February 18, 2025

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁਕਤਸਰ ਸਾਹਿਬ ਦਾ DC ਸਸਪੈਂਡ

ਚੰਡੀਗੜ੍ਹ, 18 ਫਰਵਰੀ – ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਸ਼੍ਰੀ ਮੁਕਤਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਪੰਜਾਬ ਵਿਜ਼ੀਲੈਂਸ ਦੇ ਮੁੱਖੀ ਨੂੰ ਅਹੁਦੇ ਤੋਂ ਹਟਾਇਆ ਸੀ। ਦੋ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ, ਡੀਸੀ, ਐਸਐਸਪੀ ਨੂੰ ਹੁਕਮ ਜਾਰੀ ਕੀਤਾ ਸੀ ਕਿ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸੰਦਰਭ ਵਿੱਚ ਵਿਜੀਲੈਂਸ ਮੁਖੀ ਨੂੰ ਹਟਾਉਣਾ ਇੱਕ ਵੱਡੀ ਕਾਰਵਾਈ ਹੈ। ਇਸ ਦੇ ਨਾਲ ਹੀ, ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਸਖ਼ਤ ਕਾਰਵਾਈਆਂ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਜੀ ਨਾਗੇਸ਼ਵਰ 1995 ਬੈਚ ਦੇ ਆਈਪੀਐਸ ਅਧਿਕਾਰੀ ਹਨ। ਭਾਵੇਂ ਉਹ ਵਰਿੰਦਰ ਕੁਮਾਰ ਤੋਂ ਜੂਨੀਅਰ ਹੈ। ਵਰਿੰਦਰ ਕੁਮਾਰ ਨੂੰ ਵਿਜੀਲੈਂਸ ਮੁਖੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ, ਅਜੇ ਤੱਕ ਕੋਈ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ। ਇਸ ਵੇਲੇ ਉਨ੍ਹਾਂ ਨੂੰ ਡੀਜੀਪੀ ਦਫ਼ਤਰ ਪੰਜਾਬ ਵਿੱਚ ਰਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਕਈ ਘੁਟਾਲਿਆਂ ਦਾ ਪਰਦਾਫ਼ਾਸ਼ ਵਰਿੰਦਰ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਮਈ 2022 ਵਿੱਚ ਵਿਜੀਲੈਂਸ ਬਿਊਰੋ ਵਿੱਚ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦੀ ਅਗਵਾਈ ਹੇਠ ਬਿਊਰੋ ਬਹੁਤ ਵਧੀਆ ਕੰਮ ਕਰ ਰਿਹਾ ਸੀ। ਪਿਛਲੇ ਕਾਂਗਰਸ ਸ਼ਾਸਨ ਦੌਰਾਨ ਹੋਏ ਕਈ ਵੱਡੇ ਘੁਟਾਲਿਆਂ ਦਾ ਪਰਦਾਫਾਸ਼ ਵਿਜੀਲੈਂਸ ਬਿਊਰੋ ਨੇ ਕੀਤਾ ਸੀ। ਉਹ ਟੈਂਡਰ ਘੁਟਾਲਾ, ਉਦਯੋਗਿਕ ਪਲਾਟ ਘੁਟਾਲਾ, ਜੰਗਲ ਘੁਟਾਲੇ ਸਮੇਤ ਕਈ ਮਾਮਲਿਆਂ ਵਿੱਚ ਸ਼ਾਮਲ ਸੀ।

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁਕਤਸਰ ਸਾਹਿਬ ਦਾ DC ਸਸਪੈਂਡ Read More »

ਢੋਲ ਦੇ ਡੱਗੇ ’ਤੇ ਸਾਰੇ ਦੇਸ਼ ਵਿੱਚ ਮਨਾਇਆ ਜਾਵੇਗਾ 21 ਫਰਵਰੀ ਪੰਜਾਬੀ ਮਾਂ ਬੋਲੀ ਦਿਹਾੜਾ – ਪਵਨ ਹਰਚੰਦਪੁਰੀ

ਧੂਰੀ, 18 ਫਰਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਹਰ ਸਾਲ ਦੀ ਤਰਾਂ ਇਸ ਬਾਰ ਵੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਵੱਲੋਂ 21 ਫਰਵਰੀ 2025 ਦਿਨ ਸ਼ੁਕਰਵਾਰ ਨੂੰ ਸ਼ਾਮ ਤਿੰਨ ਵਜੇ ਤੋਂ ਸ਼ਾਮ ਛੇ ਵਜੇ ਤੱਕ ਢੋਲ ਦੇ ਡੱਗੇ ਨਾਲ ਹੱਥਾਂ ਵੱਚ ਬੈਨਰ ਅਤੇ ਹੱਥ ਤਖ਼ਤੀਆਂ ਲੈਕੇ ਦੇਸ਼ ਦੇ ਪਿੰਡਾਂ ਸ਼ਹਿਰਾਂ ਅੰਦਰ ਪੰਜਾਬੀ ਲੇਖਕ ਸਭਾਵਾਂ/ ਸਾਹਿਤ ਸਭਾਵਾਂ ਵੱਲੋਂ ਵਿਸ਼ਾਲ ਚੇਤਨਾ ਮਾਰਚ ਕੱਢਕੇ ਮਨਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਪ੍ਰੈਸ ਬਿਆਨ ਵਿੱਚ ਕੀਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕੇਂਦਰੀ ਸਭਾ ਨਾਲ ਸਬੰਧਤ ਸਾਰੀਆਂ ਸਭਾਵਾਂ ਨੂੰ ਇਸ ਬਾਰੇ ਵਿੱਚ ਸਾਰੇ ਲਿਖਤੀ ਸੰਦੇਸ਼ ਵੀ ਭੇਜ ਦਿੱਤੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਦਫ਼ਤਰ ਸਕੱਤਰਾਂ ਜਗਦੀਸ਼ ਰਾਣਾ ਅਤੇ ਗੁਲ਼ਜ਼ਾਰ ਸਿੰਘ ਸ਼ੌਂਕੀ ਵੱਲੋਂ ਟੈਲੀਫੂਨਾਂ ਰਾਹੀਂ ਨਿੱਜੀ ਸੰਪਰਕ ਵੀ ਕੀਤੇ ਗਏ ਹਨ। ਸਾਰੀਆਂ ਸਾਹਿਤਕ ਸਭਾਵਾਂ ਵੱਲੋਂ ਸਾਰਥਿਕ ਹੁੰਗਾਰਾ ਭਰਦਿਆਂ ਹੁਣੇ ਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਹਰਚੰੰਦਪੁਰੀ ਨੇ ਦੱਸਿਆ ਕਿ ਸਾਰੀਆਂ ਸਾਹਿਤ ਸੰਸਥਾਵਾਂ ਨੂੰ ਇਹ ਵੀ ਕਿਹਾ ਗਿਆ ਕਿ ਇਸ ਵੱਡੇ ਕਾਰਜ ਲਈ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਅਤੇ ਪੰਜਾਬ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਭਰਾਤਰੀ ਸਾਹਿਤਕ ਸਭਾਵਾਂ ਅਤੇ ਜਨਤਕ ਜੱਥੇਬੰਦੀਆਂ ਨਾਲ ਹੁਣੇ ਤੋਂ ਹੀ ਤਾਲਮੇਲ ਕਰ ਲਿਆ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਲਿਖੀ ਨਿੱਜੀ ਚਿੱਠੀ ਅਤੇ ਭੇਜੇ ਮੰਗ ਪੱਤਰ ਜਿਸ ਵਿੱਚ ਬੜੀਆਂ ਮਹੱਤਵਪੂਰਨ ਮੰਗਾਂ ਸ਼ਾਮਲ ਹਨ, ਬਾਰੇ ਦਿੱਤੀ ਗਈ ਕੇਂਦਰੀ ਸਭਾ ਨੂੰ ਮੀਟਿੰਗ ਅਤੇ ਪਹਿਲਾਂ ਕੁੱਝ ਮੰਗਾਂ ਮੰਨੇ ਜਾਣ ਦਾ ਵੀ ਉਹਨਾਂ ਸਵਾਗਤ ਕੀਤਾ ਹੈ। ਮੰਗ ਪੱਤਰ ਵਿੱਚ ਨਰਸਰੀ ਤੋਂ ਉੱਚ ਸਿੱਖਿਆ ਤੱਕ ਪੜ੍ਹਾਈ ਦਾ ਮਾਧਿਅਮ ਪੰਜਾਬੀ ਨੂੰ ਬਣਾਇਆ ਜਾਵੇ, ਭਾਸ਼ਾ ਕਾਨੂੰਨ ਵਿੱਚ ਸੋਧ ਕੀਤੀ ਜਾਵੇ, ਪੰਜਾਬ ਅੰਦਰ ਪੁਸਤਕਾਲਾ ਕਾਨੂੰਨ ਬਣਾ ਕੇ ਪਿੰਡਾਂ ਸ਼ਹਿਰਾਂ ਵਿੱਚ ਪੁਸਤਕਾਲੇ ਖੋਲੇ੍ਹ ਜਾਣ, ਪੰਜਾਬੀ ਲਾਗੂ ਕਰਨ ਲਈ ਸੰਵਿਧਾਨਿਕ ਸ਼ਕਤੀਆਂ ਪ੍ਰਦਾਨ ਕਰਕੇ ਪੰਜਾਬੀ ਟ੍ਰਿਬਊਨਲ ਬਣਾਇਆ ਜਾਵੇ, ਸਰਕਾਰੀ ਅਤੇ ਨਿੱਜੀ ਅਦਾਰਿਆਂ ਅੰਦਰ ਕੰਮ ਸਕੱਤਰੇਤ ਪੱਧਰ ਤੋਂ ਹੀ ਪੰਜਾਬੀ ਵਿੱਚ ਕੀਤਾ ਜਾਵੇ, ਜੋ ਪਬਲਿਕ ਸਕੂਲ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ ਜਾਂ ਲਾਗੂ ਨਹੀਂ ਕਰਦੇ, ਦੀ ਮਾਣਤਾ ਰੱਦ ਕੀਤੀ ਜਾਵੇ, ਸਰਕਾਰੀ ਗੈਰ ਸਰਕਾਰੀ ਅਦਾਰਿਆਂ ਦੇ ਚਿੰਨ੍ਹ ਬੋਰਡ ਤੇ ਘਰਾਂ-ਦਫ਼ਤਰਾਂ ਦੀਆਂ ਤਖ਼ਤੀਆਂ ਪੰਜਾਬੀ ਵਿੱਚ ਲਗਾਈਆਂ ਜਾਣ, ਪੰਜਾਬ ਪਬਲਿਕ ਸਰਵਿਸਜ਼ ਕਮਿਸ਼ਨ ਅੰਦਰ ਪੇਪਰ ਤੇ ਮੁਲਾਕਾਤਾਂ ਪੰਜਾਬੀ ਵਿੱਚ ਹੋਣ,ਵਿਗਆਨ, ਮੈਡੀਕਲ, ਤਕਨੋਲੋਜੀ ਅਤੇ ਕਾਮਰਸ ਦੇ ਸ਼ਬਦਕੋਸ਼ ਤੁਰੰਤ ਪੰਜਾਬੀ ਵਿੱਚ ਤਿਆਰ ਕਰਵਾਏ ਜਾਣ, ਪੰਜਾਬ ਦੇ ਲੇਖਕਾਂ ਨੂੰ ਮੁਫਤ ਬੱਸ ਸਹੂਲਤ ਪ੍ਰਦਾਨ ਕੀਤੀ ਜਾਵੇ, ਘੱਟੋ-ਘੱਟ 100 ਲੇਖਕਾਂ ਨੂੰ ਮਹੀਨਾਵਾਰ ਮਾਣ-ਭੱਤਾ ਦਿੱਤਾ ਜਾਵੇ, ਆਦਿ ਮੰਗਾਂ ਸ਼ਾਮਲ ਹਨ। ਉਨਾਂ ਨੇ ਮੈਗਜ਼ੀਨਾਂ, ਕਿਤਾਬਾਂ ਅਤੇ ਅਖ਼ਬਾਰਾਂ ਤੇ ਡਾਕ ਵਿਭਾਗ ਵੱਲੋਂ ਵਧਾਏ ਖਰਚੇ ਵਾਪਸ ਕਰਵਾਉਣ ਲਈ ਕੇਂਦਰ ਨੂੰ ਪੱਤਰ ਲਿਿਖਆ ਜਾਵੇ ਅਤੇ ਭਾਸ਼ਾ ਵਿਭਾਗ ਦੀਆਂ ਖਾਲੀ ਅਸਾਮੀਆਂ ਵੀ ਤੁਰੰਤ ਭਰੀਆਂ ਜਾਣ।

ਢੋਲ ਦੇ ਡੱਗੇ ’ਤੇ ਸਾਰੇ ਦੇਸ਼ ਵਿੱਚ ਮਨਾਇਆ ਜਾਵੇਗਾ 21 ਫਰਵਰੀ ਪੰਜਾਬੀ ਮਾਂ ਬੋਲੀ ਦਿਹਾੜਾ – ਪਵਨ ਹਰਚੰਦਪੁਰੀ Read More »

ਧਾਮੀ ਮਗਰੋਂ ਕਿਰਪਾਲ ਸਿੰਘ ਬਡੂੰਗਰ ਨੇ ਵੀ ਦਿੱਤਾ ਅਸਤੀਫ਼ਾ

ਪਟਿਆਲਾ, 18 ਫਰਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ। ਬਡੂੰਗਰ ਨੇ ਆਪਣਾ ਅਸਤੀਫਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜ ਦਿੱਤਾ ਹੈ। ਚੇਤਾ ਰਹੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ ਕਰਦਿਆਂ ਇਸ ਉਪਰੋਕਤ ਸੱਤ ਮੈਂਬਰੀ ਕਮੇਟੀ ’ਚੋਂ ਖ਼ੁਦ ਨੂੰ ਲਾਂਭੇ ਕੀਤੇ ਜਾਣ ਦੀ ਮੰਗ ਵੀ ਕੀਤੀ ਸੀ। ਅਕਾਲ ਤਖ਼ਤ ਦੀ ਫ਼ਸੀਲ ਤੋਂ ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਨੂੰ ਪਿਛਲੇ ਸਾਲ 2 ਦਸੰਬਰ ਨੂੰ ਸੁਣਾਈ ਧਾਰਮਿਕ ਸਜ਼ਾ ਮੌਕੇ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਵਿਚ ਨਵੇਂ ਸਿਰੇ ਤੋਂ ਭਰਤੀ ਮੁਹਿੰਮ ਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ।

ਧਾਮੀ ਮਗਰੋਂ ਕਿਰਪਾਲ ਸਿੰਘ ਬਡੂੰਗਰ ਨੇ ਵੀ ਦਿੱਤਾ ਅਸਤੀਫ਼ਾ Read More »

ਅਮਰੀਕਾ ਡੌਂਕੀ ਲਾ ਕੇ ਗਏ ਸਿੱਖ ਨੌਜਵਾਨ ਨੂੰ ਕਤਲ ਕਰਨੇ ਪਏ ਸੀ ਕੇਸ

ਅੰਮ੍ਰਿਤਸਰ, 18 ਫਰਵਰੀ – ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਕੱਲ੍ਹ ਰਾਤ ਇਕ ਹੋਰ ਜਹਾਜ਼ 119 ਭਾਰਤੀਆਂ ਨੂੰ ਛੱਡ ਕੇ ਪਰਤਿਆ ਹੈ। ਸ਼ਨੀਵਾਰ ਨੂੰ 10 ਵਜੇ ਉਡਾਣ ਅੰਮ੍ਰਿਤਸਰ ਹਵਾਈ ਅੱਡੇ ਉਤੇ ਲੈਂਡ ਹੋਣੀ ਸੀ ਪਰ ਇਹ ਨਿਰਧਾਰਤ ਸਮੇਂ ਤੋਂ ਦੇਰੀ ਦੇ ਨਾਲ ਏਅਰਪੋਰਟ ਉਤੇ ਪਹੁੰਚੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਜਹਾਜ਼ ‘ਚ ਆਏ ਭਾਰਤੀਆਂ ਨੂੰ ਰਿਸੀਵ ਕੀਤਾ। ਮਨਦੀਪ ਸਿੰਘ ਵੀ ਉਨ੍ਹਾਂ ਪੰਜਾਬੀਆਂ ਵਿਚੋਂ ਹੀ ਇਕ ਹੈ, ਜਿਸ ਦੇ ਸੁਫ਼ਨੇ ਅਮਰੀਕਾ ਦੀ ਇਸ ਕਾਰਵਾਈ ਕਾਰਨ ਚੂਰ-ਚੂਰ ਹੋ ਗਏ ਹਨ। ਡੌਂਕੀ ਰਾਹੀਂ ਅਮਰੀਕਾ ਪਹੁੰਚਿਆ ਅੰਮ੍ਰਿਤਸਰ ਦਾ ਸਾਬਕਾ ਫ਼ੌਜੀ ਮਨਦੀਪ ਸਿੰਘ ਜਦੋਂ ਅਮਰੀਕਾ ਗਿਆ ਸੀ ਤਾਂ ਉਦੋਂ ਉਹ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ ਸੀ। ਪਰ ਜਦੋਂ ਅਮਰੀਕੀ ਫ਼ੌਜੀ ਜਹਾਜ਼ ਰਾਹੀਂ ਭਾਰਤ ਪਰਤਿਆ ਤਾਂ ਇਸ ਗੱਲ ਨੂੰ ਲੈ ਕੇ ਦੁਖੀ ਸੀ ਕਿ ਅਮਰੀਕਾ ‘ਚ ਡਾਲਰ ਕਮਾਉਣ ਦਾ ਸੁਪਨਾ ਤਾਂ ਟੁੱਟਿਆ ਹੀ, ਨਾਲ ਹੀ ਉਹ ਸਾਬਤ ਸੂਰਤ ਸਿੱਖ ਵੀ ਨਹੀਂ ਰਿਹਾ। ਅਮਰੀਕਾ ਤੋਂ ਡਿਪੋਰਟ ਹੋਏ ਮਨਦੀਪ ਸਿੰਘ ਨੇ ਨਿਊਜ਼18 ਪੰਜਾਬ ਨਾਲ ਗੱਲਬਾਤ ਕਰਦਿਆਂ ਪੂਰੀ ਹੱਡਬੀਤੀ ਸੁਣਾਈ। ਉਸ ਨੇ ਦੱਸਿਆ ਕਿ ਅੰਮ੍ਰਿਤਧਾਰੀ ਹੋ ਕੇ ਵੀ ਉਸ ਨੂੰ ਦਾੜ੍ਹੀ ਤੇ ਕੇਸ ਕਤਲ ਕਰਵਾਉਣੇ ਪਏ।ਜਿਹੜੇ ਹਾਲਾਤਾਂ ‘ਚੋਂ ਮਨਦੀਪ ਸਿੰਘ ਨੂੰ ਲੰਘਣਾ ਪਿਆ, ਉਹ ਨਰਕ ਤੋਂ ਵੀ ਬੱਦਤਰ ਸਨ।

ਅਮਰੀਕਾ ਡੌਂਕੀ ਲਾ ਕੇ ਗਏ ਸਿੱਖ ਨੌਜਵਾਨ ਨੂੰ ਕਤਲ ਕਰਨੇ ਪਏ ਸੀ ਕੇਸ Read More »

ਵਿਆਹ ਤੋਂ ਆ ਰਹੇ ਲੋਕਾਂ ਨੂੰ ਟਰੱਕ ਨੇ ਮਾਰੀ ਟੱਕਰ

ਮੱਧ ਪ੍ਰਦੇਸ਼, 18 ਫਰਵਰੀ – ਮੰਗਲਵਾਰ ਸਵੇਰੇ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਟਰੱਕ ਨੇ ਇਕ ਵੈਨ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਭਿੰਡ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐਸਪੀ) ਅਸਿਤ ਯਾਦਵ ਨੇ ਦਸਿਆ ਕਿ ਇਹ ਘਟਨਾ ਸਵੇਰੇ 5 ਵਜੇ ਜਵਾਹਰਪੁਰਾ ਪਿੰਡ ਨੇੜੇ ਵਾਪਰੀ ਜਦੋਂ ਲੋਕਾਂ ਦਾ ਇਕ ਸਮੂਹ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਕੁਝ ਵਿਅਕਤੀ ਵੈਨ ਵਿਚ ਬੈਠੇ ਸਨ ਅਤੇ ਬਾਕੀ ਸੜਕ ’ਤੇ ਖੜੇ ਸਨ ਜਦੋਂ ਅਚਾਨਕ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਅਤੇ ਗੱਡੀ ਨੂੰ ਟੱਕਰ ਮਾਰ ਦਿਤੀ। ਉਨ੍ਹਾਂ ਦਸਿਆ ਕਿ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਦੋ ਹੋਰਾਂ ਨੇ ਬਾਅਦ ਵਿਚ ਦਮ ਤੋੜ ਦਿਤਾ। ਮ੍ਰਿਤਕਾਂ ਵਿਚ ਤਿੰਨ ਔਰਤਾਂ ਸਮੇਤ 5 ਵਿਅਕਤੀ ਸ਼ਾਮਲ ਹਨ। ਭਿੰਡ ਦੇ ਕੁਲੈਕਟਰ ਸੰਜੀਵ ਸ਼੍ਰੀਵਾਸਤਵ ਨੇ ਦਸਿਆ ਕਿ ਟਰੱਕ ਨੇ ਸ਼ਾਇਦ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਵੈਨ ਨੂੰ ਟੱਕਰ ਮਾਰ ਦਿਤੀ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ’ਚੋਂ 12 ਨੂੰ ਇਲਾਜ ਲਈ ਗਵਾਲੀਅਰ ਰੈਫਰ ਕਰ ਦਿਤਾ ਗਿਆ, ਜਦਕਿ ਬਾਕੀਆਂ ਦਾ ਭਿੰਡ ਜ਼ਿਲ੍ਹਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਵਿਆਹ ਤੋਂ ਆ ਰਹੇ ਲੋਕਾਂ ਨੂੰ ਟਰੱਕ ਨੇ ਮਾਰੀ ਟੱਕਰ Read More »

ਬਿਜਲੀ ਵਿਭਾਗ ‘ਚ 2500 ਲਾਈਨਮੈਨਾਂ ਦੀ ਭਰਤੀ

  ਚੰਡੀਗੜ੍ਹ, 18 ਫਰਵਰੀ – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ 2500 ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਦੀ ਭਰਤੀ ਲਈ ਵਿਸਤ੍ਰਿਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਵਿੱਚ ਕੁੱਲ 2500 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 837 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ। ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 21 ਫਰਵਰੀ 2025 ਤੋਂ ਸ਼ੁਰੂ ਹੋਵੇਗੀ ਅਤੇ ਇੱਛੁਕ ਉਮੀਦਵਾਰ 13 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ। ਵਿਦਿਅਕ ਯੋਗਤਾ ਇਸ ਭਰਤੀ ਲਈ ਵਿਦਿਅਕ ਯੋਗਤਾ ਦੇ ਤਹਿਤ ਉਮੀਦਵਾਰ ਨੇ 10ਵੀਂ ਕਲਾਸ (ਮੈਟ੍ਰਿਕ) ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਲਾਈਨਮੈਨ ਟਰੇਡ ਵਿੱਚ ਆਈਟੀਆਈ (ਐਨਏਸੀ) ਅਪ੍ਰੈਂਟਿਸਸ਼ਿਪ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਉਮੀਦਵਾਰਾਂ ਕੋਲ ਇਲੈਕਟ੍ਰੀਕਲ/ਵਾਇਰਮੈਨ ਵਪਾਰ ਵਿੱਚ ਰਜਿਸਟਰਡ ਫੈਕਟਰੀ, ਕੰਪਨੀ ਜਾਂ ਸੰਸਥਾ ਵਿੱਚ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਉਮੀਦਵਾਰ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ, ਜੋ ਉਸ ਨੇ 10ਵੀਂ ਜਮਾਤ ਜਾਂ ਇਸ ਤੋਂ ਉੱਪਰ ਪੜ੍ਹੀ ਹੋਣੀ ਚਾਹੀਦੀ ਹੈ। ਉਮਰ ਸੀਮਾ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਵੱਧ ਤੋਂ ਵੱਧ ਉਮਰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਉਮਰ ਵਿੱਚ ਛੋਟ ਦਿੱਤੀ ਜਾਵੇਗੀ। ਚੋਣ ਪ੍ਰਕਿਰਿਆ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ ਅਤੇ ਡਾਕਟਰੀ ਜਾਂਚ ਵਿੱਚੋਂ ਲੰਘਣਾ ਹੋਵੇਗਾ ਅਤੇ ਚੁਣੇ ਗਏ ਉਮੀਦਵਾਰਾਂ ਨੂੰ ₹25,500 ਤੋਂ ₹81,100 ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਆਮ, EWS, ਅਤੇ OBC ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 944 ਅਤੇ SC, ST, PH ਸ਼੍ਰੇਣੀ ਦੇ ਉਮੀਦਵਾਰਾਂ ਲਈ 590 ਰੱਖੀ ਗਈ ਹੈ। ਫੀਸ ਦਾ ਭੁਗਤਾਨ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, UPI ਜਾਂ ਹੋਰ ਔਨਲਾਈਨ ਮੋਡਾਂ ਰਾਹੀਂ ਕੀਤਾ ਜਾ ਸਕਦਾ ਹੈ।

ਬਿਜਲੀ ਵਿਭਾਗ ‘ਚ 2500 ਲਾਈਨਮੈਨਾਂ ਦੀ ਭਰਤੀ Read More »

ਸਾਕਾ ਨਨਕਾਣਾ ਸਾਹਿਬ/ਡਾ. ਚਰਨਜੀਤ ਸਿੰਘ ਗੁਮਟਾਲਾ

ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚ ਸਭ ਤੋਂ ਵੱਧ ਮਹੱਤਤਾ ਰੱਖਦਾ ਹੈ।ਰਾਇ ਬੁਲਾਰ ਭੱਟੀ  ਵੱਲੋਂ ਗੁਰਦੁਆਰੇ ਦੇ ਨਾਂ ਲਾਈੇ 19 ਹਜ਼ਾਰ ਏਕੜ ਦੀ ਜਗੀਰ ਤੋਂ 1920-21 ਵਿੱਚ ਇੱਕ ਲੱਖ ਰੁਪਏ ਤੋਂ ਵੱਧ ਜ਼ਮੀਨ ਦਾ ਠੇਕਾ ਆਉਂਦਾ ਸੀ ਤੇ ਲੱਖਾਂ ਰੁਪਏ ਚੜ੍ਹਾਵਾ ਚੜ੍ਹਦਾ ਸੀ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ, ਜੋ ਇਕ ਬਦਮਾਸ਼ ਸ਼ਰਾਬੀ ਤੇ ਤੀਵੀਬਾਜ਼ ਸੀ। ਉਹ ਛੇਤੀ ਹੀ ਮਾਰੂ ਰੋਗ ਦਾ ਸ਼ਿਕਾਰ ਹੋ ਕੇ ਮਰ ਗਿਆ। ਉਸ ਦੀ ਮੌਤ ਪਿੱਛੋਂ ਮਹੰਤ ਨਰਾਇਣ ਦਾਸ ਗੱਦੀ ‘ਤੇ ਬੈਠਿਆ।ਉਹ ਵੀ ਪਹਿਲੇ ਮਹੰਤਾਂ ਦੇ ਕੁਕਰਮੀ ਪੂਰਨਿਆਂ ਉੱਤੇ ਹੀ ਤੁਰਨ ਲੱਗ ਪਿਆ। ਸਭ ਤੋਂ ਮਾੜੀ ਗੱਲ ਇਹ ਹੋਈ ਕਿ  ਜਨਮ ਅਸਥਾਨ ਕੰਜਰੀਆਂ ਦੇ ਨਾਚ ਅੰਦਰ ਕਰਾਏ ਜਾਣ ਲੱਗੇ। 1918 ਈ: ਵਿਚ ਗੁਰਦੁਆਰੇ ਦੇ ਦਰਸ਼ਨਾਂ ਲਈ ਆਏ ਸੇਵਾ ਮੁਕਤ (ਈ.ਏ.ਸੀ.) ਦੀ 13 ਸਾਲ ਦੀ ਪੁੱਤਰੀ ਦੀ ਇਕ ਪੁਜਾਰੀ ਨੇ ਪੱਤ ਲੁੱਟੀ। ਏਸੇ ਸਾਲ ਜੜ੍ਹਾਂਵਾਲਾ (ਲਾਇਲਪੁਰ) ਦੀਆਂ 6 ਬੀਬੀਆਂ ਨੂੰ ਰਾਤ ਨੂੰ ਬੁਰਛੇ ਪੁਜਾਰੀਆਂ ਨੇ ਜ਼ਬਰਦਸਤੀ ਪੱਤ ਲੁੱਟੀ। ਇਸ ਤਰ੍ਹਾਂ ਨਨਕਾਣਾ ਸਾਹਿਬ ਦਰਬਾਰ ਵਿਭਚਾਰ ਦਾ ਅੱਡਾ ਬਣ ਗਿਆ ਸੀ। ਸਿੰਘ ਸਭਾਵਾਂ ਤੇ ਸੰਗਤਾਂ ਨੇ ਸਰਕਾਰ ਨੂੰ ਇਨ੍ਹਾਂ ਹਰਕਤਾਂ ਨੂੰ ਰੋਕਣ ਲਈ ਮਤੇ ਪਾਸ ਕਰਕੇ ਭੇਜੇ। ਅਕਤੂਬਰ 1920 ਦੇ ਸ਼ੁਰੂ ਵਿਚ ਧਾਰੋਵਾਲ ਨਗਰ ਇਕ ਭਰਵੇਂ ਇੱਕਠ ਵਿਚ ਮਤਾ ਪਾਸ ਕਰਕੇ ਮਹੰਤ ਨਰਾਇਣ ਦਾਸ ਨੂੰ ਸੁਧਾਰ ਕਰਨ ਲਈ ਆਖਿਆ ਗਿਆ ਪਰ ਮਹੰਤ ਨੇ ਕਿਸੇ ਦੀ ਨਾ ਮੰਨੀ ।ਉਹ ਸਿੱਖਾਂ ਤੋਂ ਆਕੀ ਹੋ ਗਿਆ ਤੇ ਗੁਰਦੁਆਰਾ ਸੁਧਾਰ ਲਹਿਰ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਕਰਨ ਲੱਗਾ।ਉਸ ਨੇ 400 ਦੇ ਕਰੀਬ  ਦਸ ਨੰਬਰੀਏ ਬਦਮਾਸ਼ ਅਤੇ 28 ਹੋਰ ਪਠਾਣ ਭਰਤੀ ਕਰ ਲਏ ਤੇ ਗੁਰਦੁਆਰੇ ਅੰਦਰ ਛਵ੍ਹੀਆਂ, ਕੁਹਾੜੇ, ਟਕੂਏ ਆਦਿ ਹਥਿਆਰ ਬਨਾਉਣ ਲਈ ਭੱਠੀਆਂ ਚਾਲੂ ਕਰ ਦਿੱਤੀਆਂ। ਉਸ ਨੇ ਗੁਰਦੁਆਰੇ ਦੀ ਪੂਰੀ ਤਰ੍ਹਾਂ ਕਿਲ਼੍ਹਾ ਬੰਦੀ ਕਰ ਲਈ। ਮਹੰਤ ਦੀਆਂ ਕਾਤਲਾਨਾਂ ਯੋਜਨਾਵਾਂ ਦਾ ਅਕਾਲੀਆਂ ਨੂੰ ਪਤਾ ਲੱਗ ਗਿਆ, ਜਿਨ੍ਹਾਂ ਨੇ ਜਥਿਆਂ ਨੂੰ  ਨਨਕਾਣੇ ਜਾਣ ਦਾ ਫੈਸਲਾ ਕੀਤਾ।  ਭਾਈ ਲਛਮਣ ਸਿੰਘ  ਆਪਣੇ ਪਿੰਡੋਂ ਕੁਝ ਅਕਾਲੀ ਹੋਰ ਨਾਲ ਲੈ ਕੇ 19 ਫ਼ਰਵਰੀ 1921 ਦੀ ਡੂੰਘੀ ਸ਼ਾਮ ਹੋਣ ਵੇਲੇ ਤੁਰੇ ।ਰਸਤੇ ਵਿਚ ਹੋਰ ਆਦਮੀ ਸ਼ਾਮਲ ਹੋਣ ਨਾਲ ਜੱਥੇ ਦੀ ਗਿਣਤੀ 150 ਹੋ ਗਈ। 21 ਫਰਵਰੀ ਨੂੰ ਸਵੇਰ ਦੇ  ਕੋਈ ਛੇ ਵਜੇ ਦੇ ਕਰੀਬ ਉਹ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਦਾਖ਼ਲ ਹੋਏ।ਸਿੰਘਾਂ ਦਰਸ਼ਨੀ ਡਿਓੜ੍ਹੀ ਵੜਨ ਤੋਂ ਪਹਿਲੋਂ, ਸਤਕਾਰ ਵਜੋਂ, ਆਪਣੇ ਸੀਸ ਝੁਕਾਏ, ਫੇਰ ‘ਸਤਿ ਸਿਰੀ ਅਕਾਲ’ ਦੇ ਜੈਕਾਰੇ ਬੁਲਾਏੇ ਅਤੇ ਜਾ ਕੇ ਦਰਬਾਰ ਦੇ ਸਾਹਮਣੇ ਮੱਥਾ ਟੇਕ ਕੇ ਬੈਠ ਗਏ। ਭਾਈ ਲਛਮਣ ਸਿੰਘ  ਗੁਰੂ ਗ੍ਰੰਥ ਦੀ ਤਾਬਿਆ ਬੈਠ ਗਏ ਅਤੇ ਸਾਰੇ ਸਿੰਘ ਸ਼ਬਦ ਪੜ੍ਹਨ ਵਿੱਚ ਮਗਨ ਹੋ ਗਏ।ਏਨੇ ਨੂੰ ਗੋਲੀਆਂ ਵਰ੍ਹਨ ਲੱਗ ਪਈਆਂ। ਭਾਈ ਲਛਮਣ ਸਿੰਘ ਜੀ ਗੋਲੀਆਂ ਨਾਲ ਜ਼ਖ਼ਮੀ ਹੋ ਗਏ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵੀ ਗੋਲੀਆਂ ਲੱਗੀਆਂ।ਵਿਹੜੇ ਵਿੱਚ ਕੋਈ ਪੰਝੀ ਛੱਬੀ ਸਿੰਘ ਸ਼ਹੀਦ ਹੋ ਗਏ। ਕੋਈ ਸੱਠ ਕੁ ਸਿੰਘ ਦਰਬਾਰ ਦੇ ਅੰਦਰ ਸ਼ਹੀਦ ਹੋ ਗਏ। ਜਿਹੜਾ ਵੀ ਫੱਟੜ ਜੀਉਂਦਾ ਨਜ਼ਰ ਆਇਆ, ਉਸ ਨੂੰ ਛਵ੍ਹੀਆਂ ਨਾਲ ਕੁਤਰ ਦਿੱਤਾ ਗਿਆ।ਜ਼ਖ਼ਮੀ ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖ਼ਤ ਨਾਲ ਪੁੱਠਾ ਬੰਨ੍ਹਕੇ ਥੱਲੇ ਅੱਗ ਲਾ ਕੇ ਸਾੜ ਦਿੱਤਾ। ਕੁਝ ਸਿੰਘਾਂ ਦਾ ਪਿੱਛਾ  ਸਾਧੂਆਂ ਨੇ ਰੇਲਵੇ ਲਾਈਨਾਂ ਤਕ ਕੀਤਾ ਜਿੱਥੇ ਇਕ ਬੁੱਢਾ ਸਿੱੱਖ ਤੇ ਦੋ ਹੋਰ ਸਿੰਘ ਮਾਰ ਦਿੱਤੇ ਗਏ। ਦੋ ਤਿੰਨ ਸਿੰਘ ਖੇਤਾਂ ਵਿੱਚ ਜਾ ਕੇ ਮਾਰ ਦਿੱਤੇ ਗਏ। ਲੱਕੜਾਂ ਤੇ ਤੇਲ ਏਨੇ ਆਦਮੀਆਂ ਨੂੰ ਸਾੜਨ ਲਈ ਨਾਕਾਫ਼ੀ ਸਨ।ਇਸ ਲਈ ਬਾਜ਼ਾਰੋਂ ਰੇੜ੍ਹੀਆਂ ਤੇ ਲੱਦ ਲੱਦ ਹੋਰ ਬਾਲਣ ਤੇ ਤੇਲ ਮੰਗਵਾਇਆ ਗਿਆ। ਮੁਕੱਦਮੇ ਵਿੱਚ ਕੁਝ ਮੁਲਜ਼ਮਾਂ ਦੇ ਬਿਆਨਾਂ ਤੋਂ ਸਾਬਤ ਹੋ ਗਿਆ ਸੀ ਕਿ ਕਈ ਜੀਉਂਦੇ ਸਿੰਘਾਂ ਨੂੰ ਬਲਦੇ ਮੜ੍ਹ ਵਿੱਚ ਸੁੱਟ ਸੁੱਟ ਸਾੜਿਆ ਗਿਆ।ਜਿਹੜੇ ਗੁਰਦੁਆਰੇ ਤੋਂ ਬਾਹਰ ਕਤਲ ਕੀਤੇ ਗਏ ਸਨ, ਉਨ੍ਹਾਂ ਨੂੰ ਇੱਟਾਂ ਦੇ ਭੱਠੇ ਵਿੱਚ ਸੁੱਟਕੇ ਸਾੜਿਆ ਗਿਆ। ਮਹੰਤ ਦੇ ਗੁੰਡਿਆਂ ਦੇ ਜੋ ਵੀ ਕਾਬੂ  ਆਇਆ ਉਹ ਸਿੰਘ ਨਾ ਬਚ ਸਕਿਆ। ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦਾਂ ਵਿੱਚ ਭਾਈ ਮੰਗਲ ਸਿੰਘ ਜੀ ਕ੍ਰਿਪਾਨ ਬਹਾਦਰ ਅਤੇ ਬਾਬਾ ਦਰਬਾਰਾ ਸਿੰਘ ਜੀ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਵਿਲੱਖਣ ਇਤਿਹਾਸ ਲਿਖ ਦਿੱਤਾ। ਸ਼ਹੀਦੀ ਜਥਾ ਚੱਲਣ ਵਾਲੇ ਦਿਨ ਭਾਈ ਮੰਗਲ ਸਿੰਘ ਜੀ ਦਾ ਵਿਆਹ ਉਪਰੰਤ ਮੁਕਲਾਵਾ ਆਇਆ ਸੀ। ਪਰਿਵਾਰ ਵੱਲੋਂ ਉਨ੍ਹਾਂ ਨੂੰ ਜਥੇ ਵਿੱਚ ਜਾਣ ਤੋਂ ਰੋਕਿਆ ਵੀ ਗਿਆ ਪਰ ਉਨ੍ਹਾਂ ਦੀ ਮਨ-ਬਿਰਤੀ ਤੇ ਉਨ੍ਹਾਂ ਦੇ ਧਰਮ ਪਿਤਾ ਭਾਈ ਲਛਮਣ ਸਿੰਘ ਧਾਰੋਵਾਲੀ ਜੀ ਦਾ ਅਮਿੱਟ ਪ੍ਰਭਾਵ ਸੀ। ਉਨ੍ਹਾਂ ਵੀ ਜਥੇ ਦੇ ਸ਼ਹੀਦਾਂ ਵਿੱਚ ਸ਼ਾਮਲ ਹੋ ਕੇ ਨਿਵੇਕਲਾ ਇਤਿਹਾਸ ਸਿਰਜ ਦਿੱਤਾ।ਬਾਬਾ ਦਰਬਾਰਾ ਸਿੰਘ ਜੀ ਦੀ ਉਮਰ ਕੇਵਲ ਨੌਂ ਸਾਲ ਦੇ ਲਗਭਗ ਸੀ। ਬਾਲ ਉਮਰੇ ਹੀ ਮਾਂ ਦਾ ਇੰਤਕਾਲ ਹੋ ਜਾਣ ਕਾਰਨ ਦਾਦੀ ਜੀ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾ ਕੇ ਬਾਲ-ਉਮਰੇ ਹੀ ਉਸ ਦੇ ਮਨ-ਮਸਤਿਕ ਵਿੱਚ ਸ਼ਹੀਦੀ ਚਾਅ ਪੈਦਾ ਕਰ ਦਿੱਤਾ ਸੀ। ਜਦੋਂ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਅਤੇ ਹੋਰ ਸਿੰਘ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਨਾਂ ਲਿਖਣ ਲਈ ਆਏ ਸਨ ਤਾਂ ਇਸ ਬਾਲਕ ਨੇ ਦ੍ਰਿੜ ਨਿਸ਼ਚੇ ਜ਼ਿਦ ਕਰਕੇ ਆਪਣੇ ਪਿਤਾ ਦੇ ਨਾਲ ਆਪਣਾ ਨਾਂ ਵੀ ਲਿਖਾਇਆ। ਸ਼ਹੀਦੀ ਜਥਾ ਰਵਾਨਾ ਹੋਣ ਸਮੇਂ ਦਾਦੀ ਜੀ ਪਿਤਾ ਜੀ ਅਤੇ ਹੋਰ ਨਜ਼ਦੀਕੀਆਂ ਦੇ ਰੋਕਣ ਦੇ ਬਾਵਜੂਦ ਇਹ ਗੁਰੂ ਦਾ ਲਾਲ ਜਥੇ ਵਿੱਚ ਸ਼ਾਮਲ ਹੋ ਗਿਆ। ਨਨਕਾਣਾ ਸਾਹਿਬ ਪਹੁੰਚ ਕੇ ਬਾਲਕ ਦਰਬਾਰਾ ਸਿੰਘ ਨੂੰ ਚੌਖੰਡੀ ਦੀ ਇੱਕ ਅਲਮਾਰੀ ਵਿੱਚ ਬੰਦ ਕਰ ਦਿੱਤਾ। ਜਦ ਸਾਰੇ ਸਿੰਘ ਸ਼ਹੀਦ ਕਰ ਦਿਤੇ ਗਏ ਤਾਂ ਇਹ ਬੰਦ ਅਲਮਾਰੀ ਵਿੱਚੋਂ ਹੀ ਉੱਚੀ ਉੱਚੀ ਪੁਕਾਰੀ ਜਾਵੇ ਕਿ “ਮੈਂ ਵੀ ਸ਼ਹੀਦ ਹੋਣਾ”। ਪਹਿਲਾਂ ਤਾਂ ਇਹ ਅਵਾਜ਼ਾਂ ਸੁਣ ਕੇ ਚੰਡਾਲ ਡਰ ਗਏ, ਪਰ ਜਦੋਂ ਹੌਂਸਲਾ ਕਰਕੇ ਅਲਮਾਰੀ ਖੋਲ੍ਹੀ ਤਾਂ ਮਾਸੂਮ ਬਾਲਕ ਨੂੰ ਬਾਹਵਾਂ ਅਤੇ ਲੱਤਾਂ ਤੋਂ ਫੜ ਕੇ ਬਲਦੀ ਚਿਖਾ ਵਿੱਚ ਭੁਆ ਕੇ ਸੁੱਟ ਦਿੱਤਾ। ਬਾਲਕ ਦਰਬਾਰਾ ਸਿੰਘ ਆਪਣੇ ਪਿਤਾ ਕਿਹਰ ਸਿੰਘ ਨਾਲ ਹੀ ਸ਼ਹੀਦੀ ਪ੍ਰਾਪਤ ਕਰਕੇ ਸ਼ਹੀਦੀ-ਇਤਿਹਾਸ ਵਿੱਚ ਆਪਣਾ ਨਾਮ ਡਲਕਾਂ ਮਾਰਦੇ ਅੱਖਰਾਂ ਵਿੱਚ ਲਿਖਵਾ ਗਿਆ। ਜਥੇਦਾਰ ਕਰਤਾਰ ਸਿੰਘ ਝੱਬਰ ਜੋ ਕਿ ਤਕਰੀਬਨ 2200 ਅਕਾਲੀਆਂ ਦਾ ਇਕ ਜੱਥਾ ਲੈ ਕੇ ਜਾ ਰਿਹਾ ਸੀ ਨੂੰ 21 ਫਰਵਰੀ 1921 ਨੂੰ ਪਿੰਡ ਖਿਪਵਾੜਾ ਦੇ ਨੇੜੇ ਡਿਪਟੀ ਕਮਿਸ਼ਨਰ ਨੇ ਖ਼ੁਦ ਰੋਕ ਲਿਆ ਤੇ  ਸਲਾਹ ਮਸ਼ਵਰੇ ਪਿੱਛੋਂ ਝੱਬਰ ਨੂੰ ਜਨਮ ਅਸਥਾਨ ਦੀਆਂ ਚਾਬੀਆਂ ਇਸ ਸ਼ਰਤ ‘ਤੇ ਦੇਣ ਲਈ ਰਾਜ਼ੀ ਹੋਇਆ ਕਿ ਅਕਾਲੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਬਣਾ ਦੇਣ ਲਈ ਸਹਿਮਤ ਹੋ ਜਾਣ। ਕੁਝ ਵਿਚਾਰ ਵਟਾਂਦਰੇ ਮਗਰੋਂ ਉਸ ਨੇ ਚਾਬੀਆਂ  7 ਮੈਂਬਰੀ ਕਮੇਟੀ ਹਵਾਲੇ ਕਰ ਦਿਤੀਆਂ। ਨਰਮ ਖ਼ਿਆਲ ਚੀਫ਼ ਖਾਲਸਾ ਦੀਵਾਨ ਦਾ ਆਨਰੇਰੀ ਸਕੱਤਰ ਸ. ਹਰਬੰਸ ਸਿੰਘ ਅਟਾਰੀ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ ।ਅੱਧੀ ਦਰਜਨ ਤੋਂ ਵੱਧ ਗੁਰਦੁਆਰਿਆਂ ਦਾ ਪ੍ਰਬੰਧ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ। 5 ਅਪ੍ਰੈਲ 1921 ਨੂੰ ਮਹੰਤ ਨਰਾਇਣ ਦਾਸ ਤੇ ਉਸ ਦੇ ਸਾਥੀਆਂ ਵਿਰੁਧ ਸੈਸ਼ਨ ਕੋਰਟ ਵਿਚ ਮੁਕੱਦਮਾ ਸ਼ੁਰੂ ਹੋਇਆ।12 ਅਕਤੂਬਰ1921 ਨੂੰ ਅਦਾਲਤ ਨੇ ਨਰਾਇਣ ਦਾਸ ਤੇ 7 ਹੋਰ ਦੋਸ਼ੀਆਂ ਨੂੰ ਫ਼ਾਂਸੀ ,8 ਨੂੰ ਉਮਰ ਕੈਦ ,16 ਨੂੰ

ਸਾਕਾ ਨਨਕਾਣਾ ਸਾਹਿਬ/ਡਾ. ਚਰਨਜੀਤ ਸਿੰਘ ਗੁਮਟਾਲਾ Read More »

ਭਗਦੜ ਦੇ ਅਸਲ ਕਾਰਨ

ਮਹਾਕੁੰਭ ਨੂੰ ਲੈ ਕੇ ਮੋਦੀ ਤੇ ਯੋਗੀ ਸਰਕਾਰਾਂ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈਆਂ ਹਨ। ਤਮਾਮ ਹਾਈਟੈੱਕ ਐਲਾਨਾਂ ਤੇ ਫਾਈਵ ਸਟਾਰ ਪ੍ਰਬੰਧਾਂ ਦੇ ਬਾਵਜੂਦ ਪ੍ਰਯਾਗਰਾਜ ਤੇ ਦਿੱਲੀ ਸਟੇਸ਼ਨ ’ਤੇ ਭਗਦੜ ਮਚਦੀ ਗਈ, ਪਰ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੇ ਨਾਲ-ਨਾਲ ਭਗਤ-ਜਨ ਵੀ ਸਵਾਲਾਂ ਤੋਂ ਪਲਾਇਨ ਨਹੀਂ ਕਰ ਸਕਦੇ। ਨਿਰਸੰਦੇਹ ਦੇਸ਼ ਦੇ ਲੋਕਾਂ ’ਚ ਧਾਰਮਕ ਆਸਥਾ ਬਹੁਤ ਹੈ। ਸਵਾ ਸਦੀ ਦੇ ਬਾਅਦ ਮਹਾਕੁੰਭ ਦੇ ਮੌਕੇ ਦਾ ਆਉਣਾ ਉਨ੍ਹਾਂ ਲਈ ਡੁਬਕੀ ਲਾ ਕੇ ਲੋਕ-ਪਰਲੋਕ ਦੋਵਾਂ ਨੂੰ ਸੁਧਾਰਨ ਵਾਂਗ ਹੈ। ਹੁਕਮਰਾਨਾਂ ਤੇ ਪੂੰਜੀਪਤੀਆਂ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀਆਂ ਤੇ ਸਨਅਤਕਾਰਾਂ ਨੇ ਵੀ ਪ੍ਰਯਾਗਰਾਜ ਦੇ ਤਿ੍ਰਵੈਣੀ ਸੰਗਮ ਵਿੱਚ ਡੁੱਬਕੀਆਂ ਲਾਈਆਂ ਅਤੇ ਪੁੰਨ ਕਮਾ ਕੇ ਸਵਰਗ ਵਿੱਚ ਥਾਂ ਰਿਜ਼ਰਵ ਕਰ ਲਈ। ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਧਰਮਾਂਧਤਾ ਦੀ ਸੁਨਾਮੀ ਲਿਆਉਣ ਵਿੱਚ ਪ੍ਰਚਾਰ-ਤੰਤਰ ਨੇ ਅਰਾਜਕ ਰੋਲ ਅਦਾ ਕੀਤਾ ਹੈ। ਵਿਗਿਆਪਨਾਂ, ਸਰਕਾਰੀ ਐਲਾਨਾਂ ਤੇ ਆਗੂਆਂ ਦੇ ਭਾਸ਼ਣਾਂ ਨੇ ਲੋਕਾਂ ਵਿੱਚ ਧਾਰਮਕ ਸੁਨਾਮੀ ਲਿਆਂਦੀ ਤੇ ਇਸ ਸੁਨਾਮੀ ਨੇ ਮਨੁੱਖ ਦੀ ਚੇਤਨਾ, ਵਿਵੇਕ ਤੇ ਨਾਗਰਿਕ ਜ਼ਿੰਮੇਵਾਰੀ ਨੂੰ ਸੁੰਨ ਕਰ ਦਿੱਤਾ। ਨਤੀਜਾ ਨਿਕਲਿਆ ਭਗਤਾਂ ਦੀਆਂ ਮੌਤਾਂ ’ਚ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਕਰੋੜਾਂ ਭਗਤ ਕਦੇ ਚੰਗੇ ਸਕੂਲਾਂ, ਚੰਗੀ ਸਿੱਖਿਆ, ਵਕਾਰੀ ਨੌਕਰੀ, ਸਾਫ ਪਾਣੀ, ਢੁਕਵੇਂ ਘਰ, ਸਸਤੇ ਇਲਾਜ ਦੀ ਮੰਗ ਕਰਦੇ ਹਨ, ਹੁਕਮਰਾਨਾਂ ਤੋਂ ਇਹ ਪੁੱਛਦੇ ਹਨ ਕਿ ਮਹਿੰਗਾਈ ਕਿਉ ਵਧ ਰਹੀ ਹੈ, ਸਾਗ-ਸਬਜ਼ੀ, ਤੇਲ ਦੇ ਭਾਅ ਘੱਟ ਕਿਉ ਨਹੀਂ ਰਹੇ, ਪੈਟਰੋਲ ਦੇ ਰੇਟ ਕਿਉ ਵਧ ਰਹੇ ਹਨ। ਕੀ ਲੋਕ ਅਜਿਹੇ ਬੁਨਿਆਦੀ ਮੁੱਦਿਆਂ ’ਤੇ ਇਕਜੁੱਟ ਹੋ ਕੇ ਸੜਕਾਂ ’ਤੇ ਉਤਰਦੇ ਹਨ? 80 ਕਰੋੜ ਤੋਂ ਵੱਧ ਲੋਕਾਂ ਨੂੰ ਸਰਕਾਰੀ ਖੈਰਾਤ ’ਤੇ ਹੀ ਕਿਉ ਰੱਖਿਆ ਜਾ ਰਿਹਾ ਹੈ? ਸਾਂਸਦ ਤੇ ਵਿਧਾਇਕ ਪਾਰਟੀਆਂ ਬਦਲ ਕੇ ਉਨ੍ਹਾਂ ਨੂੰ ਧੋਖਾ ਕਿਉ ਦਿੰਦੇ ਹਨ? ਸੱਚਾਈ ਇਹ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਅੰਧ-ਵਿਸ਼ਵਾਸ ਅਤੇ ਹਮਲਾਵਰ ਤੇ ਨਾਕਾਰਾਤਮਕ ਧਾਰਮਿਕਤਾ ਦਾ ਸੈਲਾਬ ਆ ਗਿਆ ਹੈ, ਹਰ ਮਰਜ਼ ਦੀ ਦਵਾ ਧਰਮ ਵਿੱਚ ਲੱਭੀ ਜਾ ਰਹੀ ਹੈ। 2014 ਤੋਂ ਧਰੁਵੀਕਰਨ ਲਈ ਲੂਆਂ ਵੱਖਰੀਆਂ ਚੱਲ ਰਹੀਆਂ ਹਨਹਿੰਦੂਤਵ, ਅਖੰਡ ਭਾਰਤ, ਹਿੰਦੂ ਰਾਸ਼ਟਰ, ਭੀੜਤੰਤਰੀ ਕਤਲ, ਲਵ-ਜਿਹਾਦ, ਸ਼ਮਸ਼ਾਨ-ਕਬਰਿਸਤਾਨ, ਉਨਮਾਦੀ ਗਊ ਰਕਸ਼ਕ, ਬਟੋਗੇ ਤੋ ਕਟੋਗੇ ਆਦਿ ਨਾਲ ਜਿੱਥੇ ਨਫਰਤੀ ਸੰਸਕਿ੍ਰਤੀ ਦਾ ਵਿਸਫੋਟ ਹੋਇਆ ਹੈ, ਉਥੇ ਇਸ ਨੇ ਨਾਕਾਰਾਤਮਕ ਤੇ ਹਮਲਾਵਰ ਧਾਰਮਿਕਤਾ ਨੂੰ ਵੀ ਵਧਾਇਆ ਹੈ। ਕੀ ਆਸਥਾ ਤੇ ਈਸ਼ਵਰ ਤੋਂ ਮਾਰਗ-ਦਰਸ਼ਨ ਲੈ ਕੇ ਅਦਾਲਤੀ ਫੈਸਲਾ ਨਹੀਂ ਹੋਇਆ? ਡੁੱਬਕੀ ਲਾ ਕੇ ਸਵਰਗ-ਮੋਕਸ਼ ਤਲਾਸ਼ਣ ਦੀ ਮਾਨਸਿਕਤਾ ਕਾਰਨ ਹੀ ਪ੍ਰਯਾਗਰਾਜ ਤੇ ਨਵੀਂ ਦਿੱਲੀ ਸਟੇਸ਼ਨ ’ਤੇ ਤ੍ਰਾਸਦੀਆਂ ਵਾਪਰੀਆਂ। ਇਸੇ ਮਾਨਸਿਕਤਾ ਨੇ 6 ਦਸੰਬਰ 1992 ਵਿੱਚ ਬਾਬਰੀ ਮਸਜਿਦ ਢਾਹੁਣ ਲਈ ਪ੍ਰੇਰਤ ਕੀਤਾ ਸੀ। ਤੱਤਕਾਲੀ ਰਾਓ ਸਰਕਾਰ ਚੁੱਪਚਾਪ ਦੇਖਦੀ ਰਹੀ। ਕਰੀਬ ਦੋ ਦਹਾਕੇ ਬਾਅਦ ਮੋਦੀ ਰਾਜ ਵਿਚ ਇਸ ਮਾਨਸਿਕਤਾ ਵਿੱਚ ਹਮਲਾਵਰੀ ਦਾ ਨਵਾਂ ਆਯਾਮ ਜੁੜ ਗਿਆ। ਇਸ ਦਾ ਘਰ-ਘਰ ਫੈਲਾਅ ਹੋਇਆ ਹੈ ਅਤੇ ਔਸਤ ਪਰਵਾਰ ਅਸਹਿਣਸ਼ੀਲਤਾ ਬਨਾਮ ਉਦਾਰਤਾ ਅਤੇ ਅੰਧਵਿਸ਼ਵਾਸ ਬਨਾਮ ਵਿਵੇਕਸ਼ੀਲਤਾ ਵਿੱਚ ਵੰਡਿਆ ਦਿਖਾਈ ਦਿੰਦਾ ਹੈ। ਇਸ ਦਾ ਵੀ ਠੋਸ ਕਾਰਨ ਹੈ। ਛੇਵੇਂ, ਸੱਤਵੇਂ, ਅੱਠਵੇਂ ਤੇ ਨੌਵੇਂ ਦਹਾਕਿਆਂ ਦਾ ਜ਼ਮਾਨਾ ਸਮਾਜੀ, ਕਿਰਤੀ ਤੇ ਸਿਆਸੀ ਅੰਦੋਲਨਾਂ ਤੇ ਸੱਤਿਆਗ੍ਰਹਿਆਂ ਦਾ ਸੀ। ਲੋਕ ਆਪਣੇ ਮੁੱਦਿਆਂ ਦੀ ਭੜਾਸ ਕੱਢਦੇ ਸਨ। ਇਨ੍ਹਾਂ ਅੰਦੋਲਨਾਂ ਦੀ ਅਗਵਾਈ ਖੱਬੇ-ਪੱਖੀ ਤੇ ਸਮਾਜਵਾਦੀ ਆਗੂ ਕਰਦੇ ਸਨ। ਹਰ ਖੇਤਰ ਦੇ ਮਜ਼ਦੂਰ-ਮੁਲਾਜ਼ਮ ਸੰਗਠਨ ਸਰਗਰਮ ਰਹਿੰਦੇ ਸਨ। ਆਮ ਲੋਕਾਂ ਦੀ ਊਰਜਾ ਉਸਾਰੂ ਕੰਮਾਂ ’ਤੇ ਕੇਂਦਰਤ ਰਹਿੰਦੀ ਸੀ। ਬਦਕਿਸਮਤੀ ਨਾਲ ਪਿਛਲੇ ਇੱਕ ਦਹਾਕੇ ਤੋਂ ਲੋਕ ਵਾਪਸ ਨਾਗਰਿਕ ਤੋਂ ਪਰਜਾ ਵਿੱਚ ਬਦਲਦੇ ਜਾ ਰਹੇ ਹਨ। ਇਸ ਕੰਮ ਵਿੱਚ ਨਾਕਾਰਾਤਮਕ ਧਾਰਮਿਕਤਾ ਫੈਸਲਾਕੁੰਨ ਰੋਲ ਨਿਭਾਉਦੀ ਆ ਰਹੀ ਹੈ। ਲੋਕ ‘ਸਰਕਾਰ ਨਿਰਮਤ ਪਰਜੀਵੀ’ ਬਣਦੇ ਜਾ ਰਹੇ ਹਨ। ਇਹੀ ਪਰਜੀਵੀ ਮਾਨਸਿਕਤਾ ਲੋਕਾਂ ਨੂੰ ਸਰਕਾਰ ਅੱਗੇ ਸੱਚ ਬੋਲਣ ਤੇ ਬੁਨਿਆਦੀ ਮੁੱਦੇ ਉਠਾਉਣ ਤੋਂ ਰੋਕਦੀ ਹੈ ਅਤੇ ਭਗਦੜਾਂ ਦੇ ਹਵਾਲੇ ਕਰਦੀ ਹੈ। ਉਨ੍ਹਾਂ ਨੂੰ ਪਰਜਾ ਬਣੇ ਰਹਿਣ ਵਿੱਚ ਮਹਾਨ ਤਸੱਲੀ ਮਿਲਦੀ ਹੈ। ਪਰਮ ਅਨੰਦ ਦਾ ਅਹਿਸਾਸ ਹੁੰਦਾ ਹੈ।

ਭਗਦੜ ਦੇ ਅਸਲ ਕਾਰਨ Read More »

ਨਾਟਕ ਨਾਟਕ ਨਾਟਕ/ਇਲਤੀ ਬਾਬਾ

ਗੁਰਸ਼ਰਨ ਭਾਅ ਜੀ ਦਾ ਨਾਟਕ ਸੀ, ਜਿਸ ਦਾ ਨਾਮ ਹੀ ਨਾਟਕ ਨਾਟਕ ਨਾਟਕ ਸੀ। ਉਹਨਾਂ ਨੇ ਇਸ ਨਾਟਕ ਰਾਹੀਂ ਭਾਰਤੀ ਸਟੇਟ ਦੀਆਂ ਧੱਜੀਆਂ ਉਡਾਈਆਂ ਸਨ। ਹੁਣ ਇੱਕ ਹੋਰ ਨਵਾਂ ਖੁਲਾਸਾ ਹੋਇਆ ਹੈ ਕਿ, ਕੜਾਹ ਛਕਾਉਣ ਦੇ ਨਿਰਮਾਤਾ ਨੇ ਆਪਣੀ ਹੋਂਦ ਬਚਾਉਣ ਲਈ ਨਵਾਂ ਨਾਟਕ ਲਿਖਿਆ ਹੈ। ਇਸ ਦਾ ਨਾਮ ਵੀ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਐ। ਇਸ ਨਾਟਕ ਦੇ ਪਾਤਰ ਤਖਤਾਂ ਦੇ ਜਥੇਦਾਰ, ਕਮੇਟੀ ਸ਼੍ਰੋਮਣੀ ਦੇ ਮੈਂਬਰ, ਅਹੁਦੇਦਾਰ, ਚਾਪਲੂਸ, ਟਰੋਲ ਮੀਡੀਆ, ਗੋਦੀ ਮੀਡੀਆ, ਰਾਗੀ, ਢਾਡੀ ਕਵੀਸ਼ਰ ਤੇ ਕੀਰਤਨੀਏ ਹਨ। ਇਹ ਨਾਟਕ ਹੋਰ ਰੋਜ਼ ਖੇਡਿਆ ਜਾਂਦਾ ਹੈ। ਇਸ ਦੇ ਪਾਤਰ ਓਹੀ ਹਨ। ਸਭ ਆਪੋ ਆਪਣਾ ਕੰਮ ਮੁਕੰਮਲ ਕਰ ਕੇ ਸਟੇਜ ਤੋਂ ਲਾਂਭੇ ਹੋ ਜਾਂਦਾ ਹੈ। ਇਸ ਨਾਟਕ ਦਾ ਇੱਕੋ ਇੱਕ ਮਕਸਦ ਹੈ ਕਿ ਚੰਡੀਗੜ੍ਹ ਦੀ ਕੁਰਸੀ ਨੂੰ ਹੱਥ ਕਿਵੇਂ ਪਾਇਆ ਜਾਵੇ। ਉਹਨਾਂ ਲਈ ਕੋਈ ਧਰਮ, ਧਾਰਮਿਕ ਸੰਸਥਾਵਾਂ, ਰਾਜਨੀਤੀ, ਪੈਸਾ, ਮਰਿਆਦਾ, ਇੱਜ਼ਤ, ਬੇਇੱਜ਼ਤੀ, ਬੇਅਦਬੀ, ਲਾਹ ਪਾਹ, ਲਾਹਨਤਾਂ, ਗਾਲਾਂ ਦੀ ਕੋਈ ਪ੍ਰਵਾਹ ਨਹੀਂ। ਉਹਨਾਂ ਵਲੋਂ ਹਰ ਕਿਸੇ ਨੂੰ ਵਰਤਿਆ ਜਾਂਦਾ ਹੈ ਤੇ ਸੁੱਟਿਆ ਜਾਂਦਾ ਹੈ। ਉਹ ਕਿਸੇ ਵੀ ਧਾਰਮਿਕ ਸੰਸਥਾਵਾਂ ਦਾ ਮੁਖੀ ਹੋਵੇ ਜਾਂ ਕੋਈ ਹੋਰ ਵਿਅਕਤੀ ਹੋਵੇ। ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਮੁੱਖ ਮੰਤਰੀ ਦੀ ਕੁਰਸੀ ਹੈ। ਜਿਵੇਂ ਅਰਜਨ ਨੂੰ ਮੱਛੀ ਦੀ ਅੱਖ ਦਿਖਦੀ ਸੀ, ਉਵੇਂ ਉਸਨੂੰ ਸਿਰਫ਼ ਕੁਰਸੀ ਦਿਖਦੀ ਹੈ। ਉਸ ਦੇ ਆਲੇ ਦੁਆਲੇ ਮੁਫ਼ਤ ਦਾ ਮਾਲ ਛਕਣ ਵਾਲਿਆਂ ਦੀ ਗਿਣਤੀ ਦੀ ਭੀੜ ਹੈ। ਇਹ ਭੀੜ ਵੀ ਦਾਅ ਲਗਾਉਣ ਲਈ ਤਰਲੋ ਮੱਛੀ ਹੋਈ ਹੈ। ਉਹ ਨਿੱਤ ਨਵੀਆਂ ਸਕੀਮਾਂ ਦੱਸਦੀ ਹੈ। ਉਵੇਂ ਜਿਵੇਂ ਗੁਰਸ਼ਰਨ ਭਾਅ ਜੀ ਕਰਦੇ ਸਨ। ਉਹਨਾਂ ਕੋਲ ਦੇ ਔਰਤ ਪਾਤਰ ਨਾ ਵੀ ਹੁੰਦੇ ਤਾਂ ਉਹ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦੇਂਦੇ ਕਿ ਜੇ ਮੈਂ ਇਥੇ ਹੋਵਾਂਗਾ ਤਾਂ ਜੈਲਦਾਰ ਹੋਵਾਂਗਾ ਤੇ ਜੇ ਇਧਰ ਹੋਵਾਂ ਤਾਂ ਬੇਗਮੋ ਦੀ ਧੀ ਮਾਸਟਰਨੀ ਹੋਵਾਂਗਾ। ਉਹਨਾਂ ਦਾ ਮਕਸਦ ਲੋਕਾਂ ਨੂੰ ਆਪਣੀ ਗੱਲ ਕਹਿਣ ਤੇ ਸਮਝਾਉਣ ਦਾ ਤਰੀਕਾ ਹੁੰਦਾ ਸੀ। ਪਰ ਇਸ ਨਾਟਕ ਵਿੱਚ ਮੇਲ, ਫੀਮੇਲ, ਚੀਨੇ ਕਬੂਤਰ, ਬਘਿਆੜ, ਲਗੜ ਬੱਗੇ, ਭੇੜੀਏ, ਗਿੱਦੜ, ਬਿੱਲੇ, ਵਲਟੋਹੀਆਂ, ਵਲਟੋਏ, ਕੜਾਹੇ, ਲੂੰਬੜੀਆਂ, ਲੂੰਬੜ, ਕੀਮੇ, ਬਾਂਟੇ, ਕੌਲੀਆਂ, ਚਮਚੇ, ਕੜਛੀਆਂ ਤੇ ਖੁਰਚਨਿਆਂ ਦੀ ਕੋਈ ਘਾਟ ਨਹੀਂ। ਉਹਨਾਂ ਨੂੰ ਸ਼ਿਕਾਰੀ ਵਾਂਗ ਮੌਕਾ ਦੇਖ ਕੇ ਛੱਡਿਆ ਜਾਂਦਾ ਹੈ। ਉਹਨਾਂ ਨੂੰ ਦਰਸ਼ਕਾਂ ਦੀ ਘਾਟ ਨਹੀਂ। ਸਾਰੀ ਦੁਨੀਆਂ ਦੇ ਪੰਜਾਬੀ ਉਹਨਾਂ ਦੇ ਨਾਟਕਾਂ ਦੇ ਦਰਸ਼ਕ ਹਨ। ਉਹ ਕੜਾਹ ਛਕਣ ਲਈ ਪੱਲਿਉਂ ਪੈਸੇ ਵੀ ਦੇਦੇ ਹਨ, ਤਾਂ ਕਿ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੋਣ। ਨਾਟਕ ਨਾਟਕ ਨਾਟਕ ਨਾਟਕ ਨਾਟਕ ਖੁੱਲ੍ਹ ਗਿਆ ਅਸਤੀਫਿਆਂ ਦਾ ਫ਼ਾਟਕ ਹੁਣ ਨਵਾਂ ਉਡੇਗਾ ਰਾਕਟ ਕਰੇਗਾ ਉਹ ਨਵਾਂ ਨਾਟਕ ਨਾਟਕ ਨਾਟਕ ਨਾਟਕ ਨਾਟਕ ਇਸ ਨਾਟਕ ਦਾ ਉਦੋਂ ਤੱਕ ਅੰਤ ਨਹੀਂ ਹੁੰਦਾ ਜਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ ਥੱਲੇ ਨਹੀਂ ਆਉਂਦੀ। ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ। ਇਲਤੀ ਬਾਬਾ 9464370823

ਨਾਟਕ ਨਾਟਕ ਨਾਟਕ/ਇਲਤੀ ਬਾਬਾ Read More »

ਟੋਰਾਂਟੋ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਕ੍ਰੈਸ਼, 17 ਲੋਕ ਜ਼ਖਮੀ

ਵੈਨਕੂਵਰ, 18 ਫਰਵਰੀ – ਸੋਮਵਾਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਘੱਟੋ-ਘੱਟ 17 ਯਾਤਰੀ ਜ਼ਖਮੀ ਹੋ ਗਏ, ਜਿਸ ਉਪਰੰਤ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਡੈਲਟਾ ਏਅਰ ਲਾਈਨਜ਼ ਨੇ ਇੱਕ ਬਿਆਨ ਵਿੱਚ ਕਿਹਾ, “ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਜ਼ਖਮੀ ਹੋਏ 17 ਸਵਾਰੀਆਂ ਨੂੰ ਖੇਤਰ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਜ਼ਖਮੀਆਂ ਵਿਚੋਂ ਇੱਕ ਬੱਚੇ ਸਮੇਤ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਮਰੀਕਾ ਦੇ ਸ਼ਹਿਰ ਮਿਨੀਆਪੋਲੀਸ (Minneapolis) ਤੋਂ ਆਏ ਜਹਾਜ਼ ਵਿੱਚ ਅਮਲੇ ਦੇ ਚਾਰ ਮੈਂਬਰ ਅਤੇ 76 ਯਾਤਰੀ ਸਵਾਰ ਸਨ। ਦੁਪਹਿਰ ਢਾਈ ਕੁ ਵਜੇ ਵਾਪਰੇ ਹਾਦਸੇ ਤੋਂ ਬਾਅਦ ਹਵਾਈ ਅੱਡਾ ਉਡਾਣਾਂ ਦੇ ਉੱਡਣ ਜਾਂ ਉਤਰਨ ਲਈ ਤਿੰਨ ਘੰਟੇ ਬੰਦ ਰੱਖਣਾ ਪਿਆ ਤਾਂ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਹੋ ਸਕੇ। ਇਸ ਦੌਰਾਨ 100 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਜਿਨ੍ਹਾਂ ਚੋਂ 48 ਵੱਡੇ ਜਹਾਜਾਂ ਨੂੰ ਮੌਟਰੀਅਲ ਅਤੇ ਓਟਵਾ ਹਵਾਈ ਅੱਡਿਆਂ ਵੱਲ ਭੇਜਿਆ ਗਿਆ ਤੇ ਛੋਟੇ ਜਹਾਜਾਂ ਨੂੰ ਲੰਡਨ, ਵਿੰਡਸਰ ਆਦਿ ਨੇੜਲੇ ਹਵਾਈ ਅੱਡਿਆਂ ਤੇ ਉਤਾਰਿਆ ਗਿਆ। ਟਰਾਂਸਪੋਰਟ ਸੇਫਟੀ ਬੋਰਡ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਜਹਾਜ਼ ਵਿਚ ਯਾਤਰਾ ਕਰਨ ਵਾਲਿਆਂ ਵਿਚ 22 ਕੈਨੇਡੀਅਨ ਨਾਗਰਿਕ ਤੇ ਬਾਕੀ ਹੋਰ ਦੇਸ਼ਾਂ ਤੋਂ ਸਨ। ਗ੍ਰੇਟਰ ਟਰਾਂਟੋ ਏਅਰਪੋਰਟ ਦੇ ਮੁੱਖ ਕਾਰਜਕਾਰੀ ਡੈਬੋਰਾ ਫਲਿੰਟ ਨੇ ਹਾਦਸੇ ’ਤੇ ਦੁੱਖ ਪ੍ਰਗਾਟਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ’ਤੇ ਤਸੱਲੀ ਪ੍ਰਗਟਾਈ। ਕੁਝ ਲੋਕਾਂ ਵਲੋਂ ਬਣਾਈ ਮੌਕੇ ਦੀ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਉੱਤਰਦੇ ਸਮੇਂ ਰਨਵੇਅ ਤੋਂ ਤਿਲਕ ਕੇ ਟੇਢਾ ਹੁੰਦਿਆਂ ਪਲਟ ਗਿਆ ਸੀ। ਜਹਾਜ਼ ਦਾ ਪਿੱਛਲਾ ਹਿੱਸਾ ਜਿਆਦਾ ਨੁਕਸਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਵਾਈ ਅੱਡੇ ਦਾ ਬਹੁਤਾ ਖੇਤਰ ਤਿੰਨ ਫੁੱਟ ਤੋਂ ਵੀ ਉੱਚੀ ਬਰਫ ਦੀ ਤਹਿ ਨਾਲ ਢੱਕਿਆ ਹੋਇਆ ਹੈ ਅਤੇ ਅਕਸਰ ਰਨਵੇਅ ਸਮੇਤ ਸੰਚਾਲਨ ਲਈ ਜਰੂਰੀ ਸਥਾਨਾਂ ਦੀ ਹੀ ਸਫਾਈ ਕੀਤੀ ਜਾਂਦੀ ਹੈ। ਇਸ ਹਾਦਸੇ ਦੇ ਪਿੱਛੇ ਬਰਫ ਦੇ ਢੇਰਾਂ ਨੂੰ ਵੀ ਕਥਿਤ ਤੌਰ ’ਤੇ ਕਾਰਨ ਮੰਨਿਆ ਜਾ ਰਿਹਾ ਹੈ।

ਟੋਰਾਂਟੋ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਕ੍ਰੈਸ਼, 17 ਲੋਕ ਜ਼ਖਮੀ Read More »