September 28, 2024

ਧੜੇਬੰਦੀ ਤੋਂ ਰਹਿਤ ਉਮੀਦਵਾਰਾਂ ਨੂੰ ਹੀ ਜਿਤਾਇਆ ਜਾਵੇ

ਮਾਨਸਾ, 28 ਸਤੰਬਰ – ਪੰਚਾਇਤ ਚੋਣਾਂ ਮੌਕੇ ਇਮਾਨਦਾਰ, ਸਾਫ ਅਕਸ, ਨਿਰਪੱਖ ਤੇ ਧੜੇਬੰਦੀ ਤੋਂ ਰਹਿਤ ਉਮੀਦਵਾਰਾਂ ਨੂੰ ਜਿਤਾਉਣਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਖੁਦਗਰਜ਼ ਤੇ ਲਾਲਚੀ ਲੋਕਾਂ ਨੇ ਰਾਜਨੀਤਕ ਪਾੜਾ ਪਾ ਕੇ ਭਾਈਚਾਰਕ ਸਾਂਝ ਨੂੰ ਤੋੜਿਆ ਹੋਇਆ ਹੈ | ਇਸ ਕਾਰਨ ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਹੋਣਾ ਸੁਭਾਵਿਕ ਹੈ, ਜਿਸ ਨੂੰ ਖਤਮ ਕਰਨ ਲਈ ਢੁਕਵਾਂ ਸਮਾਂ ਆ ਗਿਆ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਕੀਤਾ | ਕਮਿਊਨਿਸਟ ਆਗੂ ਨੇ ਖਬਰਦਾਰ ਕੀਤਾ ਕਿ ਚੋਣਾਂ ਦੌਰਾਨ ਨਸ਼ੇ ਸਮੇਤ ਮਾੜੇ ਕਿਰਦਾਰ ਵਾਲੇ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣਾ ਹੋਵੇਗਾ, ਕਿਉਂਕਿ ਅਜਿਹੇ ਲੋਕਾਂ ਨੇ ਆਪਣੇ ਫਾਇਦੇ ਲਈ ਪਿੰਡਾਂ ਵਿੱਚ ਧੜੇਬੰਦੀ ਪੈਦਾ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਬਜਾਏ ਕਮਜ਼ੋਰ ਹੀ ਕਰਨਾ ਹੈ | ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਪਿਛਲੇ ਕੰਮਾਂ ਦੀ ਰੀਵਿਊ ਰਿਪੋਰਟ ਪੇਸ਼ ਕੀਤੀ ਅਤੇ ਪਾਰਟੀ ਦੀ ਪੰਚਾਇਤ ਚੋਣਾਂ ਵਿੱਚ ਹਿੱਸੇਦਾਰੀ ਵਧਾਉਣ ‘ਤੇ ਜ਼ੋਰ ਦਿੱਤਾ | ਬਾਕੀ ਥਾਵਾਂ ‘ਤੇ ਸਾਫ-ਸੁਥਰੇ ਤੇ ਨਿਰਪੱਖ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਮਨਜੀਤ ਕੌਰ ਗਾਮੀਵਾਲਾ ਨੇ ਕੀਤੀ | ਮੀਟਿੰਗ ਨੂੰ ਐਡਵੋਕੇਟ ਕੁਲਵਿੰਦਰ ਉੱਡਤ, ਸੀਤਾ ਰਾਮ ਗੋਬਿੰਦਪੁਰਾ, ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਹਰਮੀਤ ਸਿੰਘ ਬੋੜਾਵਾਲ, ਭੁਪਿੰਦਰ ਗੁਰਨੇ, ਕਾਮਰੇਡ ਰਾਏ ਕੇ, ਗੁਰਦਾਸ ਸਿੰਘ ਟਾਹਲੀਆਂ, ਮਲਕੀਤ ਬਖਸ਼ੀਵਾਲਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਹਰਪਾਲ ਸਿੰਘ ਬੱਪੀਆਣਾ, ਸੁਖਦੇਵ ਸਿੰਘ ਪੰਧੇਰ, ਹਰਨੇਕ ਸਿੰਘ ਢਿੱਲੋਂ, ਗੁਰਤੇਜ ਸਿੰਘ ਖਿਆਲੀ ਚਹਿਲਾਂ ਵਾਲੀ, ਗੁਰਪਿਆਰ ਸਿੰਘ ਫੱਤਾ, ਸ਼ੰਕਰ ਸਿੰਘ ਜਟਾਣਾ, ਬਲਵਿੰਦਰ ਸਿੰਘ ਕੋਟ ਧਰਮੂ, ਮੰਗਤ ਭੀਖੀ, ਰਾਜ ਕੁਮਾਰ ਸ਼ਰਮਾ, ਹਰਪ੍ਰੀਤ ਸਿੰਘ ਮਾਨਸਾ, ਗੁਲਜ਼ਾਰ ਖਾਂ, ਬੂਟਾ ਸਿੰਘ ਬਾਜੇਵਾਲਾ, ਬੂਟਾ ਸਿੰਘ ਬਰਨਾਲਾ, ਮਿੱਠੂ ਸਿੰਘ ਭੈਣੀ ਬਾਘਾ ਤੇ ਸੁਖਦੇਵ ਮਾਨਸਾ ਨੇ ਵੀ ਸੰਬੋਧਨ ਕੀਤਾ |

ਧੜੇਬੰਦੀ ਤੋਂ ਰਹਿਤ ਉਮੀਦਵਾਰਾਂ ਨੂੰ ਹੀ ਜਿਤਾਇਆ ਜਾਵੇ Read More »

ਸ਼ਾਹ ਦਾ ਕਿਸਾਨਾਂ ਨੂੰ 10 ਹਜ਼ਾਰ ਦਾ ਲਾਲਚ

ਚੰਡੀਗੜ੍ਹ, 28 ਸਤੰਬਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਹਰਿਆਣਾ ਦੇ ਅੰਬਾਲਾ ਵਿਚ ਚੋਣ ਰੈਲੀ ‘ਚ ਐਲਾਨਿਆ ਕਿ ਹਰਿਆਣਾ ਵਿਚ ਭਾਜਪਾ ਦੀ ਤੀਜੀ ਵਾਰ ਸਰਕਾਰ ਬਣਦੀ ਹੈ ਤਾਂ ਪੀ ਐੱਮ ਕਿਸਾਨ ਸਨਮਾਨ ਨਿਧੀ ਦੀ ਰਕਮ ਸਾਲਾਨਾ 6 ਹਜ਼ਾਰ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ | ਆਯੂਸ਼ਮਾਨ ਭਾਰਤ ਸਕੀਮ ਦਾ ਬੀਮਾ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਜਾਵੇਗਾ | ਹਰਿਆਣਾ ਵਿਚ ਕਿਸਾਨਾਂ ਦਾ ਵੱਡਾ ਵਰਗ ਭਾਜਪਾ ਤੋਂ ਨਾਰਾਜ਼ ਚੱਲ ਰਿਹਾ ਹੈ | ਕਿਸਾਨਾਂ ਨੂੰ ਖੁਸ਼ ਕਰਨ ਲਈ ਸ਼ਾਹ ਨੇ ਇਹ ਬਿਆਨ ਦਿੱਤਾ ਹੈ | ਉਨ੍ਹਾ ਰੇਵਾੜੀ ਵਿਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਪੁੱਛਿਆ ਕਿ ਕੀ ਰਾਹੁਲ ਗਾਂਧੀ ਨੂੰ ‘ਐੱਮ ਐੱਸ ਪੀ’ ਦਾ ਪੂਰਾ ਮਤਲਬ ਵੀ ਪਤਾ ਹੈ | ਉਨ੍ਹਾ ਨਾਲ ਹੀ ਦਾਅਵਾ ਕੀਤਾ ਕਿ ਹਰਿਆਣਾ ਦੀ ਭਾਜਪਾ ਸਰਕਾਰ 24 ਫਸਲਾਂ ਘੱਟੋ-ਘੱਟ ਸਮਰਥਨ ਮੁੱਲ (ਅੱੈਮ ਐੱਸ ਪੀ) ਉਤੇ ਖਰੀਦ ਰਹੀ ਹੈ | ਉਨ੍ਹਾ ਦੋਸ਼ ਲਾਇਆ ਕਿ ਰਾਹੁਲ ਸਿਰਫ ਇਸ ਕਾਰਨ ਐੱਮ ਐੱਸ ਪੀ ਦੀ ਗੱਲ ਕਰ ਰਹੇ ਹਨ, ਕਿਉਂਕਿ ਕਿਸੇ ਐੱਨ ਜੀ ਓ ਨੇ ਰਾਹੁਲ ‘ਬਾਬਾ’ ਨੂੰ ਇਹ ਦੱਸ ਦਿੱਤਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾ ਨੂੰ ਵੋਟਾਂ ਮਿਲਣਗੀਆਂ | ਉਨ੍ਹਾ ਕਿਹਾ—ਰਾਹੁਲ ਬਾਬਾ, ਕੀ ਤੁਹਾਨੂੰ ਐੱਮ ਐੱਸ ਪੀ ਦੀ ਫੁੱਲ ਫਾਰਮ ਵੀ ਪਤਾ ਹੈ | ਤੁਹਾਨੂੰ ਪਤਾ ਹੈ ਕਿ ਕਿਹੜੀਆਂ ਫਸਲਾਂ ਸਾਉਣੀ ਦੀਆਂ ਹੁੰਦੀਆਂ ਹਨ ਤੇ ਕਿਹੜੀਆਂ ਹਾੜ੍ਹੀ ਦੀਆਂ | ਹਰਿਆਣਾ ਵਿਚ 5 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਹੱਕ ਵਿਚ ਪ੍ਰਚਾਰ ਕਰਨ ਆਏ ਸ਼ਾਹ ਨੇ ਇਹ ਦੋਸ਼ ਵੀ ਲਾਇਆ ਕਿ ਕਾਂਗਰਸੀ ਸਰਕਾਰਾਂ ਸਿਰਫ ‘ਕਮਿਸ਼ਨ ਤੇ ਭਿ੍ਸ਼ਟਾਚਾਰ’ ਦੇ ਜ਼ਰੀਏ ਚੱਲਦੀਆਂ ਸਨ, ਜਦੋਂਕਿ ਦੂਜੇ ਪਾਸੇ ‘ਡੀਲਰ, ਦਲਾਲ ਤੇ ਦਾਮਾਦ’ ਰਾਜ ਕਰਦੇ ਸਨ |

ਸ਼ਾਹ ਦਾ ਕਿਸਾਨਾਂ ਨੂੰ 10 ਹਜ਼ਾਰ ਦਾ ਲਾਲਚ Read More »

ਪਰਾਲੀ ਸਾੜਨ ਖਿਲਾਫ ਕਾਗਜ਼ੀ ਕਾਰਵਾਈ ਤੋਂ ਸੁਪਰੀਮ ਕੋਰਟ ਨਰਾਜ਼

ਨਵੀਂ ਦਿੱਲੀ, 28 ਸਤੰਬਰ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਰਾਸ਼ਟਰੀ ਰਾਜਧਾਨੀ ਖੇਤਰ ਦੀ ਖਰਾਬ ਹਵਾ ਗੁਣਵੱਤਾ ਨੂੰ ਲੈ ਕੇ ਪੰਜਾਬ ਤੇ ਹਰਿਆਣਾ ‘ਚ ਪਰਾਲੀ ਸਾੜਨ ਨੂੰ ਰੋਕਣ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ ਏ ਕਿਊ ਐੱਮ) ਵੱਲੋਂ ਚੁੱਕੇ ਗਏ ਕਦਮਾਂ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਉਸ ਦੇ ਹੁਕਮ ਸਿਰਫ ਕਾਗਜ਼ਾਂ ‘ਚ ਹੀ ਹਨ | ਜਸਟਿਸ ਏ ਐੱਸ ਓਕਾ ਤੇ ਜਸਟਿਸ ਅਗਸਟੀਨ ਜਾਰਜ ਮਸੀਹ ਨੇ ਕਿਹਾ—ਪਰਾਲੀ ਸਾੜਨ ਦੇ ਮੁੱਦੇ ਨਾਲ ਸਿੱਝਣ ਲਈ ਇਕ ਕਮੇਟੀ ਤੱਕ ਨਹੀਂ ਬਣਾਈ ਗਈ | ਹਰ ਸਾਲ ਅਸੀਂ ਪਰਾਲੀ ਸੜਦੀ ਦੇਖ ਰਹੇ ਹਾਂ | ਇਸ ਤੋਂ ਪਤਾ ਲੱਗਦਾ ਹੈ ਕਿ ਸੀ ਏ ਕਿਊ ਐੱਮ ਐਕਟ ਦੀ ਪਾਲਣਾ ਨਹੀਂ ਹੋ ਰਹੀ | ਕੀ ਕੋਈ ਕਮੇਟੀ ਬਣਾਈ ਗਈ ਹੈ? ਸਾਨੂੰ ਚੁੱਕਿਆ ਗਿਆ ਇਕ ਕਦਮ ਵੀ ਦਿਖਾਓ | ਐਕਟ ਦੇ ਕਿਹੜੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ? ਤੁਸੀਂ ਬੱਸ ਤਮਾਸ਼ਾ ਦੇਖ ਰਹੇ ਹੋ? ਜਦੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਦੌਰਾਨ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਵਰਮਾ ਨੇ ਕਿਹਾ ਕਿ ਤਿੰਨ ਸਬ-ਕਮੇਟੀਆਂ ਬਣਾਈਆਂ ਗਈਆਂ ਹਨ ਤੇ ਇਹ ਹਰ ਤੀਜੇ ਮਹੀਨੇ ਮੀਟਿੰਗ ਕਰਦੀਆਂ ਹਨ ਤਾਂ ਫਾਜ਼ਲ ਜੱਜਾਂ ਨੇ ਕਿਹਾ ਕਿ ਜ਼ਿਆਦਾ ਸਰਗਰਮ ਹੋਣ ਦੀ ਲੋੜ ਹੈ | ਕਮਿਸ਼ਨ ਵੱਲੋਂ ਪੇਸ਼ ਹੋਈ ਐਡੀਸ਼ਨਲ ਸਾਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੇ ਪਰਾਲੀ ਸੰਕਟ ਨਾਲ ਨਿਬੜਨ ਲਈ ਸਲਾਹ ਤੇ ਦਿਸ਼ਾ-ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ | ਉਸ ਨੇ ਕਿਹਾ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਵਰਨਣਯੋਗ ਕਮੀ ਹੋਈ ਹੈ | ਕੋਰਟ ਨੇ ਕਿਹਾ ਕਿ ਜੇ ਕਮਿਸ਼ਨ ਦੰਡਾਤਮਕ ਕਾਰਵਾਈ ਨਹੀਂ ਕਰਦਾ ਤਾਂ ਮਨਾਹੀ ਦੇ ਨਿਰਦੇਸ਼ ਕਾਗਜ਼ਾਂ ਵਿਚ ਹੀ ਰਹਿ ਜਾਣਗੇ |

ਪਰਾਲੀ ਸਾੜਨ ਖਿਲਾਫ ਕਾਗਜ਼ੀ ਕਾਰਵਾਈ ਤੋਂ ਸੁਪਰੀਮ ਕੋਰਟ ਨਰਾਜ਼ Read More »