February 28, 2025

ਕਤਲ ਤੋਂ ਬਾਅਦ ਜ਼ਿੰਦਾ ਹੋ ਗਈ ਔਰਤ/ਬਲਰਾਜ ਸਿੰਘ ਸਿੱਧੂ

ਕੁਝ ਸਾਲ ਪਹਿਲਾਂ ਮੈਂ ਉਸ ਸਬ-ਡਵੀਜ਼ਨ ਵਿੱਚ ਬਤੌਰ ਐੱਸ.ਪੀ. ਤਾਇਨਾਤ ਸੀ ਜਿਸ ਅਧੀਨ ਤਤਕਾਲੀ ਮੁੱਖ ਮੰਤਰੀ ਦਾ ਚੋਣ ਹਲਕਾ ਅਤੇ ਜੱਦੀ ਪਿੰਡ ਆਉਂਦਾ ਸੀ। ਮੁੱਖ ਮੰਤਰੀ ਵੱਲੋਂ ਮਹੀਨੇ ਵਿੱਚੋਂ 20 ਦਿਨ ਹਲਕੇ ਦਾ ਦੌਰਾ ਕਰਨ ਵਿੱਚ ਹੀ ਗੁਜ਼ਾਰੇ ਜਾਂਦੇ ਸਨ ਤੇ ਸਾਰੇ ਜਿਲ੍ਹੇ ਦੀ ਪੁਲੀਸ ਦਿਨ ਰਾਤ ਡਿਊਟੀ ‘ਤੇ ਚੜ੍ਹੀ ਰਹਿੰਦੀ ਸੀ। ਕੋਈ ਕਰਮਾਂ ਵਾਲਾ ਦਿਨ ਹੀ ਹੁੰਦਾ ਸੀ ਜਦੋਂ ਸਾਨੂੰ ਦਫਤਰ ਬੈਠਣ ਦਾ ਮੌਕਾ ਮਿਲਦਾ ਸੀ। ਮੈਨੂੰ ਉਥੇ ਲੱਗੇ ਨੂੰ ਅਜੇ ਦੋ ਕੁ ਹਫਤੇ ਹੀ ਹੋਏ ਸਨ ਕਿ 24-25 ਸਾਲ ਦਾ ਕੁਲਦੀਪ (ਕਾਲਪਨਿਕ ਨਾਮ) ਨਾਮਕ ਇੱਕ ਲੜਕਾ ਆਪਣੇ ਦੋਸਤ ਸੰਦੀਪ (ਕਾਲਪਨਿਕ ਨਾਮ) ਸਮੇਤ ਮੈਨੂੰ ਮਿਲਣ ਲਈ ਆ ਗਿਆ। ਜਦੋਂ ਮੈਂ ਕੰਮ ਪੁੱਛਿਆ ਤਾਂ ਉਸ ਨੇ ਮੈਨੂੰ ਆਪਣੀ ਦਰਦ ਕਹਾਣੀ ਕਹਿ ਸੁਣਾਈ। ਉਸ ਨੇ ਦੱਸਿਆ ਕਿ ਚਾਰ ਕੁ ਸਾਲ ਪਹਿਲਾਂ ਉਸ ਦਾ ਵਿਆਹ ਪੂਜਾ ਰਾਣੀ (ਕਾਲਪਨਿਕ ਨਾਮ) ਨਾਲ ਹੋਇਆ ਸੀ। ਛੇ ਕੁ ਮਹੀਨੇ ਤਾਂ ਵਧੀਆ ਲੰਘੇ ਪਰ ਬਾਅਦ ਵਿੱਚ ਪੂਜਾ ਨੇ ਉਸ ਨਾਲ ਲੜਨਾ ਸ਼ੁਰੂ ਕਰ ਦਿੱਤਾ। ਅੱਜ ਤੋਂ ਦੋ ਕੁ ਸਾਲ ਪਹਿਲਾਂ ਪੂਜਾ ਇੱਕ ਰਾਤ ਘਰ ਛੱਡ ਕੇ ਗਾਇਬ ਹੋ ਗਈ। ਉਸ ਨੇ ਜਦੋਂ ਸਹੁਰਿਆਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਉਸ ਨੇ ਹੀ ਪੂਜਾ ਨੂੰ ਮਾਰ ਕੇ ਗਾਇਬ ਕੀਤਾ ਹੈ। ਉਨ੍ਹਾਂ ਨੇ ਕੁਲਦੀਪ ਦੇ ਖਿਲਾਫ ਸਬੰਧਿਤ ਥਾਣੇ ਵਿੱਚ ਇਸ ਸਬੰਧੀ ਦਰਖਾਸਤ ਦੇ ਦਿੱਤੀ। ਅਜੇ ਪੁਲੀਸ ਤਫਤੀਸ਼ ਕਰ ਹੀ ਰਹੀ ਸੀ ਕਿ ਮਹੀਨੇ ਕੁ ਬਾਅਦ ਇੱਕ ਔਰਤ ਦੀ ਗਲੀ ਸੜੀ ਲਾਸ਼ ਉਥੋਂ ਗੁਜ਼ਰਦੀ ਇੱਕ ਨਹਿਰ ਦੇ ਕਿਨਾਰੇ ਝਾੜੀਆਂ ਵਿੱਚ ਪਈ ਮਿਲ ਗਈ। ਜਦੋਂ ਉਸ ਦਾ ਪੂਜਾ ਦਾ ਪਰਿਵਾਰ ਮੌਕੇ ‘ਤੇ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ ਕਿ ਇਹ ਲਾਸ਼ ਪੂਜਾ ਦੀ ਹੀ ਹੈ ਤੇ ਉਸ ਦਾ ਕਤਲ ਕੁਲਦੀਪ ਨੇ ਕੀਤਾ ਹੈ। ਲਾਸ਼ ਪਛਾਣਨ ਯੋਗ ਨਹੀਂ ਸੀ ਪਰ ਪੂਜਾ ਦੇ ਪਿਓ ਦੇ ਬਿਆਨਾਂ ’ਤੇ ਪੁਲੀਸ ਨੇ ਕੁਲਦੀਪ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਪੁਲੀਸ ਨੇ ਉਸ ਕੇਸ ਦੀ ਤਫਤੀਸ਼ ਚੰਗੇ ਢੰਗ ਨਾਲ ਨਾ ਕੀਤੀ ਤੇ ਇਥੋਂ ਤੱਕ ਲਾਸ਼ ਦਾ ਡੀਐੱਨਏ ਟੈਸਟ ਵੀ ਨਾ ਕਰਵਾਇਆ। ਕੱਚਾ-ਪੱਕਾ ਚਲਾਨ ਅਦਾਲਤ ’ਚ ਧੱਕ ਦਿੱਤਾ, ਜਿਸ ਕਾਰਨ ਡੇਢ-ਦੋ ਸਾਲ ਬਾਅਦ ਕੁਲਦੀਪ ਦੀ ਜ਼ਮਾਨਤ ਹੋ ਗਈ। ਪਰ ਕੁਲਦੀਪ ਲਗਾਤਾਰ ਇਹ ਕਹਿੰਦਾ ਰਿਹਾ ਕਿ ਉਹ ਬੇਗੁਨਾਹ ਹੈ, ਸਿਰਫ ਉਸ ਨੂੰ ਫਸਾਉਣ ਖਾਤਰ ਉਸ ਦੇ ਸਹੁਰੇ ਨੇ ਉਸ ਲਾਸ਼ ਦੀ ਪੂਜਾ ਵਜੋਂ ਸ਼ਨਾਖਤ ਕੀਤੀ ਸੀ। ਜਦੋਂ ਮੈਂ ਸਬੰਧਿਤ ਥਾਣੇ ਦੇ ਐੱਸਐੱਚਓ ਨੂੰ ਇਸ ਬਾਬਤ ਪੁੱਛਿਆ ਤਾਂ ਉਸ ਨੇ ਉਹੋ ਪੁਰਾਣੇ ਪੁਲਸੀਆ ਅੰਦਾਜ਼ ਵਿੱਚ ਕਿਹਾ ਕਿ ਜਨਾਬ ਇਹ ਤਾਂ ਐਵੇਂ ਬਕਵਾਸ ਕਰਦਾ ਹੈ। ਕਤਲ ਇਸੇ ਨੇ ਕੀਤਾ ਹੈ, ਜੇ ਪੂਜਾ ਜ਼ਿੰਦਾ ਹੁੰਦੀ ਤਾਂ ਹੁਣ ਤੱਕ ਮਿਲ ਨਾ ਜਾਂਦੀ। ਮੈਂ ਐੱਸਐੱਚਓ ਨੂੰ ਪੁੱਛਿਆ ਕਿ ਤੁਸੀਂ ਪੂਜਾ ਨੂੰ ਲੱਭਣ ਲਈ ਹੁਣ ਤੱਕ ਕੀ ਕੋਸ਼ਿਸ਼ਾਂ ਕੀਤੀਆਂ ਹਨ ਤਾਂ ਉਸ ਨੇ ਕਿਹਾ ਕਿ ਸਰ ਜਦੋਂ ਉਹ ਮਰ ਚੁੱਕੀ ਹੈ ਤਾਂ ਕੋਸ਼ਿਸ਼ ਕੀ ਕਰਨੀ ਸੀ? ਐੱਸਐੱਚਓ ਨਾਲ ਗੱਲ ਕਰਨ ਤੋਂ ਬਾਅਦ ਮੈਂ ਸਮਝ ਗਿਆ ਕਿ ਉਸ ਨੂੰ ਕੁਲਦੀਪ ਦੀ ਮਦਦ ਕਰਨ ਲਈ ਕਹਿਣਾ ਫਜ਼ੂਲ ਹੈ। ਕੁਲਦੀਪ ਦੀ ਸ਼ਰਾਫਤ ਵੇਖ ਕੇ ਮੈਨੂੰ ਲੱਗਣ ਲੱਗ ਪਿਆ ਕਿ ਇਹ ਬੰਦਾ ਬੇਗੁਨਾਹ ਹੈ। ਮੈਂ ਉਸ ਨੂੰ ਸਪੱਸ਼ਟ ਦੱਸ ਦਿੱਤਾ ਕਿ ਥਾਣੇ ਦੀ ਪੁਲੀਸ ਤੈਨੂੰ ਕਾਤਲ ਮੰਨ ਚੁੱਕੀ ਹੈ ਇਸ ਲਈ ਤੈਨੂੰ ਆਪ ਹੀ ਹਿੰਮਤ ਕਰਨੀ ਪੈਣੀ ਹੈ। ਆਪਣੇ ਦੋਸਤਾਂ, ਵਾਕਿਫਕਾਰਾਂ ਤੇ ਰਿਸ਼ਤੇਦਾਰਾਂ ਦੀ ਮਦਦ ਲੈ। ਜਿੱਥੇ ਮੇਰੀ ਜ਼ਰੂਰਤ ਪਵੇ, ਭਾਵੇਂ ਰਾਤ ਦੇ ਬਾਰਾਂ ਵਜੇ ਫੋਨ ਕਰ ਦੇਵੀਂ, ਉਥੇ ਹੀ ਪੁਲੀਸ ਪਾਰਟੀ ਭੇਜ ਦਿਆਂਗਾ। ਮੇਰੀ ਗੱਲ ਸੁਣ ਕੇ ਉਸ ਦਾ ਹੌਸਲਾ ਵਧ ਗਿਆ ਤੇ ਉਹ ਧੰਨਵਾਦ ਕਰ ਕੇ ਚਲਾ ਗਿਆ। ਉਸ ਨੇ ਦੂਰ ਦੂਰ ਤੱਕ ਆਪਣੇ ਯਾਰਾਂ ਦੋਸਤਾਂ, ਵਾਕਿਫਾਂ ਅਤੇ ਰਿਸ਼ਤੇਦਾਰਾਂ ਨੂੰ ਪੂਜਾ ਦੀਆਂ ਫੋਟੋਆਂ ਭੇਜ ਦਿੱਤੀਆਂ। ਉਸ ਦਾ ਇੱਕ ਦੋਸਤ ਟੈਂਪੂ ’ਤੇ ਸਮਾਨ ਢੋਣ ਦਾ ਕੰਮ ਕਰਦਾ ਸੀ। ਉਸ ਨੇ ਕੁਲਦੀਪ ਨੂੰ ਦੱਸਿਆ ਕਿ ਉਹ ਹਿਸਾਰ (ਹਰਿਆਣਾ) ਨੇੜੇ ਇੱਕ ਪਿੰਡ ਹਸਨਪੁਰ (ਕਾਲਪਨਿਕ ਨਾਮ) ਮਾਲ ਲੈ ਕੇ ਗਿਆ ਸੀ ਤਾਂ ਉਸ ਨੇ ਉਥੇ ਇੱਕ ਘਰ ਦੇ ਬਾਹਰ ਬਿਲਕੁਲ ਪੂਜਾ ਵਰਗੀ ਔਰਤ ਖੜ੍ਹੀ ਵੇਖੀ ਸੀ। ਕੁਲਦੀਪ ਫਟਾਫਟ ਮੇਰੇ ਕੋਲ ਆਇਆ ਤਾਂ ਮੈਂ ਉਸ ਨੂੰ ਸਮਝਾਇਆ ਕਿ ਉਹ ਪਹਿਲਾਂ ਆਪ ਪੱਕਾ ਕਰ ਲਵੇ ਕਿ ਉਹ ਔਰਤ ਪੂਜਾ ਹੀ ਹੈ। ਕੁਲਦੀਪ ਦਾ ਦੋਸਤ ਸੰਦੀਪ ਪੂਜਾ ਨੂੰ ਚੰਗੀ ਤਰਾਂ ਪਛਾਣਦਾ ਸੀ। ਉਸ ਨੇ ਭੇਸ ਬਦਲ ਲਿਆ ਤੇ ਹਸਨਪੁਰ ਵਿੱਚ ਰੇਹੜੀ ਰਾਹੀਂ ਸਬਜ਼ੀ ਆਦਿ ਵੇਚਣ ਲੱਗ ਪਿਆ। ਦਸ ਕੁ ਦਿਨਾਂ ਬਾਅਦ ਉਸ ਦੀ ਮਿਹਨਤ ਰੰਗ ਲਿਆਈ ਤੇ ਪੂਜਾ ਉਸ ਦੀ ਰੇਹੜੀ ’ਤੇ ਸਬਜ਼ੀ ਖਰੀਦਣ ਲਈ ਘਰੋਂ ਬਾਹਰ ਆ ਗਈ। ਪੂਜਾ ਨੇ ਸੰਦੀਪ ਨੂੰ ਨਾ ਪਛਾਣਿਆ ਤੇ ਕੁਲਦੀਪ ਨੇ ਉਸੇ ਵੇਲੇ ਮੈਨੂੰ ਫੋਨ ਕਰ ਦਿੱਤਾ ਤੇ ਅਗਲੇ ਦਿਨ ਮੇਰੇ ਕੋਲ ਪਹੁੰਚ ਗਿਆ। ਕੁਲਦੀਪ ਦੀ ਥਾਣੇ ਦੇ ਐੱਸਐੱਚਓ ਨਾਲ ਹੋਈ ਗੱਲਬਾਤ ਤੋਂ ਬਾਅਦ ਮੈਨੂੰ ਉਸ ’ਤੇ ਕੋਈ ਭਰੋਸਾ ਨਹੀਂ ਸੀ। ਇਸ ਕਾਰਨ ਮੈਂ ਆਪਣੇ ਅਧੀਨ ਦੂਜੇ ਥਾਣੇ ਦੇ ਤੇਜ਼ ਤੱਰਾਰ ਐੱਸਐੱਚਓ ਨੂੰ ਕੁਲਦੀਪ ਦੇ ਨਾਲ ਭੇਜ ਦਿੱਤਾ। ਉਨ੍ਹਾਂ ਨੇ ਹਿਸਾਰ ਸਦਰ ਥਾਣੇ ਦੀ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਹਸਨਪੁਰ ਰੇਡ ਕਰ ਦਿੱਤੀ ਤੇ ਪੂਜਾ ਨੂੰ ਫੜ ਲਿਆ। ਪਹਿਲਾਂ ਤਾਂ ਘਰ ਵਾਲਿਆਂ ਨੇ ਕੁਝ ਵਿਰੋਧ ਕੀਤਾ ਪਰ ਜਦੋਂ ਉਨ੍ਹਾਂ ਨੂੰ ਕੁਲਦੀਪ ਤੇ ਪੂਜਾ ਦੇ ਵਿਆਹ ਦੀ ਐਲਬਮ ਵਿਖਾਈ ਗਈ ਤਾਂ ਉਹ ਚੁੱਪ ਕਰ ਗਏ। ਵਾਪਸ ਆ ਕੇ ਜਦੋਂ ਪੂਜਾ ਦੇ ਪਰਿਵਾਰ ਨੂੰ ਬੁਲਾਇਆ ਤਾਂ ਉਸ ਦੀ ਮਾਂ ਧਾਹਾਂ ਮਾਰ ਕੇ ਉਸ ਦੇ ਗਲ ਲੱਗ ਕੇ ਰੋਣ ਲੱਗ ਪਈ। ਪਰ ਉਸ ਦਾ ਪਿਓ ਅਜੇ ਵੀ ਨਹੀਂ ਮੰਨ ਰਿਹਾ ਸੀ ਕਿ ਪੂਜਾ ਉਸ ਦੀ ਧੀ ਹੈ। ਜਦੋਂ ਰਿਸ਼ਤੇਦਾਰਾਂ ਨੇ ਲਾਹਣਤਾਂ ਪਾਈਆਂ ਤਾਂ ਉਸ ਦੀ ਸੁਰਤ ਟਿਕਾਣੇ ਆ ਗਈ। ਅਸਲ ’ਚ ਪੂਜਾ ਬਚਪਨ ਤੋਂ ਹੀ ਝਗੜਾਲੂ ਸੁਭਾਅ ਦੀ ਸੀ। ਕੁਲਦੀਪ ਬੱਚਾ ਚਾਹੁੰਦਾ ਸੀ ਪਰ ਪੂਜਾ ਇਸ ਦੇ ਖ਼ਿਲਾਫ਼ ਸੀ। ਉਸ ਨੇ ਇੱਕ ਵਾਰ ਕੁਲਦੀਪ ਨੂੰ ਦੱਸੇ ਬਗੈਰ ਦੋ ਕੁ ਮਹੀਨੇ ਦਾ ਗਰਭ ਗਿਰਾ ਦਿੱਤਾ, ਜਿਸ ਕਾਰਨ ਘਰ ’ਚ ਝਗੜਾ ਵਧ ਗਿਆ ਸੀ। ਐਨੇ ਨੂੰ ਉਹ ਸੋਸ਼ਲ ਮੀਡੀਆ ਰਾਹੀਂ ਹਸਨਪੁਰ ਵਾਲੇ ਵਿਅਕਤੀ ਦੇ ਇਸ਼ਕ ਵਿੱਚ ਪੈ ਗਈ ਤੇ ਇੱਕ ਰਾਤ ਉਸ ਨਾਲ ਫਰਾਰ ਹੋ ਗਈ।

ਕਤਲ ਤੋਂ ਬਾਅਦ ਜ਼ਿੰਦਾ ਹੋ ਗਈ ਔਰਤ/ਬਲਰਾਜ ਸਿੰਘ ਸਿੱਧੂ Read More »

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਮਸਜਿਦ ’ਚ ਧਮਾਕੇ ‘ਚ ਪੰਜ ਲੋਕਾਂ ਦੀ ਗਈ ਜਾਨ

ਨੌਸ਼ਿਹਰਾ, 28 ਫਰਵਰੀ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ਹਿਰਾ ਜ਼ਿਲ੍ਹੇ ਦੇ ਅਕੋਰਾ ਖੱਟਕ ਵਿੱਚ ਮਦਰੱਸਾ-ਏ-ਹੱਕਾਨੀਆ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਏ ਇੱਕ ਜ਼ੋਰਦਾਰ ਧਮਾਕੇ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਸ ਹਮਲੇ ਵਿੱਚ ਜਮੀਅਤ ਉਲੇਮਾ ਇਸਲਾਮ (ਸਾਮੀ ਗਰੁੱਪ) ਦੇ ਮੁਖੀ ਹਾਮਿਦੁਲ ਹੱਕ ਹੱਕਾਨੀ ਦੀ ਮੌਤ ਹੋ ਗਈ ਹੈ। ਖੈਬਰ ਪਖਤੂਨਖਵਾ ਦੇ ਮੁੱਖ ਸਕੱਤਰ ਸ਼ਹਾਬ ਅਲੀ ਸ਼ਾਹ ਨੇ ਧਮਾਕੇ ’ਚ ਮਦਰੱਸੇ ਦੇ ਦੇਖਭਾਲ ਕਰਨ ਵਾਲੇ ਅਤੇ ਜਮੀਅਤ ਉਲੇਮਾ-ਏ-ਇਸਲਾਮ (ਸਾਮੀ ਸਮੂਹ) ਦੇ ਮੁਖੀ ਹਾਮਿਦੁਲ ਹੱਕ ਹੱਕਾਨੀ ਦੀ ਮੌਤ ਦੀ ਪੁਸ਼ਟੀ ਕੀਤੀ।

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਮਸਜਿਦ ’ਚ ਧਮਾਕੇ ‘ਚ ਪੰਜ ਲੋਕਾਂ ਦੀ ਗਈ ਜਾਨ Read More »

ਸੁਪਰੀਮ ਕੋਰਟ ਵੱਲੋਂ 19 ਮਾਰਚ ਤੋਂ ਬਾਅਦ ਕੀਤੀ ਜਾਵੇਗੀ ਕਿਸਾਨੀ ਮਸਲਿਆਂ ਦੀ ਸੁਣਵਾਈ

ਨਵੀਂ ਦਿੱਲੀ, 28 ਫਰਵਰੀ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਅੰਦੋਲਨਕਾਰੀ ਕਿਸਾਨਾਂ ਦਰਮਿਆਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਈ ਮੰਗਾਂ ਨੂੰ ਲੈ ਕੇ ਦੋ ਦੌਰ ਦੀ ਗੱਲਬਾਤ ਨੂੰ ਦੇਖਦੇ ਹੋਏ ਸੁਣਵਾਈ ਮੁਲਤਵੀ ਕਰ ਦਿੱਤੀ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ 19 ਮਾਰਚ ਨੂੰ ਤੀਜੇ ਦੌਰ ਦੀ ਗੱਲਬਾਤ ਹੋਵੇਗੀ, ਲਿਹਾਜ਼ਾ ਬੈਂਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਾਉਣ ਬਾਰੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਖਿਲਾਫ਼ ਮਾਣਹਾਨੀ ਦੀ ਕਾਰਵਾਈ ਦੀ ਮੰਗ ਵਾਲੀਆਂ ਪਟੀਸ਼ਨਾਂ ਸਮੇਤ ਹੋਰਨਾਂ ’ਤੇ 19 ਮਾਰਚ ਤੋਂ ਬਾਅਦ ਸੁਣਵਾਈ ਕੀਤੀ ਜਾਵੇਗੀ। ਬੈਂਚ ਨੇ ਅੰਦੋਲਨਕਾਰੀ ਕਿਸਾਨਾਂ ਦੀਆਂ ਸ਼ਿਕਾਇਤਾਂ ਲਈ ਪਲੇਟਫਾਰਮ ਪ੍ਰਦਾਨ ਕਰਨ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਉੱਚ-ਤਾਕਤੀ ਕਮੇਟੀ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਇਸ ਦੀ ਅੰਤਰਿਮ ਰਿਪੋਰਟ ਨੂੰ ਰਿਕਾਰਡ ’ਤੇ ਲਿਆ। ਬੈਂਚ ਨੇ ਰਿਪੋਰਟ ਨੂੰ ਫਿਲਹਾਲ ਆਪਣੇ ਕੋਲ ਰੱਖਦਿਆਂ ਕਮੇਟੀ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਨਵਾਬ ਸਿੰਘ ਅਤੇ ਹੋਰ ਮੈਂਬਰਾਂ ਲਈ ਮਾਣ ਭੱਤਾ ਤੈਅ ਕਰ ਦਿੱਤਾ ਹੈ। ਸਤੰਬਰ 2024 ਵਿੱਚ ਸੁਪਰੀਮ ਕੋਰਟ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਸੁਲਝਾਉਣ ਦੇ ਉਦੇਸ਼ ਨਾਲ ਕਮੇਟੀ ਦਾ ਗਠਨ ਕੀਤਾ ਸੀ।

ਸੁਪਰੀਮ ਕੋਰਟ ਵੱਲੋਂ 19 ਮਾਰਚ ਤੋਂ ਬਾਅਦ ਕੀਤੀ ਜਾਵੇਗੀ ਕਿਸਾਨੀ ਮਸਲਿਆਂ ਦੀ ਸੁਣਵਾਈ Read More »

ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ 200 ਕਰਮੀ ਕੀਤੇ ਜਾਣਗੇ ਤਾਇਨਾਤ

ਨਗਰਕੁਰਨੂਲ, 28 ਫਰਵਰੀ – 22 ਫਰਵਰੀ ਨੂੰ ਨਾਗਰਕੁਰਨੂਲ ਵਿੱਚ ਇੱਕ ਸੁਰੰਗ ਦੇ ਅੰਸ਼ਕ ਤੌਰ ’ਤੇ ਡਿੱਗਣ ਤੋਂ ਬਾਅਦ ਅੱਠ ਮਜ਼ਦੂਰਾਂ ਦੇ ਫਸੇ ਹੋਣ ਕਾਰਨ ਇਥੇ ਰਾਹਤ ਕਾਰਜ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਕੁੱਲ 200 ਜਵਾਨਾਂ ਨੂੰ ਇਸ ਥਾਂ ’ਤੇ ਤਾਇਨਾਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਸਿੰਗਰੇਨੀ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ), ਭਾਰਤੀ ਸੈਨਾ ਅਤੇ ਹੋਰ ਏਜੰਸੀਆਂ ਦੇ ਮਾਈਨਿੰਗ ਮਾਹਿਰਾਂ ਨੂੰ ਸ਼ਾਮਲ ਕਰਨ ਲਈ ਇੱਕ ਸਾਂਝਾ ਯਤਨ ਜਾਰੀ ਹੈ। ਰਾਹਤ ਦਲ ਦੇ ਇੱਕ ਅਧਿਕਾਰੀ ਨੇ ਕਿਹਾ, “ਸ਼ੁਰੂਆਤ ਵਿੱਚ ਅਸੀਂ 20 ਲੋਕਾਂ ਨੂੰ ਤਾਇਨਾਤ ਕੀਤਾ ਸੀ ਅਤੇ ਕੱਲ੍ਹ ਅਤੇ ਅੱਜ ਅਸੀਂ 200 ਕਰਮਚਾਰੀਆਂ ਨੂੰ ਤਾਇਨਾਤ ਕਰਨ ਜਾ ਰਹੇ ਹਾਂ।

ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ 200 ਕਰਮੀ ਕੀਤੇ ਜਾਣਗੇ ਤਾਇਨਾਤ Read More »

2 ਮਾਰਚ ਨੂੰ ਹੋਵੇਗੀ ਬੀਸੀਆਈ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣਾਂ

ਨਵੀਂ ਦਿੱਲੀ, 27 ਫਰਵਰੀ – ਬਾਰ ਕਾਊਂਸਲ ਆਫ਼ ਇੰਡੀਆ (ਬੀਸੀਆਈ) ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦਿਆਂ ਲਈ ਚੋਣਾਂ 2 ਮਾਰਚ ਨੂੰ ਹੋਣਗੀਆਂ। ਇਹ ਜਾਣਕਾਰੀ ਬੀਸੀਆਈ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਨੇ ਦਿੱਤੀ। ਮਿਸ਼ਰਾ ਨੇ ਕਿਹਾ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ 28 ਫਰਵਰੀ ਹੈ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 1 ਮਾਰਚ ਹੈ।

2 ਮਾਰਚ ਨੂੰ ਹੋਵੇਗੀ ਬੀਸੀਆਈ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣਾਂ Read More »

ਵਾਣੀ ਕਪੂਰ ਨੇ ਮਹਿਲਾ ਪੀਜੀਟੀ ‘ਚ ਆਪਣੇ ਨਾਮ ਕੀਤਾ ਚੌਥੇ ਗੇੜ ਦਾ ਖਿਤਾਬ

ਮੁੰਬਈ, 27 ਫਰਵਰੀ – ਇੱਥੇ ਮਹਿਲਾ ਪੇਸ਼ੇਵਰ ਗੋਲਫ ਟੂਰ ਵਿੱਚ ਵਾਣੀ ਕਪੂਰ ਨੇ ਅੰਤਿਮ ਪੜਾਅ ਵਿਚ ਇਕ ਅੰਡਰ 69 ਦੇ ਸਕੋਰ ਨਾਲ ਚੌਥੇ ਗੇੜ ਦਾ ਖਿਤਾਬ ਜਿੱਤ ਲਿਆ ਹੈ। ਵਾਣੀ ਦਾ ਕੁੱਲ ਸਕੋਰ ਇਕ ਓਵਰ 211 ਰਿਹਾ। ਇਹ ਵਾਣੀ ਦੀ 2024 ਸੈਸ਼ਨ ਦੇ 12ਵੇਂ ਗੇੜ ਤੋਂ ਬਾਅਦ ਪਹਿਲੀ ਜਿੱਤ ਹੈ। ਵਾਣੀ ਨੇ 11ਵੇਂ ਤੇ 13ਵੇਂ ਹੋਲ ਵਿਚ ਬਰਡੀ ਕੀਤੀ ਤੇ ਇਸ ਵੇਲੇ ਉਹ ਦੋ ਸਿਖਰਲੇ ਖਿਡਾਰੀਆਂ ਸਾਨਵੀ ਸੋਮੂ ਤੇ ਅਨੁਰਾਧਾ ਚੌਧਰੀ ਤੋਂ ਪਿੱਛੇ ਹੈ। ਦੱਸਣਾ ਬਣਣਾ ਹੈ ਕਿ ਸਾਨਵੀ ਬੀਤੇ ਕੱਲ੍ਹ ਤਕ ਸਿਖਰ ’ਤੇ ਸੀ। ਵਾਣੀ ਨੇ ਇਸ ਤੋਂ ਬਾਅਦ 15ਵੇਂ ਹੋਲ ਵਿਚ ਬਰਡੀ ਕੀਤੀ ਜਦਕਿ ਇਸੀ ਹੋਲ ਵਿਚ ਅਨੁਰਾਧਾ ਨੇ ਬੋਗੀ ਕੀਤੀ ਸੀ। ਇਸ ਤੋਂ ਬਾਅਦ ਅਨੁਰਾਧਾ ਪਿੱਛੇ ਰਹਿ ਗਈ। ਸਾਨਵੀ ਨੇ ਵੀ 15ਵੇਂ, 17ਵੇਂ ਤੇ 18ਵੇਂ ਹੋਲ ਵਿਚ ਬੋਗੀ ਕੀਤੀ।

ਵਾਣੀ ਕਪੂਰ ਨੇ ਮਹਿਲਾ ਪੀਜੀਟੀ ‘ਚ ਆਪਣੇ ਨਾਮ ਕੀਤਾ ਚੌਥੇ ਗੇੜ ਦਾ ਖਿਤਾਬ Read More »

ਮਨੁੱਖੀ ਤਸਕਰੀ ਵਿੱਚ ਸ਼ਾਮਿਲ 24 ਟਰੈਵਲ ਏਜੰਟਾਂ ਵਿਰੁੱਧ ਹੋਈਆਂ ਐਫਆਈਆਰ ਦਰਜ- ਧਾਲੀਵਾਲ

ਪਨਾਮਾ ਵਿੱਚ ਭੇਜੇ ਗਏ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ ਪੰਜਾਬ ਸਰਕਾਰ ਅੰਮ੍ਰਿਤਸਰ, 28 ਫਰਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਟਰੈਵਲ ਏਜੰਟਾਂ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਹੁਣ ਤੱਕ 1274 ਸਥਾਨਾਂ ਉੱਤੇ ਚੈਕਿੰਗ ਕੀਤੀ ਹੈ ਅਤੇ ਇਹਨਾਂ ਵਿੱਚੋਂ 24 ਟਰੈਵਲ ਏਜੰਟਾਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਗਏ ਹਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਉਹਨਾਂ ਦੱਸਿਆ ਕਿ 5 ਫਰਵਰੀ, ਜਿਸ ਦਿਨ ਤੋਂ ਅਮਰੀਕਾ ਨੇ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਪ੍ਰਵਾਸੀ ਭਾਰਤੀਆਂ ਨੂੰ ਵਾਪਸ ਭੇਜਣਾ ਸ਼ੁਰੂ ਕੀਤਾ ਹੈ, ਤੋਂ ਲੈ ਕੇ ਹੁਣ ਤੱਕ ਕੀਤੀ ਗਈ ਇਸ ਕਾਰਵਾਈ ਦੌਰਾਨ 7 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵੱਲੋਂ ਸਾਰੇ ਅਧਿਕਾਰੀਆਂ ਅਤੇ ਪੁਲਿਸ ਨੂੰ ਇਸ ਬਾਬਤ ਸਖਤ ਨਿਰਦੇਸ਼ ਹਨ ਕਿ ਜੋ ਵੀ ਵਿਅਕਤੀ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਪਾਇਆ ਜਾਂਦਾ ਹੈ, ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸ ਧਾਲੀਵਾਲ ਨੇ ਦੱਸਿਆ ਕਿ ਹੁਣ ਤੱਕ ਅਮਰੀਕਾ ਵਿੱਚੋਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 337 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਿਨਾਂ ਵਿੱਚੋਂ 131 ਪੰਜਾਬੀ ਮੂਲ ਦੇ ਹਨ। ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਵਾਇਆ ਪਨਾਮਾ ਕੁਝ ਪ੍ਰਵਾਸੀ ਭਾਰਤੀ ਭਾਰਤ ਪਹੁੰਚੇ ਹਨ ਅਤੇ ਉਹਨਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਹੈ ਕਿ ਪਨਾਮਾ ਵਿੱਚ ਅਮਰੀਕਾ ਵੱਲੋਂ ਭੇਜੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ ਕਿੰਨੇ ਭਾਰਤੀ ਹਨ ? ਕਿੰਨੇ ਪੰਜਾਬੀ ਹਨ? ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਜੇਕਰ ਭਾਰਤ ਸਰਕਾਰ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਲਈ ਸਾਡੀ ਕੋਈ ਮਦਦ ਚਾਹੁੰਦੀ ਹੈ ਤਾਂ ਅਸੀਂ ਦੇਣ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਇਹ ਲੋਕ ਸਾਡੇ ਆਪਣੇ ਹਨ, ਕੋਈ ਅਪਰਾਧੀ ਨਹੀਂ। ਇਹਨਾਂ ਲੋਕਾਂ ਨੂੰ ਠੱਗ ਟਰੈਵਲ ਏਜੰਟਾਂ ਵੱਲੋਂ ਆਪਣੀਆਂ ਗੱਲਾਂ ਰਾਹੀਂ ਉਲਝਾਇਆ ਗਿਆ ਹੈ। ਇਹਨਾਂ ਨੇ ਲੱਖਾਂ ਕਰੋੜਾਂ ਰੁਪਏ ਗਵਾਏ ਹਨ, ਕਈ ਦਿਨਾਂ ਦੇ ਤਸ਼ੱਦਦ ਵੀ ਝੱਲੇ ਹਨ ਅਤੇ ਇਹਨਾਂ ਨਾਲ ਸਾਡੀ ਦਿਲੀ ਹਮਦਰਦੀ ਹੈ। ਕੱਲ ਭਾਜਪਾ ਨੇਤਾ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਇਨਾਂ ਪ੍ਰਵਾਸੀਆਂ ਬਾਰੇ ਦਿੱਤੇ ਬਿਆਨ ਉੱਤੇ ਪ੍ਰਤੀਕਰਮ ਦਿੰਦੇ ਧਾਲੀਵਾਲ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਤਰਜਮਾਨੀ ਕਰਦੇ ਹੋਏ ਭਾਜਪਾ ਦੇ ਢਿੱਡ ਵਾਲੀ ਗੱਲ ਕਰ ਗਏ ਹਨ, ਜਦ ਕਿ ਸਾਡਾ ਮੰਨਣਾ ਹੈ ਕਿ ਅਜਿਹੇ ਕੇਸਾਂ ਵਿੱਚ ਹਮਦਰਦੀ ਨਾਲ ਵਿਚਾਰ ਕਰਨ ਦੀ ਲੋੜ ਹੈ।

ਮਨੁੱਖੀ ਤਸਕਰੀ ਵਿੱਚ ਸ਼ਾਮਿਲ 24 ਟਰੈਵਲ ਏਜੰਟਾਂ ਵਿਰੁੱਧ ਹੋਈਆਂ ਐਫਆਈਆਰ ਦਰਜ- ਧਾਲੀਵਾਲ Read More »

ਪੰਜਾਬ ਸਰਕਾਰ ਵਲੋਂ ਸਕੂਲ ਲਾਇਬ੍ਰੇਰੀਆਂ ਵਾਸਤੇ ਕਿਤਾਬਾਂ ਖਰੀਦਣ ਲਈ 15 ਕਰੋੜ ਰੁਪਏ ਕੀਤੇ ਜਾਰੀ

ਡੀਗੜ੍ਹ, 29 ਫਰਵਰੀ – ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਕਿਤਾਬਾਂ ਖਰੀਦਣ ਵਾਸਤੇ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਦੇ ਹਰੇਕ ਪ੍ਰਾਇਮਰੀ ਸਕੂਲ ਲਈ 5,000 ਰੁਪਏ, ਹਰੇਕ ਮਿਡਲ ਸਕੂਲ ਲਈ 13,000 ਰੁਪਏ ਜਦੋਂਕਿ ਹਰੇਕ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਲਈ 15,000 ਰੁਪਏ ਅਲਾਟ ਕੀਤੇ ਗਏ ਹਨ। ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਹਨਾਂ ਕਿਤਾਬਾਂ ਦੀ ਖਰੀਦ ਲਈ ਸੂਚੀ ਤਿਆਰ ਕਰਨ ਵਾਸਤੇ ਮਾਹਿਰਾਂ ਦੀ ਇੱਕ ਸੂਬਾ ਪੱਧਰੀ ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਅਤੇ ਵੱਖ-ਵੱਖ ਸ਼੍ਰੇਣੀਆਂ ਦੀ ਪੜ੍ਹਨ ਸਮੱਗਰੀ ਪ੍ਰਦਾਨ ਕਰਨ ਲਈ ਕਿਤਾਬਾਂ ਦੀ ਬਾਰੀਕੀ ਨਾਲ ਸਮੀਖਿਆ ਅਤੇ ਚੋਣ ਕਰੇਗੀ ਤਾਂ ਜੋ ਵਿਦਿਆਰਥੀਆਂ ਦੇ ਵਿਦਿਅਕ ਅਤੇ ਬੌਧਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗੀ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਮੇਰਾ ਟੀਚਾ ਪੰਜਾਬ ਨੂੰ ਦੇਸ਼ ਭਰ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਮੋਹਰੀ ਸੂਬਾ ਬਣਾਉਣਾ ਹੈ। ਮੈਂ ਨਿੱਜੀ ਤੌਰ ‘ਤੇ ਸਕੂਲਾਂ ਦਾ ਦੌਰਾ ਕਰ ਰਿਹਾ ਹਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਫੀਡਬੈਕ ਲੈ ਰਿਹਾ ਹਾਂ ਅਤੇ ਉਸ ਜਾਣਕਾਰੀ ਦੀ ਵਰਤੋਂ ਭਵਿੱਖੀ ਨੀਤੀਆਂ ਘੜ੍ਹਨ ਲਈ ਕਰ ਰਿਹਾ ਹਾਂ।” ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਅੰਤਿਮ ਪ੍ਰੀਖਿਆਵਾਂ ਉਪਰੰਤ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ। ਉਨ੍ਹਾਂ ਸਾਹਿਤ, ਸਮਾਜ, ਵਿਰਾਸਤ, ਸੱਭਿਆਚਾਰ ਅਤੇ ਵਿਸ਼ਵ ਬਾਰੇ ਗਿਆਨ ਪ੍ਰਾਪਤ ਕਰਨ ਵਿੱਚ ਕਿਤਾਬਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਕੂਲ ਲਾਇਬ੍ਰੇਰੀਆਂ ਨੂੰ ਆਧੁਨਿਕ ਬਣਾਉਣ ਅਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਮਿਆਰ ਦਾ ਹਾਣੀ ਬਣਾਉਣ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਸਰਕਾਰ ਵਲੋਂ ਸਕੂਲ ਲਾਇਬ੍ਰੇਰੀਆਂ ਵਾਸਤੇ ਕਿਤਾਬਾਂ ਖਰੀਦਣ ਲਈ 15 ਕਰੋੜ ਰੁਪਏ ਕੀਤੇ ਜਾਰੀ Read More »

UGC ਨੇ ਵਿਦਿਆਰਥੀਆਂ ’ਚ ਸਮਾਨਤਾ ਸਬੰਧੀ ਜਾਰੀ ਕੀਤਾ ਖਰੜਾ, ਮੰਗੇ ਸੁਝਾਅ

ਨਵੀਂ ਦਿੱਲੀ, 28 ਫਰਵਰੀ – ਓਡੀਸ਼ਾ ਵਿਚ ਨੇਪਾਲੀ ਵਿਦਿਆਰਥੀਆਂ ਨਾਲ ਭੇਦਭਾਵ ਦੀ ਘਟਨਾ ਮਗਰੋਂ ਸਰਗਰਮ ਹੋਏ ਯੂਜੀਸੀ ਨੇ ਵਿਦਿਆਰਥੀਆਂ ਨਾਲ ਜਾਤ, ਭਾਸ਼ਾ, ਲਿੰਗ, ਖੇਤਰ ਤੇ ਧਰਮ ਆਦਿ ਦੇ ਅਧਾਰ ’ਤੇ ਹੋਣ ਵਾਲੇ ਭੇਦਭਾਵ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਭੇਦਭਾਵ ਦੀਆਂ ਘਟਨਾਵਾਂ ਹੁਣ ਉੱਚ ਸਿੱਖਿਆ ਸੰਸਥਾਵਾਂ ਨੂੰ ਭਾਰੀ ਪੈਣਗੀਆਂ। ਉਨ੍ਹਾਂ ’ਤੇ ਡਿਗਰੀ ਪ੍ਰੋਗਰਾਮਾਂ ਦੇ ਸੰਚਾਲਨ ਸਮੇਤ ਵਿੱਤੀ ਮਦਦ ਤੇ ਯੂਜੀਸੀ ਦੀਆਂ ਯੋਜਨਾਵਾਂ ਆਦਿ ਵਿਚ ਪਾਬੰਦੀ ਲੱਗ ਸਕਦੀ ਹੈ। ਯੂਜੀਸੀ ਨੇ ਭੇਦਭਾਵ ਦੀਆਂ ਘਟਨਾਵਾਂ ਰੋਕਣ ਲਈ ਜਿਹੜਾ ਖਰੜਾ ਜਾਰੀ ਕੀਤਾ ਹੈ, ਉਸ ਵਿਚ ਮੁਲਕ ਦੀਆਂ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਬਰਾਬਰ ਮੌਕੇ ਦੇਣ ਲਈ ਕਿਹਾ ਗਿਆ ਹੈ। ਇਸ ਲਈ ‘ਬਰਾਬਰ ਮੌਕੇ ਕੇਂਦਰ’ ਸਥਾਪਤ ਕਰਨੇ ਪੈਣਗੇ ਤੇ ਸੰਸਥਾ ਦਾ ਮੁਖੀ ਹੀ ਇਸ ਕੇਂਦਰ ਦਾ ਮੁਖੀ ਹੋਵੇਗਾ। ਇਸ ਕੇਂਦਰ ਵਿਚ ਸੰਸਥਾ ਦੇ ਚਾਰ ਸੀਨੀਅਰ ਪ੍ਰੋਫੈਸਰ, ਸਿਵਲ ਸੁਸਾਇਟੀ ਦੇ ਦੋ ਪ੍ਰਤੀਨਿਧੀ, ਵਿਦਿਆਰਥੀਆਂ ਵਿੱਚੋਂ ਦੋ ਪ੍ਰਤੀਨਿਧੀ ਲੈਣੇ ਪੈਣਗੇ। ਕੇਂਦਰ ਨੂੰ ਸੰਚਾਲਤ ਕਰਨ ਵਾਲੀ ਇਸ ਕਮੇਟੀ ਵਿਚ ਇਕ ਇਸਤਰੀ ਮੈਂਬਰ, ਐੱਸਸੀ ਤੇ ਐੱਸਟੀ ਵਰਗ ਤੋਂ ਇਕ-ਇਕ ਪ੍ਰਤੀਨਿਧੀ ਹੋਵੇਗਾ। ਇਸ ਦੇ ਨਾਲ ਹੀ ਹਰੇਕ ਉੱਚ ਸਿੱਖਿਆ ਸੰਸਥਾ ਨੂੰ ‘ਸਮਾਨਤਾ ਦਸਤਾ’ ਗਠਿਤ ਕਰਨਾ ਪਵੇਗਾ ਜੋ ਕਿ ਸੰਸਥਾ ਵਿਚ ਲਗਾਤਾਰ ਘੁੰਮਦਾ-ਫਿਰਦਾ ਰਹੇਗਾ ਤੇ ਭੇਦਭਾਵ ਦੀ ਕਿਸੇ ਤਰ੍ਹਾਂ ਦੀ ਘਟਨਾ ’ਤੇ ਨਜ਼ਰ ਰੱਖੇਗਾ। ਯੂਜੀਸੀ ਨੇ ਖਰੜੇ ਨੂੰ ਲੈ ਕੇ ਵਿਦਿਆਰਥੀਆਂ, ਸਰਪ੍ਰਸਤਾਂ ਤੇ ਸੰਸਥਾਵਾਂ ਨੂੰ ਰਾਏ ਦੇਣ ਲਈ ਕਿਹਾ ਹੈ। ਖਰੜੇ ਮੁਤਾਬਕ ਵਿਦਿਆਰਥੀਆਂ ਵਿਚਾਲੇ ਸਮਾਨਤਾ ਬਣਾਈ ਰੱਖਣ ਲਈ ਸੰਸਥਾ ਦੀ ਹਰੇਕ ਇਕਾਈ, ਵਿਭਾਗ ਤੇ ਹੋਸਟਲ ਤੇ ਲਾਇਬ੍ਰੇਰੀ ਵਿਚ ‘ਸਮਾਨਤਾ ਦੂਤ’ ਤਾਇਨਾਤ ਕੀਤਾ ਜਾਵੇਗਾ। ਭੇਦਭਾਵ ਦੀ ਸ਼ਿਕਾਇਤ ਆਉਣ ’ਤੇ ਸਮਾਨਤਾ ਦਸਤੇ ਕੋਲ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ।

UGC ਨੇ ਵਿਦਿਆਰਥੀਆਂ ’ਚ ਸਮਾਨਤਾ ਸਬੰਧੀ ਜਾਰੀ ਕੀਤਾ ਖਰੜਾ, ਮੰਗੇ ਸੁਝਾਅ Read More »

ਇਹਨਾਂ 9 ਫੂਡਜ਼ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਕੇ ਲੰਬੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹੋ ਕਿਡਨੀ

ਨਵੀਂ ਦਿੱਲੀ, 28 ਫਰਵਰੀ – ਕਿਡਨੀ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ। ਇਹ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ, ਖੂਨ ਨੂੰ ਸਾਫ ਕਰਨ ਅਤੇ ਸਰੀਰ ਵਿੱਚ ਇਲੈਕਟ੍ਰੋਲਾਈਟਸ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਪਰ ਅੱਜਕੱਲ੍ਹ ਦੀਆਂ ਅਣਹੈਲਦੀ ਜੀਵਨਸ਼ੈਲੀ ਕਾਰਨ ਲੋਕ ਅਕਸਰ ਅਜਿਹੇ ਅਣਹੈਲਦੀ ਖਾਣੇ ਖਾਣ ਲੱਗੇ ਹਨ, ਜੋ ਕਿਡਨੀ ਨੂੰ ਨੁਕਸਾਨ ਪਹੁੰਚਾ ਰਹੇ ਹਨ।ਇਸ ਲਈ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸਹੀ ਡਾਈਟ ਫਾਲੋ ਕਰਨਾ ਬਹੁਤ ਜ਼ਰੂਰੀ ਹੈ। ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੀਆਂ ਖੁਰਾਕਾਂ ਬਾਰੇ ਦੱਸਾਂਗੇ, ਜੋ ਕਿਡਨੀ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਸੇਬ ਸੇਬ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟਸ ਦੀ ਵਧੀਆ ਮਾਤਰਾ ਹੁੰਦੀ ਹੈ, ਜੋ ਕਿਡਨੀ ਨੂੰ ਡਿਟਾਕਸ ਕਰਨ ਅਤੇ ਸੋਜ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਹ ਖੂਨ ਦੀ ਸ਼ੱਕਰ ਅਤੇ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ। ਲਾਲ ਸ਼ਿਮਲਾ ਮਿਰਚ ਲਾਲ ਸ਼ਿਮਲਾ ਮਿਰਚ ਵਿੱਚ ਪੋਟੈਸ਼ੀਅਮ ਘੱਟ ਅਤੇ ਵਿਟਾਮਿਨ-ਸੀ ਅਤੇ ਏ ਵੱਧ ਹੁੰਦੇ ਹਨ, ਜੋ ਕਿਡਨੀ ਲਈ ਬਹੁਤ ਫਾਇਦੇਮੰਦ ਹਨ। ਇਹ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ। ਗ੍ਰੀਨ ਟੀ ਆਮ ਤੌਰ ‘ਤੇ ਵਜ਼ਨ ਘਟਾਉਣ ਲਈ ਵਰਤੀ ਜਾਣ ਵਾਲੀ ਗ੍ਰੀਨ ਟੀ ਵੀ ਤੁਹਾਡੀ ਕਿਡਨੀ ਲਈ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟਸ ਕਿਡਨੀ ਲਈ ਸੁਰੱਖਿਆ ਕਵਚ ਦਾ ਕੰਮ ਕਰਦੇ ਹਨ। ਇਹ ਕਿਡਨੀ ਦੀ ਸੋਜ ਨੂੰ ਘਟਾਉਂਦੀ ਹੈ ਅਤੇ ਕਿਡਨੀ ਦੇ ਫੰਕਸ਼ਨ ਨੂੰ ਬਿਹਤਰ ਬਣਾਉਂਦੀ ਹੈ। ਫੁੱਲਗੋਭੀ ਫੁੱਲਗੋਭੀ ਵਿੱਚ ਵਿੱਟਾਮਿਨ-ਸੀ, ਫੋਲੇਟ ਅਤੇ ਫਾਈਬਰ ਪ੍ਰਚੁਰ ਮਾਤਰਾ ਵਿੱਚ ਹੁੰਦੇ ਹਨ, ਜੋ ਕਿਡਨੀ ਤੋਂ ਵਿਸ਼ਾਕਤ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ਅਤੇ ਡਿਟਾਕਸ ਪ੍ਰਕਿਰਿਆ ਵਿੱਚ ਮਦਦਗਾਰ ਹੁੰਦੇ ਹਨ। ਲਸਣ ਲਸਣ ਵਿੱਚ ਸੋਜ ਰੋਧੀ ਗੁਣ ਹੁੰਦੇ ਹਨ, ਜੋ ਕਿਡਨੀ ਨੂੰ ਸਿਹਤਮੰਦ ਰੱਖਦੇ ਹਨ। ਇਹ ਖੂਨ ਦੇ ਦਬਾਅ ਨੂੰ ਨਿਯੰਤਰਿਤ ਕਰਨ ਅਤੇ ਕਿਡਨੀ ਦੇ ਕਾਰਜਾਂ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਹੈ। ਮੱਛੀ ਓਮੈਗਾ-3 ਫੈਟੀ ਐਸਿਡ ਨਾਲ ਭਰਪੂਰ ਮੱਛੀ ਸੋਜ ਘਟਾਉਣ ਅਤੇ ਕਿਡਨੀ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਖਾਸਕਰ ਸੈਲਮਨ ਅਤੇ ਟਿਊਨਾ ਫਾਇਦੇਮੰਦ ਹਨ। ਪਿਆਜ਼ ਐਸਿਲਿਨ ਅਤੇ ਕਵੇਰਸੇਟਿਨ ਵਰਗੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਪਿਆਜ਼ ਵਿੱਚ ਪੋਟੈਸ਼ੀਅਮ ਘੱਟ ਹੁੰਦਾ ਹੈ, ਜੋ ਕਿਡਨੀ ਲਈ ਫਾਇਦੇਮੰਦ ਹੁੰਦਾ ਹੈ। ਇਹ ਪਚਨ ਨੂੰ ਸੁਧਾਰ ਕੇ ਕਿਡਨੀ ‘ਤੇ ਪੈਣ ਵਾਲੇ ਦਬਾਅ ਨੂੰ ਘਟਾਉਂਦਾ ਹੈ। ਤਰਬੂਜ਼ ਤਰਬੂਜ਼ ਕਿਡਨੀ ਨੂੰ ਹਾਈਡਰੇਟਡ ਰੱਖਦਾ ਹੈ ਅਤੇ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਜੈਤੂਨ ਦਾ ਤੇਲ ਜੈਤੂਨ ਦਾ ਤੇਲ ਐਂਟੀਆਕਸੀਡੈਂਟਸ ਅਤੇ ਸਿਹਤਮੰਦ ਚਰਬੀਆਂ ਦਾ ਵਧੀਆ ਸਰੋਤ ਹੈ, ਜੋ ਕਿਡਨੀ ਲਈ ਹਲਕਾ ਹੋਣ ਦੇ ਨਾਲ-ਨਾਲ ਲਾਭਕਾਰੀ ਹੈ।

ਇਹਨਾਂ 9 ਫੂਡਜ਼ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਕੇ ਲੰਬੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹੋ ਕਿਡਨੀ Read More »