April 14, 2025

ਬਾਜਵਾ ਨੂੰ ਬੰਬਾਂ ਦਾ ਖੁਲਾਸਾ ਕਰਨਾ ਪੈਣਾ : ਮਾਨ

ਚੰਡੀਗੜ੍ਹ, 14 ਅਪ੍ਰੈਲ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ 50 ਬੰਬ ਆਉਣ ਸੰਬੰਧੀ ਬਿਆਨ ਲਈ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਐਤਵਾਰ ਲੰਮੇ ਹੱਥੀਂ ਲਿਆ। ਬਾਜਵਾ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ ਸੀ ਕਿ ਪੰਜਾਬ ਵਿੱਚ 50 ਬੰਬ ਸਪਲਾਈ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 18 ਚਲਾ ਦਿੱਤੇ ਗਏ ਹਨ। ਮਾਨ ਨੇ ਬਾਜਵਾ ਨੂੰ ਸਵਾਲ ਕੀਤੇ ਕਿ ਕੀ ਉਨ੍ਹਾ ਦੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਹਨ, ਜਿੱਥੋਂ ਉਨ੍ਹਾ ਨੂੰ ਅਜਿਹੀ ਸੰਵੇਦਨਸ਼ੀਲ ਜਾਣਕਾਰੀ ਮਿਲ ਰਹੀ ਹੈ। ਮਾਨ ਨੇ ਵੀਡੀਓ ਜਾਰੀ ਕਰਦਿਆਂ ਬਾਜਵਾ ਨੂੰ ਸਵਾਲ ਪੁੱਛਿਆ ਕਿ ਉਨ੍ਹਾ ਨੂੰ ਪੰਜਾਬ ਵਿੱਚ ਇੰਨੇ ਬੰਬ ਆਉਣ ਸੰਬੰਧੀ ਜਾਣਕਾਰੀ ਕਿੱਥੋਂ ਮਿਲੀ ਹੈ? ਅਜਿਹੀ ਕੋਈ ਜਾਣਕਾਰੀ ਨਾ ਤਾਂ ਇੰਟੈਲੀਜੈਂਸ ਕੋਲ ਹੈ ਅਤੇ ਨਾ ਹੀ ਕੇਂਦਰ ਸਰਕਾਰ ਕੋਲ ਹੈ। ਜੇ ਅਜਿਹੀ ਜਾਣਕਾਰੀ ਵਿਰੋਧੀ ਧਿਰ ਦੇ ਆਗੂ ਕੋਲ ਆਈ ਹੈ ਤਾਂ ਉਨ੍ਹਾ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਸ ਦੀ ਸੂਚਨਾ ਉਹ ਤੁਰੰਤ ਪੰਜਾਬ ਪੁਲਸ ਨੂੰ ਦਿੰਦੇ। ਬਾਜਵਾ ਕੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਬੰਬ ਫਟਣ ਅਤੇ ਲੋਕ ਮਰਨ ਤਾਂ ਜੋ ਉਹ ਰਾਜਨੀਤੀ ਕਰ ਸਕਣ ਅਤੇ ਜੇ ਅਜਿਹਾ ਨਹੀਂ ਹੈ ਤਾਂ ਉਹ ਝੂਠ ਬੋਲ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੇ ਹਨ। ਬਾਜਵਾ ਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਇਹ ਜਾਣਕਾਰੀ ਉਨ੍ਹਾ ਕੋਲ ਕਿੱਥੋਂ ਆਈ ਹੈ, ਨਹੀਂ ਤਾਂ ਦਹਿਸ਼ਤ ਫੈਲਾਉਣ ਸੰਬੰਧੀ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਪੁਲਸ ਦੇ ਦੋ ਅਧਿਕਾਰੀਆਂ ਨੇ ਬਾਜਵਾ ਤੋਂ ਉਨ੍ਹਾ ਦੀ ਚੰਡੀਗੜ੍ਹ ਦੇ ਸੈਕਟਰ-8 ਸਥਿਤ ਰਿਹਾਇਸ਼ ਵਿਖੇ ਬੰਬ ਵਾਲੇ ਬਿਆਨ ਬਾਰੇ ਸਵਾਲ-ਜਵਾਬ ਕੀਤੇ ਅਤੇ ਸੂਤਰਾਂ ਬਾਰੇ ਜਾਣਕਾਰੀ ਮੰਗੀ। ਬਾਜਵਾ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾ ਸੂਤਰਾਂ ਬਾਰੇ ਖੁਲਾਸਾ ਨਹੀਂ ਕੀਤਾ। ਬਾਜਵਾ ਨੇ ਮੰਨਿਆ ਕਿ ਉਨ੍ਹਾ ਨੂੰ ਇਹ ਜਾਣਕਾਰੀ ਦੋ ਦਿਨ ਪਹਿਲਾਂ ਕੁਝ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੀ ਗਈ, ਜਿਨ੍ਹਾਂ ਦਾ ਨਾਂਅ ਜਨਤਕ ਨਹੀਂ ਕੀਤਾ ਜਾ ਸਕਦਾ।

ਬਾਜਵਾ ਨੂੰ ਬੰਬਾਂ ਦਾ ਖੁਲਾਸਾ ਕਰਨਾ ਪੈਣਾ : ਮਾਨ Read More »

ਕੱਲ੍ਹ ਤੋਂ ਇੰਦਰਾ ਗਾਂਧੀ ਹਵਾਈ ਅੱਡੇ ਦਾ ਟਰਮੀਨਲ-2 ਅਗਲੇ ਹੁਕਮਾਂ ਤੱਕ ਰਹੇਗਾ ਬੰਦ

ਨਵੀਂ ਦਿੱਲੀ, 14 ਅਪ੍ਰੈਲ – ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਟਰਮੀਨਲ-2, 15 ਅਪ੍ਰੈਲ ਤੋਂ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ ਤੇ ਅਜਿਹੀ ਸਥਿਤੀ ’ਚ ਸਾਰੀਆਂ ਉਡਾਣਾਂ ਟਰਮੀਨਲ-1 ਤੋਂ ਚੱਲਣਗੀਆਂ। ਇਹ ਜਾਣਕਾਰੀ ਦਿੱਲੀ ਹਵਾਈ ਅੱਡੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਿੱਲੀ ਹਵਾਈ ਅੱਡੇ ਤੋਂ ਟਿਕਟਾਂ ਬੁੱਕ ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੇ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ। ਦਰਅਸਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਡਾਣਾਂ ਦੇ ਚੜ੍ਹਨ ਤੇ ਉੱਤਰਨ ਨਾਲ ਸਬੰਧਤ ਇਕ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ । ਇਸ ਨਾਲ ਆਈ.ਜੀ.ਆਈ. ਹਵਾਈ’ ਅੱਡੇ ਤੋਂ ਯਾਤਰਾ ਕਰਨ ਵਾਲੇ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋ ਸਕਦੇ ਹਨ। ਹਵਾਈ ਅੱਡੇ ਦੇ ਐਕਸ ਹੈਂਡਲ ’ਤੇ ਇਕ ਪੋਸਟ ਦੇ ਮੁਤਾਬਿਕ ਦਿੱਲੀ ਹਵਾਈ ਅੱਡੇ ਦਾ ਟਰਮੀਨਲ-2 ਅਗਲੇ ਕੁਝ ਦਿਨਾਂ ਲਈ ਬੰਦ ਰਹੇਗਾ ਅਤੇ ਸਾਰੀਆਂ ਉਡਾਣਾਂ ਟਰਮੀਨਲ-1 ਤੋਂ ਉੱਤਰਨਗੀਆਂ ਤੇ ਰਵਾਨਾ ਹੋਣਗੀਆਂ ।

ਕੱਲ੍ਹ ਤੋਂ ਇੰਦਰਾ ਗਾਂਧੀ ਹਵਾਈ ਅੱਡੇ ਦਾ ਟਰਮੀਨਲ-2 ਅਗਲੇ ਹੁਕਮਾਂ ਤੱਕ ਰਹੇਗਾ ਬੰਦ Read More »

ਸੁਖਬੀਰ ਮੁੜ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਦੀ ਮੁੜ ਚੋਣ ਨੇ ਕਸੂਤੀ ਸਥਿਤੀ ’ਚ ਫਸੀ ਇਸ ਪਾਰਟੀ ’ਤੇ ਉਸ ਦੇ ਨਿਰਵਿਵਾਦ ਦਬਦਬੇ ਦੀ ਪੁਸ਼ਟੀ ਕਰ ਦਿੱਤੀ ਹੈ। ਸਥਿਤੀ ਹਾਲਾਂਕਿ ਜਿਉਂ ਦੀ ਤਿਉਂ ਹੈ, ਇੱਥੋਂ ਤੱਕ ਕਿ ਸਿੱਖਾਂ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਵੀ ਸ਼੍ਰੋਮਣੀ ਅਕਾਲੀ ਦਲ ’ਚ ਅਤਿ ਲੋੜੀਂਦੇ ਸੁਧਾਰ ਵਿੱਢਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿਚ ਸਫ਼ਲ ਨਹੀਂ ਹੋ ਸਕੀ। ਅਕਾਲ ਤਖ਼ਤ ਵੱਲੋਂ ਲਾਈ ਤਨਖਾਹ ਦੀ ਸਜ਼ਾ ਭੁਗਤਣ ਤੇ ਪਿਛਲੇ ਸਾਲ ਦਸੰਬਰ ਵਿਚ ਕਾਤਲਾਨਾ ਹਮਲੇ ’ਚ ਕਿਸੇ ਤਰ੍ਹਾਂ ਬਚਣ ਵਾਲੇ ਸੁਖਬੀਰ ਸਿੰਘ ਬਾਦਲ ਲਈ ਇਹ ਇਕ ਨਵੀਂ ਸ਼ੁਰੂਆਤ ਹੈ। ਅਹਿਮ ਸੁਆਲ ਇਹ ਹੈ ਕਿ ਕੀ ਉਹ ਪਿਛਲੇ ਅੱਠ ਸਾਲਾਂ ਦੌਰਾਨ ਲੱਗੇ ਚੁਣਾਵੀ ਝਟਕਿਆਂ ਤੋਂ ਆਪਣੀ ਪਾਰਟੀ ਨੂੰ ਇਸ ਨਵੀਂ ਸ਼ੁਰੂਆਤ ਨਾਲ ਉਭਾਰ ਸਕੇਗਾ? ਕੀ ਖੁੱਸ ਚੁੱਕੀ ਵੱਡੀ ਸਿੱਖ ਵੋਟ ਨੂੰ ਮੋੜ ਕੇ ਅਕਾਲੀ ਦਲ ਵੱਲ ਲਿਆ ਸਕੇਗਾ? ਇਹ ਵੀ ਜ਼ਿਕਰਯੋਗ ਹੈ ਕਿ ਜਥੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਮੁਤਾਬਿਕ ਚੱਲਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਕਰਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਮੁੜ ਪ੍ਰਧਾਨ ਬਣਿਆ ਹੈ। ਪਿਛਲੇ ਮਹੀਨਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਵਾਦਤ ਢੰਗ ਨਾਲ ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਫਾਰਗ ਕੀਤਾ ਹੈ। ਉਹ ਉਨ੍ਹਾਂ ਪੰਜ ਜਥੇਦਾਰਾਂ ਵਿਚ ਸ਼ਾਮਲ ਸਨ ਜਿਨ੍ਹਾਂ ਸੁਖਬੀਰ ਸਿੰਘ ਬਾਦਲ ਤੇ ਬਾਕੀ ਅਕਾਲੀ ਆਗੂਆਂ ਨੂੰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਦਹਾਕਾ ਚੱਲੀ ਸਰਕਾਰ (2007-17) ਦੌਰਾਨ ਹੋਈਆਂ ‘ਭੁੱਲਾਂ’ ਲਈ ਸਜ਼ਾ ਲਾਈ ਸੀ। ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਇਹ ਜਥੇਦਾਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨਾਲ ਰਲੇ ਹੋਏ ਸਨ, ਜੋ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ’ਤੇ ਉਤਾਰੂ ਹੈ। ਸੁਖਬੀਰ ਸਿੰਘ ਬਾਦਲ ਦੇ ਦਾਅਵੇ ਨੇ ਉਨ੍ਹਾਂ ਕਿਆਸਰਾਈਆਂ ਨੂੰ ਹਵਾ ਦਿੱਤੀ ਹੈ ਕਿ ਅਕਾਲੀ ਹੁਣ ਭਗਵਾਂ ਪਾਰਟੀ ਨਾਲ ਆਪਣੇ ਸਬੰਧ ਬਹਾਲ ਕਰਨ ਦੇ ਇੱਛੁਕ ਨਹੀਂ ਹਨ। ਹਾਲਾਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਬਦਲ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਕੋਲ ਨਹੀਂ ਹੈ। ਇਸ ਦਾ ਟਾਕਰਾ ‘ਆਪ’, ਕਾਂਗਰਸ, ਭਾਜਪਾ ਤੇ ਕੁਝ ਹੋਰਨਾਂ ਅਕਾਲੀ ਧੜਿਆਂ ਨਾਲ ਹੋਣਾ ਹੈ, ਜਿਨ੍ਹਾਂ ਵਿਚੋਂ ਇਕ ਧੜਾ ਜੇਲ੍ਹ ’ਚ ਨਜ਼ਰਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਬਣਾਇਆ ਗਿਆ ਹੈ। ਜਥੇਦਾਰਾਂ ਦੇ ਫਾਰਗ ਹੋਣ ਨਾਲ ਸੁਖਬੀਰ ਸਿੰਘ ਬਾਦਲ ਦਾ ਹੱਥ ਬੇਸ਼ੱਕ ਉੱਚਾ ਹੋਇਆ ਹੈ, ਪਰ ਮੁੜ ਚੁਣੇ ਗਏ ਪ੍ਰਧਾਨ ਅੱਗੇ ਆਪਣੀ ਪਾਰਟੀ ਨੂੰ ਪੈਰਾਂ-ਸਿਰ ਕਰਨ ਤੇ ਪੰਜਾਬੀ ਵੋਟਰਾਂ ਦਾ ਭਰੋਸਾ ਦੁਬਾਰਾ ਜਿੱਤਣ ਦੀ ਵੱਡੀ ਚੁਣੌਤੀ ਹੈ।

ਸੁਖਬੀਰ ਮੁੜ ਪ੍ਰਧਾਨ Read More »

ਕਾਲਮਨਵੀਸ ਡਾ : ਚਰਨਜੀਤ ਸਿੰਘ ਗੁਮਟਾਲਾ ਦਾ ਹੋਵੇਗਾ ਫਗਵਾੜਾ ਵਿਖੇ ਸਨਮਾਨ

ਫਗਵਾੜਾ, 14 ਅਪ੍ਰੈਲ (ਏ.ਡੀ.ਪੀ ਨਿਊਜ਼) – ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਵਲੋਂ ਪੰਜਾਬੀ ਦੇ ਪ੍ਰਸਿੱਧ ਕਾਲਮਨਵੀਸ ਡਾ : ਚਰਨਜੀਤ ਸਿੰਘ ਗੁਮਟਾਲਾ ਨੂੰ ਉਹਨਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਕਾਲਮਨਵੀਸ ਵਜੋਂ ਪੱਤਰਕਾਰੀ ਖੇਤਰ ‘ਚ ਨਿਭਾਈਆਂ ਵਿਸ਼ੇਸ਼ ਸੇਵਾਵਾਂ ਲਈ 20 ਅਪ੍ਰੈਲ 2025 ਨੂੰ ਫਗਵਾੜਾ ਵਿਖੇ ਇਕ ਸਮਾਗਮ ਦੌਰਾਨ ਸਨਮਾਨਤ ਕੀਤਾ ਜਾਵੇਗਾ। ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੂਰਪੁਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਦੀ ਮੌਜੂਦਾ ਹਾਲਾਤ ਬਾਰੇ ਵਿਦਵਾਨ ਵਿਚਾਰ ਚਰਚਾ ਕਰਨਗੇ। ਸਮਾਗਮ ਵਿੱਚ ਡਾ : ਐਸ.ਐਸ.ਛੀਨਾ, ਡਾ : ਸਵਰਾਜ ਸਿੰਘ, ਗਿਆਨ ਸਿੰਘ (ਮੋਗਾ), ਉਜਾਗਰ ਸਿੰਘ (ਪਟਿਆਲਾ), ਅਤੇ ਹੋਰ ਚਿੰਤਕ ਵਿਸ਼ੇਸ਼ ਤੌਰ ‘ਤੇ ਭਾਗ ਲੈਣਗੇ।

ਕਾਲਮਨਵੀਸ ਡਾ : ਚਰਨਜੀਤ ਸਿੰਘ ਗੁਮਟਾਲਾ ਦਾ ਹੋਵੇਗਾ ਫਗਵਾੜਾ ਵਿਖੇ ਸਨਮਾਨ Read More »

ਸ਼ਰਬਤ ਜਹਾਦ

ਗੱਲ ਉਦੋਂ ਦੀ ਹੈ, ਜਦੋਂ ਲਾਲ ਕਿਲ੍ਹੇ ’ਤੇ ਆਜ਼ਾਦ ਹਿੰਦ ਫੌਜ ਦੇ ਕ੍ਰਾਂਤੀਕਾਰੀਆਂ ’ਤੇ ਮੁਕੱਦਮਾ ਚੱਲ ਰਿਹਾ ਸੀ। ਕਰਨਲ ਸਹਿਗਲ, ਢਿੱਲੋਂ ਤੇ ਸ਼ਾਹਨਵਾਜ਼ ਸਣੇ ਅਨੇਕਾਂ ਕਰਾਂਤੀਕਾਰੀ ਉੱਥੇ ਕੈਦ ਕਰਕੇ ਰੱਖੇ ਹੋਏ ਸਨ। ਇਹ ਕਰਾਂਤੀਕਾਰੀ ਭਾਰਤ ਦੇ ਸਵੈਮਾਣ ਦੇ ਪ੍ਰਤੀਕ ਬਣ ਚੁੱਕੇ ਸਨ। ਸਾਰਾ ਦੇਸ਼ ਇਨ੍ਹਾਂ ਦੇ ਨਾਲ ਖੜ੍ਹਾ ਸੀ। ਮੱਤਭੇਦਾਂ ਦੇ ਬਾਵਜੂਦ ਕਾਂਗਰਸ ਆਜ਼ਾਦ ਹਿੰਦ ਫੌਜ ਡਿਫੈਂਸ ਕਮੇਟੀ ਬਣਾ ਕੇ ਸੁਭਾਸ਼ ਬਾਬੂ ਦੇ ਇਨ੍ਹਾਂ ਨਾਇਕਾਂ ਦੇ ਬਚਾਅ ਵਿੱਚ ਖੜ੍ਹੀ ਹੋਈ। ਪੰਡਤ ਨਹਿਰੂ ਨੇ ਅਰਸੇ ਬਾਅਦ ਵਕੀਲ ਦਾ ਚੋਗਾ ਪਹਿਨਿਆ। ਇਨ੍ਹਾਂ ਕਰਾਂਤੀਕਾਰੀਆਂ ਦੀ ਗਿ੍ਰਫਤਾਰੀ ਤੇ ਉਨ੍ਹਾਂ ’ਤੇ ਮੁਕੱਦਮਾ ਚਲਾਏ ਜਾਣ ਦੌਰਾਨ ਪੂਰਾ ਦੇਸ਼ ਰੋਹ ਵਿੱਚ ਸੀ। ਧਰਮ ਤੇ ਜਾਤ ਦੀਆਂ ਕੰਧਾਂ ਟੁੱਟ ਗਈਆਂ ਸਨ, ਪਰ ਸਰਕਾਰ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਤਹਿਤ ਇਸ ਕੌਮੀ ਏਕਤਾ ਨੂੰ ਫਿਰਕੂ ਚਾਲ ਨਾਲ ਤੋੜਨਾ ਚਾਹੁੰਦੀ ਸੀ। ਸਵੇਰੇ ਇਨ੍ਹਾਂ ਕ੍ਰਾਂਤੀਕਾਰੀਆਂ ਲਈ ਜਿਹੜੀ ਚਾਹ ਆਉਦੀ ਸੀ, ਉਸ ਨੂੰ ਹਿੰਦੂ ਤੇ ਮੁਸਲਮ ਚਾਹ ਦਾ ਨਾਂਅ ਦਿੱਤਾ ਗਿਆ। ਸਾਰੇ ਕ੍ਰਾਂਤੀਕਾਰੀਆਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ, ਪਰ ਸਰਕਾਰ ਦਾ ਹੁਕਮ ਸੀ ਕਿ ਹਰ ਹਾਲ ਵਿੱਚ ਹਿੰਦੂ ਚਾਹ ਤੇ ਮੁਸਲਮ ਚਾਹ ਵੱਖਰੀ ਬਣੇਗੀ ਤੇ ਇਨ੍ਹਾਂ ਨਾਵਾਂ ਨਾਲ ਹੀ ਵੰਡੀ ਜਾਵੇਗੀ। ਕ੍ਰਾਂਤੀਕਾਰੀਆਂ ਨੇ ਇਸ ਚਾਲ ਨੂੰ ਫੇਲ੍ਹ ਕਰਨ ਦਾ ਇਹ ਤੋੜ ਲੱਭਿਆ ਕਿ ਉਹ ਸਾਰੀ ਚਾਹ ਇੱਕ ਵੱਡੇ ਭਾਂਡੇ ਵਿੱਚ ਪਾ ਲੈਂਦੇ ਤੇ ਫਿਰ ਵੰਡ ਕੇ ਪੀਂਦੇ। ਪਰ ਦੁੱਖ ਦੀ ਗੱਲ ਹੈ ਕਿ ਅੱਜ ਫਿਰ ਉਹੀ ਵੰਡਪਾਊ ਤਾਕਤਾਂ ਨਵੇਂ-ਨਵੇਂ ਢੰਗਾਂ ਨਾਲ ਭਾਰਤ ਦੀ ਸਮਾਜੀ ਸਦਭਾਵਨਾ ਨੂੰ ਤੋੜਨ ਲਈ ਸਰਗਰਮ ਹਨ। ਆਜ਼ਾਦ ਹਿੰਦ ਫੌਜ ਦੇ ਕ੍ਰਾਂਤੀਕਾਰੀਆਂ ਨੇ ਪੁਰਾਣੇ ਫਿਰੰਗੀਆਂ ਦੀ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਤਾਂ ਸਫਲ ਨਹੀਂ ਹੋਣ ਦਿੱਤੀ ਪਰ ਨਵੇਂ ਫਿਰੰਗੀਆਂ ਨੇ ਮੁੜ ਆਪਣੀਆਂ ਕੋਸ਼ਿਸ਼ਾਂ ਨੂੰ ਪ੍ਰਵਾਨ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਸੰਤ ਦੇ ਚੋਲੇ ਵਿੱਚ ਕਾਰੋਬਾਰੀ ਹਿੱਤਾਂ ਨੂੰ ਅੱਗੇ ਵਧਾਉਣ ਵਾਲੇ ਰਾਮਦੇਵ ਨੇ ਕਿਹਾ ਹੈ ਕਿ ਫਲਾਂ ਸ਼ਰਬਤ ਪੀਓਗੇ ਤਾਂ ਮਸਜਿਦਾਂ ਤੇ ਮਦਰੱਸੇ ਬਣਨਗੇ ਅਤੇ ਪਤੰਜਲੀ ਦਾ ਪੀਓਗੇ ਤਾਂ ਗੁਰੂਕੁਲ ਬਣਨਗੇ। ਆਪਣੇ ਕਾਰੋਬਾਰੀ ਲਾਭ ਲਈ ਫਿਰਕਾਪ੍ਰਸਤੀ ਨੂੰ ਹਵਾ ਦੇਣ ਵਾਲਾ ਕਿੰਨਾ ਸ਼ਰਮਨਾਕ ਬਿਆਨ ਹੈ ਇਹ। ਆਜ਼ਾਦ ਹਿੰਦ ਫੌਜ ਦੇ ਕ੍ਰਾਂਤੀਕਾਰੀਆਂ ਨੂੰ ਹਿੰਦੂ ਤੇ ਮੁਸਲਮ ਚਾਹ ਦੇ ਨਾਂਅ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੁਣ ਦੇਸ਼ ਵਾਸੀਆਂ ਨੂੰ ਹਿੰਦੂ ਸ਼ਰਬਤ ਤੇ ਮੁਸਲਮ ਸ਼ਰਬਤ ਦੇ ਨਾਂਅ ਹੇਠ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਸਵਾਮੀ ਸ਼ਰਧਾਨੰਦ ਨੇ ਜਾਮਾ ਮਸਜਿਦ ਤੋਂ ਹਿੰਦੂ-ਮੁਸਲਮ ਭਾਈਚਾਰੇ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਸੀ, ਅੱਜ ਉਸੇ ਪਰੰਪਰਾ ਦੇ ਕੁਝ ਲੋਕ ਖਾਣ-ਪੀਣ ਤੇ ਭਾਸ਼ਾ ਵਿੱਚ ਵੀ ਹਿੰਦੂ-ਮੁਸਲਮਾਨ ਲੱਭ ਰਹੇ ਹਨ।

ਸ਼ਰਬਤ ਜਹਾਦ Read More »

ਪ੍ਰਾਪਤ ਪੁਸਤਕ :- ਦੁਨੀਆਂ ਅੰਦਰ ਅਜੇ ਹਨੇਰਾ( ਕਵਿਤਾ ਸੰਗ੍ਰਹਿ) ਲੇਖਕ ਬਲਦੇਵ ਸਿੰਘ ਬੱਦਨ

ਪ੍ਰਾਪਤ ਪੁਸਤਕ :- ਦੁਨੀਆਂ ਅੰਦਰ ਅਜੇ ਹਨੇਰਾ( ਕਵਿਤਾ ਸੰਗ੍ਰਹਿ) ਲੇਖਕ ਬਲਦੇਵ ਸਿੰਘ ਬੱਦਨ Read More »

ਕਵਿਤਾ/ਕਿਸਾਨੀ ਫੁੱਟ/ਰਵਿੰਦਰ ਸਿੰਘ ਕੁੰਦਰਾ

ਅੰਨ ਦਾਤਾ ਦੇ ਅੰਨ੍ਹੇ ਲੀਡਰ, ਅੰਧਰਾਤੇ ਦਾ ਸ਼ਿਕਾਰ ਹੋ ਗਏ। ਇਨ੍ਹਾਂ ਦੇ ਪਿੱਛੇ ਲੱਗ ਕੇ ਭੋਲ਼ੇ, ਮਜ਼ਦੂਰ, ਕਿਸਾਨ ਖੁਆਰ ਹੋ ਗਏ। ਚੌਧਰਾਂ ਅਤੇ ਪੈਸੇ ਦੀ ਖ਼ਾਤਰ, ਪੈਰ ਪੈਰ ‘ਤੇ ਵਿਕਦੇ ਜਾਵਣ, ਪਾਟੋਧਾੜ ਧੜਾ ਧੜ ਹੋਵਣ, ਇੱਕ ਦੂਜੇ ‘ਤੇ ਲੂਤੀਆਂ ਲਾਵਣ। ਕਿਸਾਨ ਲੀਡਰਾਂ ਦੀ ਸੋਚ ਦਾ ਦਾਇਰਾ, ਦਿਨ ਬਦਿਨ ਹੁੰਦਾ ਜਾਵੇ ਸੌੜ੍ਹਾ, ਸਮੇਂ ਦੇ ਹਾਣੀ ਬਣਨ ਤੋਂ ਸੱਖਣੇ, ਕਰਨਗੇ ਝੁੱਗਾ ਸਭ ਦਾ ਚੌੜਾ। ਪਰੌਂਠੇ ਖਾ ਮਰਨ ਵਰਤ ਨ੍ਹੀਂ ਪੁੱਗਦੇ, ਡਰਾਮੇ ਬਹੁਤੇ ਦਿਨ ਨ੍ਹੀਂ ਚੱਲਦੇ, ਸੱਚ ਤਾਂ ਸਾਹਮਣੇ ਆ ਹੀ ਜਾਂਦਾ, ਝੂਠ ਦੇ ਪੈਰ ਕਿਤੇ ਨ੍ਹੀਂ ਖੱਲ੍ਹਦੇ। ਆਪਣੀ ਜ਼ਾਤ ਦੇ ਆਪੇ ਦੁਸ਼ਮਣ, ਹੋਰ ਨੂੰ ਫਿਰ ਕੀ ਦੋਸ਼ ਦੇਣਗੇ, ਖੁਦ ਨੂੰ ਸ਼ੀਸ਼ੇ ਵਿੱਚ ਦੇਖ ਕੇ, ਆਪਣੀ ਹੀ ਜ਼ਮੀਰ ਕੋਹਣਗੇ। ਅੰਨ ਦਾਤਾ ਦੀ ਪਰਿਭਾਸ਼ਾ ਹੁਣ, ਬਦਲਦੀ ਜਾਂਦੀ ਨਿੱਤ ਨਵੀਂ, ਫਸਲਾਂ ਹੁਣ ਜੱਟ ਨਹੀਂ ਬੀਜੇਗਾ, ਏ ਆਈ ਦੀ ਹੁਣ ਨਹੀਂ ਕਮੀ। ਅੰਨ ਤਾਂ ਧਰਤੀ ਵਿੱਚੋਂ ਉੱਗੂ, ਪਰ ਤਤਾ ਤਤਾ ਕੋਈ ਕਰੂ ਅਡਾਣੀ, ਧਨਾਢ ਦੇ ਹੱਥ ਹੀ ਕੋਠੀ ਹੋਊ, ‘ਤੇ ਹਰ ਕੋਠੀ ਦਾ ਦਾਣਾ ਪਾਣੀ। ਮਰੋੜ ਮਰੋੜ ਸੰਢਿਆਂ ਦੀਆਂ ਪੂਛਾਂ, ਜੱਟ ਮਿੱਟੀ ਵਿੱਚ ਮਿੱਟੀ ਹੋ ਗਿਆ, ਜੱਟ ਦੀ ਜ਼ਾਤ ਹੀ ਖਤਮ ਹੋਣ ਦਾ, ਸਿਲਸਿਲਾ ਸਮਝੋ ਸ਼ੁਰੂ ਹੋ ਗਿਆ। ਨਾ ਹੁਣ ਆਕੜਾਂ ਨਾ ਹੁਣ ਬੱਕਰੇ, ਨਾ ਮੁੱਛਾਂ ਦੇ ਤਾਅ ਹੁਣ ਰਹਿਣੇ, ਰਹਿੰਦੀਆਂ ਖੂੰਹਦੀਆਂ ਜ਼ਮੀਨਾਂ ਵੀ, ਜਦੋਂ ਵਿਕ ਗਈਆਂ, ਜਾਂ ਪਈਆਂ ਗਹਿਣੇ। ਹਰ ਜੱਟ ਹੁਣ ਮਜ਼ਦੂਰ ਬਣੇਗਾ, ਹੱਥ ਅੱਡਣ ਲਈ ਹੋਊ ਮਜਬੂਰ, ਅੰਨ ਦਾਤਾ ਹੁਣ ਠੂਠਾ ਚੁੱਕ ਕੇ, ਦਾਨ ਦਾ ਪਾਤਰ ਬਣੂ ਜ਼ਰੂਰ। ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਕਵਿਤਾ/ਕਿਸਾਨੀ ਫੁੱਟ/ਰਵਿੰਦਰ ਸਿੰਘ ਕੁੰਦਰਾ Read More »

ਮੰਤਰੀ ਹਰਜੋਤ ਬੈਂਸ ਵਿਸਾਖੀ ਮੌਕੇ ਗੁਰੂ ਘਰ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ – ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਜਥੇਦਾਰ ਗੜਗੱਜ ਨਾਲ ਮੁਲਾਕਾਤ ਕੀਤੀ। ਵਿਸਾਖੀ ਮੌਕੇ ਗੁਰੂ ਘਰ ਨਤਮਸਤਕ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਨਮਾਨ ਦੌਰਾਨ ਜਥੇਦਾਰ ਨੇ ਮੰਤਰੀ ਅੱਗੇ ਚੁੱਕਿਆ ਸੜਕ ਦਾ ਮੁੱਦਾ, ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਸਹਿਯੋਗ ਦੀ ਮੰਗ ਕੀਤੀ। ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਰਦਾਰ ਬੈਂਸ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝਦੇ ਹਨ ਪਰ ਜਿਹੜੀ ਗੱਲ ਉਨ੍ਹਾਂ ਨੇ ਵਿਧਾਨ ਸਭਾ ਵਿਚ ਕੀਤੀ ਹੈ ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਖ਼ਾਲਸਾ ਪੰਥ ਆਪ ਤੈਅ ਕਰੇਗਾ ਨਾ ਕਿ ਪੰਜਾਬ ਦੀ ਵਿਧਾਨ ਸਭਾ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਦੇ ਵਿਧੀ ਵਿਧਾਨ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਪਹਿਲਾਂ ਹੀ ਸਿੱਖ ਸੰਗਤ ਤੇ ਜਥੇਬੰਦੀਆਂ ਤੋਂ ਸੁਝਾਅ ਮੰਗੇ ਹੋਏ ਹਨ।

ਮੰਤਰੀ ਹਰਜੋਤ ਬੈਂਸ ਵਿਸਾਖੀ ਮੌਕੇ ਗੁਰੂ ਘਰ ਹੋਏ ਨਤਮਸਤਕ Read More »