
ਅਬੂ ਧਾਬੀ/ਟੋਕੀਓ, 23 ਮਈ – ਸੰਯੁਕਤ ਅਰਬ ਅਮੀਰਾਤ ਅਤੇ ਜਪਾਨ ਨੇ ਅਤਿਵਾਦ ਖ਼ਿਲਾਫ਼ ਜੰਗ ਵਿੱਚ ਅੱਜ ਭਾਰਤ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਹੈ। ਪਹਿਲਗਾਮ ਅਤਿਵਾਦੀ ਹਮਲੇ ਤੋਂ ਇੱਕ ਮਹੀਨੇ ਬਾਅਦ ਬਹੁ-ਪਾਰਟੀ ਵਫ਼ਦ ਨੇ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅਤਿਵਾਦ ਬਾਰੇ ਆਲਮੀ ਲੀਡਰਸ਼ਿਪ ਨੂੰ ਜਾਗਰੂਕ ਕਰਨ ਲਈ ਵਿਸ਼ਵ ਰਾਜਧਾਨੀਆਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ੍ਰੀਕਾਂਤ ਸ਼ਿੰਦੇ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਅਬੂ ਧਾਬੀ ਵਿੱਚ ਯੂਏਈ ਦੇ ਸਹਿਣਸ਼ੀਲਤਾ ਮੰਤਰੀ ਸ਼ੇਖ ਨਾਹਯਾਨ ਬਿਨ ਮੁਬਾਰਕ ਅਲ ਨਾਹਯਾਨ Sheikh Nahyan bin Mubarak Al Nahyan, ਰੱਖਿਆ ਕਮੇਟੀ ਦੇ ਚੇਅਰਮੈਨ ਅਲੀ ਅਲ ਨੁਆਇਮੀ Ali Al Nuaimi ਅਤੇ ਹੋਰ ਪ੍ਰਮੁੱਖ ਨੇਤਾਵਾਂ ਨਾਲ ਗੱਲਬਾਤ ਕੀਤੀ, ਜਦੋਂ ਕਿ ਜਨਤਾ ਦਲ (ਯੂ) ਦੇ ਮੈਂਬਰ ਸੰਜੇ ਝਾਅ ਦੀ ਅਗਵਾਈ ਵਿੱਚ ਸੰਸਦ ਮੈਂਬਰਾਂ ਦੇ ਸਮੂਹ ਨੇ ਟੋਕੀਓ ਵਿੱਚ ਜਪਾਨ ਦੇ ਵਿਦੇਸ਼ ਮੰਤਰੀ ਤਾਕੇਸ਼ੀ ਇਵਾਯਾ Takeshi Iwaya ਅਤੇ ਹੋਰ ਨੇਤਾਵਾਂ ਨਾਲ ਗੱਲਬਾਤ ਕੀਤੀ।
ਅਲ ਨੁਆਇਮੀ ਨੇ ਅਬੂ ਧਾਬੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਤਿਵਾਦ ਸਿਰਫ਼ ਕਿਸੇ ਇੱਕ ਦੇਸ਼ ਜਾਂ ਖੇਤਰ ਲਈ ਖ਼ਤਰਾ ਨਹੀਂ ਹੈ, ਸਗੋਂ ਇਹ ਇੱਕ ਵਿਸ਼ਵਵਿਆਪੀ ਖ਼ਤਰਾ ਹੈ। ਸਾਡਾ ਮੰਨਣਾ ਹੈ ਕਿ ਸਾਨੂੰ ਇੱਕ ਕੌਮਾਂਤਰੀ ਭਾਈਚਾਰੇ ਦੇ ਤੌਰ ’ਤੇ ਇਕੱਠੇ ਹੋਣਾ ਚਾਹੀਦਾ ਹੈ, ਖਾਸ ਕਰਕੇ ਸੰਸਦ ਮੈਂਬਰਾਂ ਨੂੰ ਯੋਜਨਾਵਾਂ ਅਤੇ ਰਣਨੀਤੀਆਂ ਬਣਾਉਣ ’ਤੇ ਕੰਮ ਕਰਨਾ ਚਾਹੀਦਾ ਹੈ ਅਤੇ ਸਾਰੀ ਮਨੁੱਖਤਾ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਜਪਾਨ ਵਿੱਚ ਭਾਰਤੀ ਦੂਤਾਵਾਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਇਵਾਯਾ ਦੇ ਹਵਾਲੇ ਨਾਲ ਝਾਅ ਦੀ ਅਗਵਾਈ ਵਾਲੇ ਬਹੁ-ਪਾਰਟੀ ਵਫ਼ਦ ਨੂੰ ਕਿਹਾ ਗਿਆ ਕਿ ਅਤਿਵਾਦ ਨੂੰ ਕਿਸੇ ਵੀ ਰੂਪ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਅਤਿਵਾਦ ਵਿਰੁੱਧ ਲੜਾਈ ਵਿੱਚ ਭਾਰਤ ਅਤੇ ਦੁਨੀਆ ਨਾਲ ਏਕਤਾ ਪ੍ਰਗਟ ਕੀਤੀ ਗਈ। ਬਿਆਨ ਵਿੱਚ ਕਿਹਾ ਗਿਆ ਕਿ ਇਵਾਯਾ ਨੇ 22 ਅਪਰੈਲ ਦੇ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਪ੍ਰਤੀ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖ਼ਮੀਆਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ।
ਜਪਾਨ ਵਿੱਚ ਭਾਰਤੀ ਦੂਤਾਵਾਸ ਦੀ ਜਪਾਨੀ ਨੇਤਾਵਾਂ ਨਾਲ ਵਫ਼ਦ ਦੀ ਮੁਲਾਕਾਤ ’ਤੇ ਇੱਕ X ਪੋਸਟ ਸਾਂਝੀ ਕਰਦਿਆਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, ‘‘#TeamIndia ਨੂੰ ਦੁਨੀਆ ਨੂੰ ਅਤਿਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦਾ ਸਾਡਾ ਸੰਦੇਸ਼ ਲਿਜਾਂਦਿਆਂ ਦੇਖ ਕੇ ਬਹੁਤ ਖੁਸ਼ੀ ਹੋਈ। ਡੀਐੱਮਕੇ ਲੋਕ ਸਭਾ ਮੈਂਬਰ ਕੇ ਕਨੀਮੋਝੀ K Kanimozhi ਦੀ ਅਗਵਾਈ ਵਿੱਚ ਇੱਕ ਤੀਜਾ ਵਫ਼ਦ ਰੂਸ ਅਤੇ ਚਾਰ ਯੂਰਪੀਅਨ ਦੇਸ਼ਾਂ ਲਈ ਰਵਾਨਾ ਹੋਇਆ ਹੈ ਤਾਂ ਜੋ ਭਾਰਤ ਦੇ ਸਾਰੇ ਰੂਪਾਂ ਵਿੱਚ ਅਤਿਵਾਦ ਨਾਲ ਲੜਨ ਦੇ ਮਜ਼ਬੂਤ ਇਰਾਦੇ ਨੂੰ ਪ੍ਰਗਟ ਕੀਤਾ ਜਾ ਸਕੇ। ਭਾਰਤ ਪਾਕਿਸਤਾਨ ਦੇ ਮਨਸੂਬਿਆਂ ਅਤੇ ਅਤਿਵਾਦ ਪ੍ਰਤੀ ਭਾਰਤ ਦੇ ਜਵਾਬ ਬਾਰੇ ਕੌਮਾਂਤਰੀ ਭਾਈਚਾਰੇ ਤੱਕ ਪਹੁੰਚ ਲਈ 33 ਵਿਸ਼ਵ ਰਾਜਧਾਨੀਆਂ ਵਿੱਚ ਸੱਤ ਬਹੁ-ਪਾਰਟੀ ਵਫ਼ਦ ਭੇਜ ਰਿਹਾ ਹੈ।