
ਗਾਜ਼ਾ ਵਿਚ ਮਨੁੱਖਤਾ ਦਾ ਘਾਣ ਜਾਰੀ ਹੈ। ਹਰ ਰੋਜ਼ ਸੌ-ਸਵਾ ਸੌ ਲੋਕ ਮਰ ਰਹੇ ਹਨ। ਮਰਨ ਵਾਲਿਆਂ ਵਿਚੋਂ ਬਹੁਤੇ ਇਸਤਰੀਆਂ ਤੇ ਬੱਚੇ ਹਨ। ਪਿਛਲੇ ਇਕ ਮਹੀਨੇ ਦੌਰਾਨ ਇਜ਼ਰਾਈਲ ਸਰਕਾਰ ਨੇ ਵੀ ਦਹਿਸ਼ਤਗਰਦ ਜਮਾਤ ‘ਹਮਾਸ’ ਦੇ ਇਕ ਆਗੂ ਨੂੰ ਛੱਡ ਕੇ ਬਾਕੀ ਹੋਰ ਕਿਸੇ ਵੱਡੇ ਦਹਿਸ਼ਤਗ਼ਰਦ ਨੂੰ ਨਿੱਤ ਦੀ ਬੰਬਾਰੀ ਰਾਹੀਂ ਮਾਰਨ ਦਾ ਦਾਅਵਾ ਨਹੀਂ ਕੀਤਾ। ਇਸ ਨਾਕਾਮੀ ਦੇ ਬਾਵਜੂਦ ਉਜੜੇ ਲੋਕਾਂ ਦੇ ਕੈਂਪਾਂ ਅਤੇ ਹਸਪਤਾਲਾਂ ਉੱਤੇ ਬੰਬਾਰੀ ਬੇਕਿਰਕੀ ਨਾਲ ਕੀਤੀ ਜਾ ਰਹੀ ਹੈ। ਪੂਰੀ ਗਾਜ਼ਾ ਪੱਟੀ ਵਿਚ ਇਕ ਵੀ ਹਸਪਤਾਲ ਸਬੂਤਾ ਨਹੀਂ ਬਚਿਆ। ਹਸਪਤਾਲਾਂ ਦੇ ਤਹਿਖਾਨਿਆਂ ਵਿਚ ‘ਹਮਾਸ’ ਦਾ ਕਾਡਰ ਛੁਪੇ ਹੋਣ ਜਾਂ ਹਸਪਤਾਲਾਂ ਨੂੰ ‘ਹਮਾਸ’ ਵਲੋਂ ਅਸਲਾਖਾਨਿਆਂ ਦੇ ਰੂਪ ਵਿਚ ਵਰਤੇ ਜਾਣ ਦੇ ਇਜ਼ਰਾਇਲੀ ਦਾਅਵੇ ਲਗਾਤਾਰ ਝੂਠੇ ਸਾਬਤ ਹੁੰਦੇ ਆਏ ਹਨ।
52 ਹਜ਼ਾਰ ਤੋਂ ਵੱਧ ਫ਼ਲਸਤੀਨੀ ਸਿਰਫ਼ ਗਾਜ਼ਾ ਵਿਚ ਇਜ਼ਰਾਇਲੀ ਫ਼ੌਜੀ ਕਾਰਵਾਈ ਕਾਰਨ ਮਾਰੇ ਜਾ ਚੁੱਕੇ ਹਨ। ਭੁੱਖਮਰੀ ਤੇ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 22 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਗਾਜ਼ਾ ਦਾ ਹਰ ਪੰਜਵਾਂ ਵਸਨੀਕ ਕਿਸੇ ਨਾ ਕਿਸੇ ਜੰਗੀ ਜ਼ਖ਼ਮ ਨਾਲ ਘੁਲਦਾ ਆ ਰਿਹਾ ਹੈ। 80 ਫ਼ੀ ਸਦੀ ਘਰ ਢਹਿ ਚੁੱਕੇ ਹਨ। 50 ਫ਼ੀ ਸਦੀ ਤੋਂ ਘੱਟ ਇਮਾਰਤਾਂ ਅਜੇ ਖੜੀਆਂ ਹਨ ਪਰ ਉਨ੍ਹਾਂ ਵਿਚੋਂ ਵੀ ਬਹੁਤੀਆਂ ਦਾ ਕੋਈ ਨਾ ਕੋਈ ਹਿੱਸਾ ਨੁਕਸਾਨਗ੍ਰਸਤ ਜ਼ਰੂਰ ਹੈ। 7 ਅਕਤੂਬਰ 2023 ਤੋਂ ਸ਼ੁਰੂ ਹੋਈ ਜੰਗ ਦੌਰਾਨ ਇਜ਼ਰਾਈਲ ਵਲੋਂ ਵਰ੍ਹਾਏ ਅੰਤਾਂ ਦੇ ਕਹਿਰ ਦੇ ਬਾਵਜੂਦ ‘ਹਮਾਸ’ ਅਪਣੀ ਹਾਰ ਕਬੂਲਣ ਲਈ ਤਿਆਰ ਨਹੀਂ।
ਤਕਰੀਬਨ ਹਰ ਰੋਜ਼ ਮੌਤ ਦਾ ਵਿਕਰਾਲ ਰੂਪ ਦੇਖਣ ਵਾਲੇ ਫ਼ਲਸਤੀਨੀ ਹੁਣ ਜੰਗਬੰਦੀ ਚਾਹੁੰਦੇ ਹਨ; ਇਸੇ ਲਈ ‘ਹਮਾਸ’ ਖ਼ਿਲਾਫ਼ ਮੁਜ਼ਾਹਰੇ ਵੀ ਨਿੱਤ ਦਾ ਦ੍ਰਿਸ਼ਕ੍ਰਮ ਬਣ ਚੁੱਕੇ ਹਨ। ਹਮਾਸ ਖ਼ਿਲਾਫ਼ ਇਸ ਕਿਸਮ ਦੇ ਫ਼ਲਸਤੀਨੀ ਜਨ-ਵਿਦਰੋਹ ਦੇ ਬਾਵਜੂਦ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਨਯਾਹੂ ਸੰਤੁਸ਼ਟ ਨਹੀਂ। ਉਹ ਸਮੁੱਚੀ ਗਾਜ਼ਾ ਪੱਟੀ ਨੂੰ ਇਜ਼ਰਾਇਲੀ ਇਲਾਕਾ ਬਣਾਉਣ ’ਤੇ ਤੁਲਿਆ ਹੋਇਆ ਹੈ। ਉਸ ਦਾ ਇਕ-ਨੁਕਾਤੀ ਟੀਚਾ ‘ਫਲਸਤੀਨੀ-ਮੁਕਤ ਗਾਜ਼ਾ’ ਜਾਪਦਾ ਹੈ ਅਤੇ ਇਸੇ ਟੀਚੇ ਦੀ ਪ੍ਰਾਪਤੀ ਦੀ ਖ਼ਾਤਰ ਨਿੱਤ 30-40 ਫ਼ਲਸਤੀਨੀ ਬੱਚਿਆਂ ਦੀਆਂ ਜਾਨਾਂ ਲੈਣ ਵਿਚ ਉਸ ਨੂੰ ਕੋਈ ਗ਼ਿਲਾਨੀ ਮਹਿਸੂਸ ਨਹੀਂ ਹੁੰਦੀ। ਇਸੇ ਲਈ ਨਾ ਤਾਂ ਖ਼ੁਰਾਕੀ ਅਤੇ ਨਾ ਹੀ ਡਾਕਟਰੀ ਇਮਦਾਦ ਫ਼ਲਸਤੀਨੀ ਸ਼ਰਨਾਰਥੀ ਕੈਂਪਾਂ ਜਾਂ ਹਪਸਤਾਲਾਂ ਤਕ ਪੁੱਜਣ ਦਿਤੀ ਜਾ ਰਹੀ ਹੈ। ਜਿੰਨੇ ਵੀ ਲੋਕ ਮਰਦੇ ਹਨ, ਮਰ ਜਾਣ; ਇਸ ਸੋਚ ਦਾ ਮੁਜ਼ਾਹਰਾ ਨੇਤਨਯਾਹੂ ਵਲੋਂ ਲਗਾਤਾਰ ਕੀਤਾ ਜਾ ਰਿਹਾ ਹੈ।
ਇਜ਼ਰਾਈਲ ਤੇ ‘ਹਮਾਸ’ ਦਰਮਿਆਨ ਸਮਝੌਤੇ ਜਾਂ ਸੌਦੇਬਾਜ਼ੀ ਵਿਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਮੱਧ ਏਸ਼ਿਆਈ ਮੁਲਕ ਕਤਰ ਦਾ ਕਹਿਣਾ ਹੈ ਕਿ ਕੌਮਾਂਤਰੀ ਭਾਈਚਾਰੇ ਨੂੰ ਇਜ਼ਰਾਈਲ ਦੇ ਗ਼ੈਰ-ਇਨਸਾਨੀ ਵਤੀਰੇ ਦਾ ਇਕਜੁੱਟ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ। ਕਤਰ ਦਾ ਇਹ ਵੀ ਕਹਿਣਾ ਹੈ ਕਿ ਫ਼ਲਸਤੀਨੀਆਂ ਦੀ ਨਸਲਕੁਸ਼ੀ ਵਾਲੀ ਇਜ਼ਰਾਇਲੀ ਚਾਲ ਕਾਮਯਾਬ ਨਹੀਂ ਹੋਣ ਵਾਲੀ ਬਲਕਿ ਉਹ ਨਵੀਂ ਪੀੜ੍ਹੀ ਨੂੰ ਇਜ਼ਰਾਈਲ ਦੇ ਵੱਧ ਤਿਖੇਰੇ ਵਿਰੋਧ ਦੇ ਰਾਹ ਪਾ ਰਹੀ ਹੈ। ਇਜ਼ਰਾਈਲ ਦੇ ਅੰਦਰ ਵੀ ਨੇਤਨਯਾਹੂ ਦਾ ਵਿਰੋਧ ਵੱਧ ਜ਼ੋਰ ਫੜਦਾ ਜਾ ਰਿਹਾ ਹੈ।
ਇਕ ਪਾਸੇ ਉਨ੍ਹਾਂ 90-92 ਇਜ਼ਰਾਇਲੀ ਬੰਧਕਾਂ ਦੇ ਸਕੇ-ਸਬੰਧੀ ਹਨ ਜੋ ਇਨ੍ਹਾਂ ਬੰਧਕਾਂ ਦੀ ‘ਹਮਾਸ’ ਪਾਸੋਂ ਰਿਹਾਈ ਹਰ ਕੀਮਤ ’ਤੇ ਸੰਭਵ ਬਣਾਏ ਜਾਣ ਉੱਤੇ ਜ਼ੋਰ ਦੇ ਰਹੇ ਹਨ। ਦੂਜੇ ਪਾਸੇ ਉਹ ਲੋਕ ਹਨ ਜੋ ਇਜ਼ਰਾਈਲੀ ਫ਼ੌਜਾਂ ਵਲੋਂ ਨਿਤਾਣਿਆਂ ਤੇ ਨਿਥਾਵਿਆਂ ਨੂੰ ਬੇਕਿਰਕੀ ਨਾਲ ਮਾਰੇ ਜਾਣ ਨੂੰ ਯਹੂਦੀ ਭਾਈਚਾਰੇ ਦੇ ਮੱਥੇ ’ਤੇ ਕਲੰਕ ਮੰਨਦੇ ਹਨ ਅਤੇ ਦੋਸ਼ ਲਾਉਂਦੇ ਆ ਰਹੇ ਹਨ ਕਿ ਨੇਤਨਯਾਹੂ, ਪ੍ਰਧਾਨ ਮੰਤਰੀ ਵਜੋਂ ਅਪਣਾ ਕਾਰਜਕਾਲ ਲੰਮੇਰਾ ਬਣਾਉਣ ਦੀ ਖ਼ਾਤਰ ਜੰਗ ਖ਼ਤਮ ਹੀ ਨਹੀਂ ਕਰਨੀ ਚਾਹੁੰਦਾ। ਫ਼ਲਸਤੀਨੀਆਂ ਦੀ ਬਾਂਹ ਫੜਨ ਲਈ ਕੋਈ ਵੀ ਤਿਆਰ ਨਹੀਂ। ਉਨ੍ਹਾਂ ਨੇ ਦੇਖ ਹੀ ਲਿਆ ਹੈ ਕਿ ਅਰਬ ਜਗਤ ਉਨ੍ਹਾਂ ਦੀ ਦੁਰਦਸ਼ਾ ਪ੍ਰਤੀ ਕਿੰਨਾ ਕੁ ਫ਼ਿਕਰਮੰਦ ਹੈ। ਅਰਬ ਮੁਲਕਾਂ ਦੇ ਰਾਜ-ਪ੍ਰਮੁੱਖਾਂ ਨੇ ਫ਼ਲਸਤੀਨੀਆਂ ਲਈ ਮਗਰਮੱਛੀ ਹੰਝੂ ਵਹਾਉਣੇ ਅਜੇ ਤਕ ਤਿਆਗੇ ਨਹੀਂ, ਪਰ ਇਸ ਤੋਂ ਅੱਗੇ ਜਾਣ ਲਈ ਉਹ ਤਿਆਰ ਨਹੀਂ। ਉਹ ਸਿਰਫ਼ ਡੋਨਲਡ ਟਰੰਪ ਨੂੰ ਇਹ ਅਪੀਲਾਂ ਕਰਨ ਤਕ ਮਹਿਦੂਦ ਹਨ ਕਿ ਉਹ ਨੇਤਨਯਾਹੂ ਨੂੰ ਲਗਾਮ ਪਾਏ। ਟਰੰਪ ਵੀ ਮਹਿਜ਼ 24 ਘੰਟਿਆਂ ਵਿਚ ਜੰਗ ਰੁਕਵਾਉਣ ਦੇ ਸ਼ੁਰੂਆਤੀ ਦਾਅਵਿਆਂ ਤੋਂ ਅਪਣੇ ਪੈਰ ਪਿਛਾਂਹ ਖਿੱਚ ਚੁਕਾ ਹੈ। ਗਾਜ਼ਾ ਦੀ ਉਹ ਹੁਣ ਗੱਲ ਵੀ ਨਹੀਂ ਕਰਦਾ।
ਅਜਿਹੀ ਨਾਖ਼ੁਸ਼ਗਵਾਰ ਸਥਿਤੀ ਦੇ ਬਾਵਜੂਦ ਹੁਣ ਕੁਝ ਯੂਰੋਪੀਅਨ ਦੇਸ਼ਾਂ ਨੇ ਹੰਭਲਾ ਮਾਰਨਾ ਸ਼ੁਰੂ ਕੀਤਾ ਹੈ। ਯੂਰੋਪੀਅਨ ਯੂਨੀਅਨ, ਯੂ.ਕੇ. ਅਤੇ ਕੈਨੇਡਾ ਨੇ ਨੇਤਨਯਾਹੂ ਵਲੋਂ ਖ਼ੁਰਾਕ ਤੇ ਹੋਰ ਇਨਸਾਨੀ ਸਹਾਇਤਾ ਨੂੰ ‘ਜੰਗੀ ਹਥਿਆਰ’ ਵਜੋਂ ਵਰਤੇ ਜਾਣ ਦਾ ਸਖ਼ਤ ਨੋਟਿਸ ਲਿਆ ਹੈ। ਪਿਛਲੇ 80 ਦਿਨਾਂ ਤੋਂ ਇਜ਼ਰਾਈਲ ਵਲੋਂ ਫ਼ਲਸਤੀਨੀਆਂ ਲਈ ਖੁਰਾਕੀ ਤੇ ਡਾਕਟਰੀ ਸਹਾਇਤਾ ਉੱਤੇ ਲਗਾਈ ਮੁਕੰਮਲ ਪਾਬੰਦੀ ਦਾ ਸਖ਼ਤ ਵਿਰੋਧ ਕਰਦਿਆਂ ਉਨ੍ਹਾਂ ਨੇ ਇਜ਼ਰਾਈਲ ਨਾਲ ਕਾਰੋਬਾਰ ਘਟਾਉਣ ਅਤੇ ਉਸ ਦੀਆਂ ਬਰਾਮਦਾਂ ਉਪਰ ਅਸਾਧਾਰਨ ਮਹਿਸੂਲ ਲਾਗੂ ਕੀਤੇ ਜਾਣ ਦੀ ਧਮਕੀ ਦਿਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਨੂੰ ਛੋਟੇ ਹਥਿਆਰਾਂ ਤੇ ਗੋਲੀ-ਸਿੱਕੇ ਦੀ ਬਰਾਮਦ ਵੀ ਰੋਕਣ ਜਾ ਰਹੇ ਹਨ।