October 31, 2024

ਕਾਂਗਰਸ ਵੱਲੋਂ ਇੰਦਰਾ ਗਾਂਧੀ ਨੂੰ ਬਰਸੀ ਮੌਕੇ ਨਿੱਘੀਆਂ ਸ਼ਰਧਾਂਜਲੀਆਂ

ਨਵੀਂ ਦਿੱਲੀ, 31 ਅਕਤੂਬਰ – ਕਾਂਗਰਸ ਨੇ ਵੀਰਵਾਰ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪਾਰਟੀ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਉਨ੍ਹਾਂ ਵੱਲੋਂ ਦਿੱਤੀ ਕੁਰਬਾਨੀ ਹਮੇਸ਼ਾ “ਸਾਨੂੰ ਸਾਰਿਆਂ ਨੂੰ ਲੋਕ ਸੇਵਾ ਦੇ ਮਾਰਗ ‘ਤੇ ਪ੍ਰੇਰਿਤ ਕਰਦੀ ਰਹੇਗੀ”। ਅੱਜ ਦੇ ਹੀ ਦਿਨ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇੱਥੇ ਉਨ੍ਹਾਂ ਦੇ ਅੰਗ ਰੱਖਿਅਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇੰਦਰਾ ਗਾਂਧੀ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ। ਉਨ੍ਹਾਂ ਦਾ ਜਨਮ 19 ਨਵੰਬਰ, 1917 ਨੂੰ ਹੋਇਆ ਸੀ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਥੇ ਉਨ੍ਹਾਂ ਦੀ ਸਮਾਧੀ ‘ਸ਼ਕਤੀ ਸਥਲ’ ਉਤੇ ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨਾਲ ਹੀ 1, ਸਫਦਰਜੰਗ ਰੋਡ ‘ਤੇ ਸਾਬਕਾ ਪ੍ਰਧਾਨ ਮੰਤਰੀ ਦੇ ਸਮਾਰਕ ‘ਤੇ ਜਾ ਕੇ ਵੀ ਸ਼ਰਧਾਂਜਲੀ ਦਿੱਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਆਖਰੀ ਸਾਹ ਤੱਕ ਦੇਸ਼ ਦੀ ਸੇਵਾ ਕਰਨ ਬਾਰੇ ਸਾਬਕਾ ਪ੍ਰਧਾਨ ਮੰਤਰੀ ਦਾ ਇਕ ਹਵਾਲਾ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ, “ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਸਾਡੀ ਆਦਰਸ਼ ਇੰਦਰਾ ਗਾਂਧੀ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ‘ਤੇ ਨਿਮਰ ਸ਼ਰਧਾਂਜਲੀ। ” ਖੜਗੇ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਅਤੇ ਆਪਣੀ ਮਜ਼ਬੂਤ ​​ਇੱਛਾ ਸ਼ਕਤੀ, ਕੁਸ਼ਲ ਅਗਵਾਈ ਅਤੇ ਦੂਰਦਰਸ਼ਤਾ ਨਾਲ ਇੱਕ ਮਜ਼ਬੂਤ ​​ਅਤੇ ਪ੍ਰਗਤੀਸ਼ੀਲ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਹਿੰਦੀ ਵਿੱਚ ਕੀਤੀ ਇੱਕ ਪੋਸਟ ਵਿੱਚ ਕਿਹਾ, “ਪੰਡਿਤ ਜੀ ਦੀ ਇੰਦੂ, ਬਾਪੂ ਦੀ ਪ੍ਰਿਯਦਰਸ਼ਨੀ, ਨਿਡਰ, ਨਿਰਭੈ, ਇਨਸਾਫ਼ ਪਸੰਦ — ਭਾਰਤ ਦੀ ਇੰਦਰਾ!… ਦਾਦੀ, ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਤੁਹਾਡੀ ਕੁਰਬਾਨੀ ਹਮੇਸ਼ਾ ਸਾਨੂੰ ਸਾਰਿਆਂ ਨੂੰ ਲੋਕ ਸੇਵਾ ਦੇ ਮਾਰਗ ‘ਤੇ ਪ੍ਰੇਰਿਤ ਕਰੇਗੀ।” ਉਨ੍ਹਾਂ ਇੰਦਰਾ ਗਾਂਧੀ ਦੇ ਯੋਗਦਾਨ ‘ਤੇ ਇੱਕ ਵੀਡੀਓ ਮੋਨਟੇਜ ਵੀ ਸਾਂਝਾ ਕੀਤਾ।ਕਾਂਗਰਸ ਦੀ ਜਨਰਲ ਸਕੱਤਰ ਅਤੇ ਇੰਦਰਾ ਗਾਂਧੀ ਦੀ ਪੋਤੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਹਿੰਦੀ ਵਿਚ ਕੀਤੀ ਟਵੀਟ ਵਿਚ ਕਿਹਾ, “ਦੇਸ਼ ਪ੍ਰਤੀ ਤੁਹਾਡਾ ਸਮਰਪਣ, ਤੁਹਾਡੀ ਕੁਰਬਾਨੀ; ਤੁਹਾਡੇ ਤੋਂ ਸਿੱਖੇ ਸਬਕ ਅਤੇ ਤੁਹਾਡੇ ਵੱਲੋਂ ਦਿੱਤੇ ਸੰਸਕਾਰ ਹਮੇਸ਼ਾ ਸਾਡੇ ਮਾਰਗ ਦਰਸ਼ਕ ਬਣੇ ਰਹਿਣਗੇ। ਤੁਹਾਡੀ ਸ਼ਹਾਦਤ ਨੂੰ ਨਮਨ।”ਕਾਂਗਰਸ ਦੇ ਜਨਰਲ ਸਕੱਤਰ ਸੰਗਠਨ ਕੇਸੀ ਵੇਣੂਗੋਪਾਲ ਨੇ ਕਿਹਾ, “ਸਾਡੀ ਦਿੱਗਜ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੁਆਰਾ ਕੀਤੀ ਗਈ ਸਰਵਉੱਚ ਕੁਰਬਾਨੀ ਨੂੰ ਯਾਦ ਕਰਦੇ ਹੋਏ, ਜਿਨ੍ਹਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।” ਉਨ੍ਹਾਂ ਐਕਸ ‘ਤੇ ਕਿਹਾ ਕਿ ਉਹ ਹਰ ਕਿਸਮ ਦੀਆਂ ਤਾਕਤਾਂ ਦਾ ਸਾਹਮਣਾ ਕਰਦੇ ਰਹੇ ਜੋ ਸਾਡੇ ਰਾਸ਼ਟਰੀ ਹਿੱਤਾਂ ਨੂੰ ਖਤਰੇ ਵਿਚ ਪਾਉਂਦੀਆਂ ਹਨ, ਭਾਵੇਂ ਉਹ ਸਰਹੱਦ ਪਾਰ ਦੇ ਦੁਸ਼ਮਣ ਹੋਣ ਜਾਂ ਉਹ ਜਿਹੜੇ ਸਾਡੇ ਸਮਾਜ ਵਿਚਲੇ ਕੱਟੜਪੰਥੀ ਤੱਤ ਹੋਣ। ਵੇਣੂਗੋਪਾਲ ਨੇ ਹੋਰ ਕਿਹਾ, “ਉਨ੍ਹਾਂ ਦੇ ਕਾਰਜਕਾਲ ਨੇ ਹਰ ਇੱਕ ਭਾਰਤੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ, ਉਨ੍ਹਾਂ ਦੇ ਯੋਗਦਾਨ ਸਮੇਂ ਦੀ ਪ੍ਰੀਖਿਆ ‘ਤੇ ਖਰੇ ਉਤਰੇ ਹਨ ਅਤੇ ਅੱਜ ਵੀ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ। ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਕਾਂਗਰਸ ਪਾਰਟੀ ਨੇ ਕਿਹਾ, “ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ, ਸ੍ਰੀਮਤੀ ਇੰਦਰਾ ਗਾਂਧੀ ਤਾਕਤ, ਸਮਰਪਣ, ਦਲੇਰੀ ਅਤੇ ਸ਼ਕਤੀਸ਼ਾਲੀ ਲੀਡਰਸ਼ਿਪ ਦੀ ਇੱਕ ਮਿਸਾਲ ਸਨ।” ਪਾਰਟੀ ਨੇ ਕਿਹਾ, ”ਇੰਦਰਾ ਗਾਂਧੀ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਲੱਖ-ਲੱਖ ਸਲਾਮ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਸਭ ਕੁਝ ਵਾਰ ਦਿੱਤਾ।” ਕਈ ਹੋਰ ਕਾਂਗਰਸੀ ਆਗੂਆਂ ਨੇ ਵੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਕਾਂਗਰਸ ਵੱਲੋਂ ਇੰਦਰਾ ਗਾਂਧੀ ਨੂੰ ਬਰਸੀ ਮੌਕੇ ਨਿੱਘੀਆਂ ਸ਼ਰਧਾਂਜਲੀਆਂ Read More »

ਦਰਾਮਦੀ ਨਿਰਭਰਤਾ ਦੀ ਕਹਾਣੀ

ਕੇਂਦਰ ਵਲੋਂ ਜਦੋਂ ਰੱਖਿਆ ਖੇਤਰ ਵਿਚ ਆਤਮ-ਨਿਰਭਰਤਾ ਉਪਰ ਕਾਫ਼ੀ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਹਿੰਦੋਸਤਾਨ ਏਰੋਨੌਟਿਕਸ ਲਿਮਟਿਡ (ਐੱਚਏਐੱਲ) ਨੇ ਵੱਡੀ ਅਮਰੀਕੀ ਏਅਰੋਸਪੇਸ ਕੰਪਨੀ ਜਨਰਲ ਇਲੈਕਟ੍ਰਿਕ (ਜੀਈ) ’ਤੇ ਇਸ ਕਰ ਕੇ ਜੁਰਮਾਨਾ ਲਾਉਣ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ ਕਿ ਇਸ ਨੇ ਲੜਾਕੂ ਜਹਾਜ਼ ਤੇਜਸ ਮਾਰਕ-1ਏ ਜੈੱਟਾਂ ਲਈ ਏਅਰੋ ਇੰਜਣ ਮੁਹੱਈਆ ਕਰਾਉਣ ਵਿਚ 18 ਮਹੀਨਿਆਂ ਦੀ ਦੇਰੀ ਕਰ ਦਿੱਤੀ ਹੈ। ਏਅਰੋ ਇੰਜਣ ਸਪਲਾਈ ਕਰਨ ਵਿਚ ਦੇਰੀ ਹੋਣ ਨਾਲ ਭਾਰਤੀ ਹਵਾਈ ਸੈਨਾ ਲਈ ਗੰਭੀਰ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ ਕਿਉਂਕਿ ਐੱਚਏਐੱਲ ਚਲੰਤ ਮਾਲੀ ਸਾਲ ਵਿਚ ਸਿਰਫ਼ ਦੋ ਤੇਜਸ ਜੈੱਟ ਹੀ ਮੁਹੱਈਆ ਕਰਾ ਸਕੇਗੀ ਜਦਕਿ ਟੀਚਾ 18 ਜੈੱਟ ਮੁਹੱਈਆ ਕਰਾਉਣ ਦਾ ਮਿੱਥਿਆ ਗਿਆ ਸੀ। ਐੱਚਏਐੱਲ ਰੱਖਿਆ ਮੰਤਰਾਲੇ ਦੀ ਮਾਲਕੀ ਤਹਿਤ ਆਉਂਦੀ ਕੰਪਨੀ ਹੈ। ਸਾਲ 2021 ਵਿਚ ਜੀਈ ਨੇ ਤੇਜਸ ਜੈੱਟਾਂ ਲਈ ਕੁੱਲ 99 ਐਫ404 ਇੰਜਣ ਮੁਹੱਈਆ ਕਰਾਉਣ ਲਈ 71.60 ਕਰੋੜ ਡਾਲਰ ਦਾ ਸਮਝੌਤਾ ਸਹੀਬੰਦ ਕੀਤਾ ਸੀ ਪਰ ਇੰਜਣਾਂ ਦੀ ਸੁਚਾਰੂ ਢੰਗ ਨਾਲ ਸਪਲਾਈ ਨਹੀਂ ਹੋ ਸਕੀ। ਭਾਰਤੀ ਹਵਾਈ ਸੈਨਾ ਨੂੰ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਕੋਲ ਇਸ ਸਮੇਂ ਲੜਾਕੂ ਜੈੱਟਾਂ ਦੀਆਂ 31 ਸਕੁਐਡਰਨਾਂ ਹੀ ਹਨ ਜਦਕਿ ਇਸ ਨੂੰ 42 ਸਕੁਐਡਰਨਾਂ ਦੀ ਜ਼ਰੂਰਤ ਹੈ। ਜੀਈ ਦਾ ਇਹ ਮਾਮਲਾ ਵਿਦੇਸ਼ੀ ਨਿਰਮਾਣਕਾਰਾਂ ਅਤੇ ਸਪਲਾਇਰਾਂ ਉਪਰ ਭਾਰਤ ਦੀ ਬਣੀ ਹੋਈ ਨਿਰਭਰਤਾ ਵੱਲ ਧਿਆਨ ਖਿੱਚਦਾ ਹੈ; ਅਕਸਰ ਦੇਖਿਆ ਗਿਆ ਹੈ ਕਿ ਇਨ੍ਹਾਂ ’ਚੋਂ ਕੁਝ ਨਿਰਮਾਣਕਾਰ ਤੇ ਸਪਲਾਇਰ ਤੈਅਸ਼ੁਦਾ ਸਮਾਂ ਸੀਮਾ ਅਤੇ ਵਚਨਬੱਧਤਾਵਾਂ ਪੂਰੀਆਂ ਕਰਨ ਵਿਚ ਅਸਮੱਰਥ ਰਹੇ ਹਨ। ਆਸ ਹੈ ਕਿ ਜੁਰਮਾਨਾ ਲੱਗਣ ਨਾਲ ਉਨ੍ਹਾਂ ਨੂੰ ਸਖ਼ਤ ਸੁਨੇਹਾ ਗਿਆ ਹੋਵੇਗਾ ਕਿ ਉਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ। ਇਸ ਦੇ ਨਾਲ ਹੀ ਦੇਸ਼ ਦੇ ਰੱਖਿਆ ਉਦਯੋਗ ਲਈ ਜ਼ਰੂਰੀ ਹੈ ਕਿ ਉਹ ਆਪਣੀ ਉਤਪਾਦਨ ਸਮਰੱਥਾ ਦਾ ਵਿਸਥਾਰ ਕਰੇ ਅਤੇ ਮਿਆਰੀ ਉਤਪਾਦਾਂ ਦੀ ਵਿਆਪਕ ਰੇਂਜ ਪੇਸ਼ ਕਰੇ। ਇਸ ਦੇ ਨਾਲ ਹੀ ਹਥਿਆਰਬੰਦ ਬਲਾਂ ਨੂੰ ਸਮੇਂ ਸਿਰ ਇਹ ਉਤਪਾਦ ਮੁਹੱਈਆ ਕਰਵਾਏ ਜਾਣ। ਚੀਨ ਅਤੇ ਪਾਕਿਸਤਾਨ ਜਿਹੇ ਗੁਆਂਢੀ ਮੁਲਕਾਂ ਵੱਲੋਂ ਦਰਪੇਸ਼ ਖ਼ਤਰਿਆਂ ਦੇ ਮੱਦੇਨਜ਼ਰ ਥਲ ਸੈਨਾ, ਭਾਰਤੀ ਹਵਾਈ ਸੈਨਾ ਅਤੇ ਜਲ ਸੈਨਾ ਨੂੰ ਹਰ ਸਮੇਂ ਜੰਗੀ ਤਿਆਰੀ ਪੂਰੀ ਰੱਖਣ ਦੀ ਲੋੜ ਹੈ। ਇਨ੍ਹਾਂ ਸੈਨਾਵਾਂ ਨੂੰ ਅਤਿ ਲੋੜੀਂਦੇ ਸਾਜ਼ੋ-ਸਮਾਨ ਲਈ ਬੇਵਜ੍ਹਾ ਉਡੀਕ ਕਰਵਾਉਣੀ ਮਹਿੰਗੀ ਪੈ ਸਕਦੀ ਹੈ। ਦੇਸ਼ ਭਾਵੇਂ ਆਪਣੀ ਰੱਖਿਆ ਬਰਾਮਦ ਵਧਾਉਣ ਉਤੇ ਕਾਫੀ ਜ਼ੋਰ ਦੇ ਰਿਹਾ ਹੈ ਪਰ ਘਰੇਲੂ ਲੋੜਾਂ ਦੀ ਪੂਰਤੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਖੋਜ ਅਤੇ ਵਿਕਾਸ ਉਤੇ ਜ਼ੋਰ ਦੇ ਕੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਨੂੰ ਹੋਰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ। ਰੱਖਿਆ ਖੇਤਰ ਦੀਆਂ ਸਰਕਾਰੀ ਕੰਪਨੀਆਂ ਨੇ ਹੀ ਸਵਦੇਸ਼ੀਕਰਨ ਦੇ ਉੱਦਮ ਵਿਚ ਵੱਡੀ ਭੂਮਿਕਾ ਨਿਭਾਉਣੀ ਹੈ। ‘ਮੇਕ ਫਾਰ ਦਿ ਵਰਲਡ’ ਦੇ ਟੀਚੇ ਨੂੰ ਅਜੇ ਸਮਾਂ ਲੱਗੇਗਾ ਪਰ ਸਮੇਂ ਦੀ ਮੰਗ ਹੈ ਕਿ ਦਰਾਮਦ ਦਾ ਬਿੱਲ ਘਟਾਉਣ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣ। ਇਸ ਦੇ ਨਾਲ ਹੀ ਸਾਨੂੰ ਟੀਚੇ ਮਿੱਥਣ ਲੱਗਿਆਂ ਤਰਕਸੰਗਤ ਪਹੁੰਚ ਅਪਣਾਉਣ ਦੀ ਲੋੜ ਵੀ ਹੈ।

ਦਰਾਮਦੀ ਨਿਰਭਰਤਾ ਦੀ ਕਹਾਣੀ Read More »

ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ/ਡਾ. ਗੁਰਿੰਦਰ ਕੌਰ

  ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ (ਏਅਰ ਕੁਆਲਿਟੀ) ਇਸ ਸਾਲ ਵੀ 18 ਅਕਤੂਬਰ ਤੋਂ ਲਗਾਤਾਰ ਡਿੱਗ ਰਹੀ ਹੈ। 21 ਅਕਤੂਬਰ ਨੂੰ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 300 ਤੋਂ ਉੱਤੇ ਰਿਕਾਰਡ ਕੀਤਾ ਗਿਆ। ਮਾੜੇ ਹੁੰਦੇ ਏਅਰ ਕੁਆਲਿਟੀ ਇੰਡੈਕਸ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੂੰ ਹਵਾ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਗਰੇਡਿਡ ਰਿਸਪੌਂਸ ਐਕਸ਼ਨ ਪਲਾਨ ਲਾਗੂ ਕਰਨਾ ਪਿਆ। ਇਸ ਐਕਸ਼ਨ ਅਨੁਸਾਰ ਡੀਜ਼ਲ, ਕੋਲੇ ਅਤੇ ਲੱਕੜ ਦੇ ਬਾਲਣ ਦੀ ਵਰਤੋਂ ਕਰਨ ਵਾਲੇ ਰੈਸਟੋਰੈਟਾਂ, ਹੋਟਲਾਂ, ਢਾਬਿਆਂ, ਰੇੜ੍ਹੀਆਂ ਅਤੇ ਡੀਜ਼ਲ ਨਾਲ ਚੱਲਣ ਵਾਲੇ ਜੈਨਰੇਟਰਾਂ ਉੱਤੇ ਪਾਬੰਦੀ ਲਗਾਈ ਜਾਂਦੀ ਹੈ। ਦੀਵਾਲੀ ਮੌਕੇ ਹਵਾ ਗੁਣਵੱਤਾ ਹੋਰ ਹੇਠਾਂ ਡਿੱਗ ਜਾਂਦੀ ਹੈ। ਅਣਗਿਣਤ ਚੱਲਦੇ ਪਟਾਕਿਆਂ ਵਿੱਚ ਕੈਮੀਕਲ ਵੱਡੀ ਮਾਤਰਾ ਵਿਚ ਹੁੰਦੇ ਹਨ ਅਤੇ ਇਨ੍ਹਾਂ ਨਾਲ ਹਵਾ ਵਿੱਚ ਜ਼ਹਿਰੀਲੇ ਤੱਤ ਹੋਰ ਆਣ ਜੁੜਦੇ ਹਨ। ਇਉਂ ਏਅਰ ਕੁਆਲਿਟੀ ਇੰਡੈਕਸ 400 ਤੋਂ ਵੀ ਉਤਾਂਹ ਚਲਾ ਜਾਂਦਾ ਹੈ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਵਿੱਚ ਹਰ ਸਾਲ ਸਰਦੀਆਂ ਦੀ ਆਮਦ ਨਾਲ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਹਵਾ ਪ੍ਰਦੂਸ਼ਣ ਵਿੱਚ ਵਾਧੇ ਨਾਲ ਹੀ ਕੇਂਦਰ, ਦਿੱਲੀ ਅਤੇ ਗੁਆਢੀ ਰਾਜਾਂ ਦੀਆਂ ਸਰਕਾਰਾਂ ਵਿਚਕਾਰ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਦੀ ਸਿਆਸਤ ਸ਼ੁਰੂ ਹੋ ਜਾਂਦੀ ਹੈ। ਲਗਭਗ ਦਹਾਕੇ ਤੋਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਦੇ ਵਧ ਰਹੇ ਪ੍ਰਦੂਸ਼ਣ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਸਾੜੀ ਜਾਂਦੀ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ। ਇਸ ਸਾਲ ਵੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਉਹੋ ਜਿਹਾ ਵਤੀਰਾ ਅਪਣਾਉਂਦੇ ਹੋਏ ਰਾਜਧਾਨੀ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿਚਲੇ ਹਵਾ ਦੇ ਪ੍ਰਦੂਸ਼ਣ ਲਈ ਗੁਆਂਢੀ ਰਾਜਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫ਼ਰਕ ਇੰਨਾ ਹੈ ਕਿ ਇਸ ਸਾਲ ਉਸ ਨੇ ‘ਆਪ’ ਦੇ ਸ਼ਾਸਨ ਵਾਲੇ ਰਾਜ ਪੰਜਾਬ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਭਾਜਪਾ ਸ਼ਾਸਿਤ ਗੁਆਂਢੀ ਰਾਜਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ, ਡੀਜ਼ਲ ਬੱਸਾਂ, ਇੱਟਾਂ ਦੇ ਭੱਠੇ, ਥਰਮਲ ਪਲਾਂਟ ਆਦਿ ਦਿੱਲੀ ਵਿੱਚ ਵਧ ਰਹੇ ਹਵਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਹੁਣ ਸਵਾਲ ਹੈ: ਪ੍ਰਦੂਸ਼ਣ ਲਈ ਕੌਣ ਜ਼ਿੰਮੇਵਾਰ ਹੈ? ਇਸ ਦਾ ਪਤਾ ਲਗਾਉਣ ਲਈ ਪਿਛੋਕੜ ’ਚ ਜਾਣਾ ਪਵੇਗਾ। 1990-2000 ਦੇ ਦਹਾਕੇ ’ਚ ਵੀ ਦਿੱਲੀ ਦੀ ਹਵਾ ਬਹੁਤ ਪ੍ਰਦੂਸ਼ਿਤ ਹੋ ਗਈ ਸੀ। ਉਸ ਸਮੇਂ ਕੇਂਦਰ ਸਰਕਾਰ ਨੇ ਅਸਲ ਕਾਰਨ ਲੱਭ ਕੇ ਹਵਾ ਪ੍ਰਦੂਸ਼ਣ ਉੱਤੇ ਕਾਬੂ ਪਾ ਲਿਆ ਸੀ। ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ, ਆਟੋ ਰਿਕਸ਼ਿਆਂ ਆਦਿ ਉੱਤੇ ਜੁਰਮਾਨੇ ਲਗਾ ਕੇ ਅਤੇ ਡੀਜ਼ਲ ਦੀ ਥਾਂ ਉੱਤੇ ਸੀਐੱਨਜੀ ਵਰਤਣ ਲਈ ਪ੍ਰੇਰ ਕੇ ਦਿੱਲੀ ਦੀ ਹਵਾ ਪ੍ਰਦੂਸ਼ਣ ਰਹਿਤ ਕਰ ਲਈ ਗਈ ਸੀ। ਹੁਣ ਲਗਭਗ ਇੱਕ ਦਹਾਕੇ ਤੋਂ ਦਿੱਲੀ ਦੀ ਹਵਾ ਬਹੁਤ ਪ੍ਰਦੂਸ਼ਿਤ ਹੋ ਚੁੱਕੀ ਹੈ। ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਬਾਰੇ ਲਗਭਗ ਹਰ ਕੌਮਾਂਤਰੀ ਰਿਪੋਰਟ ਵਿੱਚ ਜ਼ਿਕਰ ਹੁੰਦਾ ਹੈ ਕਿ ਇਕੱਲੇ ਦਿੱਲੀ ਸ਼ਹਿਰ ਵਿੱਚ ਹੀ ਨਹੀਂ, ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਹਵਾ ਦਾ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਹਵਾ ਪ੍ਰਦੂਸ਼ਣ ਦਾ ਅਸਲੀ ਕਾਰਨ ਦਿੱਲੀ ਦਾ ਗ਼ੈਰ-ਯੋਜਨਾਬੱਧ ਆਰਥਿਕ ਵਿਕਾਸ ਹੈ। ਆਰਥਿਕ ਵਿਕਾਸ ਦੇ ਨਾਂ ਉੱਤੇ ਕਾਰਪੋਰੇਟ ਖੇਤਰ ਨੂੰ ਉਤਸ਼ਾਹਿਤ ਕਰਨ ਕਰ ਕੇ ਵਾਹਨਾਂ (ਖ਼ਾਸ ਕਰ ਕੇ ਡੀਜ਼ਲ ਨਾਲ ਚੱਲਣ ਵਾਲੇ), ਉਦਯੋਗਿਕ ਇਕਾਈਆਂ ਅਤੇ ਨਿਰਮਾਣ ਕਾਰਜਾਂ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ। ਵਾਹਨਾਂ ਦੀ ਗਿਣਤੀ 2000 ਵਿੱਚ 34 ਲੱਖ ਸੀ ਜੋ 2023 ਵਿੱਚ ਵਧ ਕੇ 1.2 ਕਰੋੜ ਹੋ ਗਈ। ਇਹ ਵਾਹਨ ਰੋਜ਼ ਭਾਰੀ ਮਾਤਰਾ ਵਿੱਚ ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਇਆਕਸਾਈਡ, ਉਜ਼ੋਨ ਆਦਿ ਵਰਗੀਆਂ ਗੈਸਾਂ ਵਾਤਾਵਰਨ ਵਿੱਚ ਛੱਡਦੇ ਹਨ। ਇਸੇ ਤਰ੍ਹਾਂ ਉਦਯੋਗਿਕ ਇਕਾਈਆਂ ਵੀ ਵਾਤਾਵਰਨ ਵਿੱਚ ਅਣਸੋਧੀਆਂ ਗੈਸਾਂ ਛੱਡਦੀਆਂ ਹਨ। ਦਿੱਲੀ ਵਿੱਚ ਚੱਲਦੇ ਨਿਰਮਾਣ ਕਾਰਜ ਹਵਾ ਦੇ ਪ੍ਰਦੂਸ਼ਣ ਵਿੱਚ ਵੱਡੇ ਹਿੱਸੇਦਾਰ ਹਨ। ਇਨ੍ਹਾਂ ਦੇ ਨਾਲ-ਨਾਲ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟ, ਡੀਜ਼ਲ ਨਾਲ ਚੱਲਣ ਵਾਲੇ ਜੈਨਰੇਟਰ, ਪਹਾੜਾਂ ਦੀ ਉਚਾਈ ਦੇ ਬਰਾਬਰ ਜਲਦੇ ਕੂੜੇ ਦੇ ਢੇਰ ਆਦਿ ਸਾਰਾ ਸਾਲ ਹਵਾ ਵਿੱਚ ਭਾਰੀ ਮਾਤਰਾ ਵਿੱਚ ਜ਼ਹਿਰੀਲੀਆਂ ਗੈਸਾਂ, ਧੂੰਏਂ ਅਤੇ ਧੂੜ ਦੇ ਕਣ ਨਿਕਾਸ ਕਰਦੇ ਹਨ। ਅੱਜ ਕੱਲ੍ਹ ਦਿੱਲੀ ਦੀ ਰਿੰਗ ਰੋਡ ਦੀ ਮੁਰੰਮਤ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਸ ਦੀ ਮੁਰੰਮਤ ਕਾਰਨ ਹਵਾ ’ਚ ਮਿੱਟੀ ਤੇ ਧੂੜ ਦੀ ਮਾਤਰਾ ਵਧਣ ਨਾਲ ਵੀ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਪੀਡਬਲਿਊਡੀ ਵਿਭਾਗ ਅਨੁਸਾਰ, ਸੜਕ ਮੁਰੰਮਤ ਦੇ ਕੰਮ ’ਚ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ‘ਦਿ ਐਨਰਜੀ ਐਂਡ ਰਿਸੋਰਸਸ ਇੰਸਟੀਚਿਊਟ’ ਦੇ 2018 ਦੇ ਅਧਿਐਨ ਅਨੁਸਾਰ ਦਿੱਲੀ ਵਿਚਲੇ ਹਵਾ ਦੇ ਪ੍ਰਦੂਸ਼ਣ ਦਾ 25 ਫ਼ੀਸਦ ਹਿੱਸਾ ਮਿੱਟੀ ਅਤੇ ਧੂੜ ਦੇ ਕਣ ਪਾਉਂਦੇ ਹਨ। ਦਿੱਲੀ ਵਿੱਚ ਸਰਦੀਆਂ ਦੀ ਸ਼ੁਰੂਆਤ ਵਿੱਚ ਹੀ ਹਵਾ ਦਾ ਪ੍ਰਦੂਸ਼ਣ ਗੁਆਂਢੀ ਰਾਜਾਂ ਵਿੱਚ ਸਾੜੀ ਜਾ ਰਹੀ ਧਾਨ ਦੀ ਰਹਿੰਦ-ਖੂੰਹਦ ਕਾਰਨ ਨਹੀਂ ਹੁੰਦਾ। ਦਿੱਲੀ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੀ ਹੋਈ ਇਸ ਦਾ ਦੋਸ਼ ਗੁਆਂਢੀ ਰਾਜਾਂ ਸਿਰ ਮੜ੍ਹਨ ਲੱਗ ਜਾਂਦੀ ਹੈ। ਹਵਾ ਦੇ ਵਧ ਰਹੇ ਪ੍ਰਦੂਸ਼ਣ ਲਈ ਦਿੱਲੀ ਆਪ ਜ਼ਿੰਮੇਵਾਰ ਹੈ। ਇਸ ਦੇ ਮੁੱਖ ਕਾਰਨ ਸਥਾਨਕ ਅਤੇ ਮੌਸਮੀ ਹਾਲਤਾਂ ਨਾਲ ਸਬੰਧਿਤ ਹਨ। ਸਥਾਨਕ ਕਾਰਨਾਂ ਵਿੱਚ ਦਿੱਲੀ ਵਿੱਚ ਵੱਖ-ਵੱਖ ਸਰੋਤਾਂ ਤੋਂ ਨਿਕਲੀਆਂ ਗੈਸਾਂ, ਧੂੰਏਂ, ਧੂੜ ਅਤੇ ਮਿੱਟੀ ਦੇ ਕਣ ਹਨ। ਮੌਸਮੀ ਹਾਲਤਾਂ ਵਿੱਚ ਹਵਾ ਦਾ ਸਥਿਰ ਹੋਣਾ, ਹਵਾ ਵਿੱਚ ਨਮੀ ਦੀ ਭਰਪੂਰ ਮਾਤਰਾ ਵਿੱਚ ਹੋਣਾ ਅਤੇ ਰਾਤ ਦੇ ਤਾਪਮਾਨ ਦਾ ਤੇਜ਼ੀ ਨਾਲ ਘਟਣਾ ਹਨ। ਤਾਪਮਾਨ ਘਟਣ ਨਾਲ ਹਵਾ ਵਿਚਲੀ ਨਮੀ ਠੰਢੀ ਹੋ ਕੇ ਧੂੰਏਂ, ਧੂੜ, ਮਿੱਟੀ ਆਦਿ ਦੇ ਕਣਾਂ ਉੱਤੇ ਹਵਾ ਵਿਚਲੇ ਪ੍ਰਦੂਸ਼ਣ ਗਹਿਰਾ ਦਿੰਦੀ ਹੈ। ਹਵਾ ਵਿੱਚ ਗਤੀ ਨਾ ਹੋਣ ਕਾਰਨ ਹਵਾ ਵਿਚਲਾ ਪ੍ਰਦੂਸ਼ਣ ਇੱਕ ਥਾਂ ਸਥਿਰ ਹੋ ਜਾਂਦਾ ਹੈ ਜਿਸ ਕਾਰਨ ਹਵਾ ਦਾ ਪ੍ਰਦੂਸ਼ਣ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ। ਹਵਾ ਸਥਿਰ ਹੋਣ ਕਾਰਨ ਗੁਆਂਢੀ ਰਾਜ ਭਾਵੇਂ ਉਹ ਹਰਿਆਣਾ, ਉੱਤਰ ਪ੍ਰਦੇਸ਼ ਜਾਂ ਪੰਜਾਬ ਹੋਵੇ, ਉੱਥੋਂ ਦੀ ਹਵਾ ਦਿੱਲੀ ਤੱਕ ਪਹੁੰਚ ਹੀ ਨਹੀਂ ਸਕਦੀ। ਜੇ ਹਵਾ ਚੱਲ ਹੀ ਨਹੀਂ ਰਹੀ ਤਾਂ ਪ੍ਰਦੂਸ਼ਣ ਦਿੱਲੀ ਤੱਕ ਕਿਵੇਂ ਪਹੁੰਚਾਏਗੀ। ਜੇ ਹਵਾ ਪੱਛਮ ਵੱਲੋਂ ਆਵੇਗੀ ਤਾਂ ਹੀ ਪੰਜਾਬ, ਹਰਿਆਣੇ ਦੀ ਹਵਾ ਦਿੱਲੀ ਨੂੰ ਪ੍ਰਦੂਸ਼ਿਤ ਕਰੇਗੀ। ਜੇ ਹਵਾ ਉੱਤਰ ਪ੍ਰਦੇਸ਼ ਵੱਲੋਂ ਆਉਂਦੀ ਹੈ ਤਾਂ ਉਹ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਨ ਤੋਂ ਬਾਅਦ ਹਰਿਆਣੇ ਅਤੇ ਪੰਜਾਬ ਨੂੰ ਪ੍ਰਦੂਸ਼ਿਤ ਕਰੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਅਨੁਸਾਰ, ਧਾਨ ਦੀ ਰਹਿੰਦ-ਖੂੰਹਦ ਕਾਰਨ ਜਿਹੜਾ ਧੂੰਆਂ ਉੱਠਦਾ ਹੈ, ਉਹ ਪੰਜਾਬ ਵਿੱਚ ਹੀ ਰਹਿ ਜਾਂਦਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਨੇ ਕਿਹਾ ਕਿ ਕੋਈ ਵੀ ਅਜਿਹਾ ਵਿਗਿਆਨਕ ਅਧਿਐਨ ਨਹੀਂ ਹੋਇਆ ਹੈ ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੋਵੇ ਕਿ ਪੰਜਾਬ ਦਾ ਧੂੰਆਂ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਹਰਿਆਣਾ ਸਰਕਾਰ ਨੇ ਦਿੱਲੀ ਦੇ ਹਵਾ ਦੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਸਮਝਦੇ ਹੋਏ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਕਿ ਜਿਹੜੇ ਕਿਸਾਨ ਧਾਨ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦੇ ਫੜੇ ਜਾਂਦੇ ਹਨ, ਉਨ੍ਹਾਂ ਉੱਤੇ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਫ਼ਸਲ ਅਗਲੇ ਦੋ ਸੀਜ਼ਨਾਂ ਲਈ ਈ-ਪੋਰਟਲ ਉੱਤੇ ਖ਼ਰੀਦਣ ਲਈ ਪਾਬੰਦੀ ਲਗਾਈ ਜਾਵੇ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਧਾਨ ਦੀ ਫ਼ਸਲ ਦੇਸ ਵਾਸੀਆਂ ਲਈ ਅਨਾਜ ਦੀ ਘਾਟ ਨੂੰ ਪੂਰਾ ਕਰਨ ਪੈਦਾ ਕਰਦੇ ਹਨ। ਇਹ

ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ/ਡਾ. ਗੁਰਿੰਦਰ ਕੌਰ Read More »

ਬੰਦੀ ਛੋੜ੍ਹ (ਦਿਵਾਲੀ) ਮੌਕੇ ‘ਵੀ ਕੇਅਰ ਟ੍ਰਸਟ’ ਵੱਲੋਂ ਥੇਮਸ ਖੇਤਰ ਨੂੰ ਨਵੀਂ ਨਿਕੋਰ ਐਂਬੂਲੈਂਸ ਭੇਟ

-ਸ.ਰਘਬੀਰ ਸਿੰਘ ਜੇ.ਪੀ. ਦੇ ਯਤਨ ਸਦਕਾ ਚੌਥੀ ਵਾਰ ਸਿਹਤ ਸੇਵਾਵਾਂ ਵਿਚ ਹੋਇਆ ਵਾਧਾ-ਸ. ਪਰਮਿੰਦਰ ਸਿੰਘ ਦੇ ਹਿੱਸੇ ਆਈ ਸਿੱਖ ਅਰਦਾਸ ਔਕਲੈਂਡ, 31 ਅਕਤੂਬਰ 2024 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਵਿਚ ਸੇਂਟ ਜੌਹਨ ਦੀ ਸਥਾਪਨਾ 30 ਅਪ੍ਰੈਲ 1885 ਦੇ ਵਿਚ ਕ੍ਰਾਈਸਟਚਰਚ ਦੇ ਵਿਚ ਹੋਈ ਸੀ, ਅੱਜ ਇਹ ਦੇਸ਼ ਦੀ ਇਕ ਵੱਡੀ ਸਿਹਤ ਸੇਵਾਵਾਂ ਦੇਣ ਵਾਲੀ ਚੈਰੀਟੇਬਲ ਸੰਸਥਾ ਬਣੀ ਹੋਈ ਹੈ। ਭਾਰਤੀਆਂ ਦੀ ਆਮਦ ਵੀ ਇਥੇ 1890 ਦੇ ਕਰੀਬ ਦੀ ਹੈ ਅਤੇ ਹੁਣ ਇਸ ਗੱਲ ਦਾ ਭਾਰਤੀ ਕਮਿਊਨਿਟੀ ਨੂੰ ਮਾਣ ਹੋਵੇਗਾ ਕਿ ਅਜਿਹੀਆਂ ਸੰਸਥਾਵਾਂ ਦੇ ਵਿਚ ਵੀ ਭਾਰਤੀਆਂ ਦੇ ਯੋਗਦਾਨ ਸਦੀਆਂ ਤੱਕ ਯਾਦ ਰਹਿਣਗੇ। ‘ਵੀ ਕੇਅਰ ਟ੍ਰਸਟ’ ਇਕ ਅਜਿਹਾ ਟ੍ਰਸਟ ਹੈ ਜੋ ਕਿ ਬਾਕੀ ਸਮਾਜਿਕ ਕਾਰਜਾਂ ਦੇ ਨਾਲ-ਨਾਲ ਸਿਹਤ ਸੇਵਾਵਾਂ ਦੇ ਰਾਹੀਂ ਲੋਕਾਂ ਦੀ ਜਾਨ ਬਚਾਉਣ ਵਾਲੀ ਸੰਸਥਾ ਸੇਂਟ ਜੌਹਨ ਨੂੰ ਹਮੇਸ਼ਾਂ ਪਹਿਲ ਦਿੰਦਾ ਹੈ। ਅੱਜ ਇਸ ਟ੍ਰਸਟ ਵੱਲੋਂ ਸ. ਰਘਬੀਰ ਸਿੰਘ ਜੇ.ਪੀ. ਦੇ ਯਤਨਾ ਸਦਕਾ ਇਕ ਹੋਰ ਅਤਿ ਆਧੁਨਿਕ ਐਂਬੂਲੈਂਸ ਥੇਮਸ ਖੇਤਰ ਵਿਖੇ ਭੇਟ ਕੀਤੀ ਗਈ। ਇਸ ਵੱਡੇ ਇਲਾਕੇ ਵਿੱਚ ਸਿਹਤ ਸਬੰਧੀ ਦੇਖਭਾਲ ਕਰਨ ਵਾਲੇ ਅਮਲੇ ਨੂੰ ਸ਼ਾਨਦਾਰ ਐਬੂਲੈਂਸ ਮਿਲੀ ਜੋ ਕਿ ਕਾਰਗਾਰ ਸਾਬਿਤ ਹੋਵੇਗੀ।  ਇਸ ਮੌਕੇ ਸੇਂਟ ਜੌਹਨ ਐਂਬੂਲੈਂਸ ਨਾਲ ਜੁੜੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਇਸ ਸ਼ਾਨਦਾਰ ਭੇਟ ਦੇ ਲਈ ਟ੍ਰਸਟ ਦਾ ਧੰਨਵਾਦ ਕੀਤਾ ਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੁੱਜੇ ਸ. ਰਘਬੀਰ ਸਿੰਘ ਜੇ.ਪੀ. ਹੋਰਾਂ ਨੇ ਵਾਅਦਾ ਕੀਤਾ ਕਿ ਆਉਂਦੇ ਸਮੇਂ ਵੀ ਇਸੇ ਤਰ੍ਹਾਂ ਦੇ ਹੋਰ ਯਤਨ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਮਾਓਰੀ ਭਾਈਚਾਰੇ ਅਤੇ ਇੰਗਲਿਸ਼ ਭਾਈਚਾਰੇ ਦੀ ਰਸਮੀ ਅਰਦਾਸ ਤੋਂ ਇਲਾਵਾ ਸਿੱਖ ਧਰਮ ਦੀ ਹਾਜ਼ਰੀ ਲਗਵਾਉਂਦਿਆਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੇ ਵੀ ਸਿੱਖ ਅਰਦਾਸ ਕਰਕੇ ਹਾਜ਼ਰੀ ਲਗਵਾਈ।  ਇਹ ਸਬੱਬ ਵਾਲੀ ਗੱਲ ਸੀ ਕਿ ਜਿੱਥੇ ਦੇਸ਼ ਵਿਦੇਸ਼ ਵਿੱਚ ਸਾਡਾ ਭਾਈਚਾਰਾ ਬੰਦੀ ਛੋੜ੍ਹ ਦਿਵਸ ਅਤੇ ਦਿਵਾਲੀ ਮਨਾ ਰਿਹਾ ਹੈ ਉਥੇ ਮਨੁੱਖਤਾ ਦੇ ਭਲੇ ਵਾਸਤੇ ਇਸ ਤਰ੍ਹਾਂ ਦੇ ਨਿਵੇਕਲੇ ਯਤਨ ਵੀ ਇਥੇ ਜਾਰੀ ਹਨ। ਇਸ ਐਂਬੂਲੈਂਸ ਦੀ ਕੀਮਤ ਲਗਭਗ 2 ਲੱਖ 19 ਹਜਾਰ ਡਾਲਰ ਦੇ ਕਰੀਬ ਹੈ। ਇਸ ਮੌਕੇ ਥੇਮਸ ਦੇ ਕਾਰੋਬਾਰੀ ਪੰਕਜ ਗੁਪਤਾ ਤੇ ਰੂਹੀ ਗੁਪਤਾ ਵੱਲੋਂ ਦੀ ਤਰਫ ਤੋਂ ਸੌਰਵ ਗੁਪਤਾ ਨੇ ਹਾਜ਼ਰੀ ਲਗਵਾਈ,  ਜਿਨ੍ਹਾਂ ਨੇ ਥੇਮਸ ਇਲਾਕੇ ਵਿੱਚ ਐਬੂਲੈਂਸ ਦਾਨ ਦੇਣ ਦਾ ਸਬੱਬ ਬਣਾਇਆ। ਵਾਕਿਆ ਹੀ ਸਿੱਖ ਧਰਮ ਵਿੱਚ ਸਰਬੱਤ ਦੇ ਭਲੇ ਦੇ ਸਿਧਾਂਤ ਅਤੇ ਭਾਈ ਘਨੱਈਆ ਜੀ ਦੇ ਪਾਏ ਪੂਰਨਿਆਂ ਨੂੰ ਜ਼ਿਹਨ ਦੇ ਵਿਚ ਰੱਖਦਿਆਂ ਅਜਿਹੇ ਕਾਰਜ ਮਨ ਨੂੰ ਵੱਡੀ ਤਸੱਲੀ ਬਖਸ਼ਦੇ ਹਨ। ਵੀ ਕੇਅਰ ਟ੍ਰਸਟ ਵਾਲਿਆਂ ਨੂੰ ਬਹੁਤ-ਬਹੁਤ ਵਧਾਈ।

ਬੰਦੀ ਛੋੜ੍ਹ (ਦਿਵਾਲੀ) ਮੌਕੇ ‘ਵੀ ਕੇਅਰ ਟ੍ਰਸਟ’ ਵੱਲੋਂ ਥੇਮਸ ਖੇਤਰ ਨੂੰ ਨਵੀਂ ਨਿਕੋਰ ਐਂਬੂਲੈਂਸ ਭੇਟ Read More »

ਬੁਮਰਾਹ ਨੂੰ ਪਛਾੜ ਕੇ ਰਬਾਡਾ ਬਣਿਆ ਸਿਖਰਲੇ ਦਰਜੇ ਦਾ ਗੇਂਦਬਾਜ਼

ਦੁਬਈ, 31 ਅਕਤੂਬਰ – ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਅੱਜ ਜਾਰੀ ਆਈਸੀਸੀ ਪੁਰਸ਼ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਸਿਖਰਲੇ ਦਰਜੇ ਦਾ ਗੇਂਦਬਾਜ਼ ਬਣ ਗਿਆ ਹੈ। ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਲੈਅ ਵਿੱਚ ਚੱਲ ਰਹੇ ਸੱਜੇ ਹੱਥ ਦੇ ਗੇਂਦਬਾਜ਼ ਰਬਾਡਾ ਨੇ ਹਾਲ ਹੀ ’ਚ ਬੰਗਲਾਦੇਸ਼ ਖ਼ਿਲਾਫ਼ ਮੀਰਪੁਰ ’ਚ ਖੇਡੇ ਗਏ ਪਹਿਲੇ ਟੈਸਟ ’ਚ 9 ਵਿਕਟਾਂ ਲੈ ਕੇ ਕ੍ਰਿਕਟ ਦੀ ਇਸ ਵੰਨਗੀ ’ਚ ਆਪਣੀਆਂ 300 ਵਿਕਟਾਂ ਪੂਰੀਆਂ ਕੀਤੀਆਂ ਹਨ। ਉਧਰ ਪੁਣੇ ’ਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡੇ ਗਏ ਦੂਜੇ ਟੈਸਟ ’ਚ ਬੁਮਰਾਹ ਇੱਕ ਵੀ ਵਿਕਟ ਨਹੀਂ ਲੈ ਸਕਿਆ। ਇਸ ਤਰ੍ਹਾਂ ਉਹ ਦੋ ਸਥਾਨ ਖਿਸਕ ਕੇ ਤੀਜੇ ਸਥਾਨ ’ਤੇ ਆ ਗਿਆ ਹੈ। ਦੂਜੇ ਸਥਾਨ ’ਤੇ ਆਸਟਰੇਲੀਆ ਦਾ ਜੋਸ਼ ਹੇਜ਼ਲਵੁੱਡ ਹੈ। ਭਾਰਤ ਦਾ ਤਜਰਬੇਕਾਰ ਆਫ ਸਪਿਨੰਰ ਰਵੀਚੰਦਰਨ ਅਸ਼ਵਿਨ ਵੀ ਦੋ ਸਥਾਨਾਂ ਦੇ ਨੁਕਸਾਨ ਨਾਲ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਆਸਟਰੇਲੀਆ ਦਾ ਕਪਤਾਨ ਪੈਟ ਕਮਿਨਸ ਵੀ ਸਿਖਰਲੇ ਪੰਜ ਗੇਂਦਬਾਜ਼ਾਂ ’ਚ ਸ਼ਾਮਲ ਹੈ। ਹਾਲ ਹੀ ਵਿੱਚ ਰਾਵਲਪਿੰਡੀ ’ਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਤੀਜੇ ਆਖਰੀ ਟੈਸਟ ’ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲਾ ਪਾਕਿਸਤਾਨੀ ਸਪਿੰਨਰ ਨੋਮਾਨ ਅਲੀ ਸਿਖਰਲੇ 10 ਗੇਂਦਬਾਜ਼ਾਂ ਵਿੱਚ ਸ਼ੁਮਾਰ ਹੈ। ਬੱਲੇਬਾਜ਼ਾਂ ਦੀ ਸੂਚੀ ’ਚ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਇੱਕ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ।

ਬੁਮਰਾਹ ਨੂੰ ਪਛਾੜ ਕੇ ਰਬਾਡਾ ਬਣਿਆ ਸਿਖਰਲੇ ਦਰਜੇ ਦਾ ਗੇਂਦਬਾਜ਼ Read More »

ਸਰਕਾਰ ਦੇ ਫੈਸਲੇ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਆਈ ਗਿਰਾਵਟ

ਨਵੀਂ ਦਿੱਲੀ, 31 ਅਕਤੂਬਰ – ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਤੇਲ ਕੰਪਨੀਆਂ ਬੇਸ਼ੱਕ ਆਮ ਲੋਕਾਂ ਨੂੰ ਇਸਦਾ ਫ਼ਾਇਦਾ ਨਾ ਦੇ ਰਹੀਆਂ ਹੋਣ ਪਰ ਪੈਟਰੋਲ ਪੰਪ ਮਾਲਕਾਂ ਨੂੰ ਜ਼ਰੂਰ ਦੀਵਾਲੀ ਦਾ ਤੋਹਫ਼ਾ ਦੇ ਦਿੱਤਾ ਹੈ। ਪੈਟਰੋਲ ਪੰਪ ਮਾਲਕਾਂ ਦੀ ਪੁਰਾਣੀ ਮੰਗ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਪੈਟਰੋਲ ਦੀ ਵਿਕਰੀ ’ਤੇ 67 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਵਿਕਰੀ ’ਤੇ 44 ਪੈਸੇ ਪ੍ਰਤੀ ਲੀਟਰ ਦਾ ਵਾਧੂ ਕਮਿਸ਼ਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੈਟਰੋਲ ਪੰਪ ਮਾਲਕਾਂ ਦੀ ਐਸੋਸੀਏਸ਼ਨ ਤੇ ਪੈਟਰੋਲੀਅਮ ਮੰਤਰਾਲੇ ਵਿਚਾਲੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ ਇਸ ਮਾਰਜਨ ਦੇ ਵਧਣ ਦੇ ਬਾਵਜੂਦ ਪਰਚੂਨ ਕੀਮਤਾਂ ’ਚ ਕੋਈ ਵਾਧਾ ਨਹੀਂ ਹੋਵੇਗਾ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਮੀਦ ਪ੍ਰਗਟਾਈ ਹੈ ਕਿ ਕਮਿਸ਼ਨ ਵਧਣ ਤੋਂ ਬਾਅਦ ਪੈਟਰੋਲ ਪੰਪ ’ਤੇ ਗਾਹਕਾਂ ਦੀ ਸੇਵਾ ਦਾ ਪੱਧਰ ਬਿਹਤਰ ਹੋਵੇਗਾ। ਵੈਸੇ ਦੇਸ਼ ਦੇ ਕੁਝ ਸੂਬਿਆਂ ਦੇ ਕੁਝ ਹਿੱਸਿਆਂ ’ਚ ਆਮ ਜਨਤਾ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਰਾਹਤ ਵੀ ਮਿਲੇਗੀ। ਸਰਕਾਰੀ ਤੇਲ ਕੰਪਨੀਆਂ ਨੇ ਕੁਝ ਸੂਬਿਆਂ ’ਚ ਪੈਟਰੋਲ ਤੇ ਡੀਜ਼ਲ ਦੀ ਢੁਆਈ ’ਤੇ ਅੰਤਰਰਾਜੀ ਲਾਗਤ ਨੂੰ ਐਡਜਸਟ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਕਾਰਨ ਹਿਮਾਚਲ ਪ੍ਰਦੇ•ਸ਼, ਓਡੀਸ਼ਾ, ਛੱਤੀਸਗੜ੍ਹ, ਉੱਤਰਾਖੰਡ ਤੇ ਕੁਝ ਉੱਤਰ ਪੂਰਬੀ ਸੂਬਿਆਂ ਦੀਆਂ ਕੁਝ ਥਾਵਾਂ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋ ਗਈਆਂ ਹਨ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਪੈਟਰੋਲ ਦੀ ਕੀਮਤ 3.59 ਰੁਪਏ ਤੇ ਡੀਜ਼ਲ 3.13 ਰੁਪਏ ਪ੍ਰਤੀ ਲੀਟਰ, ਉੱਤਰਾਖੰਡ ਦੇ ਬਦਰੀਨਾਥ ਧਾਮ ’ਚ ਉਕਤ ਦੋਵੇਂ ਉਤਪਾਦਾਂ ਦੀਆਂ ਕੀਮਤਾਂ ’ਚ ਕ੍ਰਮਵਾਰ 3.83 ਰੁਪਏ ਤੇ 3.27 ਰੁਪਏ ਪ੍ਰਤੀ ਲੀਟਰ ਦੀ ਕਮੀ ਹੋਈ ਹੈ। ਪੁਰੀ ਨੇ ਕਿਹਾ ਕਿ ਧਨਤੇਰਸ ਦੇ ਸ਼ੁੱਭ ਮੌਕੇ ’ਤੇ ਤੇਲ ਕੰਪਨੀਆਂ ਵਲੋਂ ਪੈਟਰੋਲ ਪੰਪ ਡੀਲਰਾਂ ਨੂੰ ਦਿੱਤੀ ਗਈ ਵੱਡੀ ਸੌਗਾਤ ਦਾ ਹਾਰਦਿਕ ਸਵਾਗਤ। ਸੱਤ ਸਾਲਾਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ।

ਸਰਕਾਰ ਦੇ ਫੈਸਲੇ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਆਈ ਗਿਰਾਵਟ Read More »

ਜੰਮੂ ਕਸ਼ਮੀਰ ਦੇ ਸਕੂਲਾਂ ਵਿੱਚ ਨਵੰਬਰ ਤੋਂ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ

ਸ੍ਰੀਨਗਰ, 31 ਅਕਤੂਬਰ – ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਅੱਜ ਇੱਕ ਵੱਡਾ ਫ਼ੈਸਲਾ ਲੈਂਦਿਆਂ ਸਕੂਲਾਂ ਵਿੱਚ ਵਿੱਦਿਅਕ ਸੈਸ਼ਨ ਮਾਰਚ ਤੋਂ ਬਦਲ ਕੇ ਨਵੰਬਰ ਕਰ ਦਿੱਤਾ ਹੈ। ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਉਪ ਰਾਜਪਾਲ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਅਬਦੁੱਲਾ ਨੇ ਸਕੂਲ ਸਿੱਖਿਆ ਮੰਤਰੀ ਸਕੀਨਾ ਮਸੂਦ ਇਟੂ ਦੀ ਮੌਜੂਦਗੀ ਵਿੱਚ ਇਸ ਫ਼ੈਸਲੇ ਦਾ ਐਲਾਨ ਕੀਤਾ। ਅਬਦੁੱਲਾ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, ‘‘ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਕਸ਼ਮੀਰ ਤੇ ਜੰਮੂ ਡਿਵੀਜ਼ਨ ਦੇ ਸਰਦ ਰੁੱਤ ਜ਼ੋਨ ਦੇ ਸਕੂਲਾਂ ਵਿੱਚ ਵਿੱਦਿਅਕ ਸੈਸ਼ਨ ਮਾਰਚ ਤੋਂ ਬਦਲ ਕੇ ਨਵੰਬਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਮੈਂ ਸਕੂਲ ਸਿੱਖਿਆ ਮੰਤਰੀ ਸਕੀਨਾ ਇਟੂ ਦਾ ਇਸ ਮੁੱਦੇ ਨੂੰ ਕੈਬਨਿਟ ਵਿੱਚ ਰੱਖਣ ਲਈ ਸ਼ੁੱਕਰ ਗੁਜ਼ਾਰ ਹਾਂ। ਇਸ ਨੂੰ ਕੈਬਨਿਟ ਦੀ ਪ੍ਰਵਾਨਗੀ ਮਿਲ ਗਈ ਹੈ।’’ ਅਬਦੁੱਲਾ ਨੇ ਕਿਹਾ ਕਿ ਇਸ ਸਾਲ ਪਹਿਲੀ ਤੋਂ ਨੌਵੀਂ ਤੱਕ ਦੀਆਂ ਪ੍ਰੀਖਿਆਵਾਂ ਨਵੰਬਰ ਮਹੀਨੇ ਹੋਣਗੀਆਂ, ਜਦਕਿ ਦਸਵੀਂ ਤੋਂ 12ਵੀਂ ਤੱਕ ਦੀਆਂ ਪ੍ਰੀਖਿਆਵਾਂ ਅਗਲੇ ਸਾਲ ਲਈਆਂ ਜਾਣਗੀਆਂ।

ਜੰਮੂ ਕਸ਼ਮੀਰ ਦੇ ਸਕੂਲਾਂ ਵਿੱਚ ਨਵੰਬਰ ਤੋਂ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ Read More »

ਕਾਵਿ ਸੰਗ੍ਰਹਿ ‘ਕਿੱਥੇ ਆਲ੍ਹਣਾ ਪਾਈਏ’ ਲੋਕ ਅਰਪਣ

ਹੁਸ਼ਿਆਰਪੁਰ, 31 ਅਕਤੂਬਰ – ਭਾਸ਼ਾ ਵਿਭਾਗ ਵੱਲੋਂ ਜਸਵਿੰਦਰ ਪਾਲ ਹੈਪੀ ਦਾ ਪਲੇਠਾ ਬਾਲ ਕਾਵਿ ਸੰਗ੍ਰਹਿ ‘ਕਿੱਥੇ ਆਲ੍ਹਣਾ ਪਾਈਏ’ ਦਾ ਲੋਕ ਅਰਪਣ ਅਤੇ ਗੋਸ਼ਟੀ ਸਮਾਗਮ ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ, ਡਾ. ਜਸਵੰਤ ਰਾਏ, ਬਲਜਿੰਦਰ ਮਾਨ, ਡਾ. ਸ਼ਮਸ਼ੇਰ ਮੋਹੀ ਅਤੇ ਕਵੀ ਜਸਵਿੰਦਰ ਹੈਪੀ ਨੇ ਪੰਜਾਬੀ ਬਾਲ ਸਾਹਿਤ ਦੀ ਅਜੋਕੀ ਸਥਿਤੀ, ਸੰਭਾਵਨਾਵਾਂ ਅਤੇ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬਾਲ ਸਾਹਿਤ ਲਿਖਣਾ ਪ੍ਰੋੜ ਸਾਹਿਤਕਾਰੀ ਨਾਲੋਂ ਔਖਾ ਤੇ ਵਿਲੱਖਣ ਕੰਮ ਹੈ। ਪ੍ਰਿੰਸੀਪਲ ਅਮਨਦੀਪ ਸ਼ਰਮਾ, ਸੁਖਵਿੰਦਰ ਸਿੰਘ, ਸੁਰਜੀਤ ਰਾਜਾ ਅਤੇ ਸ਼ਿੰਦਰ ਪਾਲ ਨੇ ਜਸਵਿੰਦਰ ਹੈਪੀ ਨੂੰ ਵਧਾਈ ਦਿੱਤੀ। ਡਾ. ਜਸਵੰਤ ਰਾਏ ਨੇ ਸਮਾਗਮ ’ਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਰਾਜਿੰਦਰ ਹਰਗੜ੍ਹੀਆ ਨੇ ਨਿਭਾਈ। ਇਸ ਮੌਕੇ ਅਸ਼ੋਕ ਕੁਮਾਰ, ਨਰਿੰਦਰ ਪਾਲ ਸਿੰਘ, ਡਾ. ਦਰਸ਼ਨ ਸਿੰਘ ਦਰਸ਼ਨ, ਲਾਲ ਸਿੰਘ, ਪੁਸ਼ਪਾ ਰਾਣੀ ਆਦਿ ਹਾਜ਼ਰ ਸਨ।

ਕਾਵਿ ਸੰਗ੍ਰਹਿ ‘ਕਿੱਥੇ ਆਲ੍ਹਣਾ ਪਾਈਏ’ ਲੋਕ ਅਰਪਣ Read More »

ਜੀਐੱਨਡੀਯੂ ਦਾ ‘ਡੀ’ ਜ਼ੋਨ ਜ਼ੋਨਲ ਯੁਵਕ ਮੇਲੇ ਦੀ ਸਮਾਪਤੀ

ਅੰਮ੍ਰਿਤਸਰ, 31 ਅਕਤੂਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਦਾ ਤਿੰਨ ਰੋਜ਼ਾ ‘ਡੀ’ ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਦੇਰ ਸ਼ਾਮ ਇਕਾਂਗੀ ਮੁਕਾਬਲਿਆਂ ਨਾਲ ਸਮਾਪਤ ਹੋ ਗਿਆ। ਇਸ ਮੇਲੇ ਦੇ ਜੇਤੂ ਸਿਖ ਨੈਸ਼ਨਲ ਕਾਲਜ ਬੰਗਾ ਓਵਰਆਲ ਚੈਂਪੀਅਨ, ਡੀ ਜ਼ੋਨ ਏ-ਡਿਵੀਜ਼ਨ ਅਤੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਓਵਰਆਲ ਚੈਂਪੀਅਨ ਬੀ-ਡਿਵੀਜ਼ਨ ਬਣੇ। ਪਹਿਲਾ ਰਨਰਜ਼ਅਪ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਅਤੇ ਦੂਜਾ ਰਨਰਜ਼ਅਪ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਅਤੇ ਕਮਲਾ ਨਹਿਰੂ ਕਾਲਜ ਫਾਰ ਵਿਮੈਨ ਫਗਵਾੜਾ ਰਿਹਾ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਮੇਂ ਸੰਬੋਧਨ ਕਰਦਿਆ ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਯੁਵਕ ਮੇਲੇ ਨੌਜਵਾਨਾਂ ਵਿਚ ਊਰਜਾ ਦਾ ਕੰਮ ਕਰਦੇ ਹਨ। ਡੀਨ ਵਿਦਿਆਰਥੀ ਭਲਾਈ ਪ੍ਰੋ. ਬੇਦੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਜੇਤੂ ਕਾਲਜਾਂ ਦੇ ਵਿਦਿਆਰਥੀਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ।

ਜੀਐੱਨਡੀਯੂ ਦਾ ‘ਡੀ’ ਜ਼ੋਨ ਜ਼ੋਨਲ ਯੁਵਕ ਮੇਲੇ ਦੀ ਸਮਾਪਤੀ Read More »

ਗੈਸਟ ਪ੍ਰੋਫੈਸਰਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ

ਮਾਨਸਾ, 31 ਅਕਤੂਬਰ – ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਇਸ ਵਾਰ ਰੌਸ਼ਨੀਆਂ ਦੇ ਤਿਉਹਾਰ ਮੌਕੇ ਕਾਲੀ ਦਿਵਾਲੀ ਮਨਾਉਣ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਜਿਨ੍ਹਾਂ ਮਨਜ਼ੂਰਸ਼ੁਦਾ ਅਸਾਮੀਆਂ ’ਤੇ ਉਹ ਕਾਲਜਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ, ਉਨ੍ਹਾਂ ਨੂੰ ਉਚੇਰੀ ਸਿੱਖਿਆ ਵਿਭਾਗ ਵੱਲੋਂ ਖਾਲੀ ਦਰਸਾਇਆ ਗਿਆ ਹੈ, ਜਿਸ ਕਾਰਨ ਗੈਸਟ ਪ੍ਰੋਫੈਸਰਾਂ ’ਚ ਭਾਰੀ ਰੋਸ ਹੈ ਤੇ ਉਹ ਆਪਣੀ ਨੌਕਰੀ ਨੂੰ ਖਤਰੇ ਵਿੱਚ ਜਾ ਰਹੀ ਮਹਿਸੂਸ ਕਰ ਰਹੇ ਹਨ। ਸਹਾਇਕ ਪ੍ਰੋਫੈਸਰ ਗੈਸਟ ਫੈਕਲਟੀ ਸੰਯੁਕਤ ਫਰੰਟ ਦੇ ਆਗੂ ਡਾ. ਰਾਵਿੰਦਰ ਸਿੰਘ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਕਾਲਜਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਇਆ ਹੈ, ਪਰ ਅੱਜ ਉਨਾਂ ਦਾ ਭਵਿੱਖ ਹਨੇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਉਨ੍ਹਾਂ ਦੀਆਂ ਕਈ ਇਕੱਤਰਤਾਵਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਲਿਖਤੀ ਪੱਤਰ ਜਾਰੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਹਰਾ ਪੈੱਨ ਚਲਾਕੇ ਵਧੀਆ ਨੀਤੀ ਬਣਾਕੇ ਉਨਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰੇ। ਜ਼ੀਰਾ (ਪੱਤਰ ਪ੍ਰੇਰਕ): ਇਸੇ ਤਰ੍ਹਾਂ ਸਰਕਾਰੀ ਕਾਲਜ ਜ਼ੀਰਾ ’ਚ ਰੋਸ ਪ੍ਰਦਰਸ਼ਨ ਕਰ ਰਹੇ ਗੈਸਟ ਪ੍ਰੋਫੈਸਰਾਂ ਦੀ ਅਗਵਾਈ ਕਰਦਿਆਂ ਪ੍ਰੋਫੈਸਰ ਪੂਜਾ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀ ਅਤੇ ਅਫਸਰਾਂ ਨਾਲ਼ ਮੀਟਿੰਗਾਂ ਅਸਫਲ ਰਹਿਣ ਕਾਰਨ ਅਤੇ ਕੋਈ ਪੁਖਤਾ ਚਿੱਠੀ ਜਾਰੀ ਨਾ ਕੀਤੇ ਜਾਣ ਤੋਂ ਨਿਰਾਸ਼ ਗੈਸਟ ਪ੍ਰੋਫੈਸਰ ਮੁੱਖ ਮੰਤਰੀ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਦੀ ਨੌਕਰੀ ਨੂੰ ਨਿਯਮਤ ਕਰਨ ਲਈ ਜਲਦ ਕੋਈ ਨੀਤੀ ਬਣਾਈ ਜਾਵੇ ,ਜਿਸ ਨਾਲ਼ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਉਨ੍ਹਾਂ ਐਲਾਨ ਕੀਤਾ ਕਿ ਜੇ ਸਰਕਾਰ ਨੇ ਜਲਦ ਕੋਈ ਨੀਤੀ ਉਨ੍ਹਾਂ ਦੇ ਪੱਖ ਵਿੱਚ ਨਾ ਬਣਾਈ ਤਾਂ ਉਹ ਵੱਡੇ ਸੰਘਰਸ਼ ਲਈ ਮਜਬੂਰ ਹੋਣਗੇ।

ਗੈਸਟ ਪ੍ਰੋਫੈਸਰਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ Read More »