
ਮਹਾਕੁੰਭ ਨੂੰ ਲੈ ਕੇ ਮੋਦੀ ਤੇ ਯੋਗੀ ਸਰਕਾਰਾਂ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈਆਂ ਹਨ। ਤਮਾਮ ਹਾਈਟੈੱਕ ਐਲਾਨਾਂ ਤੇ ਫਾਈਵ ਸਟਾਰ ਪ੍ਰਬੰਧਾਂ ਦੇ ਬਾਵਜੂਦ ਪ੍ਰਯਾਗਰਾਜ ਤੇ ਦਿੱਲੀ ਸਟੇਸ਼ਨ ’ਤੇ ਭਗਦੜ ਮਚਦੀ ਗਈ, ਪਰ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੇ ਨਾਲ-ਨਾਲ ਭਗਤ-ਜਨ ਵੀ ਸਵਾਲਾਂ ਤੋਂ ਪਲਾਇਨ ਨਹੀਂ ਕਰ ਸਕਦੇ। ਨਿਰਸੰਦੇਹ ਦੇਸ਼ ਦੇ ਲੋਕਾਂ ’ਚ ਧਾਰਮਕ ਆਸਥਾ ਬਹੁਤ ਹੈ। ਸਵਾ ਸਦੀ ਦੇ ਬਾਅਦ ਮਹਾਕੁੰਭ ਦੇ ਮੌਕੇ ਦਾ ਆਉਣਾ ਉਨ੍ਹਾਂ ਲਈ ਡੁਬਕੀ ਲਾ ਕੇ ਲੋਕ-ਪਰਲੋਕ ਦੋਵਾਂ ਨੂੰ ਸੁਧਾਰਨ ਵਾਂਗ ਹੈ। ਹੁਕਮਰਾਨਾਂ ਤੇ ਪੂੰਜੀਪਤੀਆਂ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀਆਂ ਤੇ ਸਨਅਤਕਾਰਾਂ ਨੇ ਵੀ ਪ੍ਰਯਾਗਰਾਜ ਦੇ ਤਿ੍ਰਵੈਣੀ ਸੰਗਮ ਵਿੱਚ ਡੁੱਬਕੀਆਂ ਲਾਈਆਂ ਅਤੇ ਪੁੰਨ ਕਮਾ ਕੇ ਸਵਰਗ ਵਿੱਚ ਥਾਂ ਰਿਜ਼ਰਵ ਕਰ ਲਈ। ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਧਰਮਾਂਧਤਾ ਦੀ ਸੁਨਾਮੀ ਲਿਆਉਣ ਵਿੱਚ ਪ੍ਰਚਾਰ-ਤੰਤਰ ਨੇ ਅਰਾਜਕ ਰੋਲ ਅਦਾ ਕੀਤਾ ਹੈ।
ਵਿਗਿਆਪਨਾਂ, ਸਰਕਾਰੀ ਐਲਾਨਾਂ ਤੇ ਆਗੂਆਂ ਦੇ ਭਾਸ਼ਣਾਂ ਨੇ ਲੋਕਾਂ ਵਿੱਚ ਧਾਰਮਕ ਸੁਨਾਮੀ ਲਿਆਂਦੀ ਤੇ ਇਸ ਸੁਨਾਮੀ ਨੇ ਮਨੁੱਖ ਦੀ ਚੇਤਨਾ, ਵਿਵੇਕ ਤੇ ਨਾਗਰਿਕ ਜ਼ਿੰਮੇਵਾਰੀ ਨੂੰ ਸੁੰਨ ਕਰ ਦਿੱਤਾ। ਨਤੀਜਾ ਨਿਕਲਿਆ ਭਗਤਾਂ ਦੀਆਂ ਮੌਤਾਂ ’ਚ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਕਰੋੜਾਂ ਭਗਤ ਕਦੇ ਚੰਗੇ ਸਕੂਲਾਂ, ਚੰਗੀ ਸਿੱਖਿਆ, ਵਕਾਰੀ ਨੌਕਰੀ, ਸਾਫ ਪਾਣੀ, ਢੁਕਵੇਂ ਘਰ, ਸਸਤੇ ਇਲਾਜ ਦੀ ਮੰਗ ਕਰਦੇ ਹਨ, ਹੁਕਮਰਾਨਾਂ ਤੋਂ ਇਹ ਪੁੱਛਦੇ ਹਨ ਕਿ ਮਹਿੰਗਾਈ ਕਿਉ ਵਧ ਰਹੀ ਹੈ, ਸਾਗ-ਸਬਜ਼ੀ, ਤੇਲ ਦੇ ਭਾਅ ਘੱਟ ਕਿਉ ਨਹੀਂ ਰਹੇ, ਪੈਟਰੋਲ ਦੇ ਰੇਟ ਕਿਉ ਵਧ ਰਹੇ ਹਨ।
ਕੀ ਲੋਕ ਅਜਿਹੇ ਬੁਨਿਆਦੀ ਮੁੱਦਿਆਂ ’ਤੇ ਇਕਜੁੱਟ ਹੋ ਕੇ ਸੜਕਾਂ ’ਤੇ ਉਤਰਦੇ ਹਨ? 80 ਕਰੋੜ ਤੋਂ ਵੱਧ ਲੋਕਾਂ ਨੂੰ ਸਰਕਾਰੀ ਖੈਰਾਤ ’ਤੇ ਹੀ ਕਿਉ ਰੱਖਿਆ ਜਾ ਰਿਹਾ ਹੈ? ਸਾਂਸਦ ਤੇ ਵਿਧਾਇਕ ਪਾਰਟੀਆਂ ਬਦਲ ਕੇ ਉਨ੍ਹਾਂ ਨੂੰ ਧੋਖਾ ਕਿਉ ਦਿੰਦੇ ਹਨ? ਸੱਚਾਈ ਇਹ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਅੰਧ-ਵਿਸ਼ਵਾਸ ਅਤੇ ਹਮਲਾਵਰ ਤੇ ਨਾਕਾਰਾਤਮਕ ਧਾਰਮਿਕਤਾ ਦਾ ਸੈਲਾਬ ਆ ਗਿਆ ਹੈ, ਹਰ ਮਰਜ਼ ਦੀ ਦਵਾ ਧਰਮ ਵਿੱਚ ਲੱਭੀ ਜਾ ਰਹੀ ਹੈ। 2014 ਤੋਂ ਧਰੁਵੀਕਰਨ ਲਈ ਲੂਆਂ ਵੱਖਰੀਆਂ ਚੱਲ ਰਹੀਆਂ ਹਨਹਿੰਦੂਤਵ, ਅਖੰਡ ਭਾਰਤ, ਹਿੰਦੂ ਰਾਸ਼ਟਰ, ਭੀੜਤੰਤਰੀ ਕਤਲ, ਲਵ-ਜਿਹਾਦ, ਸ਼ਮਸ਼ਾਨ-ਕਬਰਿਸਤਾਨ, ਉਨਮਾਦੀ ਗਊ ਰਕਸ਼ਕ, ਬਟੋਗੇ ਤੋ ਕਟੋਗੇ ਆਦਿ ਨਾਲ ਜਿੱਥੇ ਨਫਰਤੀ ਸੰਸਕਿ੍ਰਤੀ ਦਾ ਵਿਸਫੋਟ ਹੋਇਆ ਹੈ, ਉਥੇ ਇਸ ਨੇ ਨਾਕਾਰਾਤਮਕ ਤੇ ਹਮਲਾਵਰ ਧਾਰਮਿਕਤਾ ਨੂੰ ਵੀ ਵਧਾਇਆ ਹੈ। ਕੀ ਆਸਥਾ ਤੇ ਈਸ਼ਵਰ ਤੋਂ ਮਾਰਗ-ਦਰਸ਼ਨ ਲੈ ਕੇ ਅਦਾਲਤੀ ਫੈਸਲਾ ਨਹੀਂ ਹੋਇਆ?
ਡੁੱਬਕੀ ਲਾ ਕੇ ਸਵਰਗ-ਮੋਕਸ਼ ਤਲਾਸ਼ਣ ਦੀ ਮਾਨਸਿਕਤਾ ਕਾਰਨ ਹੀ ਪ੍ਰਯਾਗਰਾਜ ਤੇ ਨਵੀਂ ਦਿੱਲੀ ਸਟੇਸ਼ਨ ’ਤੇ ਤ੍ਰਾਸਦੀਆਂ ਵਾਪਰੀਆਂ। ਇਸੇ ਮਾਨਸਿਕਤਾ ਨੇ 6 ਦਸੰਬਰ 1992 ਵਿੱਚ ਬਾਬਰੀ ਮਸਜਿਦ ਢਾਹੁਣ ਲਈ ਪ੍ਰੇਰਤ ਕੀਤਾ ਸੀ। ਤੱਤਕਾਲੀ ਰਾਓ ਸਰਕਾਰ ਚੁੱਪਚਾਪ ਦੇਖਦੀ ਰਹੀ। ਕਰੀਬ ਦੋ ਦਹਾਕੇ ਬਾਅਦ ਮੋਦੀ ਰਾਜ ਵਿਚ ਇਸ ਮਾਨਸਿਕਤਾ ਵਿੱਚ ਹਮਲਾਵਰੀ ਦਾ ਨਵਾਂ ਆਯਾਮ ਜੁੜ ਗਿਆ।
ਇਸ ਦਾ ਘਰ-ਘਰ ਫੈਲਾਅ ਹੋਇਆ ਹੈ ਅਤੇ ਔਸਤ ਪਰਵਾਰ ਅਸਹਿਣਸ਼ੀਲਤਾ ਬਨਾਮ ਉਦਾਰਤਾ ਅਤੇ ਅੰਧਵਿਸ਼ਵਾਸ ਬਨਾਮ ਵਿਵੇਕਸ਼ੀਲਤਾ ਵਿੱਚ ਵੰਡਿਆ ਦਿਖਾਈ ਦਿੰਦਾ ਹੈ। ਇਸ ਦਾ ਵੀ ਠੋਸ ਕਾਰਨ ਹੈ। ਛੇਵੇਂ, ਸੱਤਵੇਂ, ਅੱਠਵੇਂ ਤੇ ਨੌਵੇਂ ਦਹਾਕਿਆਂ ਦਾ ਜ਼ਮਾਨਾ ਸਮਾਜੀ, ਕਿਰਤੀ ਤੇ ਸਿਆਸੀ ਅੰਦੋਲਨਾਂ ਤੇ ਸੱਤਿਆਗ੍ਰਹਿਆਂ ਦਾ ਸੀ। ਲੋਕ ਆਪਣੇ ਮੁੱਦਿਆਂ ਦੀ ਭੜਾਸ ਕੱਢਦੇ ਸਨ। ਇਨ੍ਹਾਂ ਅੰਦੋਲਨਾਂ ਦੀ ਅਗਵਾਈ ਖੱਬੇ-ਪੱਖੀ ਤੇ ਸਮਾਜਵਾਦੀ ਆਗੂ ਕਰਦੇ ਸਨ। ਹਰ ਖੇਤਰ ਦੇ ਮਜ਼ਦੂਰ-ਮੁਲਾਜ਼ਮ ਸੰਗਠਨ ਸਰਗਰਮ ਰਹਿੰਦੇ ਸਨ।
ਆਮ ਲੋਕਾਂ ਦੀ ਊਰਜਾ ਉਸਾਰੂ ਕੰਮਾਂ ’ਤੇ ਕੇਂਦਰਤ ਰਹਿੰਦੀ ਸੀ। ਬਦਕਿਸਮਤੀ ਨਾਲ ਪਿਛਲੇ ਇੱਕ ਦਹਾਕੇ ਤੋਂ ਲੋਕ ਵਾਪਸ ਨਾਗਰਿਕ ਤੋਂ ਪਰਜਾ ਵਿੱਚ ਬਦਲਦੇ ਜਾ ਰਹੇ ਹਨ। ਇਸ ਕੰਮ ਵਿੱਚ ਨਾਕਾਰਾਤਮਕ ਧਾਰਮਿਕਤਾ ਫੈਸਲਾਕੁੰਨ ਰੋਲ ਨਿਭਾਉਦੀ ਆ ਰਹੀ ਹੈ। ਲੋਕ ‘ਸਰਕਾਰ ਨਿਰਮਤ ਪਰਜੀਵੀ’ ਬਣਦੇ ਜਾ ਰਹੇ ਹਨ। ਇਹੀ ਪਰਜੀਵੀ ਮਾਨਸਿਕਤਾ ਲੋਕਾਂ ਨੂੰ ਸਰਕਾਰ ਅੱਗੇ ਸੱਚ ਬੋਲਣ ਤੇ ਬੁਨਿਆਦੀ ਮੁੱਦੇ ਉਠਾਉਣ ਤੋਂ ਰੋਕਦੀ ਹੈ ਅਤੇ ਭਗਦੜਾਂ ਦੇ ਹਵਾਲੇ ਕਰਦੀ ਹੈ। ਉਨ੍ਹਾਂ ਨੂੰ ਪਰਜਾ ਬਣੇ ਰਹਿਣ ਵਿੱਚ ਮਹਾਨ ਤਸੱਲੀ ਮਿਲਦੀ ਹੈ। ਪਰਮ ਅਨੰਦ ਦਾ ਅਹਿਸਾਸ ਹੁੰਦਾ ਹੈ।