ ਸੀ ਸ਼ੁਕਰ ਕਰੋ ਜਾਨ ਬਚ ਗਈ ਹੈ ਪ੍ਰੰਤੂ ਸਿਰ ਵਿਚ ਡੂੰਘੀ ਸੱਟ ਹੈ ਇਸ ਬਾਰੇ ਤਾਂ ਸਮੇਂ ਨਾਲ ਹੀ ਪਤਾ ਲਗੇਗਾ | ਲੱਤਾਂ ਅਤੇ ਬਾਹਵਾਂ ਦੇ ਵਿਚ ਸਰੀਆ ਪਾ ਦਿਤਾ ਗਿਆ ਹੈ ਇਸ ਲਈ ਠੀਕ ਹੋਣ ਤੇ ਸਮਾਂ ਲੱਗੇਗਾ | ਮੋਨਾ ਦੇ ਬਾਪ ਨੇ ਮੋਨਾ ਨੂੰ ਹੈਰੀ ਦੀ ਹਾਲਤ ਬਾਰੇ ਵਿਸਥਾਰ ਸਾਹਿਤ ਦੱਸ ਦਿਤਾ |ਉਸ ਨੇ ਆਪਣੇ ਮਨ ਵਿਚ ਸੋਚਿਆ ਕਿ ਮੇਰੀ ਧੀ ਦਾ ਜੀਵਨ ਹੁਣ ਨਰਕ ਬਣ ਗਿਆ ਹੈ ਇਸ ਦਾ ਕੋਈ ਹਲ ਸੋਚਣਾ ਪਵੇਗਾ | ਇਸ ਤਰਾਂ ਮੇਰੀ ਮੋਨਾ ਬਾਕੀ ਦੀ ਜ਼ਿੰਦਗੀ ਬਿਨਾ ਸਹਾਰੇ ਤੋਂ ਕਿਵੇਂ ਬਤੀਤ ਕਰੇਗੀ | ਮੋਨਾ ਨੇ ਕੰਮ ਤੋਂ ਛੁਟੀ ਲੈ ਲਈ ਅਤੇ ਹੈਰੀ ਦੀ ਦੇਖ ਭਾਲ ਕਰਨ ਲੱਗੀ | ਮੋਨਾ ਨੂੰ ਪਤਾ ਸੀ ਕਿ ਹੈਰੀ ਦਾ ਬੀਮਾ ਹੋਇਆ ਹੈ ਉਸ ਵਿਚ ਕ੍ਰਿਟੀਕਲ ਇਲਨੈੱਸ ਬੀਮਾ ਅਤੇ ਡਿਸੇਬਿਲਿਟੀ ਬੀਮਾ ਵੀ ਸ਼ਾਮਲ ਹੈ | ਮੋਨਾ ਆਪਣੇ ਮਨ ਵਿਚ ਸੋਚ ਰਹੀ ਸੀ ਕਿ ਏਜੇਂਟ ਨਾਲ ਗੱਲ ਕਰਕੇ ਹੋਰ ਸੂਚਨਾ ਲਈ ਜਾ ਸਕਦੀ ਹੈ |
ਹੈਰੀ ਨੇ ਹੋਸ਼ ਆਉਣ ਤੇ ਮੋਨਾ ਵਲ ਦੇਖਿਆ ਤੇ ਉਸ ਨੇ ਸਮਝ ਲਿਆ ਕਿ ਮੋਨਾ ਡੂੰਘੀ ਸੋਚ ਵਿਚ ਡੂਬੀ ਹੋਈ ਹੈ ਉਹ ਇਹ ਮਹਿਸੂਸ ਕਰ ਸਕਦਾ ਸੀ ਕਿ ਇਸ ਹਾਲਤ ਵਿਚ ਮੋਨਾ ਸੋਚਦੀ ਹੋਵੇਗੀ ਕਿ ਹੁਣ ਘਰ ਦੀਆਂ ਕਿਸ਼ਤਾਂ ਅਤੇ ਮੇਰੀ ਸਾਂਭ ਸੰਭਾਲ ਦਾ ਭਾਰ ਕਿਵੇਂ ਚੁੱਕੇਗੀ | ਮੋਨਾ ਨੂੰ ਵੀ ਛੁਟੀ ਕਿੰਨੀ ਕੁ ਮਿਲ ਸਕਦੀ ਹੈ | ਮੋਨਾ ਦੇ ਮਾਤਾ ਪਿਤਾ ਉਸ ਦੀ ਕਿੰਨੀ ਕੁ ਮਦਦ ਕਰ ਸਕਦੇ ਹਨ | ਭਾਵੇਂ ਹੈਰੀ ਵੀ ਇਹੋ ਕੁਝ ਹੀ ਸੋਚ ਰਿਹਾ ਸੀ | ਪਰ ਉਸ ਨੂੰ ਇਹ ਹੌਸਲਾ ਸੀ ਕਿ ਪਿੰਡ ਵਾਲੀ ਕੁਝ ਜ਼ਮੀਨ ਵੇਚ ਕੁਝ ਰਕਮ ਤਾਂ ਮੰਗਵਾਈ ਜਾ ਸਕਦੀ ਹੈ | ਮੋਨਾ ਨੇ ਟੇਕ ਬੀਮੇ ਤੇ ਰੱਖੀ ਹੋਈ ਸੀ | ਥੋੜੀ ਥੋੜੀ ਦੇਰ ਬਾਅਦ ਹੈਰੀ ਨੂੰ ਬੇਹੋਸ਼ੀ ਦੇ ਦੌਰੇ ਪੈਂਦੇ ਸਨ | ਜਦੋਂ ਮੋਨਾ ਨੇ ਡਾਕਟਰ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਸਿਰ ਦੀ ਸੱਟ ਕਾਰਨ ਹੈ ਪਰ ਕੁਝ ਸਮੇਂ ਬਾਅਦ ਠੀਕ ਵੀ ਹੋ ਸਕਦੇ ਹਨ ਪ੍ਰੰਤੂ ਸਮੇਂ ਬਾਰੇ ਦੱਸਣਾ ਮੁਸ਼ਕਿਲ ਹੈ ਕਦੋਂ ਇਹ ਦੌਰੇ ਪੈਣ ਤੋਂ ਹਟਣਗੇ | ਘਬਰਾਹਟ ਦੀ ਜ਼ਰੂਰਤ ਨਹੀਂ ਹੈ | ਲੱਤਾਂ ਬਾਹਾਂ ਉਪਰ ਹਰ ਤੀਸਰੇ ਦਿਨ ਪੱਟੀ ਕਰਨੀ ਹੈ ਜੋ ਕੇ ਘਰੇ ਵੀ ਕੀਤੀ ਜਾ ਸਕਦੀ ਹੈ | ਅਸੀਂ ਇਹਨਾਂ ਨੂੰ ਕਲ ਨੂੰ ਹਸਪਤਾਲ ਵਿਚੋਂ ਛੁਟੀ ਦੇ ਦੇਵਾਂਗੇ |
ਪੱਟੀਆਂ ਲਈ ਤੁਹਾਨੂੰ ਨਰਸ ਦਾ ਪ੍ਰਬੰਧ ਕਰਨਾ ਪਵੇਗਾ | ਬੀਮਾ ਕੰਪਨੀ ਵੀ ਕੋਈ ਨਰਸ ਦੇਖ ਭਾਲ ਲਈ ਭੇਜ ਸਕਦੀ ਹੈ ਤੁਸੀਂ ਉਨ੍ਹਾਂ ਨਾਲ ਗੱਲ ਕਰ ਲਵੋ | ਮੋਨਾ ਦੇ ਬਾਪ ਨੇ ਬੀਮਾ ਕੰਪਨੀ ਨਾਲ ਸੰਪਰਕ ਬਣਾਇਆ ਤੇ ਉਨ੍ਹਾਂ ਨੇ ਦੱਸ ਦਿਤਾ ਕਿ ਇਕ ਨਰਸ ਤੁਹਾਨੂੰ ਸੇਵਾ ਲਈ ਮਿਲੇਗੀ | ਉਹ ਕੇਵਲ ਦਿਨ ਦੇ ਸਮੇਂ ਰਹੇਗੀ | ਇਸ ਨਾਲ ਮੋਨਾ ਦੇ ਬਾਪ ਨੂੰ ਕੁਝ ਰਾਹਤ ਮਿਲੀ | ਪ੍ਰੰਤੂ ਉਹ ਤਾਂ ਕੁਝ ਹੋਰ ਸੋਚ ਰਿਹਾ ਸੀ ਕਿ ਮੋਨਾ ਹੈਰੀ ਨੂੰ ਛੱਡ ਦੇਵੇ ਅਤੇ ਕੋਈ ਹੋਰ ਸਾਥੀ ਲੱਭ ਲਵੇ | ਪਰ ਮੋਨਾ ਆਜ਼ਾਦ ਰਹਿਣਾ ਚਾਹੁੰਦੀ ਸੀ | ਉਸ ਨੂੰ ਵਧੀਆ ਮੌਕਾ ਮਿਲ ਗਿਆ ਸੀ | ਹੁਣ ਹੈਰੀ ਉਸ ਦੀ ਆਜ਼ਾਦੀ ਵਿਚ ਵਿਘਨ ਪਾਉਣ ਜੋਗਾ ਰਿਹਾ ਹੀ ਨਹੀਂ ਸੀ | ਹੈਰੀ ਨੂੰ ਹਸਪਤਾਲ ਤੋਂ ਛੁਟੀ ਮਿਲ ਗਈ | ਘਰ ਵਿਚ ਸਾਰਾ ਦਿਨ ਉਸ ਨੂੰ ਬਿਸਤਰੇ ਤੇ ਹੀ ਰਹਿਣਾ ਪੈਂਦਾ ਸੀ ਜਿਸ ਲਈ ਉਹ ਤਿਆਰ ਨਹੀਂ ਸੀ ਪਰ ਹੁਣ ਤਾਂ ਮਜਬੂਰੀ ਸੀ | ਇਥੇ ਬਾਹਰਲੇ ਦੇਸ਼ ਆ ਕੇ ਤਾਂ ਕੰਮ ਹੀ ਇਤਨਾ ਹੁੰਦਾ ਹੈ ਕਿ ਬਿਸਤਰਾ ਤਾਂ ਰਾਤ ਨੂੰ ਮਿਲ ਜਾਵੇ ਤਾਂ ਬਹੁਤ ਹੁੰਦਾ ਹੈ |
ਹੈਰੀ ਤਾਂ ਕਦੇ ਪੰਜਾਬ ਵਿਚ ਹੀ ਦਿਨ ਵੇਲੇ ਸੌਂਦਾ ਨਹੀਂ ਸੀ | ਪਰ ਮਜਬੂਰੀ ਹੇਠ ਬਿਸਤਰੇ ਤੇ ਪਿਆ ਛੱਤ ਵਲ ਦੇਖਦਾ ਹੋਇਆ ਉਹ ਆਪਣੀ ਪੁਰਾਣੀ ਜ਼ਿੰਦਗੀ ਵਲ ਘੁੰਮ ਗਿਆ | ਉਸ ਨੂੰ ਆਪਣਾ ਅਤੀਤ ਯਾਦ ਆਇਆ | ਬੀਤੀਆਂ ਘਟਨਾਵਾਂ ਉਸ ਦੇ ਮਨ ਦੇ ਪਰਦੇ ਤੇ ਇਕ ਫਿਲਮ ਵਾਂਗ ਚਲਣ ਲੱਗ ਪਈਆਂ | ਹੈਰੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਉਹ ਹਾਲੇ ਪੰਜ ਸਾਲ ਦਾ ਹੀ ਸੀ ਕਿ ਉਸ ਦਾ ਬਾਪ ਇਕ ਦੁਰਘਟਨਾ ਵਿਚ ਪੂਰਾ ਹੋ ਗਿਆ ਸੀ | ਉਸ ਦੀ ਮਾਂ ਮੋਹਨ ਕੌਰ ਆਪਣੀ ਜਵਾਨੀ ਵਿਚ ਹੀ ਵਿਧਵਾ ਹੋ ਗਈ ਸੀ | ਉਸ ਨੇ ਹੌਸਲਾ ਨਾ ਹਾਰਿਆ | ਉਸ ਦੇ ਸਹੁਰਿਆਂ ਨੇ ਹੈਰੀ ਦੇ ਚਾਚੇ ਨਾਲ ਮੋਹਨ ਕੌਰ ਨੂੰ ਵਿਆਹ ਲਈ ਮੰਨਾਓਣ ਦਾ ਯਤਨ ਕੀਤਾ | ਪ੍ਰੰਤੂ ਉਸ ਨੇ ਆਤਮ ਵਿਸ਼ਵਾਸ ਨਾਲ ਆਪਣੀ ਜ਼ਿੰਦਗੀ ਹੈਰੀ ਨੂੰ ਇਕੱਲਿਆਂ ਹੀ ਪਾਲ ਪੋਸ ਕਰਦਿਆਂ ਲੰਘਾਉਣ ਦਾ ਫੈਸਲਾ ਕਰ ਲਿਆ | ਮੋਹਨ ਕੌਰ ਨੇ ਆਪਣੇ ਪਤੀ ਦੇ ਹਿਸੇ ਆਉਣ ਵਾਲੇ ਪੰਦਰਾਂ ਖੇਤ ਸ਼ਰੀਕਾਂ ਨਾਲ ਲੰਮੀ ਲੜਾਈ ਲੜ ਅਤੇ ਕਨੂੰਨ ਦਾ ਆਸਰਾ ਲੈ ਕੇ ਪ੍ਰਾਪਤ ਕਰ ਲਈ ਸੀ |
ਹੈਰੀ ਦੇ ਨਾਨਕਿਆਂ ਨੇ ਵੀ ਪੂਰੀ ਮਦਦ ਕੀਤੀ |ਉਨ੍ਹਾਂ ਖੇਤਾਂ ਦੀ ਪ੍ਰਾਪਤ ਆਮਦਨ ਦੀ ਸਹਾਇਤਾ ਨਾਲ ਮੋਹਨ ਕੌਰ ਨੇ ਹੈਰੀ ਨੂੰ ਉਚੇਰੀ ਵਿਦਿਆ ਦਿਵਾਈ ਅਤੇ ਐਮ ਏ ਕਰਵਾ ਦਿਤੀ | ਹੈਰੀ ਨੂੰ ਕਦੇ ਵੀ ਬਾਪ ਦੀ ਕਮੀ ਨਾ ਮਹਿਸੂਸ ਕਰਨ ਦਿਤੀ | ਕਾਲਜ ਵਿਚ ਕੁੜੀਆਂ ਹੈਰੀ ਨੂੰ ਦੇਖ ਠੰਡੇ ਹਉਕੇ ਭਰਦੀਆਂ ਸਨ ਪ੍ਰੰਤੂ ਹੈਰੀ ਦਾ ਧਿਆਨ ਤਾਂ ਆਪਣੇ ਦੋਸਤਾਂ ਮਿੱਤਰਾਂ ਵਿਚ ਹੀ ਰਹਿੰਦਾ ਸੀ | ਪ੍ਰੰਤੂ ਉਸ ਦੇ ਜੀਵਨ ਵਿਚ ਨੇੜੇ ਦੇ ਪਿੰਡ ਦੇ ਸਰਪੰਚ ਦੀ ਭਤੀਜੀ ਸੁਖੀ ਆ ਗਈ | ਸੁਖੀ ਨੇ ਹੈਰੀ ਦਾ ਸਾਰਾ ਧਿਆਨ ਆਪਣੇ ਵੱਲ ਖਿੱਚ ਲਿਆ | ਸੁਖੀ ਹੈਰੀ ਤੋਂ ਇਕ ਸਾਲ ਪਿਛੇ ਸੀ | ਸੁਖੀ ਦਾ ਰੰਗ ਗੋਰਾ,ਅੰਗ ਭਰਵੇਂ ਤੇ ਗੋਲ ਮਟੋਲ ,ਕੱਦ ਉਚਾ, ਸੀ | ਪੂਰਨ ਤੌਰ ਤੇ ਯਤਨ ਕਰਨ ਦੇ ਬਾਅਦ ਵੀ ਕੱਜ ਲੱਭਣਾ ਮੁਸ਼ਕਿਲ ਸੀ | ਜਦੋਂ ਵੀ ਹੈਰੀ ਨੂੰ ਆਪਣੀਆਂ ਕਾਤਿਲ ਨਜ਼ਰਾਂ ਨਾਲ ਤੱਕ ਲੈਂਦੀ ਸੀ ਤਾਂ ਹੈਰੀ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਸੀ | ਹੈਰੀ ਉਹਦੇ ਦੁਆਲੇ ਗੇੜੀ ਪਾਈ ਰੱਖਦਾ ਸੀ ਪ੍ਰੰਤੂ ਉਸ ਦੀ ਸੁਖੀ ਨੂੰ ਬੁਲਾਉਣ ਦੀ ਹਿੰਮਤ ਨਹੀਂ ਪਈ ਸੀ | ਉਹ ਉਸ ਨੂੰ ਖਾਮੋਸ਼ ਪਿਆਰ ਕਰਦਾ ਰਿਹਾ ਅਤੇ ਮਨ ਹੀ ਮਨ ਉਸ ਨੂੰ ਆਪਣੀ ਹੀਰ ਮੰਨ ਬੈਠਾ ਸੀ | ਅਚਾਨਕ ਹੀ ਸੁਖੀ ਦਾ ਰਿਸ਼ਤਾ ਕਨੇਡਾ ਤੋਂ ਆਏ ਲੜਕੇ ਨਾਲ ਹੋ ਗਿਆ ਅਤੇ ਉਸ ਨੇ ਕਾਲਿਜ ਆਉਣਾ ਬੰਦ ਕਰ ਦਿੱਤਾ ਸੀ ਅਤੇ ਕੁਝ ਹੀ ਦਿਨਾਂ ਵਿਚ ਉਡਾਰੀ ਮਾਰ ਗਈ ਸੀ |
ਹੈਰੀ ਨੂੰ ਜਦੋਂ ਉਸ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਹਾਉਕਾ ਭਰ ਕੇ ਦਿਲ ਦੀਆਂ ਦਿਲ ਵਿਚ ਰੱਖ ਕੇ ਰਹਿ ਗਿਆ ਸੀ |ਉਸ ਨੂੰ ਲੱਗਾ ਕੇ ਉਸ ਦੇ ਉਸ ਦਾ ਸੁਪਨਿਆ ਦਾ ਮਹਿਲ ਢਹਿ ਢੇਰੀ ਹੋ ਗਿਆ ਸੀ | ਹੁਣ ਉਸ ਨੂੰ ਹੋਰ ਕੋਈ ਕੁੜੀ ਨਹੀਂ ਜਚਦੀ ਸੀ | ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਨੌਕਰੀ ਲੱਭਣ ਲਈ ਯਤਨਸ਼ੀਲ ਹੋ ਗਿਆ ਸੀ | ਅਚਾਨਕ ਹੀ ਉਸ ਦੇ ਦੋਸਤ ਦੇ ਯਤਨਾਂ ਸਦਕਾ ਉਸ ਦਾ ਸਬੰਧ ਮੋਨਾ ਨਾਲ ਜੁੜ ਗਿਆ ਸੀ ਅਤੇ ਉਹ ਵੀ ਕੈਨੇਡਾ ਆ ਗਿਆ ਸੀ | ਮੋਨਾ ਨਾਲ ਰਹਿੰਦਿਆਂ ਕਾਫੀ ਸਮਾਂ ਹੋ ਗਿਆ ਸੀ ਪਰ ਉਸਦੀ ਕੁੱਖ ਹਾਲੇ ਤਕ ਹਰੀ ਨਹੀਂ ਸੀ ਹੋਈ | ਹੈਰੀ ਦੀ ਮਾਂ ਖੁਸ਼ਖਬਰੀ ਸੁਣਨ ਨੂੰ ਉਡੀਕ ਰਹੀ ਸੀ | ਪ੍ਰੰਤੂ ਹੈਰੀ ਵਲੋਂ ਕੋਈ ਸਨੇਹਾਂ ਨਾਂ ਮਿਲਣ ਕਾਰਨ ਉਹ ਉਦਾਸ ਰਹਿਣ ਲੱਗ ਪਈ ਸੀ | ਉਹ ਮਨ ਹੀ ਮਨ ਸੋਚਦੀ ਸੀ ਕਿ ਹੈਰੀ ਮੋਨਾ ਨੂੰ ਤਲਾਕ ਦੇ ਕੇ ਕੋਈ ਹੋਰ ਲੜਕੀ ਲੱਭ ਲਵੇ ਜਾਂ ਇਥੇ ਵਾਪਿਸ ਆ ਜਾਵੇ ਮੈਂ ਹੋਰ ਕੋਈ ਸੋਹਣੀ ਕੁੜੀ ਲੱਭ ਕੇ ਉਸ ਨਾਲ ਹੀ ਤੋਰ ਦੇਵਾਂਗੀ ਇਹ ਸੋਚਾਂ ਆਪਣੇ ਮਨ ਅੰਦਰ ਲੈ ਕੇ ਉਹ ਇਸ ਜਹਾਨ ਤੋਂ ਕੂਚ ਕਰ ਗਈ | ਅਚਾਨਕ ਵਜੀ ਫੋਨ ਦੀ ਘੰਟੀ ਉਸ ਦਾ ਧਿਆਨ ਵਾਪਿਸ ਲਿਆਂਦਾ ਤੇ ਉਸ ਨੇ ਮਹਿਸੂਸ ਕੀਤਾ ਕਿ ਉਹ ਤਾਂ ਬਿਸਤਰ ਨਾਲ ਬਿਸਤਰ ਹੋ ਚੁਕਾ ਹੈ |
ਬੀਮਾ ਕੰਪਨੀ ਵਲੋਂ ਉਸ ਲਈ ਇਕ ਨਰਸ ਦਾ ਪ੍ਰਬੰਧ ਕਰ ਦਿਤਾ ਸੀ ਜੋ ਰੋਜ਼ਾਨਾ ਆਇਆ ਕਰਦੀ ਸੀ ਉਸ ਦੀਆਂ ਪੱਟੀਆਂ ਬਦਲਦੀ ਸੀ | ਉਸ ਨੂੰ ਖਾਣਾ ਆਦਿ ਖਵਾਇਆ ਕਰਦੀ ਸੀ | ਮੋਨਾ ਹੁਣ ਇਸ ਕੰਮ ਤੋਂ ਆਜ਼ਾਦ ਸੀ | ਉਸ ਨੇ ਆਪਣੇ ਲਈ ਨੌਕਰੀ ਲੱਭ ਲਈ ਸੀ | ਹਰ ਹਫਤੇ ਨਵੀਂ ਨਰਸ ਆ ਜਾਂਦੀ ਸੀ | ਪਹਿਲੇ ਦਿਨ ਉਸ ਨਰਸ ਨੂੰ ਕੰਮ ਸਮਝਾਇਆ ਜਾਂਦਾ ਸੀ ਜੋ ਕੇ ਹੈਰੀ ਆਪ ਹੀ ਕਰਦਾ ਸੀ | ਮੋਨਾ ਤਾਂ ਤਿਆਰ ਹੋ ਕੇ ਦਫਤਰ ਚਲੀ ਜਾਂਦੀ ਤੇ ਵੇਲੇ ਕੁਵੇਲੇ ਹੀ ਮੁੜਦੀ ਸੀ | ਉਸ ਨੂੰ ਹੁਣ ਹੈਰੀ ਦਾ ਕੋਈ ਫਿਕਰ ਨਹੀਂ ਸੀ | ਉਹ ਦੁਪਹਿਰ ਸਮੇਂ ਦਫਤਰ ਦੇ ਸਾਥੀਆਂ ਨਾਲ ਆਪਣਾ ਸਮਾਂ ਗੁਜ਼ਾਰਦੀ ਸੀ | ਕਈ ਵਾਰ ਉਹ ਪਾਰਟੀਆਂ ਵਿਚ ਚਲੀ ਜਾਂਦੀ ਸੀ ਅਤੇ ਨਸ਼ਾ ਵੀ ਕਰਨ ਲੱਗ ਪਈ ਸੀ | ਹੈਰੀ ਨੂੰ ਇਹ ਨਹੀਂ ਚੰਗਾ ਲਗਦਾ ਸੀ ਪ੍ਰੰਤੂ ਉਹ ਆਪ ਲਾਚਾਰ ਸੀ ਇਸ ਲਈ ਕੁਝ ਨਹੀਂ ਕਰ ਸਕਦਾ ਸੀ | ਆਪਣਾ ਗੁਸਾ ਅੰਦਰ ਹੀ ਪੀ ਜਾਂਦਾ ਸੀ | ਉਹ ਕੌੜਾ ਅੱਕ ਹੀ ਚੱਬ ਰਿਹਾ ਸੀ | ਮੋਨਾ ਕੰਮ ਤੇ ਜਾਣ ਲੱਗੀ ਦਰਵਾਜ਼ਾ ਖੁਲਾ ਹੀ ਛੱਡ ਜਾਂਦੀ ਸੀ ਤਾਂ ਜੋ ਨਰਸ ਆਪਣੇ ਆਪ ਅੰਦਰ ਆ ਸਕੇ | ਸੋਮਵਾਰ ਜਦੋਂ ਨਰਸ ਆਈ ਤਾਂ ਜਦੋਂ ਹੈਰੀ ਨੇ ਉਸ ਨੂੰ ਦੇਖਿਆ ਤੇ ਉਸ ਨੂੰ ਲੱਗਾ ਜਿਵੇਂ ਸੁਖੀ ਅੰਦਰ ਆਈ ਹੋਵੇ | ਜਦੋਂ ਉਹ ਅੰਦਰ ਹੈਰੀ ਦੇ ਕਮਰੇ ਵਿਚ ਪੁੱਜੀ ਤਾਂ ਦੋਵੇਂ ਇਕ ਦੂਸਰੇ ਨੂੰ ਦੇਖ ਹੈਰਾਨ ਹੋ ਗਏ |
ਹੈਰੀ ਬੋਲਿਆ ,”ਸੁਖੀ ਤੂੰ ਕਿਵੇਂ !”
ਸੁਖੀ ਬੋਲੀ ,”ਹੈਰੀ ਤੈਨੂੰ ਕੀ ਹੋਇਆ |”
ਹੈਰੀ ਨੇ ਪੁੱਛਿਆ, ” ਤੇਰਾ ਤਾਂ ਵਿਆਹ ਹੋ ਗਿਆ ਸੀ |”
ਸੁਖੀ ਨੇ ਦੱਸਿਆ ਕਿ ਘਰ ਦਿਆਂ ਨੂੰ ਰੰਗੀਨ ਸੁਪਨੇ ਦਿਖਾ ਕਿ ਵਿਚੋਲੇ ਨੇ ਮੇਰਾ ਵਿਆਹ ਕਰਵਾ ਦਿਤਾ | ਇਥੇ ਆ ਕੇ ਮੈਨੂੰ ਪਤਾ ਲੱਗਾ ਕਿ ਉਹ ਤਾਂ ਨਸ਼ੇ ਕਰਦਾ ਸੀ | ਉਸ ਦਾ ਪਹਿਲਾਂ ਵਿਆਹ ਹੋ ਚੁਕਾ ਸੀ ਅਤੇ ਨਸ਼ਿਆਂ ਦੀ ਇਸ ਦੀ ਆਦਤ ਤੋਂ ਮਜਬੂਰ ਹੋ ਉਹ ਇਸ ਨੂੰ ਛੱਡ ਇਸ ਦੀ ਪਹਿਲੀ ਪਤਨੀ ਕਿਸੇ ਹੋਰ ਨਾਲ ਰਹਿਣ ਲੱਗ ਪਈ ਸੀ ਅਤੇ ਇਸ ਦਾ ਉਸ ਲੜਕੀ ਨਾਲ ਤਲਾਕ ਵੀ ਨਹੀਂ ਹੋਇਆ ਸੀ | ਇਸ ਦੀ ਪਹਿਲੀ ਪਤਨੀ ਨੇ ਇਹ ਸਭ ਮੈਨੂੰ ਦੱਸਿਆ ਸੀ | ਫਿਰ ਮੈਂ ਕੋਸ਼ਿਸ਼ ਕੀਤੀ ਕਿ ਨਸ਼ੇ ਛੱਡ ਦੇਵੇ ਪ੍ਰੰਤੂ ਮੈ ਵੀ ਕਾਮਯਾਬ ਨਾ ਹੋਈ ਫਿਰ ਅੱਕ ਮੈਂ ਵੀ ਮਰਦੀ ਕੀ ਨਾ ਕਰਦੀ ਤੇ ਮੈਂ ਉਸ ਨੂੰ ਛੱਡ ਦਿੱਤਾ ਸੀ ਅਤੇ ਸ਼ਾਦੀ ਦੁਬਾਰਾ ਨਹੀਂ ਕਰਵਾਈ ਤੇ ਹੁਣ ਮੈਂ ਨਰਸ ਦਾ ਕੋਰਸ ਕਰ ਲਿਆ ਹੈ ਅਤੇ ਨਰਸ ਵਜੋਂ ਕੰਮ ਕਰਦੀ ਹਾਂ | ਸੁਖੀ ਨੇ ਸੰਖੇਪ ਵਿਚ ਆਪਣੇ ਬਾਰੇ ਦੱਸ ਦਿਤਾ ਅਤੇ ਸਵਾਲੀਆ ਨਜ਼ਰਾਂ ਨਾਲ ਹੈਰੀ ਵਲ ਦੇਖਣ ਲੱਗੀ | ਹੈਰੀ ਨੇ ਵੀ ਆਪਣੇ ਬਾਰੇ ਸਭ ਕੁਝ ਦੱਸ ਦਿਤਾ ਅਤੇ ਐਕਸੀਡੈਂਟ ਬਾਰੇ ਵੀ ਬਿਆਨ ਕਰ ਦਿਤਾ | ਸੁਖੀ ਨੇ ਹੈਰੀ ਦੀਆਂ ਪੱਟੀਆਂ ਬਦਲੀਆਂ ਜ਼ਖਮਾਂ ਨੂੰ ਧਿਆਨ ਨਾਲ ਦੇਖਿਆ ਜੋ ਕਾਫੀ ਹੱਦ ਤੱਕ ਠੀਕ ਹੋ ਚੁਕੇ ਸਨ | ਹੁਣ ਉਸ ਨੂੰ ਬੇਹੋਸ਼ੀ ਦੇ ਦੌਰੇ ਵੀ ਨਹੀਂ ਪੈਂਦੇ ਸਨ | ਸ਼ਾਮ ਤਕ ਉਹ ਗੱਲਾਂ ਕਰਦੇ ਰਹੇ |
ਹੈਰੀ ਨੇ ਆਪਣੀ ਕਾਲਿਜ ਵਾਲੀ ਇਕ ਪਾਸੜ ਪਿਆਰ ਬਾਰੇ ਵੀ ਦੱਸ ਦਿਤਾ ਕਿ ਤਾਂ ਸੁਪਨਿਆਂ ਵਿਚ ਤੈਨੂੰ ਆਪਣੀ ਹੀਰ ਜਾਣ ਲਿਆ ਸੀ | ਸੁਖੀ ਨੇ ਦੱਸਿਆ ਕਿ ਮੈਨੂੰ ਇਸ ਬਾਰੇ ਇਲਮ ਨਹੀਂ ਹੈ ਕਿਓਂ ਜੋ ਬਹੁਤ ਸਾਰੇ ਲੜਕੇ ਸ਼ਰਾਰਤ ਭਰੀਆਂ ਨਜ਼ਰਾਂ ਨਾਲ ਮੈਨੂੰ ਦੇਖਦੇ ਸਨ ਅਤੇ ਊਲ ਜਲੂਲ ਵੀ ਬੋਲਦੇ ਸਨ ਜਿਸ ਦੀ ਮੈਂ ਕਦੇ ਪ੍ਰਵਾਹ ਨਹੀਂ ਕੀਤੀ ਸੀ | ਪ੍ਰੰਤੂ ਹੁਣ ਮੈਂ ਤੇਰੀ ਅਸਲੀਅਤ ਜਾਣ ਲਈ ਹੈ ਅਤੇ ਤੇਰੀ ਪੂਰੀ ਸੇਵਾ ਕਰਾਂਗੀ | ਨਰਸ ਵਾਲੇ ਕੋਰਸ ਵਿਚ ਸਿਖਾਇਆ ਗਿਆ ਹੈ ਕੇ ਮਰੀਜ਼ ਜੋ ਕਿਸੇ ਕਾਰਨ ਉਦਾਸ ਹੈ ਉਸ ਦੀ ਖੂਬ ਸੇਵਾ ਕਰੋ ਤਾਂ ਜੋ ਉਹ ਖੁਸ਼ ਰਹਿਣਾ ਸ਼ੁਰੂ ਕਰ ਦੇਵੇ ਇਸ ਤਰਾਂ ਨਾਲ ਤੁਸੀਂ ਆਪਣਾ ਸਹੀ ਫਰਜ਼ ਨਿਭਾ ਰਹੇ ਹੋਵੋਗੇ | ਮੈਨੂੰ ਪੂਰਨ ਯਕੀਨ ਹੈ ਕਿ ਤੁਸੀਂ ਵੀ ਮੇਰੀ ਸੇਵਾ ਪ੍ਰਾਪਤ ਕਰ ਸੰਤੁਸ਼ਟ ਹੋਵੋਗੇ | ਹੈਰੀ ਨੇ ਕਿਹਾ ਕਿ ਮੇਰੀ ਚੰਗੀ ਕਿਸਮਤ ਹੈ ਕਿ ਆਪਾਂ ਦੁਬਾਰਾ ਮਿਲ ਗਏ ਹਾਂ | ਭਾਵੇਂ ਮੈਂ ਬਿਸਤਰ ਤੇ ਹਾਂ ਪਰ ਤੁਹਾਡੀ ਮਦਦ ਨਾਲ ਮੈਂ ਛੇਤੀ ਆਪਣੇ ਦੁਖਾਂ ਤੋਂ ਛੁਟਕਾਰਾ ਪਾ ਲਵਾਂਗਾ |
ਮੈਂ ਤੁਹਾਡੇ ਨਾਲ ਪੂਰਨ ਸਹਿਯੋਗ ਕਰਾਂਗਾ | ਮੈਂ ਬੀਮਾ ਕੰਪਨੀ ਨੂੰ ਲਿਖਾਂਗਾ ਕਿ ਤੁਹਾਨੂੰ ਹੀ ਹਰ ਵਾਰ ਮੇਰੇ ਕੋਲ ਭੇਜਿਆ ਕਰਨ | ਸੁਖੀ ਨੇ ਕਿਹਾ ਕੇ ਜੇ ਕੰਪਨੀ ਨੇ ਅਜਿਹਾ ਨਾ ਕੀਤਾ ਤਾਂ ਵੀ ਮੈਂ ਤੁਹਾਨੂੰ ਸਮਾਂ ਕੱਢ ਕੇ ਮਿਲਣ ਆਵਾਂਗੀ ਤੇ ਹਰ ਨਰਸ ਨੂੰ ਤੁਹਾਡੀ ਸੇਵਾ ਕਰਨ ਲਈ ਆਖਾਂਗੀ | ਦੋ ਤਿੰਨ ਹਫਤੇ ਤਾਂ ਸੁਖੀ ਹਰ ਹਫਤੇ ਹੈਰੀ ਦੀ ਮਦਦ ਲਈ ਆਓਂਦੀ ਰਹੀ | ਇਸ ਸਮੇਂ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਮੋਨਾ ਤਾਂ ਹੈਰੀ ਵੱਲ ਕੋਈ ਧਿਆਨ ਨਹੀਂ ਦਿੰਦੀ ਉਹ ਤਾਂ ਆਪਣੀਆਂ ਪਾਰਟੀਆਂ ਵਿਚ ਹੀ ਰੁਝੀ ਰਹਿੰਦੀ ਹੈ ਅਤੇ ਕਈ ਵਾਰ ਤਾਂ ਉਹ ਰਾਤਾਂ ਨੂੰ ਬਹੁਤ ਦੇਰ ਨਾਲ ਘਰ ਆਓਂਦੀ ਹੈ | ਮੋਨਾ ਦੇ ਚਾਲ ਚਲਣ ਤੇ ਵੀ ਉਸ ਨੂੰ ਸ਼ੱਕ ਹੋਇਆ | ਹੈਰੀ ਨੂੰ ਉਸ ਨੇ ਇਸ ਬਾਰੇ ਕੁਝ ਨਾ ਦੱਸਿਆ | ਪ੍ਰੰਤੂ ਹੈਰੀ ਨੇ ਸੁਖੀ ਨੂੰ ਦੱਸਿਆ ਕਿ ਕਈ ਵਾਰ ਤਾਂ ਮੋਨਾ ਰਾਤ ਨੂੰ ਵੀ ਘਰ ਨਹੀਂ ਆਓਂਦੀ ਤੇ ਮੈਂ ਉਸ ਤੋਂ ਅੱਕ ਚੁਕਾ ਹਾਂ | ਕਈ ਕਈ ਦਿਨ ਉਹ ਮੇਰੇ ਕੋਲ ਬਿਲਕੁਲ ਨਹੀਂ ਆਓਂਦੀ ਤੇ ਤਕਰਾਰ ਵੀ ਕਰਦੀ ਹੈ ਉਹ ਸਮਝਦੀ ਹੈ ਕਿ ਮੈਂ ਤਾਂ ਉਸ ਲਈ ਵਾਧੂ ਦੀ ਜ਼ਿਮੇਵਾਰੀ ਹਾਂ | ਮੈਂ ਵੀ ਇਸ ਨੂੰ ਇਸ ਜ਼ਿਮੇਵਾਰੀ ਤੋਂ ਮੁਕਤ ਕਰਨ ਬਾਰੇ ਸੋਚਦਾ ਹਾਂ |
ਮੇਰਾ ਮਨ ਖੁਦਕਸ਼ੀ ਕਰਨ ਨੂੰ ਕਰਦਾ ਹੈ | ਇਹ ਸੁਣ ਸੁਖੀ ਨੇ ਕਿਹਾ ਤੁਸੀਂ ਬਿਲਕੁਲ ਇਹ ਵਿਚਾਰ ਮਨ ਵਿਚ ਨਹੀਂ ਲਿਆਉਣਾ |ਖੁਦਕਸ਼ੀ ਕਰਨਾ ਤਾਂ ਬੁਜ਼ਦਿਲੀ ਹੈ | ਅਸੀਂ ਇਸ ਜ਼ਿੰਦਗੀ ਨੂੰ ਖੁਸ਼ੀਆਂ ਭਰਪੂਰ ਕਰਨ ਦਾ ਹਰ ਯਤਨ ਕਰਾਂਗੇ | ਮੈਂ ਤੁਹਾਡੀ ਸੇਵਾ ਕਰਾਂਗੀ | ਜੇ ਤੁਸੀਂ ਠੀਕ ਸਮਝਦੇ ਹੋ ਤਾਂ ਮੈਂ ਤੁਹਾਨੂੰ ਆਪਣੇ ਘਰ ਵਿਚ ਲੈ ਜਾਂਦੀ ਹਾਂ ਤੇ ਘਰ ਵਿਚ ਰਹਿ ਹੀ ਤੁਹਾਡੀ ਸੇਵਾ ਕਰਾਂਗੀ | ਮੈਂ ਤੁਹਾਡਾ ਸੁਪਨਾ ਪੂਰਾ ਕਰਾਂਗੀ ਜੋ ਤੁਸੀਂ ਕਾਲਿਜ ਸਮੇਂ ਲਿਆ ਸੀ | ਮੈਂ ਆਪਣਾ ਸਾਰਾ ਜੀਵਨ ਤੁਹਾਡੇ ਲੇਖੇ ਲਾ ਦੇਵਾਂਗੀ | ਹੈਰੀ ਨੇ ਕਿਹਾ ਕਿ ਤੂੰ ਉਥੇ ਕਿਰਾਏ ਤੇ ਰਹਿ ਰਹੀ ਹੈਂ | ਮੈਂ ਇਹ ਚਾਹੁੰਦਾ ਹਾਂ ਕਿ ਤੂੰ ਇਥੇ ਮੇਰੇ ਕੋਲ ਰਹਿਣ ਲੱਗ ਜਾ | ਮੈਂ ਮੋਨਾ ਨੂੰ ਤਲਾਕ ਦੇ ਦਿੰਦਾ ਹਾਂ | ਅੱਧੀ ਜਾਇਦਾਦ ਉਸ ਨੂੰ ਦੇ ਦੇਵਾਂਗਾ ਤੇ ਘਰੋਂ ਵੀ ਕੱਢ ਦੇਵਾਂਗਾ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਉਹ ਵੀ ਮੈਥੋਂ ਛੁਟਕਾਰਾ ਪਾ ਕੇ ਖੁਸ਼ ਹੋਵੇਗੀ | ਬੀਮਾ ਕੰਪਨੀ ਮੇਰਾ ਖਰਚ ਦੇ ਰਹੀ ਹੈ ਤੇ ਜ਼ਮੀਨ ਦੀ ਆਮਦਨ ਭਾਰਤ ਤੋਂ ਮੰਗਵਾ ਗੁਜ਼ਾਰਾ ਕਰ ਸਕਦੇ ਹਾਂ | ਤੂੰ ਅਰਾਮ ਨਾਲ ਸੋਚ ਲਵੀਂ |
ਸੁਖੀ ਨੇ ਮੈਂ ਕਿਸੇ ਨਾਲ ਸਲਾਹ ਨਹੀਂ ਕਰਨੀ ਤੈਨੂੰ ਮਨ ਹੀ ਮਨ ਮੈਂ ਆਪਣਾ ਬਣਾ ਚੁਕੀ ਹਾਂ | ਵਾਹਿਗੁਰੂ ਨੇ ਚਾਹਿਆ ਤਾਂ ਮੇਰੀ ਸੇਵਾ ਨੂੰ ਫਲ ਲਗੇਗਾ ਤੁਸੀਂ ਤੰਦਰੁਸਤ ਹੋ ਜਾਵੋਗੇ | ਆਪਾਂ ਸਾਰਾ ਜੀਵਨ ਖੁਸ਼ੀ ਖੁਸ਼ੀ ਗੁਜ਼ਾਰਾਂਗੇ | ਸੁਖੀ ਤੇ ਹੈਰੀ ਨੇ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ | ਇਸ ਫੈਸਲੇ ਤੋਂ ਉਨਾਂ ਨੇ ਮੋਨਾ ਨੂੰ ਜਾਣੂ ਕਰਵਾ ਦਿਤਾ | ਉਹ ਆਜ਼ਾਦ ਹੋਣ ਦਾ ਬਹਾਨਾ ਹੀ ਲੱਭਦੀ ਸੀ ਜਦੋਂ ਉਸ ਨੂੰ ਪਤਾ ਲੱਗਾ ਕੇ ਜਾਇਦਾਦ ਦਾ ਹਿਸਾ ਵੀ ਮਿਲੇਗਾ | ਉਸ ਨੇ ਹਾਂ ਕਰ ਦਿਤੀ | ਕੁਝ ਦਿਨਾਂ ਵਿਚ ਹੀ ਤਲਾਕ ਦਾ ਫੈਸਲਾ ਹੋ ਗਿਆ | ਮੋਨਾ ਨੇ ਹੈਰੀ ਤੋਂ ਛੁਟਕਾਰਾ ਪਾ ਲਿਆ ਸੀ ਅਤੇ ਉਹ ਮਕਾਨ ਛੱਡ ਗਈ | ਹੈਰੀ ਤੇ ਸੁਖੀ ਇਕੱਠੇ ਰਹਿਣ ਲੱਗੇ | ਹੁਣ ਸਾਰਾ ਦਿਨ ਸੁਖੀ ਸੇਵਾ ਵਿਚ ਲੱਗੀ ਰਹਿੰਦੀ |
ਸੁਖੀ ਦੀ ਸੇਵਾ ਦਾ ਅਸਰ ਹੋਇਆ ਕਿ ਹੈਰੀ ਵ੍ਹੀਲ ਚੇਅਰ ਦੇ ਆਸਰੇ ਆਪਣੀ ਕਿਰਿਆਵਾਂ ਸੋਧਣ ਯੋਗ ਹੋ ਗਿਆ ਸੀ | ਦੋਵੇਂ ਮਿਲ ਕੇ ਵਾਹਿਗੁਰੂ ਅੱਗੇ ਅਰਦਾਸਾਂ ਕਰਦੇ ਸਨ | ਅਰਦਾਸ ਕਬੂਲ ਹੋਈ | ਪਰਮਾਤਮਾ ਨੇ ਮੇਹਰ ਕੀਤੀ ਅਤੇ ਉਨ੍ਹਾਂ ਦੇ ਘਰ ਲੜਕੇ ਦੀ ਦਾਤ ਬਖਸ਼ੀ | ਹੈਰੀ ਨੂੰ ਨੌਕਰੀ ਮਿਲ ਗਈ ਅਤੇ ਉਸ ਨੇ ਘਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿਤਾ | ਘਰ ਵਿਚ ਆਮਦਨ ਸ਼ੁਰੂ ਹੋ ਗਈ | ਸੁਖੀ ਨੇ ਨੌਕਰੀ ਛੱਡ ਦਿਤੀ ਅਤੇ ਉਹ ਹੈਰੀ ਅਤੇ ਨਿੱਕੇ ਹੈਰੀ ਦੀ ਸੇਵਾ ਕਰਨ ਲੱਗੀ | ਉਨ੍ਹਾਂ ਦਾ ਪਰਿਵਾਰ ਖੁਸ਼ਹਾਲ ਜੀਵਨ ਬਤੀਤ ਕਰਨ ਲੱਗ ਪਿਆ |

ਡਾ. ਅਜੀਤ ਸਿੰਘ ਕੋਟਕਪਪੂਰਾ
ਮੋਬਾਈਲ +1 5853050443