February 4, 2025

ਗੰਗਾ-ਜਮੁਨੀ ਤਹਿਜ਼ੀਬ ਦਾ ਨਜ਼ਾਰਾ

ਕੁੰਭ ਮੇਲੇ ਅੰਦਰ ਭਗਦੜਾਂ ਵਿੱਚ ਕਿੰਨੇ ਲੋਕ ਮਰੇ ਜਾਂ ਸਵਰਗ ਸਿਧਾਰੇ, ਇਸ ਦੀ ਚਿੰਤਾ ਕਿਸੇ ਨੂੰ ਨਹੀਂ। ਇਨ੍ਹਾਂ ਮੌਤਾਂ ਕਾਰਨ ਮਹਾਂਕੁੰਭ ਦੀ ਸ਼ਾਨ ਫਿੱਕੀ ਨਾ ਪਵੇ, ਇਸ ਲਈ ਸ਼ਾਹੀ ਇਸ਼ਨਾਨਾਂ ਮੌਕੇ ਹਵਾਈ ਜਹਾਜ਼ਾਂ ਨਾਲ ਫੁੱਲ ਬਰਸਾਏ ਜਾ ਰਹੇ ਹਨ। ਦੁਨੀਆ ਦੇ ਸਭ ਤੋਂ ਵੱਡੇ ਜੋੜ-ਮੇਲੇ ਦੇ ‘ਬੇਮਿਸਾਲ’ ਪ੍ਰਬੰਧ ਲਈ ਯੋਗੀ ਆਦਿੱਤਿਆਨਾਥ ਦੇ ਕਸੀਦੇ ਪੜ੍ਹੇ ਜਾ ਰਹੇ ਹਨ। ਜਦੋਂ ਭਗਦੜ ਮਚੀ ਤਾਂ ਸਾਰੇ ਸ਼ਰਧਾਲੂ ਵਾਹੋਦਾਹੀ ਸ਼ਹਿਰ ਵੱਲ ਭੱਜੇ। ਸ਼ਹਿਰ ਦੇ ਮੁਸਲਮਾਨ ਬਸ਼ਿੰਦਿਆਂ ਨੇ ਜਿਸ ਤਰ੍ਹਾਂ ਆਪਣੇ ਘਰਾਂ ਦੇ ਦਰਵਾਜ਼ੇ ਇਨ੍ਹਾਂ ਵਕਤ ਦੇ ਮਾਰਿਆਂ ਲਈ ਖੋਲ੍ਹ ਦਿੱਤੇ, ਇਹ ਅਦਭੁੱਤ ਸੀ। ਇਹ ਉਦੋਂ ਵਾਪਰਿਆ, ਜਦੋਂ ਮੇਲੇ ਦੇ ਸ਼ੁਰੂ ਵਿੱਚ ਲਗਾਤਾਰ ਅਜਿਹੇ ਬਿਆਨ ਆ ਰਹੇ ਸਨ ਕਿ ਇਸ ਪਵਿੱਤਰ ਮੇਲੇ ਤੋਂ ਮੁਸਲਮਾਨਾਂ ਨੂੰ ਦੂਰ ਰੱਖਿਆ ਜਾਵੇ। ਪ੍ਰਸ਼ਾਸਨ ਨੇ ਦੁਕਾਨਾਂ ਲਈ ਅਲਾਟਮੈਂਟ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਕਿ ਅਲਾਟੀਆਂ ਵਿੱਚ ਕੋਈ ਮੁਸਲਮਾਨ ਨਹੀਂ ਹੋਣਾ ਚਾਹੀਦਾ। ਮੁਸਲਮਾਨਾਂ ਦੇ ਬਾਈਕਾਟ ਲਈ ਅਖੌਤੀ ਸੰਤਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਜਿਓਤਿਸ਼ਪੀਠ ਦੇ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਨੇ ਤਾਂ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਬਿਆਨ ਦਾਗ ਦਿੱਤਾ, ‘ਮੁਸਲਮਾਨਾਂ ਦੇ ਸਭ ਤੋਂ ਵੱਡੇ ਤੀਰਥ ਸਥਾਨ ਮੱਕਾ ਸ਼ਰੀਫ ਦੇ ਹੱਜ ਮੌਕੇ ਹਿੰਦੂਆਂ ਨੂੰ 40 ਕਿਲੋਮੀਟਰ ਦੂਰ ਰੋਕ ਦਿੱਤਾ ਜਾਂਦਾ ਹੈ। ਉਹ ਇਸ ਲਈ ਕਿ ਇਹ ਸਾਡਾ ਮੁਸਲਮਾਨਾਂ ਦਾ ਤੀਰਥ ਹੈ, ਤੁਹਾਡਾ ਇਥੇ ਕੋਈ ਕੰਮ ਨਹੀਂ ਹੈ। ਤਾਂ ਠੀਕ ਹੈ, ਅਸੀਂ ਕਹਿ ਰਹੇ ਹਾਂ ਕਿ ਇਹ ਸਾਡਾ ਕੁੰਭ ਹੈ, ਤੁਹਾਡਾ ਇੱਥੇ ਕੀ ਕੰਮ, ਇਸ ਵਿੱਚ ਗਲਤ ਕੀ ਹੈ।’ ਉਹ ਇੱਥੇ ਹੀ ਨਹੀਂ ਰੁਕਿਆ, ਉਸ ਨੇ ਅੱਗੇ ਕਿਹਾ, ‘ਮੁਸਲਮਾਨ ਸਾਡਾ ਧਰਮ ਭਿ੍ਰਸ਼ਟ ਕਰਨਾ ਚਾਹੁੰਦੇ ਹਨ, ਸਾਨੂੰ ਅਪਵਿੱਤਰ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਦੇ ਨੇੜੇ ਨਾ ਜਾਣਾ।’ ਸੱਚਾਈ ਇਹ ਹੈ ਕਿ ਅਜਿਹੇ ਬਿਆਨਾਂ ਬਾਅਦ ਸ਼ਹਿਰ ਦੇ ਮੁਸਲਮਾਨ ਆਪਣੇ ਘਰਾਂ ’ਚ ਦੁਬਕੇ ਰਹੇ ਸਨ। ਭਗਦੜ ਤੋਂ ਬਾਅਦ ਇਲਾਹਾਬਾਦ (ਪ੍ਰਯਾਗਰਾਜ) ਵਿੱਚ ਭਾਈਚਾਰੇ ਦੀ ਅਜਿਹੀ ਗੰਗਾ ਵਗੀ, ਜਿਹੜੀ ਨਫ਼ਰਤ ਦੀਆਂ ਸਭ ਦੀਵਾਰਾਂ ਨੂੰ ਰੋੜ੍ਹ ਕੇ ਆਪਣੇ ਨਾਲ ਲੈ ਗਈ। ਉਸ ਰਾਤ ਦੀ ਹਾਲਤ ਬਾਰੇ ਇਲਾਹਾਬਾਦ ਦੇ ਅਜ਼ਾਦ ਪੱਤਰਕਾਰ ਸੁਸ਼ੀਲ ਮਾਨਵ ਦੀ ਰਿਪੋਰਟ ਇਸ ਸਥਿਤੀ ਦਾ ਸਹੀ ਮੁਲਅੰਕਣ ਕਰਦੀ ਹੈ। ‘ਕਹਿੰਦੇ ਹਨ ਕਿ ਜਦੋਂ ਕੋਈ ਗੰਗਾ ਇਸ਼ਨਾਨ ਕਰਕੇ ਘਰ ਆਉਂਦਾ ਹੈ ਤਾਂ ਉਸ ਦੇ ਪੈਰਾਂ ਨਾਲ ਲੱਗ ਕੇ ਗੰਗਾ ਦੀ ਮਿੱਟੀ ਵੀ ਆ ਜਾਂਦੀ ਹੈ, ਘਰ ਦੇ ਉਨ੍ਹਾਂ ਲੋਕਾਂ ਲਈ ਜੋ ਗੰਗਾ ਤੱਕ ਨਹੀਂ ਜਾ ਸਕੇ ਸਨ। ਭਗਦੜ ਦੀ ਰਾਤ ਜਦੋਂ ਸਭ ਸ਼ਰਧਾਲੂ ਸ਼ਹਿਰ ਵੱਲ ਆਏ ਤਾਂ ਸ਼ਹਿਰ ਦੇ ਮੌਲਾਣਿਆਂ ਨੇ ਮਸਜਿਦਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸ ਤਰ੍ਹਾਂ ਜਿਨ੍ਹਾਂ ਮੁਸਲਮਾਨਾਂ ਨੂੰ ਕੁੰਭ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ, ਕੁੰਭ ਖੁਦ ਹੀ ਉਨ੍ਹਾਂ ਦੀਆਂ ਮਸਜਿਦਾਂ ਤੇ ਘਰਾਂ ਵਿੱਚ ਆ ਗਿਆ ਸੀ। ‘ਸ਼ਹਿਰ ਦੇ ਮੁਮਤਾਜ਼ ਮਹਿਲ ਇਲਾਕੇ ਦੇ ਮੁਜ਼ੱਫਰ ਬਾਗੀ ਦੱਸਦੇ ਹਨ ਕਿ ਪੁਲਸ ਨੇ ਸਾਡੀਆਂ ਗਲੀਆਂ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਸੀ। ਸਾਨੂੰ ਘਰਾਂ ’ਚੋਂ ਨਿਕਲਣ ਨਹੀਂ ਦਿੰਦੇ ਸਨ। ਜਦੋਂ ਭਗਦੜ ਮਚੀ ਤਾਂ ਪੁਲਸ ਵਾਲੇ ਭੱਜ ਗਏ। ਮੇਲੇ ’ਚੋਂ ਆਏ ਸ਼ਰਧਾਲੂਆਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਅਸੀਂ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਬਾਗੀ ਸਾਹਿਬ ਅੱਗੇ ਦਸਦੇ ਹਨ, ‘29 ਜਨਵਰੀ ਦੀ ਰਾਤ ਲਾਚਾਰ ਤੇ ਮਜਬੂਰ ਲੋਕ ਏਨੇ ਥੱਕੇ ਹੋਏ ਸਨ ਕਿ ਤੁਰ ਨਹੀਂ ਸਕਦੇ ਸਨ। ਔਰਤਾਂ ਹਾਜਤ ਕਾਰਨ ਬਹੁਤ ਮੁਸੀਬਤ ਵਿੱਚੋਂ ਗੁਜ਼ਰ ਰਹੀਆਂ ਸਨ। ਅਸੀਂ ਦਰਵਾਜ਼ੇ ਖੋਲ੍ਹ ਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਅਸੀਂ ਆਪਣੇ ਕੰਬਲ, ਚਾਦਰਾਂ ਤੇ ਵਿਛੌਣੇ ਦਿੱਤੇ ਤੇ ਖਾਣ-ਪੀਣ ਦਾ ਬੰਦੋਬਸਤ ਕੀਤਾ। ਵਸੀਉਲਾਹ ਸਾਹਿਬ ਦੀ ਮਸਜਿਦ, ਮਨਸੂਰ ਪਾਰਕ, ਜਾਮਾ ਮਸਜਿਦ, ਕਚਹਿਰੀ ਬਜ਼ਾਰ, ਰੌਸ਼ਨ ਬਾਗ ਅਤੇ ਇਨ੍ਹਾਂ ਇਲਾਕਿਆਂ ਦੀਆਂ ਸਭ ਗਲੀਆਂ ਅੰਦਰਲੇ ਘਰਾਂ ਦੇ ਦਰਵਾਜ਼ੇ ਕੁੰਭ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਸਨ। ਉਨ੍ਹਾਂ ਸਾਨੂੰ ਦੁਆਵਾਂ ਦਿੱਤੀਆਂ। ਉਸ ਮੌਕੇ ਉਨ੍ਹਾਂ ਦੀ ਨਜ਼ਰ ਵਿੱਚ ਕੋਈ ਹਿੰਦੂ-ਮੁਸਲਿਮ ਨਹੀਂ ਸੀ। ਇਲਾਹਾਬਾਦ ਦੇ ਰੌਸ਼ਨ ਬਾਗ ਇਲਾਕੇ, ਜੋ ਨਾਗਰਿਕ ਸੋਧ ਕਾਨੂੰਨ ਸਮੇਂ ਸੰਘਰਸ਼ ਦਾ ਗਵਾਹ ਬਣਿਆ ਸੀ, ਨੇ ਉਸ ਰਾਤ ਗੰਗਾ-ਜਮੁਨੀ ਤਹਿਜ਼ੀਬ ਨੂੰ ਰੌਸ਼ਨ ਕੀਤਾ। ਇਲਾਹਾਬਾਦ ਦੀ ਵੱਡੀ ਮਸਜਿਦ ਵਸੀਉਲਾਹ ਮਸਜਿਦ ਦੇ ਇਮਾਮ ਨੇ ਸ਼ਰਧਾਲੂਆਂ ਲਈ ਰੌਸ਼ਨ ਬਾਗ ਵਿੱਚ ਰਹਿਣ ਤੇ ਖਾਣ-ਪੀਣ ਦਾ ਬੰਦੋਬਸਤ ਕੀਤਾ। ਇੱਥੇ 4-5 ਹਜ਼ਾਰ ਸ਼ਰਧਾਲੂ 29 ਤੋਂ 31 ਜਨਵਰੀ ਤੱਕ ਰਹੇ। ਗੌਹਰ ਆਜ਼ਮੀ ਹੁਸੈਨੀ ਇੰਟਰ ਕਾਲਜ ਦੇ ਪ੍ਰਬੰਧਕ ਹਨ। ਉਨ੍ਹਾ ਪੂਰਾ ਕਾਲਜ ਸ਼ਰਧਾਲੂਆਂ ਦੇ ਹਵਾਲੇ ਕਰ ਦਿੱਤਾ ਤੇ ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਇੱਥੇ ਵੀ ਹਜ਼ਾਰਾਂ ਲੋਕਾਂ ਨੇ ਸ਼ਰਨ ਲਈ ਸੀ। ਮੁਹੰਮਦ ਯੂਨਸ ਬਹੁਤ ਵੱਡੀ ਅਨਵਰ ਮਾਰਕੀਟ ਦੇ ਮਾਲਕ ਹਨ। ਉਨ੍ਹਾ ਸਮੁੱਚੀ ਮਾਰਕੀਟ ਖੁੱਲ੍ਹਵਾ ਕੇ ਸ਼ਰਧਾਲੂਆਂ ਦੇ ਹਵਾਲੇ ਕਰ ਦਿੱਤੀ ਤੇ ਉਨ੍ਹਾਂ ਦੇ ਰਹਿਣ-ਖਾਣ ਦਾ ਪੂਰਾ ਪ੍ਰਬੰਧ ਕੀਤਾ। ਯਾਦਗਾਰੇ ਹੁਸੈਨੀ, ਮਜੀਦੀਆ ਇਸਲਾਮੀਆ ਤੇ ਨੂਰੁਲਾਹ ਰੋਡ ਦੇ ਮੁਸਲਮਾਨ ਨੌਜਵਾਨਾਂ ਨੇ ਥਾਂ-ਥਾਂ ਚਾਹ-ਬਿਸਕੁਟ ਦੇ ਮੁਫ਼ਤ ਸਟਾਲ ਲਾ ਦਿੱਤੇ ਸਨ। ਈਸਾਈ ਸਮਾਜ ਵੱਲੋਂ ਫਾਦਰ ਵਿਪਨ ਡਿਸੂਜਾ ਦੀ ਅਗਵਾਈ ਵਿੱਚ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰਾ ਲਾ ਦਿੱਤਾ ਗਿਆ ਸੀ।

ਗੰਗਾ-ਜਮੁਨੀ ਤਹਿਜ਼ੀਬ ਦਾ ਨਜ਼ਾਰਾ Read More »

ਬੁੱਧ ਚਿੰਤਨ/ਬੌਧਿਕ ਮਾਫੀਏ ਦੀ ਕੰਗਾਲੀ/ਬੁੱਧ ਸਿੰਘ ਨੀਲੋਂ

ਸਮਾਜ ਦੇ ਵਿੱਚ ਪੜ੍ਹੇ ਲਿਖਿਆਂ ਨੂੰ ਵਿਦਵਾਨ ਆਖਿਆ ਜਾਂਦਾ ਹੈ। ਉਹ ਆਪਣੀ ਵਿਦਵਤਾ ਦੇ ਰਾਹੀਂ ਸਮਾਜ ਨੂੰ ਚੰਗੇ ਸਾਹਿਤ ਦੇ ਨਾਲ ਜੋੜਦੇ ਹਨ। ਲੇਖਕ ਵੀ ਸਮਾਜ ਦੀ ਗ਼ਲਤ ਕਦਰਾਂ ਕੀਮਤਾਂ ਨੂੰ ਨਿਕਾਰ ਕੇ ਨਵੇਂ ਸਾਹਿਤ ਦੀ ਸਿਰਜਣਾ ਕਰਦਾ ਹੈ। ਸਾਹਿਤ ਸਮਾਜ ਬਗ਼ਾਵਤ ਨਹੀਂ ਕਰਦਾ ਸਗੋਂ ਬਗ਼ਾਵਤ ਕਰਨ ਵਾਲੇ ਯੋਧਿਆਂ ਨੂੰ ਸਿਰਜਦਾ ਹੈ। ਸੋਵੀਅਤ ਯੂਨੀਅਨ ਦੀ ਕ੍ਰਾਂਤੀ ਦੇ ਵਿੱਚ ਮੈਕਸਿਮ ਗੋਰਕੀ ਦੇ ਨਾਵਲ ਮਾਂ ਦੀ ਵੱਡੀ ਭੂਮਿਕਾ ਮੰਨੀ ਜਾਂਦੀ ਹੈ। ਉਸ ਨਾਵਲ ਨੇ ਨੌਜਵਾਨਾਂ ਦੇ ਅੰਦਰ ਗੁਲਾਮੀਂ ਤੋਂ ਛੁਟਕਾਰਾ ਪਾਉਣ ਲਈ ਨਵੀਂ ਚੇਤਨਾ ਪੈਦਾ ਕੀਤੀ। ਪੰਜਾਬੀ ਸਾਹਿਤ ਦੇ ਅੰਦਰ ਸੱਤਰਵਿਆਂ ਦੇ ਦਹਾਕੇ ਵਿੱਚ ਨਕਸਲੀ ਲਹਿਰ ਦੇ ਬਹੁਤੇ ਕ੍ਰਾਂਤੀਕਾਰੀ ਨੌਜਵਾਨ ਸਾਹਿਤ ਦੇ ਆਸ਼ਕ ਸਨ। ਉਹਨਾਂ ਨੇ ਪੰਜਾਬ ਦੇ ਅੰਦਰ ਨਵੀਂ ਸੋਚ ਤੇ ਚੇਤਨਾ ਜਗਾਉਣ ਲਈ ਲਹਿਰ ਸ਼ੁਰੂ ਕੀਤੀ। ਇਸ ਲਹਿਰ ਦੇ ਸਮੇਂ ਹੀ ਪ੍ਰਗਤੀਵਾਦੀ ਵਿਚਾਰਧਾਰਾ ਸਾਹਿਤ ਲਿਖਿਆ ਗਿਆ। ਜਿਹੜਾ ਅੱਜ ਵੀ ਓਨੀ ਸ਼ਿੱਦਤ ਨਾਲ ਪੜ੍ਹਿਆ ਜਾ ਰਿਹਾ ਹੈ। ਇਹ ਲਹਿਰ ਦੇ ਫੇਲ੍ਹ ਹੋਣ ਦੇ ਅਨੇਕ ਕਾਰਨ ਹੋ ਸਕਦੇ ਹਨ। ਇਸੇ ਲਹਿਰ ਨੂੰ ਦਬਾਉਣ ਲਈ ਸਿੱਖ ਪੰਥ ਦੇ ਆਪੇ ਬਣੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਉਂਝ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਬਹੁਤ ਸਾਰੇ ਰਿਕਾਰਡ ਹਨ, ਜਿਹੜੇ ਉਹਨਾਂ ਸੱਤਾਧਾਰੀ ਹੁੰਦਿਆਂ ਬਣਾਏ। ਜਿਹਨਾਂ ਦੀ ਅੱਜਕਲ੍ਹ ਬੜੀ ਚਰਚਾ ਹੋ ਰਹੀ ਹੈ। ਹਰ ਦਿਨ ਨਵੀਆਂ ਪਰਤਾਂ ਤੇ ਗੱਲਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਲੋਕ ਮਾਨਸਿਕ ਤੌਰ ਤੇ ਸਿਆਸੀ ਪਾਰਟੀਆਂ ਦੇ ਗੁਲਾਮ ਬਣ ਕੇ ਰਹਿ ਗਏ ਹਨ। ਇਹਨਾਂ ਨੂੰ ਮਾਨਸਿਕ ਤੌਰ ਉੱਤੇ ਚੇਤਨ ਕਰਨ ਲਈ ਸਾਹਿਤ ਨਾਲ ਜੋੜਨ ਦੀ ਲੋੜ ਹੈ। ਉਂਝ ਪੰਜਾਬ ਦੇ ਲੋਕਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜੋ ਮਨੁੱਖ ਨੂੰ ਜੀਵਨ ਜਿਉਣ ਦੀ ਤਹਿਜ਼ੀਬ ਸਿਖਾਉਂਦਾ ਹੈ। ਦੁੱਖ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ ਨਹੀਂ ਤੇ ਸਮਝਿਆ ਨਹੀਂ। ਇਸੇ ਕਰਕੇ ਮਨੁੱਖ ਮਾਨਸਿਕ ਤੌਰ ਉੱਤੇ ਬੀਮਾਰ ਹੋ ਗਿਆ ਹੈ। ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦੀ ਵਜਾਏ ਬਾਹਰੀ ਦਿੱਖ ਸਜਾਉਣ ਦੇ ਮੁਕਾਬਲੇ ਵਿਚ ਉਲਝ ਗਏ ਹਾਂ। ਅਸੀਂ ਵੱਡੇ ਵੱਡੇ ਗੁਰਦੁਆਰਾ ਸਾਹਿਬ ਤਾਂ ਉਸਾਰ ਲਏ ਹਨ ਪਰ ਸ਼ਬਦ ਗੁਰੂ ਦੀ ਵਿਚਾਰਧਾਰਾ ਨੂੰ ਪੜ੍ਹਨ ਦੀ ਵਜਾਏ ਸਿਰਫ ਉਸਨੂੰ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਰੱਬ ਬਣਾ ਲਿਆ। ਜਦਕਿ ਉਹਦੇ ਅੰਦਰ ਸ਼ਬਦ ਹੈ। ਸ਼ਬਦ ਹੀ ਸਾਡਾ ਮਾਰਗ ਦਰਸ਼ਨ ਕਰਦਾ ਹੈ। ਅਸੀਂ ਧਾਰਮਿਕ ਪਾਖੰਡ ਕਰਨ ਵਾਲੇ ਦੁਨੀਆਂ ਦੇ ਵੱਡੇ ਬਣ ਗਏ ਹਾਂ। ਗੁਰੂ ਸ਼ਬਦ ਪਾਖੰਡ ਤੇ ਕਰਾਮਾਤਾਂ ਦੇ ਖਿਲਾਫ ਹੈ। ਪਰ ਸਾਡੇ ਪੁਜਾਰੀਆਂ ਨੇ ਉਸਨੂੰ ਕਰਾਮਾਤੀ ਬਣਾ ਦਿੱਤਾ ਹੈ। ਅਸੀਂ ਆਪੇ ਰਹਿਤ ਮਰਿਆਦਾ ਬਣਾ ਕੇ ਉਸਨੂੰ ਆਪਣੇ ਤਰੀਕੇ ਨਾਲ ਵਰਤਿਆ ਹੈ। ਇਤਿਹਾਸਕ ਦਸਤਾਵੇਜ਼ਾਂ ਨੂੰ ਸਮਝਣ ਦੀ ਵਜਾਏ ਕੁੱਝ ਮਨੋਕਲਪਿਤ ਕਹਾਣੀਆਂ ਦੇ ਮਗਰ ਲੱਗ ਗਏ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਗਏ ਹਾਂ। ਜਾਂ ਸਾਨੂੰ ਉਸਦੇ ਨਾਲੋਂ ਦੂਰ ਕਰ ਦਿੱਤਾ ਹੈ। ਇਹ ਸਵਾਲ ਇਸ ਸਮੇਂ ਜਵਾਬ ਦੀ ਉਡੀਕ ਵਿੱਚ ਹੈ। ਮਨੁੱਖ ਨੂੰ ਮਾਨਸਿਕ ਤੌਰ ‘ਕਾਬੂ ਕਰਨ ਦੇ ਲਈ ਹਰ ਸਮੇਂ ਕੋਈ ਨਾ ਕੋਈ ਵਿਚਾਰਧਾਰਾ ਪਣਪ ਦੀ ਰਹੀ ਹੈ। ਜਿਸ ਵਿਚਾਰਧਾਰਾ ਨੇ ਆਮ ਮਨੁੱਖ ਦੇ ਵਿਕਾਸ ਦੇ ਲਈ ਹੰਭਲਾ ਮਾਰਿਆ ਉਹ ਹੀ ਜਿਉਂਦੀ ਰਹੀ ਹੈ। ਨਹੀਂ ਸਮੇਂ ਦੇ ਨਾਲ ਨਾਲ ਸਮਾਜ ਦੀ ਵਿਚਾਰਧਾਰਾ ਵੀ ਬਦਲਦੀ ਰਹੀ। ਹਰ ਵਿਚਾਰਧਾਰਾ ਆਮ ਮਨੁੱਖ ਦੀ ਹੋਣੀ ਬਦਲਣ ਦਾ ਉਦੇਸ਼ ਲੈ ਕੇ ਤੁਰਦੀ ਰਹੀ ਪਰ ਜਿਉਂ ਹੀ ਉਹ ਵਿਕਾਸ ਕਰਦੀ ਗਈ ਤਾਂ ਉਸਦੇ ਵਰਕਰਾਂ ਨੂੰ ਅੱਗੇ ਲਾ ਕੇ ਆਗੂਆਂ ਨੇ ਉਸਨੂੰ ਵਪਾਰ ਬਣਾ ਲਿਆ । ਹੁਣ ਤੁਸੀਂ ਆਪਣੇ ਅੱਖੀਂ ਵੇਖਦੇ ਹੋ ਕਿ ਸਮਾਜ ਦੇ ਹਰ ਖੇਤਰ ਦੇ ਵਿੱਚ ਸਮਾਜ ਨੂੰ ਬਦਲਣ ਦੇ ਨਾਮ ਹੇਠ ਵਪਾਰ ਹੀ ਤਾਂ ਹੋ ਰਿਹਾ ਹੈ। ਧਰਮ ਤੇ ਧਰਮ ਅਸਥਾਨ ਵਪਾਰ ਦੇ ਅੱਡੇ ਬਣਕੇ ਰਹਿ ਗਏ ਹਨ. ਜਿਥੇ ਅਰਬਾਂ ਤੇ ਖਰਬਾਂ ਦਾ ਕਾਰੋਬਾਰ ਹੁੰਦਾ ਹੈ। ਨਤੀਜਾ ਕੀ ਨਿਕਲਿਆ ਹੈ, ਜ਼ੀਰੋ ! ਅਸੀਂ ਤਾਂ ਪਹਿਲਾਂ ਨਾਲੋਂ ਜ਼ਿਆਦਾ ਬੀਮਾਰ ਹੋ ਗਏ ਹਾਂ। ਇਸ ਬੀਮਾਰੀ ਨੂੰ ਦੂਰ ਕਰਨ ਵਾਲਿਆਂ ਬਾਬਿਆਂ ਤੇ ਪੁਜਾਰੀਆਂ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਖੈਰ ਧਰਮ ਦੀ ਵਿਚਾਰਧਾਰਾ ਮਾੜੀ ਨਹੀਂ ਸੀ ਪਰ ਆਧੁਨਿਕ ਦੌਰ ਦੇ ਵਪਾਰੀਏ ਨੇ ਇਸਨੂੰ ਧੰਦਾ ਬਣਾ ਲਿਆ। ਜਦੋਂ ਲੋਕ ਸਾਖਰਤਾ ਤੋਂ ਕੋਰੇ ਸੀ ਉਸ ਵੇਲੇ ਲੋਕਾਂ ਦੇ ਅੰਦਰ ਚੇਤਨਾ ਸੀ ਪਰ ਜਿਉਂ ਜਿਉਂ ਮਨੁੱਖ ਸਾਖਰ ਹੁੰਦਾ ਗਿਆ ਉਹ ਚੇਤਨਾ ਤੋਂ ਵਿਰਵਾ ਹੁੰਦਾ ਗਿਆ। ਅੱਜ ਸਥਿਤੀ ਤੁਹਾਡੇ ਸਾਹਮਣੇ ਹੈ। ਸਾਹਿਤ ਦੇ ਵਿੱਚ ਬਹੁਤ ਕੁੱਝ ਪੜ੍ਹਨ ਲਈ ਹੈ ਪਰ ਪੜ੍ਹੇ ਕੌਣ? ਹਰ ਨਵੀਂ ਕਿਤਾਬ ਨਵਾਂ ਸੰਸਾਰ ਵਿਖਾਉਂਦੀ ਹੈ। ਜੇਕਰ ਉਹ ਸਾਹਿਤ ਹੋਵੇ। ਸਾਹਿਤ ਹੀ ਸਾਨੂੰ ਨਵੇਂ ਰਸਤੇ ਲੱਭਣ ਲਈ ਸਹਾਈ ਹੁੰਦਾ ਹੈ। ਸਾਹਿਤ ਪੜ੍ਹਨ ਦੀ ਆਦਤ ਨਹੀਂ। ਡਾ.ਮਨਮੋਹਨ ਦਾ ਨਾਵਲ ” ਨਿਰਵਾਣ ” ਸਾਨੂੰ ਪੜ੍ਹਨ ਤੇ ਸਮਝਣ ਦੀ ਲੋੜ ਹੈ। ਨਾਵਲ ਦੇ ਵਿੱਚ ਦੋ ਵਿਚਾਰਧਾਰਾਵਾਂ ਹਨ। ਇਕ ਪੁਰਾਤਨ ਸਮਿਆਂ ਦਾ ਬੁੱਧਇਜ਼ਮ ਤੇ ਆਧੁਨਿਕ ਦੌਰ ਦਾ ਮਾਓਵਾਦ ਹੈ। ਦੋਹਾਂ ਦੀ ਉਤਪਤੀ ਤੋਂ ਵਿਕਾਸ ਤੇ ਵਿਨਾਸ਼ ਤੱਕ ਦਾ ਉਹ ਸੱਚ ਹੈ ਜਿਸਨੂੰ ਰੱਦ ਨਹੀਂ ਕੀਤਾ ਜਾ ਸਕਦਾ । ਕਿਸੇ ਵੀ ਵਿਚਾਰਧਾਰਾ ਦਾ ਪਤਨ ਉਸ ਵੇਲੇ ਹੁੰਦਾ ਹੈ ਜਦੋਂ ਉਹ ਮਨੁੱਖਤਾ ਦੇ ਭਲੇ ਦੀ ਵਜਾਏ ਵਪਾਰ ਦਾ ਸਾਧਨ ਬਣਦੀ ਹੈ। ਹੁਣ ਇਹੋ ਵਪਾਰ ਦੀ ਲਹਿਰ ਚੱਲ ਰਹੀ ਹੈ। ਅਸੀਂ ਇਸ ਲਹਿਰ ਦਾ ਨਿਸ਼ਾਨਾ ਬਣ ਗਏ ਹਾਂ। ਬੌਧਿਕਤਾ ਦੇ ਉਪਰ ਬਹੁਤ ਚਿਰ ਤੋਂ ਖੱਬੂਆਂ ਦਾ ਕਬਜ਼ਾ ਹੈ। ਉਹ ਹਰ ਮਸਲੇ ਨੂੰ ਆਪਣੇ ਬਣਾਏ ਫਰਮਿਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਢੰਗ ਤਰੀਕੇ ਜੜ ਕੇ ਫੇਰ ਰਲ ਕੇ ਪ੍ਰਚਾਰਦੇ ਦੇ ਰਹੇ ਹਨ । ਖੱਬੂ ਜਿੰਨੇ ਬੌਧਿਕ ਪੱਖੋ ਤੇਜ ਤਰਾਰ ਹਨ ਤੇ ਓਨੇ ਹੀ ਜੁਗਾੜੀ ਵੀ ਸਿਰੇ ਦੇ ਹਨ।ਇਹਨਾਂ ਦੀ ਨਿਗਾ ਕਿਤੇ ਹੋਰ ਤੇ ਨਿਸ਼ਾਨਾ ਕਿਤੇ ਹੋਰ ਹੁੰਦਾ ਹੈ। ਪੰਜਾਬੀ ਦੇ ਬੌਧਿਕ ਸ਼ਾਇਰ ਸਦਾ ਹੀ ਆਪਣੇ ਆਪ ਨੂੰ ਲੋਕਾਂ ਦੇ ਨਾਲ ਜੁੜੇ ਹੋਣ ਦਾ ਦੰਭ ਰਚਦੇ ਹਨ ਤੇ ਉਹ ਯਾਰੀ ਸੱਤਧਾਰੀਆਂ ਨਾਲ ਪਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ ਤੇ ਇਸ ਦਾ ਅਸਰ ਇਹ ਹੋਇਆ ਕਿ ਲੋਕ ਹੌਲੀ ਹੌਲੀ ਇਹਨਾਂ ਬੌਧਿਕਵਾਦੀਆਂ ਤੋਂ ਕਿਨਾਰਾਕਸ਼ੀ ਕਰਕੇ ਨੀਮ ਬੇਹੋਸ਼ੀ ਵਿੱਚ ਚਲੇ ਗਏ। ਬੌਧਿਕਵਾਦੀ ਵਾਤਆਨਕੂਲ ਕੋਠੀਆਂ ਤੇ ਦਫਤਰਾਂ ਦੇ ਵਿੱਚ ਬੈਠ ਕੇ ਜੁਗਾਲੀ ਕਰਦੇ ਰਹੇ। ਹਰ ਕ੍ਰਿਸ਼ਨ ਵਰਗੇ ਸੱਤਾ ਵਿੱਚ ਵੜ ਕੇ ਸੁਰਜੀਤ ਹੋ ਗਏ। ਉਹਨਾਂ ਦੇ ਬੋਲਾਂ ਤੇ ਫੁੱਲ ਚਾੜ੍ਨ ਵਾਲੇ ਕੰਗਾਲ ਹੋ ਗਏ। ਕੇਹੀ ਵਿਡੰਬਨਾ ਹੈ! ਕਈ ਚੈਨ ਨਾਲ ਸੁੱਤੇ ਤੇ ਅਨੰਦ ਹੋ ਗਏ ਤੇ ਕਈ.ਜਤਿੰਦਰ ਸ਼ਬਦਾਂ ਦੇ ਸਿਕੰਦਰ ਹੋ ਗਏ। ਉਹਨਾਂ ਕਦੇ ਸੱਜਿਆ ਦੇ ਨਾਲ ਕਦੇ ਏਜੰਸੀਆਂ ਦੇ ਨਾਲ ਯਾਰੀ ਤੇ ਫੁਲਕਾਰੀ ਪਾ ਕੇ ਰੱਖੀ। ਆਪਣਾ ਉਲੂ ਸਿੱਧਾ ਕੀਤਾ। ਹੁਣ ਜੋ ਹੋ ਰਿਹਾ ਹੈਂ, ਕੁੱਝ ਲੁਕਿਆ ਨਹੀਂ.ਸਟੇਟ ਕਿਵੇਂ ਖੇਡ ਦੀ ਹੈ. ਉਹ ਤੁਸੀਂ ਦੇਖ ਰਹੇ ਹੋ। ਜੋ ਵੀ ਹੋਇਆ ਤੇ ਜੋ ਵੀ ਹਸ਼ਰ ਤੁਹਾਡੇ ਸਾਹਮਣੇ ਹੈ। ਬੌਧਿਕਤਾ ਬੰਦ ਅਲਮਾਰੀਆਂ ਦੇ ਵਿੱਚ ਬਹਿ ਕੇ ਸਿਉਕ ਛੱਕਦੀ ਰਹੀ ਤੇ ਅਵਾਮ ਇਨਕਲਾਬ ਉਡੀਕਦਾ ਹੋਇਆ ਡੇਰਿਆਂ ਦਾ ਚੇਲਾ ਹੋ ਗਿਆ। ਲੋਕਾਂ ਦਾ ਭਰਮ ਧਰਮ ਵੱਲ ਵੱਧ ਗਿਆ.ਤੇ ਡੇਰੇ ਵਾਲਿਆਂ ਦਾ ਧੰਦਾ ਚੱਲ ਪਿਆ। ਲੋਕ ਦੀਵਾਨ ਸੁਣ ਕੇ ਸਵਰਗ ਦੇ ਸੁਪਨੇ ਲੈਣ ਲੱਗੇ ਪਰ ਗਏ ਠੱਗੇ ਹਨ। ਬੌਧਿਕਵਾਦੀ ਹੁਣ ਵਾਦ

ਬੁੱਧ ਚਿੰਤਨ/ਬੌਧਿਕ ਮਾਫੀਏ ਦੀ ਕੰਗਾਲੀ/ਬੁੱਧ ਸਿੰਘ ਨੀਲੋਂ Read More »

ਨਿਰਗੁਣ ਬ੍ਰਹਮ ਦੇ ਉਪਾਸ਼ਕ : ਭਗਤ ਰਵਿਦਾਸ ਜੀ/ਡਾ.ਚਰਨਜੀਤ ਸਿੰਘ ਗੁਮਟਾਲਾ

ਭਗਤ ਰਵਿਦਾਸ ਜੀ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ। ਉਹ ਭਾਵੇਂ ਅਖੌਤੀ ਸ਼ੂਦਰ ਵਰਗ ਵਿੱਚੋਂ ਸਨ, ਪਰ ਉਹ ਉੱਚ ਕੋਟੀ ਦੇ ਸੰਤ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਲਈ ਬਾਣੀ ਰਚੀ। ਰਾਮਾਨੰਦ ਜੀ ਤੇ ਵਲਭਾਚਾਰੀਆ ਨੇ ਜਿਸ ਭਗਤੀ ਲਹਿਰ ਦਾ ਮੁੱਢ ਬੰਨ੍ਹਿਆ, ਉਸ ਨੂੰ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਆਦਿ ਭਗਤਾਂ ਨੇ ਅੱਗੋਂ ਤੋਰਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਰ ‘ਤੇ ਪਹੁੰਚਾਇਆ। ਆਪ ਜੀ ਨੇ ਮਾਘ ਸੁਦੀ 15 ਬਿਕ੍ਰਮੀ ਸੰਮਤ 1433( 2 ਜਨਵਰੀ 1377 ਈ.) ਨੂੰ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਦਾ ਨਾਂ ਸ੍ਰੀ ਸੰਤੋਖ ਦਾਸ ਮਾਤਾ ਜੀ ਦਾ ਨਾਂ ਬੀਬੀ ਕਲਸੀ ਦੇਵੀ ਸੀ, ਜੋ ਬਨਾਰਸ ਦੇ ਨਜ਼ਦੀਕ ਪਿੰਡ ਸੀਰ ਗੋਵਰਧਨ ਵਿਖੇ ਰਹਿੰਦੇ ਸਨ। ਆਪ ਜੀ ਦਾ ਵਿਆਹ 12-13 ਸਾਲ ਦੀ ਉਮਰ ਵਿੱਚ ਬੀਬੀ ਲੋਨਾ ਨਾਲ ਹੋਇਆ। ਆਪ ਜੀ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ। ਇਸ ਲਈ ਆਪ ਜੀ ਨੂੰ ਪ੍ਰਮਾਤਮਾ ਦਾ ਭਗਤ ਮੰਨਿਆ ਜਾਂਦਾ ਹੈ। ਆਪ ਜੀ ਦੇ ਸਮੇਂ ਸਮਾਜ ਜਾਤ-ਪਾਤ ਵਿੱਚ ਵੰਡਿਆ ਹੋਇਆ ਸੀ ਤੇ ਪੜ੍ਹਨ-ਪੜ੍ਹਾਉਣ ਤੇ ਪੂਜਾ ਪਾਠ ਦਾ ਹੱਕ ਕੇਵਲ ਉੱਚੀ ਜਾਤਾਂ ਵਾਲਿਆਂ ਨੂੰ ਸੀ, ਇਸ ਲਈ ਆਪ ਜੀ ਨੇ ਕਿਸੇ ਆਸ਼ਰਮ ਵਿੱਚ ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ। ਪਰ ਉਨ੍ਹਾਂ ਦੀ ਬਾਣੀ ਵਿੱਚੋਂ ਵੇਦਾਂ, ਪੁਰਾਣਾਂ, ਸਿਮ੍ਰਤੀਆਂ, ਪੌਰਾਣਿਕ ਅਤੇ ਇਤਿਹਾਸਿਕ ਅਤੇ ਮਿਿਥਆਸਕ ਘਟਨਾਵਾਂ ਦੇ ਹਵਾਲੇ ਮਿਲਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਆਪ ਬਹੁਤ ਹੀ ਗਿਆਨਵਾਨ ਅਤੇ ਅਨੁਭਵੀ ਸ਼ਖਸੀਅਤ ਦੇ ਮਾਲਕ ਸਨ। ਆਪ ਜੀ ਨੇੇ ਪਿਤਾ-ਪੁਰਖੀ ਕਿੱਤਾ ਢੇਰ ਢੋਣਾ, ਜੁੱਤੀਆਂ ਗੰਢਣਾਂ ਅਪਣਾਇਆ, ਜਿਸ ਦੀ ਗਵਾਹੀ ਆਪ ਜੀ ਦੀ ਬਾਣੀ ਵਿੱਚੋਂ ਮਿਲਦੀ ਹੈ :- ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ॥ ੧॥ਰਹਾਉ॥ ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਨਾਰਸੀ ਆਸਾ ਪਾਸਾ॥ ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਜਿੱਥੇ ਆਪ ਜੀ ਦੀ ਉਸਤਤ ਕੀਤੀ ਹੈ, ਉੱਥੇ ਆਪ ਜੀ ਦੇ ਪੇਸ਼ੇ ਬਾਰੇ ਵੀ ਲਿਿਖਆ :- ਭਗਤ ਭਗਤ ਜਗਿ ਵਜਿਆ ਚਹੁ ਚਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿਿਚ ਕੁਲਾ ਧਰਮ ਢੋਇ, ਢੋਰ ਸਮੇਟਾ। ਹੋਰਨਾਂ ਭਗਤਾਂ ਵਾਂਗ ਆਪ ਜੀ ਨੇ ਅੰਧੇਰੇ ਵਿੱਚ ਭਟਕ ਰਹੀ ਲੋਕਾਈ ਨੂੰ ਗਿਆਨ ਦਾ ਚਾਨਣ ਵੰਡਣ ਲਈ ਬਿਹਾਰ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਗੁਜ਼ਰਾਤ, ਰਾਜਸਥਾਨ ਤੇ ਹੋਰ ਸੂਬਿਆਂ ਦੀ ਯਾਤਰਾ ਕੀਤੀ।ਆਪ ਜੀ ਦੇ 40 ਪਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ ਜੋ ਕਿ 16 ਰਾਗਾਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਆਪ ਜੀ ਦੁਆਰਾ ਰਚੀ ਬਾਣੀ ਦੇ ਹੱਥ ਲਿਖਤ ਖਰੜੇ ਅਤੇ ਪ੍ਰਕਾਸ਼ਿਤ ਪੁਸਤਕਾਂ ਦੀ ਸੂਚੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਭਗਤ ਰਵਿਦਾਸ ਸ੍ਰੋਤ ਪੁਸਤਕ’ ਤੋਂ  ਵੇਖੀ ਜਾ ਸਕਦੀ ਹੈ। ਆਪ ਇੱਕ ਤੀਖਣ ਬੁੱਧੀ ਦੇ ਮਾਲਕ ਸਨ। ਆਪ ਜੀ ਨੇ ਸਾਦਗੀ ਭਰੀ ਜ਼ਿੰਦਗੀ ਬਤੀਤ ਕੀਤੀ ਤੇ ਹੱਥੀਂ ਕਿਰਤ ਕਰਕੇ ਨਿਰਬਾਹ ਕੀਤਾ। ਆਪ ਨਿਰਗੁਣ ਬ੍ਰਹਮ ਦੇ ਉਪਾਸ਼ਕ ਸਨ। ਆਪ ਜੀ ਨੇ ਬ੍ਰਹਮ ਨੂੰ ਓਅੰਕਾਰ ਰੂਪ ਵਿੱਚ ਚਿਤਰਿਆ ਹੈ ਜਿਸ ਦਾ ਤਿੰਨ ਲੋਕਾਂ ਵਿੱਚ ਵਾਸਾ ਹੈ :- ਬਟਕ ਬੀਜ ਜੈਸਾ ਓਅੰਕਾਰ॥ ਪਸਰਿਯੋ ਤੀਨ ਲੋਕ ਵਿਸਤਾਰ॥ ਅਖਰ ਅਨਾਦਿ ਏਕ ਉਂਕਾਰਾ॥ ਤੀਨ ਲੋਕ ਜਿਨ ਕਿਆ ਪਸਾਰਾ॥ ਇਹ ਬ੍ਰਹਮ ਮਾਇਆ ਰਹਿਤ ਹੈ, ਜਿਸ ਦਾ ਕੋਈ ਸਰੂਪ ਨਹੀਂ ਤੇ ਨਾ ਹੀ ਕੋਈ ਜਾਤਿ ਹੈ। ਉਸ ਨੂੰ ਸਿਮਰਨ ਕਰਕੇ ਗੁਰੂ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ :- ਤੂੰ ਸਰਗੁਣ ਨਿਗੁਣ ਨਿਰਾਮਈ ਨਿਰਵਿਕਾਰ॥ ਹਰਿ ਅੰਜਨ ਨਿਰੰਜਨ ਬਿਮਲ ਅਪ੍ਰਮੇਵ॥ ਕਹਿ ਰਵਿਦਾਸ ਨਿਰੰਜਨ ਧਯਾਊਂ॥ਗੁਰ ਪ੍ਰਸਾਦਿ ਨਿਰੰਜਨ ਪਾਵਉ॥ ਭਗਤ ਰਵਿਦਾਸ ਜੀ ਬ੍ਰਹਮ ਨੂੰ ਇਸ ਸੰਸਾਰ ਦਾ ਕਰਤਾ ਮੰਨਦੇ ਹਨ, ਜੋ ਸਾਰਿਆ ਵਿੱਚ ਵੱਸ ਰਿਹਾ ਹੈ :- ਬਹੁ ਬਿਿਧ ਨਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ॥ ਸਰਬੈ ਏਕੁ ਅਨੇਕੈ ਸੁਆਮੀ ਸਭ ਘਟ ਭੋਗਵੈ ਸੋਈ॥ ਪ੍ਰਮਾਤਮਾ ਇੱਕ ਹੀ ਹੈ ਜੋ ਅਨੇਕਾਂ ਰੂਪਾਂ ਵਿੱਚ ਇਸ ਸੰਸਾਰ ਵਿੱਚ ਵਿਚਰ ਰਿਹਾ ਹੈ :- ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ॥ ਇਹ ਜਗਤ ਸਤਿ ਵੀ ਹੈ ਤੇ ਅਸਤਿ ਵੀ।ਪ੍ਰਮਾਤਮਾ ਦੀ ਕਿਰਤ ਹੋਣ ਕਰਕੇ ਜਗਤ ਸਤਿ ਹੈ। ਇਸ ਜਗਤ ਦੀ ਹਰ ਚੀਜ਼ ਨਾਸ਼ਮਾਨ ਹੈ, ਇਸ ਲਈ ਇਹ ਜਗਤ ਅਸਤਿ ਹੈ। ਭਗਤ ਰਵਿਦਾਸ ਜੀ ਜਗਤ ਨੂੰ ਫ਼ਾਨੀ ਦਰਸਾਉਂਦੇ ਹੋਏ ਲਿਖਦੇ ਹਨ :- ਜੋ ਦਿਨ ਆਵਹਿ ਸੋ ਦਿਨ ਜਾਹੀ॥  ਕਰਨਾ ਕੂਚੁ ਰਹਨੁ ਥਿਰੁ ਨਾਹੀ॥ ਸੰਗੁ ਚਲਤ ਹੈ ਹਮ ਭੀ ਚਲਨਾ॥  ਦੂਰਿ ਗਵਨੁ ਸਿਰ ਊਪਰਿ ਮਰਨਾ ॥1॥ ਕਿਆ ਤੂ ਸੋਇਆ ਜਾਗੁ ਇਆਨਾ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ॥1॥ ਰਹਾਉ॥…. ਕਹਿ ਰਵਿਦਾਸ ਨਿਦਾਨਿ ਦਿਵਾਨੇ॥ਚੇਤਸਿ ਨਾਹੀ ਦੁਨੀਆ ਫਨ ਖਾਨੇ॥ ਇਸ ਜਗਤ ਵਿੱਚ ਜੋ ਦਿਸ ਰਿਹਾ ਹੈ, ਸਭ ਨਾਸ਼ਮਾਨ ਹੈ। ਉਹ ਲਿਖਦੇ ਹਨ : ਬਿਨ ਦੇਖੈ ਉਪਜੈ ਨਹੀ ਆਸਾ॥ਜੋ ਦੀਜੈ ਸੋ ਹੋਇ ਬਿਨਾਸਾ॥ ਭਗਤ ਰਵਿਦਾਸ ਜੀ ਅਨੁਸਾਰ ਇਸ ਜਗਤ ਦਾ ਰੰਗ ਕਸੁੰਭੜੇ ਵਾਂਗ ਕੱਚਾ ਭਾਵ ਅਸਥਿਰ ਹੈ ਜਦ ਕਿ ਪ੍ਰਮਾਤਮਾ ਮਜੀਠ ਦੇ ਰੰਗ ਵਾਂਗ ਪੱਕਾ ਜਾਂ ਸਥਿਰ ਹੈ :- ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ॥ ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥ ਰਵਿਦਾਸ ਜੀ ਨੇ ਇਸ ਜਗਤ ਨੂੰ ਬਾਜ਼ੀ ਤੇ ਪ੍ਰਮਾਤਮਾ ਨੂੰ ਬਾਜ਼ੀਗਰ ਦੀ ਸੰਗਿਆ ਦਿੱਤੀ ਹੈ। ਇਹ ਸੰਸਾਰ ਬਾਜ਼ੀਗਰ ਰੂਪੀ ਪ੍ਰਮਾਤਮਾ ਦੀ ਬਾਜ਼ੀ ਭਾਵ ਖੇਡ ਹੈ :- ਕਹਿ ਰਵਿਦਾਸ ਬਾਜੀ ਜਗੁ ਭਾਈ॥ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ॥ ਆਪ ਪ੍ਰਮਾਤਮਾ ਨੂੰ ਸਰਬ-ਵਿਆਪਕ ਮੰਨਦੇ ਹਨ, ਜੋ ਅਨੇਕ ਰੂਪ ਬਣਾ ਕੇ ਸਾਰਿਆ ਵਿੱਚ ਵਸਦਾ ਹੈ। ਜੋ ਕੁਝ ਵੀ ਹੋ ਰਿਹਾ ਹੈ, ਉਸ ਦੀ ਰਜਾ ਵਿੱਚ ਹੋ ਰਿਹਾ ਹੈ :- ਸਰਬੈ ਏਕ ਅਨੇਕੈ ਸੁਆਮੀ, ਸਭ ਘਟ ਭੂਗਾਵੈ ਸੋਈ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ॥ ਇਸ ਤਰ੍ਹਾਂ ਆਪ ਨਿਰਗੁਣ ਧਾਰਾ ਦੇ ਸੰਤ ਕਵੀ ਸਨ, ਜਿਨ੍ਹਾਂ ਨੇ ਪੂਰਵ ਪ੍ਰਚਲਿਤ ਦਾਰਸ਼ਨਿਕ ਮਾਨਤਾਵਾਂ ਨੂੰ ਆਪਣੇ ਅਨੁਭਵ ਅਨੁਸਾਰ ਮੌਲਿਕ ਰੂਪ ਵਿੱਚ ਪੇਸ਼ ਕੀਤਾ। ਆਪ ਜੀ ਦਾ ਸੰਦੇਸ਼ ਜਨ-ਸਾਧਾਰਨ ਜਨਤਾ ਲਈ ਸੀ, ਜੋ ਅਖੌਤੀ ਭੇਖੀਆਂ, ਅੰਧ-ਵਿਸ਼ਵਾਸੀਆਂ ਤੇ ਧਰਮ ਦੇ ਠੇਕੇਦਾਰਾਂ ਦੀ ਘਿਰਣਾ ਦਾ ਸ਼ਿਕਾਰ ਸੀ। ਆਪ ਜੀ ਨੇ ਉਸ ਸਮੇਂ ਪ੍ਰਚਲਿਤ ਕਰਮ ਕਾਂਡਾਂ ਦੀ ਥਾਂ ‘ਤੇ ਭਗਤੀ ਮਾਰਗ ਨੂੰ ਸਰਵ ਸ੍ਰੇਸ਼ਟ ਦੱਸਿਆ। ਤੀਰਥ ਇਸ਼ਨਾਨ ਨੂੰ ਹਾਥੀ ਦੇ ਇਸ਼ਨਾਨ ਵਾਂਗ ਬਾਹਰਮੁੱਖੀ ਕਰਾਰ ਦਿੱਤਾ। ਆਪ ਜੀ ਦੇ ਅਨੁਸਾਰ ਲੋਕ ਆਪਣੇ ਵੱਲੋਂ ਸੁੱਚਾ ਜਲ, ਦੁੱਧ, ਫ਼ਲ ਆਦਿ ਵਸਤੂਆਂ ਨਾਲ ਦੇਵੀ ਦੇਵਤਿਆਂ ਦੀ ਪੂਜਾ ਕਰਕੇ, ਉਨ੍ਹਾਂ ਨੂੰ ਪ੍ਰਸੰਨ ਕਰਨ ਦਾ ਯਤਨ ਕਰਦੇ ਹਨ ਪਰ ਇਹ ਵਸਤੂਆਂ ਪਹਿਲਾਂ ਹੀ ਜੂਠੀਆਂ ਹੁੰਦੀਆਂ ਹਨ। ਦੱੁਧ ਵੱਛੇ ਦੇ ਥਣਾਂ ਤੋਂ ਜੂਠਾ ਕੀਤਾ ਹੁੰਦਾ ਹੈ, ਫੁੱਲ ਭੌਰੇੇ ਨੇ ਜੂਠੇ ਕੀਤੇ ਹੁੰਦੇ ਹਨ ਤੇ ਜਲ ਮੱਛਲੀ ਨੇ ਖ਼ਰਾਬ ਕੀਤਾ ਹੁੰਦਾ ਹੈ। ਇਸ ਲਈ ਇਹ ਵਸਤੂਆਂ ਭੇਂਟ ਕਰਨ ਯੋਗ ਨਹੀਂ। ਪੂਜਾ ਦੀਆਂ ਬਾਕੀ ਵਸਤੂਆਂ ਚੰਦਨ, ਧੂਪ, ਦੀਪ, ਨੈਵੇਦਾ ਵੀ ਜੂਠੀਆਂ ਹੁੰਦੀਆਂ ਹਨ। ਚੰਦਨ ਦੇ ਬੂਟੇ ਨੂੰ ਸੱਪ ਚੰਬੜੇ ਹੁੰਦੇ ਹਨ।ਧੂਪ, ਦੀਪ ਤੇ ਨੈਵੇਦਾ ਸੁਗੰਧੀ ਆ ਜਾਣ ਕਰਕੇ ਜੂਠੇ ਹੁੰਦੇ ਹਨ। ਪੂਜਾ ਸਮੇਂ ਦੇਵਤਿਆਂ ਦੀ ਮੂਰਤੀਆਂ ਅੱਗੇ ਆਰਤੀ ਕੀਤੀ ਜਾਂਦੀ ਹੈ। ਇਸ ਕਰਮ-ਕਾਂਡ ਨੂੰ ਆਪ ਜੀ ਨੇ ਅਪ੍ਰਵਾਨ ਕੀਤਾ ਹੈ ਤੇ ਕਿਹਾ ਕਿ ਅਸਲ ਆਰਤੀ ਪ੍ਰਮਾਤਮਾ ਦਾ ਨਾਮ ਹੈ। ਰਾਗ ਧਨਾਸਰੀ ਵਿੱਚ ਉਚਾਰੇ ਸ਼ਬਦ ਤੋਂ ਆਪ ਜੀ ਦੀ ਭਗਤੀ ਸ਼ਪੱਸ਼ਟ ਹੋ ਜਾਂਦੀ ਹੈ। ਆਪ ਜੀ ਅਨੁਸਾਰ ਪ੍ਰਮਾਤਮਾ ਦਾ ਨਾਮ ਹੀ ਆਰਤੀ ਹੈ। ਹਰਿ ਦੇ ਬਿਨਾਂ ਸਾਰੇ ਅਡੰਬਰ ਕੂੜੇ ਹਨ :- ਨਾਮ

ਨਿਰਗੁਣ ਬ੍ਰਹਮ ਦੇ ਉਪਾਸ਼ਕ : ਭਗਤ ਰਵਿਦਾਸ ਜੀ/ਡਾ.ਚਰਨਜੀਤ ਸਿੰਘ ਗੁਮਟਾਲਾ Read More »