ਇੱਕ ਚੁੱਪ ਸੌ ਸੁੱਖ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫੇਰ ਭਾਰਤ-ਪਾਕਿਸਤਾਨ ਜੰਗ ਖ਼ਤਮ ਕਰਾਉਣ ਲਈ ਆਪਣੇ ਵੱਲੋਂ ਨਿਭਾਈ ਭੂਮਿਕਾ ਦਾ ਦਾਅਵਾ ਕੀਤਾ ਹੈ। ਇਸ ਵਾਰ ਉਸ ਨੇ ਇਹ ਦਾਅਵਾ ਵਾਈਟ ਹਾਊਸ ਵਿੱਚ ਦੱਖਣੀ ਅਫਰੀਕੀ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨਾਲ ਹੋਈ ਮੁਲਾਕਾਤ ਵੇਲੇ ਕੀਤਾ ਹੈ। ਉਸ ਨੇ ਰਾਮਾਫੋਸਾ ਨੂੰ ਕਿਹਾ, ‘‘ਜੇਕਰ ਤੁਸੀਂ ਦੇਖੋ ਕਿ ਮੈਂ ਪਾਕਿਸਤਾਨ ਤੇ ਭਾਰਤ ਨਾਲ ਕਿਵੇਂ ਕੀਤਾ, ਮੈਂ ਉਨ੍ਹਾਂ ਦੇ ਝਗੜੇ ਨੂੰ ਨਿਬੇੜ ਦਿੱਤਾ, ਮੈਨੂੰ ਲੱਗਦਾ ਹੈ ਕਿ ਮੇਰੀ ਇਹ ਪ੍ਰਾਪਤੀ ਵਪਾਰ ਦੇ ਜ਼ਰੀਏ ਹੋਈ ਹੈ। ਟਰੰਪ ਨੇ ਸਭ ਤੋਂ ਪਹਿਲਾਂ ਜੰਗ ਬੰਦ ਕਰਾਉਣ ਦਾ ਦਾਅਵਾ 10 ਮਈ ਨੂੰ ਉਦੋਂ ਕੀਤਾ ਸੀ, ਜਦੋਂ ਹਾਲੇ ਭਾਰਤ ਨੇ ਇਸ ਦਾ ਐਲਾਨ ਵੀ ਨਹੀਂ ਸੀ ਕੀਤਾ। ਟਰੰਪ ਨੇ ਆਪਣੇ ਬਿਆਨ ਵਿੱਚ ਇਹ ਵੀ ਦਾਅਵਾ ਕਰ ਦਿੱਤਾ ਸੀ ਕਿ ਉਹ ਭਾਰਤ-ਪਾਕ ਵਿਚਾਲੇ ਸਭ ਝਗੜੇ ਦੀ ਜੜ੍ਹ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਵਿਚੋਲਗੀ ਕਰਨਗੇ। ਟਰੰਪ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਨੇ ਤਾਂ ਇਸ ਦਾ ਸਵਾਗਤ ਕਰ ਦਿੱਤਾ ਪਰ ਭਾਰਤ ਵਿੱਚ ਇਸ ਦੀ ਤਿੱਖੀ ਪ੍ਰਤੀਕਿਰਿਆ ਹੋਈ ਸੀ। ਇਸ ਸੰਬੰਧੀ ਵਿਰੋਧੀ ਪਾਰਟੀਆਂ, ਖਾਸ ਕਰ ਕਾਂਗਰਸ ਤੇ ਖੱਬੀਆਂ ਪਾਰਟੀਆਂ ਨੇ ਸਰਕਾਰ ਤੋਂ ਸਪੱਸ਼ਟੀਕਰਣ ਮੰਗਿਆ ਕਿ ਟਰੰਪ ਦੇ ਦਾਅਵਿਆਂ ਪਿੱਛੇ ਸਚਾਈ ਕੀ ਹੈ। ਚਾਰ-ਚੁਫੇਰਿਓਂ ਵਧਦੇ ਦਬਾਅ ਕਾਰਨ ਆਖਰ ਸਰਕਾਰ ਨੂੰ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਰਾਹੀਂ ਟਰੰਪ ਦੇ ਜੰਗਬੰਦੀ ਕਰਾਉਣ ਦੇ ਦਾਅਵੇ ਦਾ ਖੰਡਨ ਇਹ ਕਹਿ ਕੇ ਕਰਨਾ ਪਿਆ ਕਿ ਜੰਗਬੰਦੀ ਦੋਵਾਂ ਦੇਸ਼ਾਂ ਦੇ ਡੀ ਜੀ ਐਮ ਓ ਵਿਚਕਾਰ ਹੋਈ ਸਿੱਧੀ ਗੱਲਬਾਤ ਰਾਹੀਂ ਹੋਈ ਹੈ ਤੇ ਇਸ ਵਿੱਚ ਵਪਾਰ ਦੀ ਕੋਈ ਗੱਲ ਨਹੀਂ ਹੋਈ। ਇਸ ਦੇ ਬਾਵਜੂਦ ਟਰੰਪ ਫ਼ਾਕਸ ਨਿਊਜ਼ ਨਾਲ ਇੰਟਰਵਿਊ ’ਤੇ ਆਪਣੇ ਸਾਊਦੀ ਅਰਬ ਦੇ ਦੌਰੇ ਦੌਰਾਨ ਵੀ ਇਹ ਦਾਅਵਾ ਕਰ ਚੁੱਕੇ ਹਨ। ਟਰੰਪ ਦਾ ਵਾਰ-ਵਾਰ ਇਹ ਦਾਅਵਾ ਕਰਨਾ ਕਿ ਉਸ ਨੇ ਭਾਰਤ ਤੇ ਪਾਕਿਸਤਾਨ ਨੂੰ ਵਪਾਰ ਵਧਾਉਣ ਦਾ ਲਾਲਚ ਤੇ ਵਪਾਰ ਬੰਦ ਕਰਨ ਦੀ ਧਮਕੀ ਦੇ ਕੇ ਜੰਗ ਰੁਕਵਾਈ ਹੈ, ਇੱਕ ਬਿਆਨ ਹੀ ਨਹੀਂ, ਸਗੋਂ ਟਰੰਪ ਦੀ ਵਪਾਰ ਕੇਂਦਰਤ ਕੂਟਨੀਤੀ ਦਾ ਹਿੱਸਾ ਹੈ। ਇਸੇ ਨੀਤੀ ਤਹਿਤ ਸਭ ਤੋਂ ਪਹਿਲਾਂ ਟਰੰਪ ਨੇ ਵਿਦੇਸ਼ੀ ਮਾਲ ਉੱਤੇ ਟੈਰਿਫ ਦੀਆਂ ਦਰਾਂ ਵਿੱਚ ਬੇਤਹਾਸ਼ਾ ਵਾਧਾ ਕਰਕੇ ਕਮਜ਼ੋਰ ਮੁਲਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਟਰੰਪ ਦਾ ਇਹ ਦਾਅ ਅਮਰੀਕਾ ਲਈ ਉਲਟਾ ਪੈ ਗਿਆ ਤੇ ਉਸ ਦੀ ਦੇਸ਼ ਵਿੱਚ ਤੋਏ-ਤੋਏ ਹੋਣ ਲੱਗੀ ਸੀ। ਟਰੰਪ ਦਾ ਅੰਤਰਮੁਖਤਾ ਵਾਲਾ ਵਿਅਕਤੀਤਵ ਹੈ। ਇਸੇ ਕਾਰਨ ਉਹ ਵੱਖ-ਵੱਖ ਦੇਸ਼ਾਂ ਵਿਚਕਾਰ ਲੱਗੀਆਂ ਜੰਗਾਂ ਨੂੰ ਰੁਕਵਾ ਕੇ ਅਮਨ ਦੂਤ ਵਜੋਂ ਆਪਣੀ ਛਵੀ ਨੂੰ ਇੱਕ ਵਿਸ਼ਵ ਪੱਧਰੀ ਆਗੂ ਵਜੋਂ ਸਥਾਪਤ ਕਰਨਾ ਚਾਹੁੰਦਾ ਹੈ। ਇਸੇ ਕਾਰਨ ਉਹ ਦੋ ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ, ਪਾਕਿਸਤਾਨ ਤੇ ਭਾਰਤ ਵਿਚਕਾਰ ਲੱਗੀ ਜੰਗ ਬੰਦ ਕਰਾਉਣ ਦਾ ਸਿਹਰਾ ਲੈ ਕੇ ਕੌਮਾਂਤਰੀ ਭਾਈਚਾਰੇ ਤੇ ਆਪਣੇ ਅਮਰੀਕੀ ਸਮਰਥਕਾਂ ਵਿੱਚ ਭੱਲ ਖੱਟਣੀ ਚਾਹੁੰਦਾ ਹੈ। ਉਹ ਵਿਸ਼ਵ ਬਰਾਦਰੀ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਅਜਿਹਾ ਆਗੂ ਹੈ ਜੋ ਵੱਖ-ਵੱਖ ਦੇਸ਼ਾਂ ਵਿਚਲੇ ਪੇਚੀਦਾ ਝਗੜਿਆਂ ਨੂੰ ਨਿਬੇੜਨ ਦੇ ਸਮਰੱਥ ਹੈ। ਇਸੇ ਕਾਰਨ ਹੀ ਉਸ ਨੇ ਕਸ਼ਮੀਰ ਮੁੱਦੇ ਵਿੱਚ ਆਪਣੀ ਟੰਗ ਅੜਾਉਣ ਦੀ ਇੱਛਾ ਦਾ ਆਪਣੇ ਬਿਆਨ ਵਿੱਚ ਪ੍ਰਗਟਾਵਾ ਕੀਤਾ ਹੈ। ਟਰੰਪ ਨੂੰ ਪਤਾ ਹੈ ਕਿ ਭਾਰਤ ਵਿੱਚ ਇਸ ਸਮੇਂ ਸੱਜੇ-ਪੱਖੀ ਸਰਕਾਰ ਹੈ, ਜਿਸ ਦੇ ਹਾਕਮਾਂ ਦੀ ਸੋਚ ਉਸ ਦੀ ਆਪਣੀ ਸੋਚ ਨਾਲ ਮੇਲ ਖਾਂਦੀ ਹੈ। ਅਮਰੀਕਾ ਲਈ ਭਾਰਤ ਰਣਨੀਤਕ ਤੌਰ ਉੱਤੇ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਸ ਲਈ ਚੀਨ ਦੀ ਵਧਦੀ ਤਾਕਤ ਨੂੰ ਰੋਕਣ ਲਈ ਭਾਰਤ ਨੂੰ ਆਪਣੇ ਕਰੀਬ ਰੱਖਣਾ ਇਸ ਖਿੱਤੇ ਵਿੱਚ ਉਸ ਦੀ ਵੱਡੀ ਲੋੜ ਹੈ। ਅਮਰੀਕਾ ਲਈ ਸੰਸਾਰ ਪੱਧਰ ਉੱਤੇ ‘ਬਰਿਕਸ’ ਸੰਗਠਨ, ਜਿਸ ਵਿੱਚ ਬਰਾਜ਼ੀਲ, ਰੂਸ, ਭਾਰਤ, ਚੀਨ ਤੇ ਸਾਊਥ ਅਫਰੀਕਾ, ਸ਼ਾਮਲ ਹਨ, ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਟਰੰਪ ਭਾਰਤ ਰਾਹੀਂ ਇਸ ਸੰਗਠਨ ਵਿੱਚ ਸੰਨ੍ਹ ਲਾ ਕੇ ਉਸ ਦੇ ਹਮਲੇ ਨੂੰ ਖੁੰਢਾ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਹ ਵਪਾਰ ਨੂੰ ਜੰਗ ਰੋਕਣ ਦਾ ਮੁੱਖ ਸੰਦ ਬਣਾ ਕੇ ਭਾਰਤ ਤੇ ਅਮਰੀਕਾ ਵਿਚਾਲੇ ਚਲ ਰਹੀ ਵਪਾਰ ਸਮਝੌਤੇ ਦੀ ਗੱਲਬਾਤ ਨੂੰ ਆਪਣੇ ਪੱਖ ਵਿੱਚ ਕਰਨ ਦਾ ਵੀ ਦਾਅ ਖੇਡ ਰਿਹਾ ਹੈ। ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਟਰੰਪ ਬੇਹੱਦ ਅੰਤਰਮੁਖੀ ਮਾਨਸਿਕਤਾ ਦਾ ਵਿਅਕਤੀ ਹੈ। ਉਸ ਵੱਲੋਂ ਆਪਣੇ ਦਾਅਵਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ ਸਧਾਰਨ ਗੱਲ ਹੈ, ਪਰ ਉਸ ਦੇ ਕਸ਼ਮੀਰ ਦੀ ਵਿਚੋਲਗੀ ਵਾਲੇ ਬਿਆਨ ਨੇ ਭਾਰਤੀ ਹਾਕਮਾਂ ਨੂੰ ਕੁੜਿੱਕੀ ਵਿੱਚ ਫਸਾ ਦਿੱਤਾ ਹੈ।