April 16, 2025

ਧਾਲੀਵਾਲ ਨੇ ਅਜਨਾਲਾ ਦਾਣਾ ਮੰਡੀ ਪਹੁੰਚ ਕੇ ਲਿਆ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਅੰਮ੍ਰਿਤਸਰ, 16 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਆ ਰਹੇ ਹਾੜੀ ਦੇ ਸੀਜਨ ਦੌਰਾਨ ਕਣਕ ਦੀ ਖਰੀਦ ਲਈ ਅਜਨਾਲਾ ਦਾਣਾ ਮੰਡੀ ਵਿੱਚ ਕੀਤੇ ਗਏ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਉਹ ਇਸ ਲਈ ਅਜਨਾਲਾ ਦਾਣਾ ਮੰਡੀ ਪਹੁੰਚੇ ਅਤੇ ਉੱਥੇ ਹਾਜ਼ਰ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਮੰਡੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਅਜਨਾਲਾ ਮੰਡੀ ਉੱਤੇ ਪਿਛਲੇ ਕੁਝ ਅਰਸੇ ਦੌਰਾਨ ਨੌ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਜਿਸ ਨਾਲ ਇਥੇ ਵਧੀਆ ਸੜਕਾਂ, ਫਰਸ਼ ਅਤੇ ਸ਼ੈਡ ਬਣਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਕਣਕ ਦੀ ਆਮਦ 20 ਅਪ੍ਰੈਲ ਦੇ ਨੇੜੇ ਹੋਣ ਦੀ ਸੰਭਾਵਨਾ ਹੈ ਸੋ ਸਾਡੀ ਇਸ ਨੂੰ ਲੈ ਕੇ ਹਰ ਤਰ੍ਹਾਂ ਨਾਲ ਤਿਆਰੀ ਹੈ। ਉਹਨਾਂ ਕਿਹਾ ਕਿ ਅਜਨਾਲਾ ਅਤੇ ਇਸ ਦੇ ਨਾਲ ਲੱਗਦੀਆਂ ਮੰਡੀਆਂ ਵਿੱਚ ਵੀ ਖਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਜੋ ਵੀ ਕਿਸਾਨ ਮੰਡੀ ਵਿੱਚ ਕਣਕ ਲੈ ਕੇ ਆਉਣਗੇ, ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਦੀ ਕਣਕ ਉਸੇ ਦਿਨ ਵਿੱਚ ਖਰੀਦ ਕੀਤੀ ਜਾਵੇਗੀ ਅਤੇ 24 ਘੰਟਿਆਂ ਦੇ ਵਿੱਚ ਉਸਦੀ ਅਦਾਇਗੀ ਉਹਨਾਂ ਦੇ ਬੈਂਕ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਉਹਨਾਂ ਨੇ ਕਿਸਾਨਾਂ, ਆੜਤੀਆਂ, ਮਜ਼ਦੂਰਾਂ , ਟਰਾਂਸਪੋਰਟਰਾਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਅਤੇ ਕਿਹਾ ਕਿ ਸਾਰੇ ਇੱਕ ਟੀਮ ਬਣ ਕੇ ਕੰਮ ਕਰੋ ਕਣਕ ਦੀ ਖਰੀਦ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਧਾਲੀਵਾਲ ਨੇ ਅਜਨਾਲਾ ਦਾਣਾ ਮੰਡੀ ਪਹੁੰਚ ਕੇ ਲਿਆ ਖਰੀਦ ਪ੍ਰਬੰਧਾਂ ਦਾ ਜਾਇਜ਼ਾ Read More »

ਚੰਦਿਆਂ ਦਾ ਸੱਚ

ਦੇਸ਼ ਵਿੱਚ ਚੋਣ ਸੁਧਾਰਾਂ ਲਈ ਸਰਗਰਮ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ) ਨੇ ਸਿਆਸੀ ਪਾਰਟੀਆਂ ਨੂੰ ਮਿਲਦੇ ਚੰਦਿਆਂ ਬਾਰੇ ਇੱਕ ਵਾਰ ਫਿਰ ਵੱਡਾ ਖੁਲਾਸਾ ਕੀਤਾ ਹੈ। ਉਸ ਵੱਲੋਂ ਵਿੱਤੀ ਸਾਲ 2023-24 ਵਿੱਚ ਇਲੈਕਟੋਰਲ ਟਰੱਸਟਾਂ ਵੱਲੋਂ ਸਿਆਸੀ ਪਾਰਟੀਆਂ ਨੂੰ ਦਿੱਤੇ ਗਏ ਚੰਦਿਆਂ ਦੇ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਇਨਫ੍ਰਾਸਟਰਕਚਰ, ਫਾਰਮਾਸਿਊਟੀਕਲ ਤੇ ਖਣਨ ਕੰਪਨੀਆਂ ਨੇ ਸਭ ਤੋਂ ਵੱਧ ਚੰਦੇ ਦਿੱਤੇ। ਸਿਖਰਲੀਆਂ ਦਾਨਦਾਤੀਆਂ ਕੰਪਨੀਆਂ ਵਿੱਚੋਂ ਘੱਟੋ-ਘੱਟ ਪੰਜ ਕੰਪਨੀਆਂ ਕੇਂਦਰੀ ਏਜੰਸੀਆਂ ਦੀ ਜਾਂਚ ਦੇ ਘੇਰੇ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ ਚਾਰ ਨੇ ਭਾਜਪਾ ਤੇ ਇੱਕ ਨੇ ਕਾਂਗਰਸ ਨੂੰ ਮੋਟੀਆਂ ਰਕਮਾਂ ਦਿੱਤੀਆਂ। ਕੰਪਨੀਆਂ ਇਲੈਕਟੋਰਲ ਟਰੱਸਟਾਂ ਰਾਹੀਂ ਚੰਦੇ ਦਿੰਦੀਆਂ ਹਨ। ਇਹ ਟਰੱਸਟ ਦਾਨੀਆਂ ਤੇ ਸਿਆਸੀ ਪਾਰਟੀਆਂ ਵਿਚਾਲੇ ਵਿਚੋਲੇ ਦਾ ਕੰਮ ਕਰਦੇ ਹਨ। ਪਰੂਡੈਂਟ ਇਲੈਕਟੋਰਲ ਟਰੱਸਟ, ਟ੍ਰਾਇੰਫ ਇਲੈਕਟੋਰਲ ਟਰੱਸਟ ਤੇ ਜੈ ਭਾਰਤ ਇਲੈਕਟੋਰਲ ਟਰੱਸਟ ਨੇ ਮਿਲ ਕੇ 1196 ਕਰੋੜ ਰੁਪਏ ਪਾਰਟੀਆਂ ਨੂੰ ਪਹੁੰਚਾਏ। ਇਨ੍ਹਾਂ ਵਿੱਚ ਪਰੂਡੈਂਟ ਤੇ ਟ੍ਰਾਇੰਫ ਨੇ ਕ੍ਰਮਵਾਰ 1061 ਕਰੋੜ ਤੇ 132.5 ਕਰੋੜ ਦਿੱਤੇ। ਨੌਂ ਪ੍ਰਮੁੱਖ ਪਾਰਟੀਆਂਭਾਜਪਾ, ਕਾਂਗਰਸ, ਆਪ, ਟੀ ਡੀ ਪੀ, ਜੇ ਡੀ ਯੂ, ਟੀ ਐੱਮ ਸੀ, ਡੀ ਐੱਮ ਕੇ, ਵਾਈ ਐੱਸ ਆਰ ਸੀ ਪੀ ਤੇ ਬੀ ਆਰ ਐੱਸ ਨੂੰ ਚੰਦਾ ਦੇਣ ਵਾਲੇ 20 ਸਿਖਰਲੇ ਦਾਨੀਆਂ ਵਿੱਚੋਂ ਤਿੰਨ ਇਲੈਕਟੋਰਲ ਟਰੱਸਟ ਹਨ। ਇਨ੍ਹਾਂ ਟਰੱਸਟਾਂ ਰਾਹੀਂ ਚੰਦਾ ਦੇਣ ਵਾਲੀਆਂ ਪ੍ਰਮੁੱਖ ਕੰਪਨੀਆਂ ਵਿੱਚ ਅਰਸੇਲਰ ਮਿੱਤਲ, ਨਿਪੋਨ ਸਟੀਲ, ਡੀ ਐੱਲ ਐੱਫ, ਮਾਰੂਤੀ ਸੁਜ਼ੂਕੀ, ਸੀ ਈ ਐੱਸ ਸੀ ਤੇ ਮੇਘਾ ਇੰਜੀਨੀਅਰਿੰਗ ਵਰਗੀਆਂ ਕੰਪਨੀਆਂ ਹਨ। ਪਰੂਡੈਂਟ ਇਲੈਕਟੋਰਲ ਟਰੱਸਟ ਨੂੰ ਅਰਸੇਲਰ ਮਿੱਤਲ ਤੇ ਡੀ ਐੱਲ ਐੱਫ ਨੇ 100-100 ਕਰੋੜ ਰੁਪਏ, ਮਾਥਾ ਪ੍ਰੋਜੈਕਟਸ ਨੇ 75 ਕਰੋੜ ਰੁਪਏ ਅਤੇ ਮਾਰੂਤੀ ਸੁਜ਼ੂਕੀ ਤੇ ਸੀ ਈ ਐੱਸ ਸੀ ਨੇ 60-60 ਕਰੋੜ ਰੁਪਏ ਦਿੱਤੇ। ਇਨਫ੍ਰਾਸਟਰਕਚਰ ਤੇ ਨਿਰਮਾਣ ਕੰਪਨੀਆਂ ਨੇ ਵੀ ਕਾਫੀ ਚੰਦੇ ਦਿੱਤੇ। ਅਜਿਹੀਆਂ 23 ਕੰਪਨੀਆਂ ਨੇ 248 ਕਰੋੜ ਦਾਨ ਦਿੱਤੇ, ਜਿਨ੍ਹਾਂ ਵਿੱਚੋਂ 227 ਕਰੋੜ ਭਾਜਪਾ, 10.83 ਕਰੋੜ ਟੀ ਡੀ ਪੀ ਤੇ 9 ਕਰੋੜ ਕਾਂਗਰਸ ਨੂੰ ਮਿਲੇ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਦਾਨੀ ਅਹਿਮਦਾਬਾਦ ਦੀ ਦਿਨੇਸ਼ ਚੰਦਰ ਆਰ ਅੱਗਰਵਾਲ ਇਨਫ੍ਰਾਕੋਨ ਰਹੀ, ਜਿਸ ਨੇ ਭਾਜਪਾ ਨੂੰ 50 ਕਰੋੜ ਰੁਪਏ ਦਿੱਤੇ। ਇਸ ਦੇ ਬਾਅਦ ਮੁੰਬਈ ਦੀ ਮੈਕਰੋਟੈੱਕ ਡਿਵੈੱਲਪਰਜ਼, ਜਿਸ ਦਾ ਮਾਲਕ ਮਹਾਰਾਸ਼ਟਰ ਦਾ ਕੈਬਨਿਟ ਮੰਤਰੀ ਮੰਗਲ ਪ੍ਰਭਾਤ ਲੋਢਾ ਹੈ, ਨੇ 29.7 ਕਰੋੜ ਰੁਪਏ ਦਿੱਤੇ। ਦਿਨੇਸ਼ ਚੰਦਰ ਆਰ ਇਨਫ੍ਰਾਕੋਨ 2016 ਤੋਂ ਇਨਕਮ ਟੈਕਸ ਵਿਭਾਗ ਦੀ ਜਾਂਚ ਦੇ ਘੇਰੇ ਵਿੱਚ ਹੈ। 2021-22 ਵਿੱਚ ਇਸ ਨੂੰ ਟੈਕਸ ਨੋਟਿਸ ਵੀ ਜਾਰੀ ਕੀਤੇ ਗਏ ਸਨ। ਜਾਂਚ ਵਿੱਚ ਪਾਇਆ ਗਿਆ ਕਿ ਕੰਪਨੀ ਨੇ ਫਰਜ਼ੀ ਉਪ-ਠੇਕੇੇਦਾਰ ਖਰਚਿਆਂ ਰਾਹੀਂ ਬੇਹਿਸਾਬ ਧਨ ਕਮਾਇਆ। ਇਸ ਦੇ ਬਾਵਜੂਦ ਕੰਪਨੀ ਨੇ 2023 ਵਿੱਚ ਭਾਜਪਾ ਨੂੰ 15 ਕਰੋੜ ਤੇ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੂੰ 3 ਕਰੋੜ ਇਲੈਕਟੋਰਲ ਬਾਂਡਾਂ ਰਾਹੀਂ ਦਿੱਤੇ। ਭਾਜਪਾ ਨੂੰ ਮੈਕਲਿਆਡਸ ਫਾਰਮਾਸਿਊਟੀਕਲ ਤੇ ਇੰਟਾਸ ਫਾਰਮਾਸਿਊਟੀਕਲ ਨੇ 25-25 ਕਰੋੜ, ਜਦਕਿ ਅਜੰਤਾ ਫਾਰਮਾ, ਟ੍ਰੋਇਕਾ ਫਾਰਮਾਸਿਊਟੀਕਲ ਤੇ ਕੈਡਿਲਾ ਫਾਰਮਾਸਿਊਟੀਕਲ ਨੇ 5-5 ਕਰੋੜ ਦਿੱਤੇ। ਭਾਰਤ ਬਾਇਓਟੈੱਕ, ਜਿਸ ਨੇ ਕੋਰੋਨਾ ਦੌਰਾਨ ਵੈਕਸੀਨ ਬਣਾਈ ਸੀ, ਨੇ ਵੀ ਭਾਜਪਾ ਨੂੰ 50 ਕਰੋੜ ਦਿੱਤੇ। ਖਣਨ ਕੰਪਨੀ ਵੇਦਾਂਤਾ ਨੇ 2019 ਤੋਂ 2024 ਤੱਕ 400.35 ਕਰੋੜ ਦੇ ਇਲੈਕਟੋਰਲ ਬਾਂਡ ਖਰੀਦੇ, ਜਿਨ੍ਹਾਂ ਵਿੱਚੋਂ 230.15 ਕਰੋੜ ਭਾਜਪਾ, 125 ਕਰੋੜ ਕਾਂਗਰਸ ਤੇ 40 ਕਰੋੜ ਬੀਜੂ ਜਨਤਾ ਦਲ ਨੂੰ ਦਿੱਤੇ। ਸਿਖਰਲੀਆਂ ਦਾਨੀ ਕੰਪਨੀਆਂ ਵਿੱਚ ਸ਼ਾਮਲ ਪੰਜ ਕੰਪਨੀਆਂ ਈ ਡੀ, ਸੀ ਬੀ ਆਈ ਤੇ ਇਨਕਮ ਟੈਕਸ ਦੀ ਜਾਂਚ ਦੇ ਘੇਰੇ ਵਿੱਚ ਹਨ। ਮੇਘਾ ਇੰਜੀਨੀਅਰਿੰਗ, ਜਿਹੜੀ ਇਲੈਕਟੋਰਲ ਬਾਂਡ ਦੀ ਦੂਜੀ ਸਭ ਤੋਂ ਵੱਡੀ ਖਰੀਦਦਾਰ ਹੈ, ਨੇ 2019 ਵਿੱਚ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਤੋਂ ਬਾਅਦ 50 ਕਰੋੜ ਦੇ ਬਾਂਡ ਖਰੀਦੇ। ਇਸ ਨੇ ਪਰੂਡੈਂਟ ਇਲੈਕਟੋਰਲ ਟਰੱਸਟ ਨੂੰ ਵੀ 25 ਕਰੋੜ ਦਿੱਤੇ। ਸੁਪਰੀਮ ਕੋਰਟ ਨੇ ਫਰਵਰੀ 2024 ਵਿੱਚ ਇਲੈਕਟੋਰਲ ਬਾਂਡ ਸਕੀਮ ਨੂੰ ਅਸੰਵਿਧਾਨਕ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਇਟੈਕਟੋਰਲ ਟਰੱਸਟਾਂ ਰਾਹੀਂ ਚੰਦਾ ਦੇਣ ਵਿੱਚ ਕਾਫੀ ਉਛਾਲ ਆਇਆ। ਇਲੈਕਟੋਰਲ ਟਰੱਸਟ ਪਾਰਦਰਸ਼ੀ ਨਹੀਂ, ਕਿਉਕਿ ਇਸ ਤੋਂ ਸਪੱਸ਼ਟ ਨਹੀਂ ਹੁੰਦਾ ਕਿ ਕਿਹੜੀ ਕੰਪਨੀ ਕਿਸ ਪਾਰਟੀ ਨੂੰ ਦਾਨ ਦੇ ਰਹੀ ਹੈ।

ਚੰਦਿਆਂ ਦਾ ਸੱਚ Read More »

ਬੁੱਧ ਬਾਣ/ਦਰਿਆ ਸਦਾ ਵਗਦੇ ਨੇ/ਬੁੱਧ ਸਿੰਘ ਨੀਲੋਂ

ਪਹਾੜਾਂ ਉਤੇ ਜਦੋਂ ਬਰਫ਼ ਪੈਂਦੀ ਹੈ, ਸੂਰਜ ਚਮਕਦਾ ਹੈ। ਬਰਫ ਬੂੰਦ ਬੂੰਦ ਪਿਘਲਦੀ ਇਕ ਬੂੰਦ ਹੁੰਦੀ ਹੈ। ਇਹ ਬੂੰਦ ਬੂੰਦ ਹੌਲੀ ਹੌਲੀ ਧਰਤੀ ਦੀ ਹਿੱਕ ਵੱਲ ਨੂੰ ਵਧਦੀ ਹੈ । ਉਹ ਕਦੇ ਕੂਲ ਬਣਦੀ, ਕੱਸੀ ਬਣਦੀ ਹੈ, ਕਦੇ ਨਦੀ ਤੇ ਕਦੀ ਦਰਿਆ। ਦਰਿਆਵਾਂ ਦਾ ਕੋਈ ਵਹਿਣ ਨਹੀਂ ਹੁੰਦਾ। ਕੋਈ ਕਿਨਾਰਾ ਨਹੀਂ ਹੁੰਦਾ। ਉਹ ਤਾਂ ਹਰ ਵੇਲੇ ਉਨ੍ਹਾਂ ਥਾਵਾਂ ਵੱਲ ਵਧਦੇ ਹਨ, ਜਿੱਥੇ ਪਾਣੀ ਦੀ ਲੋੜ ਹੁੰਦੀ ਹੈ। ਦਰਿਆਵਾਂ ਦੇ ਕਿਨਾਰੇ ਖੜੇ ਰੁੱਖ ਤੇ ਮਨੁੱਖ ਉਹਨਾਂ ਨਾਲ ਆਪਣੀਆਂ ਸਾਂਝਾਂ ਪਾਉਂਦੇ ਨੇ ਤੇ ਵਜਦ ਵਿੱਚ ਆ ਕੇ ਗੀਤ ਵੀ ਗਾਉਂਦੇ ਹਨ। ਬਹੁਤਿਆਂ ਨੂੰ ਭਰਮ ਹੈ ਕਿ ਉਹ ਦਰਿਆਵਾਂ ਦਾ ਰੁੱਖ ਮੋੜ ਸਕਦੇ ਹਨ ਪਰ ਉਹ ਦਰਿਆਵਾਂ ਨੂੰ ਨਾ ਨੱਕਾ ਮਾਰ ਸਕਦੇ ਹਨ ਤੇ ਨਾ ਹੀ ਉਹਨਾਂ ਨੂੰ ਕਿਧਰੇ ਕੈਦ ਕਰ ਸਕਦੇ ਹਨ । ਦਰਿਆ ਜਦੋਂ ਆਪਣੀ ਆਈ ਤੇ ਆਉਂਦੇ ਨੇ ਤਾਂ ਉਹ ਤਰਥੱਲੀ ਮਚਾ ਦਿੰਦੇ ਹਨ। ਸ਼ਬਦਾਂ ਦੇ ਇਸ ਸੰਸਾਰ ਵਿੱਚ ਉਹੀ ਜਿਉਂਦਾ ਹੈ ਜੋ ਸਮੇਂ ਦੇ ਨਾਲ ਚਲਦਾ ਹੈ । ਸਮੇਂ ਦੇ ਨਾਲ ਚੱਲਣਾ ਕਿਸੇ ਕਿਸੇ ਨੂੰ ਆਉਂਦਾ ਹੈ। ਸਮਾਂ ਕਦੇ ਰੋਕਦਾ ਨਹੀਂ, ਇਹ ਨਿਰੰਤਰ ਚਲਦਾ ਰਹਿੰਦਾ ਹੈ । ਮਨ ਅੰਦਰ ਵੀ ਖਿਆਲ ਕਦੇ ਰੁਕਦੇ ਨਹੀਂ । ਕੁਝ ਪਲ ਲਈ ਜਰੂਰ ਠਹਿਰ ਜਾਂਦੇ ਹਨ ਪਰ ਠਹਿਰਿਆ ਮਨ ਬੁੱਝ ਜਾਂਦਾ ਹੈ। ਸਮਾਂ ਨਿਰੰਤਰ ਚਲਦਾ ਹੈ, ਮਨ ਵੀ ਨਿਰੰਤਰ ਬਿਨਾਂ ਖੌਫ, ਚਿੰਤਨ ਕਰਦਾ ਰਹਿੰਦਾ ਹੈ। ਚਿੰਤਨ ਉਹੀ ਕਰਦਾ ਹੈ ਜਿਸ ਨੂੰ ਆਪਣੇ ਆਲੇ ਦੁਆਲੇ ਦੀ ਚਿੰਤਾ ਹੋਵੇ। ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ ਕਿ ਅਸੀਂ ਆਪੋ ਆਪਣੇ ਕੋਲ ਦੇ ਵਿੱਚ ਸਿਮਟਦੇ ਜਾ ਰਹੇ ਹਾਂ। ਸਾਨੂੰ ਆਪਣੇ ਪੈਰਾਂ ਅਤੇ ਸਿਰ ਤੋਂ ਬਗ਼ੈਰ ਹੋਰ ਕੁੱਝ ਦਿਖਦਾ ਹੀ ਨਹੀਂ । ਇਸੇ ਕਰਕੇ ਆਲੇ ਦੁਆਲੇ ਵਿੱਚੋਂ ਮੋਹ ਪਿਆਰ ਖੰਭ ਲਾ ਕੇ ਉੱਡ ਗਿਆ । ਜਿਲਦਾਂ ਵਾਲੀਆਂ ਕਿਤਾਬਾਂ ਦਾ ਤੁਹਾਨੂੰ ਲੇਖਕਾਂ ਦੇ ਲਾਇਬਰੇਰੀਆਂ ਵਿੱਚ ਮਿਲ ਜਾਣਗੀਆਂ ਪਰ ਬਗੈਰ ਜਿਲਦਾਂ ਵਾਲੀਆਂ ਕਿਤਾਬਾਂ ਸਾਡੇ ਕੋਲੋਂ ਦੂਰ ਜਾ ਰਹੀਆਂ ਹਨ । ਇਹ ਬਗੈਰ ਜਿਲਦਾਂ ਵਾਲੀਆਂ ਕਿਤਾਬਾਂ ਸਾਡੇ ਉਹ ਪੁਰਖੇ ਹਨ, ਜਿਨ੍ਹਾਂ ਨੇ ਜ਼ਿੰਦਗੀ ਦੀਆਂ ਤਲਖ ਹਕੀਕਤ ਨੂੰ ਆਪਣੇ ਜੀਵਨ ਦੇ ਨੰਗੇ ਪਿੰਡੇ ਉੱਤੇ ਲਿਖਿਆ ਹੈ। ਬਜ਼ੁਰਗ ਤਾਂ ਹੁਣ ਵੀ ਹਨ ਪਰ ਉਹਨਾਂ ਵਿੱਚ ਉਹਨਾਂ ਬਜ਼ੁਰਗਾਂ ਵਰਗਾ ਨਾ ਮੋਹ ਹੈ, ਨਾ ਤਜਰਬਾ ਹੈ। ਹੁਣ ਤਾਂ ਖਾਲੀ ਭਾਂਡੇ ਹਨ ਜੋ ਖੜਕਦੇ ਵਧੇਰੇ ਹਨ ਪਰ ਵਰਤੋਂ ਵਿੱਚ ਵੀ ਨਹੀਂ ਆਉਂਦੇ । ਉਹਨਾਂ ਦੀ ਹਾਲਤ ਕੰਸ ਉਤੇ ਰੱਖੇ ਉਹਨਾਂ ਭਾਂਡਿਆਂ ਵਰਗੀ ਹੈ, ਜਿਨ੍ਹਾਂ ਦੀ ਕਦੇ ਵੀ ਵਰਤੋਂ ਨਹੀਂ ਹੁੰਦੀ । ਉਹ ਸਿਰਫ ਤੇ ਤਿੱਥ ਤਿਉਹਾਰ ਨੂੰ ਸਾਫ ਕਰਕੇ ਰੱਖੇ ਜਾਂਦੇ ਹਨ। ਇਹੋ ਹਾਲਤ ਸਾਡੇ ਬਜ਼ੁਰਗਾਂ ਦੀ ਬਣ ਗਈ ਹੈ। ਉਹ ਵੀ ਸੋਅਕੇਸ਼ ਵਿੱਚ ਰੱਖਣ ਵਾਲੇ ਬਨਾਵਟੀ ਗੁਲਦਸਤੇ ਬਣ ਕੇ ਰਹਿ ਗਏ ਹਨ। ਅਸੀਂ ਵਿਖਾਵੇ ਵਾਲੀ ਜ਼ਿੰਦਗੀ ਦੇ ਆਗੂ ਬਣ ਕੇ ਰਹਿ ਹਾਂ, ਇਸੇ ਕਰਕੇ ਅਸੀਂ ਦੂਸਰੇ ਨੂੰ ਆਪਣੇ ਤੋਂ ਨੀਵਾਂ ਸਮਝਦੇ। ਲਿਖਣਾ ਤੇ ਪੜ੍ਹਨਾ ਸੌਖਾ ਕੰਮ ਨਹੀਂ ਬੜਾ ਔਖਾ ਕੰਮ ਹੈ। ਬੜਾ ਕੁਝ ਤਿਆਗਣਾ ਪੈਂਦਾ ਹੈ। ਬੜਾ ਕੁਝ ਗਵਾਉਣਾ ਤੇ ਦਬਾਉਣਾ ਪੈਂਦਾ ਹੈ। ਸਾਰੇ ਲੋਕ ਲੇਖਕ ਹੁੰਦੇ, ਤਾਂ ਆਪਾਂ ਪਾਠਕ ਨਾ ਹੁੰਦੇ । ਪਾਠਕਾਂ ਤੇ ਸਰੋਤਿਆਂ ਦਾ ਹੋਣਾ ਬਹੁਤ ਜਰੂਰੀ ਹੈ। ਇਹਨਾਂ ਦੋਹਾਂ ਦੀ ਸਾਂਝ ਵੀ ਜੇਕਰ ਬਣੀ ਰਹੇ ਤਾਂ ਬਹੁਤ ਕੁੱਝ ਸੁਧਰ ਜਾਂਦਾ ਹੈ । ਬਹੁਤਿਆਂ ਨੂੰ ਭਰਮ ਹੈ ਕਿ ਲਿਖਣਾ ਸੌਖਾ ਕੰਮ ਹੈ ਪਰ ਉਹ ਤਾਂ ਕਿਸੇ ਨੂੰ ਆਪਣੇ ਮਨ ਦੇ ਬਲਬਲੇ ਵੀ ਨਹੀਂ ਲਿਖ ਕੇ ਦੱਸ ਸਕਦੇ । ਅਸੀਂ ਪੜ੍ਹੇ ਲਿਖੇ ਅਨਪਾੜ ਆਂ, ਸਾਡੇ ਕੋਲ ਡਿਗਰੀਆਂ ਤਾਂ ਹਨ ਪਰ ਤਜਰਬਾ ਨਹੀਂ, ਬਗੈਰ ਤਜਰਬੇ ਦੇ ਅਸੀਂ ਆਪਣੇ ਆਪ ਨੂੰ ਉਸਤਾਦ ਕਹਾਉਂਦੇ ਹਾਂ। ਉਸਤਾਦ ਬਣਨ ਲਈ ਮਾਰਾਂ ਖਾਣੀਆਂ ਪੈਂਦੀਆਂ ਹਨ। ਮਾਰ ਉਹ ਖਾਂਦਾ ਹੈ ਜਿਸਨੇ ਕੁੱਝ ਸਿੱਖਣਾ ਹੋਵੇ। ਤੁਹਾਨੂੰ ਕੋਈ ਸਿਖਾ ਨਹੀਂ ਸਕਦਾ, ਸਿਖਣਾ ਖੁਦ ਪੈਂਦਾ ਹੈ। ਗਿਆਨ ਹਾਸਲ ਕਰਨ ਲਈ ਤਿਆਗ ਜ਼ਰੂਰੀ ਹੈ। ਪਾਉਣ ਲਈ ਕੁੱਝ ਗਵਾਉਣਾ ਪੈਂਦਾ ਹੈ। ਬੁੱਧ ਸਿੰਘ ਨੀਲੋਂ 9464370823

ਬੁੱਧ ਬਾਣ/ਦਰਿਆ ਸਦਾ ਵਗਦੇ ਨੇ/ਬੁੱਧ ਸਿੰਘ ਨੀਲੋਂ Read More »