September 22, 2024

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮਾਂ ‘ਤੇ ਨਗਰ ਨਿਗਮ ਨੇ ਬੇਸਹਾਰਾ ਪਸ਼ੂ ਫੜੇ, ਨਿਗਮ ਵੱਲੋਂ ਦੋ ਗਊਸ਼ਾਲਾ ਤਿਆਰ ਕੀਤੀ ਜਾ ਰਹੀ ਹੈ

ਅੰਮ੍ਰਿਤਸਰ, 22 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ) – ਸ਼ਹਿਰ ਵਿੱਚ ਖਾਸ ਕਰਕੇ ਸ੍ਰੀ ਦੁਰਗਿਆਣਾ ਮੰਦਿਰ ਦੇ ਆਲੇ-ਦੁਆਲੇ ਬੇਸਹਾਰਾ ਪਸ਼ੂ ਘੁੰਮ ਰਹੇ ਹਨ। ਇਸ ਸਬੰਧੀ ਸ਼ਿਕਾਇਤ ਲੈ ਕੇ ਰਾਸ਼ਟਰੀ ਗਊ ਸੁਰੱਖਿਆ ਫੈਡਰੇਸ਼ਨ ਦੇ ਪ੍ਰਧਾਨ ਡਾ: ਰੋਹਨ ਮਹਿਰਾ ਨੇ ਆਪਣੇ ਨੁਮਾਇੰਦਿਆਂ ਸਮੇਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕੀਤੀ। ਡਾ: ਰੋਹਨ ਮਹਿਰਾ ਨੇ ਦੱਸਿਆ ਕਿ ਸ਼ਹਿਰ ਵਿੱਚ ਬੇਸਹਾਰਾ ਪਸ਼ੂ ਅਕਸਰ ਘੁੰਮਦੇ ਰਹਿੰਦੇ ਹਨ। ਕੁਝ ਡੇਅਰੀ ਮਾਲਕ, ਖਾਸ ਕਰਕੇ ਲੋਹਗੜ੍ਹ ਚੌਂਕ ਅਤੇ ਸ਼੍ਰੀ ਦੁਰਗਿਆਣਾ ਮੰਦਿਰ ਦੇ ਆਲੇ-ਦੁਆਲੇ, ਆਪਣੇ ਪਸ਼ੂਆਂ ਨੂੰ ਛੱਡ ਦਿੰਦੇ ਹਨ। ਜਿਸ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਡੀਸੀ ਸਾਕਸ਼ੀ ਸਾਹਨੀ ਨੇ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ: ਕਿਰਨ ਕੁਮਾਰ ਨੂੰ ਆਪਣੇ ਦਫ਼ਤਰ ਬੁਲਾਇਆ। ਫੜੇ ਗਏ ਜਾਨਵਰਾਂ ਨੂੰ ਵਾਪਸ ਨਹੀਂ ਛੱਡਿਆ ਜਾਣਾ ਚਾਹੀਦਾ। ਡਿਪਟੀ ਕਮਿਸ਼ਨਰ ਨੇ ਡਾ: ਕਿਰਨ ਕੁਮਾਰ ਨੂੰ ਪਸ਼ੂਆਂ ਨੂੰ ਰੱਖਣ ਲਈ ਗਊ ਸ਼ੈੱਡ ਬਾਰੇ ਪੁੱਛਿਆ। ਡਾ: ਕਿਰਨ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਨਰਾਇਣਗੜ੍ਹ ਵਿਖੇ ਇੱਕ ਗਊ ਸ਼ੈੱਡ ਅਤੇ ਲਾਹੌਰੀ ਗੇਟ ਵਿਖੇ ਇੱਕ ਅਹਾਤਾ ਵੀ ਹੈ | ਜਿਸ ਵਿੱਚ 300 ਦੇ ਕਰੀਬ ਗਾਵਾਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਨਗਰ ਨਿਗਮ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਰਾਮ ਤੀਰਥ ਗਊਸ਼ਾਲਾ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ। ਡਾ: ਕਿਰਨ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਝਬਾਲ ਰੋਡ ‘ਤੇ ਸਥਿਤ ਇੱਕ ਹੋਰ ਗਊ ਸ਼ੈੱਡ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦਾ ਨਿਰਮਾਣ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਫੋਕਲ ਪੁਆਇੰਟ ’ਤੇ ਗਊਸ਼ਾਲਾ ਵੀ ਬਣਾਇਆ ਜਾ ਰਿਹਾ ਹੈ। ਜਿਸ ਦੀ ਟੈਂਡਰਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਵਰਕ ਆਰਡਰ ਜਾਰੀ ਕਰਕੇ ਇਸ ਦੀ ਉਸਾਰੀ ਸ਼ੁਰੂ ਕੀਤੀ ਜਾਣੀ ਹੈ। ਇਨ੍ਹਾਂ ਦੋ ਗਊ ਸ਼ੈੱਡਾਂ ਵਿੱਚ 600 ਬੇਸਹਾਰਾ ਪਸ਼ੂ ਰੱਖੇ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੇ ਮਾਲਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਡੀਸੀ ਦੇ ਹੁਕਮਾਂ ’ਤੇ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ: ਕਿਰਨ ਕੁਮਾਰ ਨੇ ਕੈਟਲ ਇੰਪਾਊਂਡ ਟੀਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲ ਕੇ ਸ੍ਰੀ ਦੁਰਗਿਆਣਾ ਮੰਦਿਰ ਦੇ ਆਲੇ-ਦੁਆਲੇ ਤੋਂ 6 ਬੇਸਹਾਰਾ ਪਸ਼ੂ ਜ਼ਬਤ ਕੀਤੇ। ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਛੱਡਣ ਵਾਲੇ ਮਾਲਕਾਂ ਦੇ ਚਲਾਨ ਵੀ ਕੀਤੇ ਗਏ। ਡਾ: ਕਿਰਨ ਕੁਮਾਰ ਨੇ ਕਿਹਾ ਕਿ ਨਿਗਮ ਵੱਲੋਂ ਹਰ ਰੋਜ਼ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਕਾਰਵਾਈ ਜਾਰੀ ਰੱਖੀ ਜਾਵੇਗੀ | ਉਨ੍ਹਾਂ ਡੇਅਰੀ ਮਾਲਕਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਉਨ੍ਹਾਂ ਵੱਲੋਂ ਸੜਕਾਂ ’ਤੇ ਛੱਡੇ ਗਏ ਪਸ਼ੂਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਇਸ ਤੋਂ ਇਲਾਵਾ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਖੇਤਰ ਵਿੱਚ ਚੱਲ ਰਹੀਆਂ ਸਾਰੀਆਂ ਡੇਅਰੀਆਂ ਨੂੰ ਆਪਣੀਆਂ ਡੇਅਰੀਆਂ ਨਗਰ ਨਿਗਮ ਖੇਤਰ ਤੋਂ ਬਾਹਰ ਲੈ ਜਾਣੀਆਂ ਚਾਹੀਦੀਆਂ ਹਨ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮਾਂ ‘ਤੇ ਨਗਰ ਨਿਗਮ ਨੇ ਬੇਸਹਾਰਾ ਪਸ਼ੂ ਫੜੇ, ਨਿਗਮ ਵੱਲੋਂ ਦੋ ਗਊਸ਼ਾਲਾ ਤਿਆਰ ਕੀਤੀ ਜਾ ਰਹੀ ਹੈ Read More »

“ਏਕ ਪੇੜ ਮਾਂ ਕੇ ਨਾਮ” ਗਲੋਬਲ ਮੁਹਿੰਮ ਤਹਿਤ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਬੂਟੇ ਲਗਾਏ

-ਕਾਨੂੰਨੀ ਸੇਵਾਵਾਂ ਦਫਤਰ ਵੱਲੋਂ ਲਗਾਏ ਜਾ ਰਹੇ ਹਨ ਪੌਦੇ ਮੋਗਾ, 22 ਸਤੰਬਰ(ਗਿਆਨ ਸਿੰਘ/ਏ.ਡੀ.ਪੀ ਨਿਊਜ) – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀ ਅਗਵਾਈ ਹੇਠ ਅਨੁਸਾਰ “ਏਕ ਪੇੜ ਮਾਂ ਕੇ ਨਾਮ” ਗਲੋਬਲ ਮੁਹਿੰਮ ਦੇ ਤਹਿਤ ਪੂਰੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਤੇ ਸੈਸ਼ਨ ਜੱਜ–ਕਮ–ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਵਣ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫਸਰ ਮੋਗਾ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਾਲਾ ਵਿਖੇ ਮਿਸ ਕਿਰਨ ਜਯੋਤੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਆਪਣੀ ਮਾਂ ਦੇ ਨਾਮ ਤੇ ਬੂਟਾ ਲਗਾਇਆ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ. ਗੁਰਦਿਆਲ ਸਿੰਘ ਡਿਪਟੀ ਡੀ.ਈ.ਓ. (ਸੈਕੰਡਰੀ) ਮੋਗਾ ਵੱਲੋਂ ਵੀ ਆਪਣੀ-ਆਪਣੀ ਮਾਂ ਦੇ ਨਾਮ ਤੇ ਵੱਖ ਵੱਖ ਬੂਟੇ ਲਗਾਏ ਗਏ। ਇਸ ਤੋਂ ਇਲਾਵਾ ਸ਼੍ਰੀ ਕੁਲਵੰਤ ਸਿੰਘ ਚੇਅਰਮੈਨ, ਐੱਮ.ਡੀ. ਰਣਜੀਤ ਕੌਰ, ਪ੍ਰਿੰਸੀਪਲ ਮਿਸ ਰਮਨਜੀਤ ਕੌਰ ਤੇ ਸ਼੍ਰੀ ਬਰਿੰਦਰਜੀਤ ਸਿੰਘ ਕੈਂਪਸ ਮੈਨੇਜਰ ਵੀ ਮੌਕੇ ਤੇ ਹਾਜ਼ਰ ਸਨ।  ਮਿਸ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਅਤੇ ਵੱਧ ਰਹੇ ਪ੍ਰਦੂਸ਼ਣ ਤੋਂ ਹੋ ਰਹੇ ਮਾੜੇ ਪ੍ਰਭਾਵਾਂ ਤੋਂ ਬਚਾਅ ਕਰਨਾ ਹੈ। ਮੁਹਿੰਮ ਦੇ ਤਹਿਤ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟੇ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਾਲਸਾ ਅਤੇ ਪਲਸਾ ਦੀਆਂ ਸਕੀਮਾਂ ਤੇ ਮੁਫਤ ਲੀਗਲ ਏਡ ਬਾਰੇ ਵੀ ਜਾਗਰੂਕ ਕੀਤਾ।

“ਏਕ ਪੇੜ ਮਾਂ ਕੇ ਨਾਮ” ਗਲੋਬਲ ਮੁਹਿੰਮ ਤਹਿਤ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਬੂਟੇ ਲਗਾਏ Read More »

ਸੈਂਸੈਕਸ ਨੇ ਪਹਿਲੀ ਵਾਰ 84 ਹਜ਼ਾਰ ਦੇ ਅੰਕੜੇ ਨੂੰ ਕੀਤਾ ਪਾਰ

ਮੁੰਬਈ, 22 ਸਤੰਬਰ – ਸੈਂਸੈਕਸ ਅੱਜ ਪਹਿਲੀ ਵਾਰ ਇਤਿਹਾਸਕ 84 ਹਜ਼ਾਰ ਦੇ ਅੰਕੜੇ ਨੂੰ ਪਾਰ ਕਰਕੇ ਬੰਦ ਹੋਇਆ। ਨਿਫ਼ਟੀ ਨੇ ਵੀ ਆਪਣੇ ਨਵੇਂ ਰਿਕਾਰਡ ਪੱਧਰ ਨੂੰ ਛੋਹਿਆ। ਅਮਰੀਕੀ ਤੇ ਏਸ਼ਿਆਈ ਬਾਜ਼ਾਰਾਂ ’ਚ ਤੇਜ਼ੀ ਦੇ ਰੁਝਾਨ ਕਾਰਨ ਘਰੇਲੂ ਸ਼ੇਅਰ ਬਾਜ਼ਾਰ ’ਚ ਵੱਡੀ ਤੇਜ਼ੀ ਦੇਖੀ ਗਈ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,359.51 ਅੰਕ ਉਛਲ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਉਪਰਲੇ ਪੱਧਰ 84,544.31 ’ਤੇ ਬੰਦ ਹੋਇਆ। ਦਿਨ ਵੇਲੇ ਕਾਰੋਬਾਰ ਦੌਰਾਨ ਇਹ 84,694.46 ਅੰਕਾਂ ’ਤੇ ਪਹੁੰਚ ਗਿਆ ਸੀ। ਐੱਨਐੱਸਈ ਨਿਫ਼ਟੀ 375.15 ਅੰਕ ਚੜ੍ਹ ਕੇ 25,790.95 ਦੇ ਪੱਧਰ ’ਤੇ ਬੰਦ ਹੋਇਆ।

ਸੈਂਸੈਕਸ ਨੇ ਪਹਿਲੀ ਵਾਰ 84 ਹਜ਼ਾਰ ਦੇ ਅੰਕੜੇ ਨੂੰ ਕੀਤਾ ਪਾਰ Read More »

ਮਾਲੀ ਦੀ ਗ੍ਰਿਫ਼ਤਾਰੀ ਵਿਰੁੱਧ ਕਿਸਾਨਾਂ ਵੱਲੋਂ ਮੁਜ਼ਾਹਰੇ

ਬਠਿੰਡਾ, 22 ਸਤੰਬਰ – ਸੀਆਈਏ ਸਟਾਫ ਮੁਹਾਲੀ ਵੱਲੋਂ ਬੀਤੇ ਦਿਨੀਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਗਏ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਲਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਇੱਕੇ ਮਿਨੀ ਸਕੱਤਰੇਤ ਕੋਲ ਧਰਨਾ ਦਿੱਤਾ। ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਕੇਸ ਰੱਦ ਕਰਨ ਅਤੇ ਮਾਲੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਬਿੰਦੂ ਨੇ ਕਿਹਾ ਕਿ ਪੁਲੀਸ ਕੇਸ ਵਿੱਚ ਦਰਜ ਮਾਲਵਿੰਦਰ ਸਿੰਘ ਮਾਲੀ ਵਿਰੁੱਧ ਬਿਲਕੁਲ ਝੂਠਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਕਾਰਵਾਈ ਬਦਲਾ ਲਊ ਭਾਵਨਾ ਤਹਿਤ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਸਥਾਨਕ ਡੀਸੀ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਡੀਸੀ ਦਫ਼ਤਰ ਬਰਨਾਲਾ ਅੱਗੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਿਆ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਨੇ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਨੂੰ ਨਾਗਰਿਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦੀ ਉਲੰਘਣਾ ਕਰਾਰ ਦਿੱਤਾ ਹੈ। ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਝੂਠੇ ਕੇਸਾਂ ਵਿੱਚ ਗ੍ਰਿਫਤਾਰ ਕਰਨ ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਮਾਨਸਾ ਵਿਚ ਧਰਨਾ ਦੇ ਕੇ ਡਿਪਟੀ ਕਮਿਸ਼ਨਰ ਮੰਗ ਪੱਤਰ ਸੌਂਪਿਆ। ਲੰਬੀ (ਇਕਬਾਲ ਸਿੰਘ ਸ਼ਾਂਤ): ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਖਿਲਾਫ਼ ਭਾਕਿਯੂ (ਏਕਤਾ) ਉਗਰਾਹਾਂ ਬਲਾਕ ਲੰਬੀ ਵੱਲੋਂ ਸੂਬਾਈ ਸੱਦੇ ‘ਤੇ ਅੱਜ ਲੰਬੀ ਵਿਚ ਵੀ ਰੋਸ ਮਾਰਚ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਵਿਰੁੱਧ ਅੱਜ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਮੁਜ਼ਾਹਰਾ ਕੀਤਾ ਹੈ।

ਮਾਲੀ ਦੀ ਗ੍ਰਿਫ਼ਤਾਰੀ ਵਿਰੁੱਧ ਕਿਸਾਨਾਂ ਵੱਲੋਂ ਮੁਜ਼ਾਹਰੇ Read More »

ਸਰਕਾਰ ਨੂੰ ਜਗਾਉਣ ਲਈ ਕੰਪਿਊਟਰ ਅਧਿਆਪਕਾਂ ਵਲੋਂ ਕੱਢੀ ਗਈ ‘ਜਾਗੋ’

ਸੰਗਰੂਰ, 22 ਸਤੰਬਰ – ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੱਥੇ ਚੱਲ ਰਹੀ ਸੂਬਾ ਪੱਧਰੀ ਲੜੀਵਾਰ ਭੁੱਖ ਹੜਤਾਲ ਦੇ 21ਵੇਂ ਦਿਨ ਨਾਨਕਾ ਮੇਲ ਬਣੀਆਂ ਮਹਿਲਾ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਨੂੰ ਜਗਾਉਣ ਲਈ ਅੱਜ ਸ਼ਹਿਰ ਵਿੱਚ ‘ਜਾਗੋ’ ਕੱਢੀ ਗਈ। ਉਨ੍ਹਾਂ ਸਰਕਾਰ ਦੇ ਝੂਠੇ ਵਾਅਦਿਆਂ ਦਾ ‘ਛੱਜ’ ਤੋੜਦਿਆਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਕੰਪਿਊਟਰ ਅਧਿਆਪਕ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਿਛਲੇ 21 ਦਿਨਾਂ ਤੋਂ ਦਿਨ-ਰਾਤ ਦਾ ਪੱਕਾ ਮੋਰਚਾ ਲਗਾ ਕੇ ਅਣਮਿੱਥੇ ਸਮੇਂ ਦੀ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਹਨ। ਅੱਜ ਰਵਿੰਦਰ ਕੌਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਸੁਮਿਤ ਗੋਇਲ ਜ਼ਿਲ੍ਹਾ ਬਠਿੰਡਾ, ਬਲਜੀਤ ਸਿੰਘ ਅਤੇ ਰਾਕੇਸ ਕੁਮਾਰ ਜ਼ਿਲ੍ਹਾ ਪਟਿਆਲਾ ਭੁੱਖ ਹੜਤਾਲ ’ਤੇ ਬੈਠੇ। ਪੱਕੇ ਮੋਰਚੇ ਦੇ ਧਰਨੇ ਵਿੱਚ ਕੰਪਿਊਟਰ ਅਧਿਆਪਕਾਂ ਸਮੇਤ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਸ਼ਾਮ ਨੂੰ ਮਹਿਲਾ ਕੰਪਿਊਟਰ ਅਧਿਆਪਕਾਂ ਵੱਲੋਂ ਮੰਗਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਰਕਾਰ ਨੂੰ ਜਗਾਉਣ ਲਈ ਸ਼ਹਿਰ ਦੇ ਬਜ਼ਾਰ ਵਿੱਚ ‘ਜਾਗੋ’ ਕੱਢੀ ਗਈ। ਪੱਕੇ ਮੋਰਚੇ ਵਾਲੇ ਸਥਾਨ ਤੋਂ ਸ਼ੁਰੂ ਹੋਈ ‘ਜਾਗੋ’ ਲਾਲ ਬੱਤੀ ਚੌਕ, ਧੂਰੀ ਗੇਟ ਬਾਜ਼ਾਰ, ਛੋਟਾ ਚੌਕ, ਸਦਰ ਬਜ਼ਾਰ ਹੁੰਦਿਆਂ ਵੱਡੇ ਚੌਕ ਪੁੱਜ ਕੇ ਸਮਾਪਤ ਹੋਈ। ਇਸ ਦੌਰਾਨ ਕੰਪਿਊਟਰ ਅਧਿਆਪਕਾਂ ਵੱਲੋਂ ਸਰਕਾਰ ਦੇ ਝੂਠੇ ਵਾਅਦਿਆਂ ਦਾ ‘ਛੱਜ’ ਤੋੜਦਿਆਂ ਪ੍ਰਦਰਸ਼ਨ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਸੂਬਾ ਆਗੂ ਜੋਨੀ ਸਿੰਗਲਾ, ਗੁਰਬਖ਼ਸ਼ ਲਾਲ ਤੇ ਜ਼ਿਲ੍ਹਾ ਪ੍ਰਧਾਨ ਨਰਦੀਪ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਬਣਦੇ ਹੱਕ ਬਹਾਲ ਕਰਨ ਦੇ ਜਿਹੜੇ ਐਲਾਨ ਕੀਤੇ ਸਨ, ਉਹ ਕਾਗਜ਼ੀ ਸਾਬਤ ਹੋ ਕੇ ਰਹਿ ਗਏ ਹਨ।

ਸਰਕਾਰ ਨੂੰ ਜਗਾਉਣ ਲਈ ਕੰਪਿਊਟਰ ਅਧਿਆਪਕਾਂ ਵਲੋਂ ਕੱਢੀ ਗਈ ‘ਜਾਗੋ’ Read More »

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ

ਨਵੀਂ ਦਿੱਲੀ, 22 ਸਤੰਬਰ – ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਅਗਲੇ ਮੁਖੀ ਹੋਣਗੇ, ਜਿਨ੍ਹਾਂ ਦਾ 5000 ਘੰਟਿਆਂ ਤੋਂ ਵੱਧ ਦਾ ਹਵਾਈ ਉਡਾਣਾਂ ਦਾ ਤਜਰਬਾ ਹੈ। ਉਹ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ ਥਾਂ ਲੈਣਗੇ। ਰੱਖਿਆ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਸਮੇਂ ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ 30 ਸਤੰਬਰ ਨੂੰ ਬਾਅਦ ਦੁਪਹਿਰ ਹਵਾਈ ਫ਼ੌਜ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ। ਇਸ ਸਬੰਧੀ ਬਿਆਨ ਵਿਚ ਕਿਹਾ ਗਿਆ ਹੈ, ‘‘ਸਰਕਾਰ ਨੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ, ਪੀਵੀਐੱਸਐੱਮ, ਏਵੀਐੱਸਐੱਮ, ਜੋ ਇਸ ਵੇਲੇ ਹਵਾਈ ਫ਼ੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ ਏਅਰ ਚੀਫ਼ ਮਾਰਸ਼ਲ ਦੇ ਰੈਂਕ ਵਿਚ ਹਵਾਈ ਫ਼ੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਇਹ ਹੁਕਮ 30 ਸਤੰਬਰ ਬਾਅਦ ਦੁਪਹਿਰ ਤੋਂ ਅਮਲ ਵਿਚ ਆਉਣਗੇ।’’ ਮੌਜੂਦਾ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ 30 ਸਤੰਬਰ ਨੂੰ ਸੇਵਾ ਮੁਕਤ ਹੋ ਜਾਣਗੇ। ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਦਾ ਜਨਮ 27 ਅਕਤੂਬਰ, 1964 ਨੂੰ ਹੋਇਆ, ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਫਾਈਟਰ ਪਾਇਲਟ ਸਟਰੀਮ ਵਿਚ ਦਸੰਬਰ 1984 ’ਚ ਕਮਿਸ਼ਨ ਪ੍ਰਾਪਤ ਹੋਇਆ ਸੀ। ਉਨ੍ਹਾਂ ਆਪਣੀ ਕਰੀਬ 40 ਸਾਲ ਲੰਬੀ ਸੇਵਾ ਦੌਰਾਨ ਵੱਖੋ-ਵੱਖ ਜ਼ਿੰਮੇਵਾਰੀਆਂ ਤਹਿਤ ਸੇਵਾ ਨਿਭਾਈ, ਜਿਨ੍ਹਾਂ ਵਿਚ ਵਿਦੇਸ਼ਾਂ ’ਚ ਨਿਯੁਕਤੀਆਂ ਵੀ ਸ਼ਾਮਲ ਹਨ।

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ Read More »

42 ਦਿਨਾਂ ਬਾਅਦ ਮੁੜ ਡਿਊਟੀ ’ਤੇ ਪਰਤੇ ਜੂਨੀਅਰ ਡਾਕਟਰ

ਕੋਲਕਾਤਾ, 22 ਸਤੰਬਰ – ਪੱਛਮੀ ਬੰਗਾਲ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ’ਚ ਜੂਨੀਅਰ ਡਾਕਟਰ 42 ਦਿਨ ਬਾਅਦ ਅੱਜ ਸਵੇਰੇ ਅੰਸ਼ਿਕ ਤੌਰ ’ਤੇ ਕੰਮ ’ਤੇ ਪਰਤ ਆਏ ਹਨ। ਟਰੇਨੀ ਡਾਕਟਰ ਨਾਲ ਜਬਰ ਜਨਾਹ ਮਗਰੋਂ ਹੱਤਿਆ ਦੇ ਰੋਸ ਵਜੋਂ ਧਰਨੇ ’ਤੇ ਬੈਠੇ ਡਾਕਟਰਾਂ ਨੇ ਸਾਰੇ ਸਰਕਾਰੀ ਹਸਪਤਾਲਾਂ ’ਚ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਓਪੀਡੀ ’ਚ ਅਜੇ ਵੀ ਕੰਮ ਸ਼ੁਰੂ ਨਹੀਂ ਕੀਤਾ ਹੈ। ਇਸੇ ਦੌਰਾਨ ਸੀਬੀਆਈ ਦੇ ਅਧਿਕਾਰੀਆਂ ਨੇ ਅੱਜ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਥਿਤ ਨੇੜਲੇ ਇੱਕ ਹੋਰ ਡਾਕਟਰ ਬਿਰੂਪਕਸ਼ ਬਿਸਵਾਸ ਤੋਂ ਪੁੱਛ-ਪੜਤਾਲ ਸ਼ੁਰੂ ਕੀਤੀ ਹੈ। ਦੂਜੇ ਪਾਸੇ ਘਟਨਾ ਦੇ ਰੋਸ ਵਜੋਂ ਅੱਜ ਆਲ ਇੰਡੀਆ ਕਿਸਾਨ ਸਭਾ (ਏਆਈਕੇਐੱਸ) ਤੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਨੇ ਕੋਲਕਾਤਾ ’ਚ ਰੈਲੀਆਂ ਕੀਤੀਆਂ।

42 ਦਿਨਾਂ ਬਾਅਦ ਮੁੜ ਡਿਊਟੀ ’ਤੇ ਪਰਤੇ ਜੂਨੀਅਰ ਡਾਕਟਰ Read More »

ਤੁਹਾਡੇ ਬੱਚੇ ਡਿਜੀਟਲ ਸੰਸਾਰ ਵਿੱਚ ਕੀ ਦੇਖ ਰਹੇ ਹਨ/ਪ੍ਰਿਅੰਕਾ ਸੌਰਭ

-ਬੱਚਿਆਂ ਲਈ ਸਾਈਬਰ ਸੁਰੱਖਿਆ ਆਧੁਨਿਕ ਪਾਲਣ-ਪੋਸ਼ਣ ਦਾ ਜ਼ਰੂਰੀ ਹਿੱਸਾ ਹੈ ਡਿਜੀਟਲ ਯੁੱਗ ਵਿੱਚ, ਔਨਲਾਈਨ ਸੁਰੱਖਿਆ ਅਤੇ ਬੱਚਿਆਂ ਦੀ ਜਾਣਕਾਰੀ ਤੱਕ ਪਹੁੰਚ ਦੇ ਅਧਿਕਾਰ ਵਿਚਕਾਰ ਸੰਤੁਲਨ ਕਾਇਮ ਕਰਨਾ ਇੱਕ ਗੁੰਝਲਦਾਰ ਚੁਣੌਤੀ ਬਣੀ ਹੋਈ ਹੈ। ਸਹਿਯੋਗੀ ਯਤਨਾਂ ਰਾਹੀਂ, ਡਿਜੀਟਲ ਸਾਖਰਤਾ ਵਿੱਚ ਸੁਧਾਰ ਕਰਕੇ ਅਤੇ ਮਜ਼ਬੂਤ ਉਮਰ-ਮੁਤਾਬਕ ਨਿਯਮਾਂ ਨੂੰ ਲਾਗੂ ਕਰਕੇ, ਬੱਚਿਆਂ ਨੂੰ ਔਨਲਾਈਨ ਖਤਰਿਆਂ ਤੋਂ ਬਿਹਤਰ ਢੰਗ ਨਾਲ ਸੁਰੱਖਿਅਤ ਕੀਤਾ ਜਾ ਸਕਦਾ ਹੈ। ਬੱਚਿਆਂ ਲਈ ਸਾਈਬਰ ਸੁਰੱਖਿਆ ਆਧੁਨਿਕ ਪਾਲਣ-ਪੋਸ਼ਣ ਦਾ ਜ਼ਰੂਰੀ ਹਿੱਸਾ ਹੈ। ਇਹਨਾਂ ਤਕਨਾਲੋਜੀਆਂ ਨੂੰ ਲਾਗੂ ਕਰਕੇ, ਢੁਕਵੇਂ ਸੌਫਟਵੇਅਰ ਦੀ ਵਰਤੋਂ ਕਰਕੇ, ਅਤੇ ਫਾਈਬਰ ਆਪਟਿਕ ਇੰਟਰਨੈਟ ਦੇ ਲਾਭਾਂ ਦਾ ਫਾਇਦਾ ਉਠਾਉਂਦੇ ਹੋਏ, ਮਾਪੇ ਇੱਕ ਸੁਰੱਖਿਅਤ ਔਨਲਾਈਨ ਮਾਹੌਲ ਬਣਾ ਸਕਦੇ ਹਨ ਜਿੱਥੇ ਉਹਨਾਂ ਦੇ ਬੱਚੇ ਡਿਜ਼ੀਟਲ ਸੰਸਾਰ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਦੇ ਹੋਏ ਖੋਜ ਕਰ ਸਕਦੇ ਹਨ, ਸਿੱਖ ਸਕਦੇ ਹਨ ਅਤੇ ਮੌਜ-ਮਸਤੀ ਕਰ ਸਕਦੇ ਹਨ ਮਜ਼ੇਦਾਰ ਤੁਹਾਡੇ ਬੱਚੇ ਦੀ ਔਨਲਾਈਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੁੱਲ੍ਹਾ ਸੰਚਾਰ ਅਤੇ ਚੱਲ ਰਹੀ ਸਿੱਖਿਆ ਜ਼ਰੂਰੀ ਹੈ। ਯਾਦ ਰੱਖੋ ਕਿ ਕਿਰਿਆਸ਼ੀਲ ਕਦਮਾਂ ਨਾਲ, ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਮੇਵਾਰੀ ਅਤੇ ਭਰੋਸੇ ਨਾਲ ਡਿਜੀਟਲ ਲੈਂਡਸਕੇਪ ਨੂੰ ਨੈਵੀਗੇਟ ਕਰਨ ਲਈ ਸਮਰੱਥ ਬਣਾ ਸਕਦੇ ਹੋ। ਅੱਜ ਦੇ ਡਿਜੀਟਲ ਲੈਂਡਸਕੇਪ ਵਿੱਚ, ਬੱਚੇ ਤਕਨਾਲੋਜੀ ਵਿੱਚ ਡੁੱਬ ਕੇ ਵੱਡੇ ਹੋ ਰਹੇ ਹਨ। ਸਮਾਰਟਫੋਨ ਤੋਂ ਲੈ ਕੇ ਟੈਬਲੇਟ, ਲੈਪਟਾਪ ਅਤੇ ਗੇਮਿੰਗ ਕੰਸੋਲ ਤੱਕ, ਇੰਟਰਨੈੱਟ ਉਨ੍ਹਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਜਦੋਂ ਕਿ ਔਨਲਾਈਨ ਸੰਸਾਰ ਬੇਅੰਤ ਵਿਦਿਅਕ ਅਤੇ ਮਨੋਰੰਜਨ ਦੇ ਮੌਕੇ ਪ੍ਰਦਾਨ ਕਰਦਾ ਹੈ, ਇਹ ਬੱਚਿਆਂ ਨੂੰ ਕਈ ਜੋਖਮਾਂ ਦਾ ਸਾਹਮਣਾ ਵੀ ਕਰਦਾ ਹੈ। ਡਿਜੀਟਲ ਖੇਤਰ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਨਿੱਜਤਾ ਨੂੰ ਯਕੀਨੀ ਬਣਾਉਣ ਲਈ ਸਾਈਬਰ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਡਿਜੀਟਲ ਯੁੱਗ ਵਿੱਚ, ਬੱਚਿਆਂ ਦੀ ਔਨਲਾਈਨ ਸੁਰੱਖਿਆ ਕਰਨਾ ਅਤੇ ਜਾਣਕਾਰੀ ਤੱਕ ਉਨ੍ਹਾਂ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਇੱਕ ਮਹੱਤਵਪੂਰਨ ਚੁਣੌਤੀ ਹੈ। ਇੰਟਰਨੈੱਟ ਦੀ ਵਰਤੋਂ ਵਿੱਚ ਵਾਧੇ ਦੇ ਨਾਲ, ਬੱਚਿਆਂ ਨੂੰ ਸਿੱਖਣ ਦੇ ਮੌਕਿਆਂ ਅਤੇ ਸਾਈਬਰ ਧੱਕੇਸ਼ਾਹੀ, ਸ਼ੋਸ਼ਣ ਅਤੇ ਇਤਰਾਜ਼ਯੋਗ ਸਮੱਗਰੀ ਵਰਗੇ ਜੋਖਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਨਲਾਈਨ ਸੁਰੱਖਿਆ ਨੂੰ ਸੰਤੁਲਿਤ ਕਰਨ ਲਈ ਕਾਨੂੰਨੀ ਢਾਂਚੇ, ਮਾਤਾ-ਪਿਤਾ ਦੇ ਮਾਰਗਦਰਸ਼ਨ ਅਤੇ ਤਕਨਾਲੋਜੀ ਹੱਲਾਂ ਨੂੰ ਸ਼ਾਮਲ ਕਰਨ ਵਾਲੀ ਬਹੁ-ਪੱਖੀ ਪਹੁੰਚ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਮਾਪਿਆਂ ਅਤੇ ਬੱਚਿਆਂ ਕੋਲ ਲੋੜੀਂਦੀ ਡਿਜੀਟਲ ਸਾਖਰਤਾ ਦੀ ਘਾਟ ਹੈ, ਜਿਸ ਨਾਲ ਔਨਲਾਈਨ ਮਾਰਗਦਰਸ਼ਨ ਪ੍ਰਦਾਨ ਕਰਨਾ ਅਤੇ ਸੰਭਾਵੀ ਜੋਖਮਾਂ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਭਾਰਤ ਵਿੱਚ, ਸਿਰਫ 40% ਵਿਅਕਤੀ ਬੁਨਿਆਦੀ ਡਿਜੀਟਲ ਕਾਰਜ ਕਰਨ ਦੇ ਯੋਗ ਹਨ, ਜੋ ਬੱਚਿਆਂ ਨੂੰ ਔਨਲਾਈਨ ਖਤਰਿਆਂ ਤੋਂ ਬਚਾਉਣ ਲਈ ਗੁੰਝਲਦਾਰ ਕੋਸ਼ਿਸ਼ਾਂ ਕਰਦੇ ਹਨ। ਬੱਚੇ ਅਕਸਰ ਪਰਿਵਾਰਕ ਮੈਂਬਰਾਂ ਨਾਲ ਡਿਵਾਈਸਾਂ ਨੂੰ ਸਾਂਝਾ ਕਰਦੇ ਹਨ, ਜਿਸ ਨਾਲ ਉਹਨਾਂ ਦੀਆਂ ਔਨਲਾਈਨ ਗਤੀਵਿਧੀਆਂ ਦੀ ਨਿਗਰਾਨੀ ਅਤੇ ਨਿਯੰਤ੍ਰਣ ਕਰਨਾ ਚੁਣੌਤੀਪੂਰਨ ਹੁੰਦਾ ਹੈ। ਬਹੁਤ ਸਾਰੇ ਪੇਂਡੂ ਘਰਾਂ ਵਿੱਚ, ਸਾਂਝੇ ਫ਼ੋਨਾਂ ਦੀ ਵਰਤੋਂ ਬੱਚਿਆਂ ਦੁਆਰਾ ਵਿਅਕਤੀਗਤ ਤੌਰ ‘ਤੇ ਵਰਤੀਆਂ ਜਾਂਦੀਆਂ ਗਤੀਵਿਧੀਆਂ ਨੂੰ ਟਰੈਕ ਕਰਨਾ ਅਸੰਭਵ ਬਣਾ ਦਿੰਦੀ ਹੈ, ਜਿਸ ਨਾਲ ਉਹਨਾਂ ਨੂੰ ਸਾਈਬਰ ਧੱਕੇਸ਼ਾਹੀ ਵਰਗੇ ਜੋਖਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਪਲੇਟਫਾਰਮਾਂ ‘ਤੇ ਮਜ਼ਬੂਤ ਫਿਲਟਰਿੰਗ ਵਿਧੀ ਦੀ ਘਾਟ ਕਾਰਨ ਬੱਚੇ ਅਕਸਰ ਔਨਲਾਈਨ ਅਣਉਚਿਤ ਸਮੱਗਰੀ ਦੇ ਸੰਪਰਕ ਵਿੱਚ ਆਉਂਦੇ ਹਨ। ਯੂ-ਟਿਯੂਬ ਵਰਗੇ ਪਲੇਟਫਾਰਮਾਂ ਰਾਹੀਂ ਬਾਲਗ ਸਮੱਗਰੀ ਤੱਕ ਪਹੁੰਚ ਕਰਨ ਵਾਲੇ ਬੱਚਿਆਂ ਦੀਆਂ ਰਿਪੋਰਟਾਂ ਨੇ ਮਜ਼ਬੂਤ ਸੁਰੱਖਿਆ ਲੋੜਾਂ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਸਾਈਬਰ ਧੱਕੇਸ਼ਾਹੀ ਅਤੇ ਔਨਲਾਈਨ ਸ਼ੋਸ਼ਣ ਵਿੱਚ ਵਾਧਾ ਬੱਚਿਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਲਈ ਮਹੱਤਵਪੂਰਨ ਜੋਖਮ ਪੈਦਾ ਕਰਦਾ ਹੈ। ਯੂਨੀਸੇਫ ਦੀ ਇੱਕ ਰਿਪੋਰਟ ਦੇ ਅਨੁਸਾਰ, ਦੁਨੀਆ ਭਰ ਵਿੱਚ 3 ਵਿੱਚੋਂ 1 ਬੱਚੇ ਨੇ ਸਾਈਬਰ ਧੱਕੇਸ਼ਾਹੀ ਦਾ ਸਾਹਮਣਾ ਕੀਤਾ ਹੈ, ਜਿਸਦਾ ਉਹਨਾਂ ਦੀ ਸਿਹਤ ‘ਤੇ ਗੰਭੀਰ ਨਤੀਜੇ ਸਾਹਮਣੇ ਆਏ ਹਨ। ਸਰਕਾਰਾਂ ਨੂੰ ਮਾਪਿਆਂ ਅਤੇ ਬੱਚਿਆਂ ਦੋਵਾਂ ਲਈ ਡਿਜੀਟਲ ਸਾਖਰਤਾ ਨੂੰ ਬਿਹਤਰ ਬਣਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਔਨਲਾਈਨ ਪਲੇਟਫਾਰਮਾਂ ਨੂੰ ਸੁਰੱਖਿਅਤ ਢੰਗ ਨਾਲ ਨੈਵੀਗੇਟ ਕਰਨ ਵਿੱਚ ਮਦਦ ਕੀਤੀ ਜਾ ਸਕੇ। ਭਾਰਤ ਦੀ ਡਿਜੀਟਲ ਇੰਡੀਆ ਪਹਿਲਕਦਮੀ ਪੇਂਡੂ ਖੇਤਰਾਂ ਵਿੱਚ ਬੱਚਿਆਂ ਲਈ ਔਨਲਾਈਨ ਸੁਰੱਖਿਆ ਅਤੇ ਡਿਜੀਟਲ ਸਾਖਰਤਾ ਨੂੰ ਕਵਰ ਕਰਨ ਲਈ ਆਪਣਾ ਦਾਇਰਾ ਵਧਾ ਸਕਦੀ ਹੈ। ਟੈਕਨਾਲੋਜੀ ਪਲੇਟਫਾਰਮਾਂ ਨੂੰ ਮਾਪਿਆਂ ਦੇ ਨਿਯੰਤਰਣ ਦੀਆਂ ਮਜ਼ਬੂਤ ਵਿਸ਼ੇਸ਼ਤਾਵਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ ਜੋ ਗੋਪਨੀਯਤਾ ਦੀ ਉਲੰਘਣਾ ਕੀਤੇ ਬਿਨਾਂ ਬੱਚਿਆਂ ਦੀਆਂ ਔਨਲਾਈਨ ਗਤੀਵਿਧੀਆਂ ਦੀ ਬਿਹਤਰ ਨਿਗਰਾਨੀ ਕਰਨ ਦੀ ਆਗਿਆ ਦਿੰਦੀਆਂ ਹਨ। ਕੁਝ ਖਾਸ ਪਲੇਟਫਾਰਮਾਂ ਤੋਂ ਬੱਚਿਆਂ ‘ਤੇ ਪਾਬੰਦੀ ਲਗਾਉਣ ਨਾਲ ਉਹ ਵਿਕਲਪਕ ਹੱਲ ਲੱਭਣਗੇ, ਜਿਸ ਨਾਲ ਪਾਬੰਦੀ ਬੇਅਸਰ ਹੋ ਜਾਵੇਗੀ। ਉਮਰ ਤਸਦੀਕ ਪ੍ਰਣਾਲੀਆਂ ਜਿਨ੍ਹਾਂ ਨੂੰ ਪਛਾਣ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ, ਗੋਪਨੀਯਤਾ ਦੇ ਮੁੱਦੇ ਉਠਾਉਂਦੇ ਹਨ ਅਤੇ ਅਕਸਰ ਲੋੜ ਤੋਂ ਵੱਧ ਡਾਟਾ ਇਕੱਠਾ ਕਰਦੇ ਹਨ। ਭਾਰਤ ਵਿੱਚ, ਔਨਲਾਈਨ ਪਲੇਟਫਾਰਮਾਂ ‘ਤੇ ਉਮਰ ਦੀ ਤਸਦੀਕ ਲਈ ਆਧਾਰ ਦੀ ਵਰਤੋਂ ਨੇ ਡੇਟਾ ਦੀ ਦੁਰਵਰਤੋਂ ਨੂੰ ਲੈ ਕੇ ਚਿੰਤਾਵਾਂ ਪੈਦਾ ਕੀਤੀਆਂ ਹਨ। ਗੁੰਝਲਦਾਰ ਜਾਂ ਸਖ਼ਤ ਔਨਲਾਈਨ ਨਿਯਮ ਅਣਜਾਣੇ ਵਿੱਚ ਹਾਸ਼ੀਏ ‘ਤੇ ਰਹਿ ਰਹੇ ਭਾਈਚਾਰਿਆਂ ਦੇ ਬੱਚਿਆਂ ਨੂੰ ਪਛਾਣ-ਸਬੰਧਤ ਦਸਤਾਵੇਜ਼ਾਂ ਤੋਂ ਵਾਂਝੇ ਕਰ ਸਕਦੇ ਹਨ ਜਾਂ ਡਿਜੀਟਲ ਸਰੋਤਾਂ ਤੱਕ ਪਹੁੰਚ ਨੂੰ ਸੀਮਤ ਕਰ ਸਕਦੇ ਹਨ। ਪੇਂਡੂ ਭਾਰਤ ਵਿੱਚ, ਸਹੀ ਪਛਾਣ ਤੋਂ ਬਿਨਾਂ ਬੱਚਿਆਂ ਨੂੰ ਸਖਤ ਨਿਯਮਾਂ ਦੇ ਤਹਿਤ ਡਿਜੀਟਲ ਪਲੇਟਫਾਰਮ ਤੱਕ ਪਹੁੰਚ ਕਰਨਾ ਮੁਸ਼ਕਲ ਹੋ ਸਕਦਾ ਹੈ। ਤਕਨੀਕੀ ਪਲੇਟਫਾਰਮਾਂ ‘ਤੇ ਬਹੁਤ ਜ਼ਿਆਦਾ ਸਖਤ ਨਿਯਮਾਂ ਨੂੰ ਲਾਗੂ ਕਰਨਾ ਨਵੀਨਤਾ ਨੂੰ ਰੋਕ ਸਕਦਾ ਹੈ ਅਤੇ ਗਲੋਬਲ ਫਰਮਾਂ ਲਈ ਕੰਮ ਨੂੰ ਗੁੰਝਲਦਾਰ ਬਣਾ ਸਕਦਾ ਹੈ। ਗੂਗਲ ਅਤੇ ਮੈਟਾ ਵਰਗੀਆਂ ਤਕਨੀਕੀ ਕੰਪਨੀਆਂ ਨੇ ਆਪਣੇ ਕਾਰੋਬਾਰੀ ਮਾਡਲਾਂ ਨੂੰ ਪ੍ਰਭਾਵਤ ਕਰਨ ਵਾਲੇ ਗੁੰਝਲਦਾਰ ਕਾਨੂੰਨੀ ਢਾਂਚੇ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਪਹੁੰਚ ਨੂੰ ਸੀਮਤ ਕਰਨ ‘ਤੇ ਬਹੁਤ ਜ਼ਿਆਦਾ ਧਿਆਨ ਦੇਣ ਨਾਲ ਡਿਜੀਟਲ ਯੁੱਗ ਵਿੱਚ ਬੱਚਿਆਂ ਦੇ ਵਿਦਿਅਕ ਮੌਕਿਆਂ ਅਤੇ ਹੁਨਰ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ। ਯੂ-ਟਿਯੂਬ ਕਿਡਸ ਵਰਗੇ ਪਲੇਟਫਾਰਮ ਸਕ੍ਰੀਨ ਸਮੇਂ ਦਾ ਪ੍ਰਬੰਧਨ ਕਰਨ ਅਤੇ ਸਮੱਗਰੀ ਨੂੰ ਪ੍ਰਤਿਬੰਧਿਤ ਕਰਨ ਲਈ ਅਨੁਕੂਲਿਤ ਮਾਪਿਆਂ ਦੇ ਨਿਯੰਤਰਣ ਸੈਟਿੰਗਾਂ ਦੀ ਪੇਸ਼ਕਸ਼ ਕਰਦੇ ਹਨ। ਯੂਕੇ ਦੇ ਉਮਰ-ਮੁਤਾਬਕ ਡਿਜ਼ਾਈਨ ਕੋਡ ਵਰਗੇ ਕਾਨੂੰਨਾਂ ਨੂੰ ਅਪਣਾਉਣ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਤਕਨੀਕੀ ਪਲੇਟਫਾਰਮ ਬਿਹਤਰ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਾਲ ਬਾਲ-ਅਨੁਕੂਲ ਡਿਜੀਟਲ ਵਾਤਾਵਰਣ ਵਿਕਸਿਤ ਕਰਦੇ ਹਨ। ਇਸੇ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਭਾਰਤ ਵਿੱਚ ਲਾਗੂ ਕੀਤੇ ਜਾ ਸਕਦੇ ਹਨ, ਜਿਸ ਵਿੱਚ ਵੱਖ-ਵੱਖ ਉਮਰ ਸਮੂਹਾਂ ਲਈ ਵਿਸ਼ੇਸ਼ਤਾਵਾਂ ਨੂੰ ਸੋਧਣ ਲਈ ਤਕਨੀਕੀ ਪਲੇਟਫਾਰਮਾਂ ਦੀ ਲੋੜ ਹੋਵੇਗੀ। ਸਕੂਲਾਂ ਨੂੰ ਪਾਠਕ੍ਰਮ ਵਿੱਚ ਔਨਲਾਈਨ ਸੁਰੱਖਿਆ ਸਿੱਖਿਆ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਇਹ ਸਿਖਾਇਆ ਜਾ ਸਕੇ ਕਿ ਡਿਜੀਟਲ ਸਪੇਸ ਵਿੱਚ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਕੂਲੀ ਪਾਠਕ੍ਰਮ ਵਿੱਚ ਔਨਲਾਈਨ ਸੁਰੱਖਿਆ ਅਤੇ ਡਿਜੀਟਲ ਜ਼ਿੰਮੇਵਾਰੀ ਬਾਰੇ ਵਿਵਸਥਾਵਾਂ ਸ਼ਾਮਲ ਹੋ ਸਕਦੀਆਂ ਹਨ। ਸਰਕਾਰਾਂ, ਟੈਕਨਾਲੋਜੀ ਕੰਪਨੀਆਂ ਅਤੇ ਸਿਵਲ ਸੁਸਾਇਟੀ ਨੂੰ ਬੱਚਿਆਂ ਲਈ ਸੁਰੱਖਿਅਤ ਡਿਜੀਟਲ ਵਾਤਾਵਰਨ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜਦਕਿ ਜਾਣਕਾਰੀ ਤੱਕ ਪਹੁੰਚ ਕਰਨ ਦੇ ਉਨ੍ਹਾਂ ਦੇ ਅਧਿਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਭਾਰਤੀ ਸਿੱਖਿਆ ਮੰਤਰਾਲੇ ਅਤੇ ਤਕਨਾਲੋਜੀ ਪਲੇਟਫਾਰਮ ਵਿਚਕਾਰ ਸਹਿਯੋਗ ਵਿਆਪਕ ਬਾਲ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾ ਸਕਦਾ ਹੈ। ਡਿਜੀਟਲ ਯੁੱਗ ਵਿੱਚ, ਔਨਲਾਈਨ ਸੁਰੱਖਿਆ ਅਤੇ ਬੱਚਿਆਂ ਦੀ ਜਾਣਕਾਰੀ ਤੱਕ ਪਹੁੰਚ ਦੇ ਅਧਿਕਾਰ ਵਿਚਕਾਰ ਸੰਤੁਲਨ ਕਾਇਮ ਕਰਨਾ ਇੱਕ ਗੁੰਝਲਦਾਰ ਚੁਣੌਤੀ ਬਣੀ ਹੋਈ

ਤੁਹਾਡੇ ਬੱਚੇ ਡਿਜੀਟਲ ਸੰਸਾਰ ਵਿੱਚ ਕੀ ਦੇਖ ਰਹੇ ਹਨ/ਪ੍ਰਿਅੰਕਾ ਸੌਰਭ Read More »

ਮੋਦੀ ਦੇ ਡਰ ਕਾਰਨ ਭਾਰਤ-ਪਾਕਿ ਸਰਹੱਦ ’ਤੇ ਹੈ ਸ਼ਾਂਤੀ – ਅਮਿਤ ਸ਼ਾਹ

ਮੇਂਧਰ, 22 ਸਤੰਬਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰਦਾ ਹੈ ਅਤੇ ਇਸ ਲਈ ਜੰਮੂ ਕਸ਼ਮੀਰ ’ਚ ਸਰਹੱਦ ’ਤੇ ਸ਼ਾਂਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਗੋਲੀ ਚਲਾਉਣ ਦੀ ਹਿੰਮਤ ਨਹੀਂ ਕਰੇਗਾ ਕਿਉਂਕਿ ਉਹ ਜਾਣਦਾ ਹੈ ਕਿ ਭਾਰਤ ਦਾ ਜਵਾਬ ਉਸ ਦੀਆਂ ਬੰਦੂਕਾਂ ਨੂੰ ਚੁੱਪ ਕਰਵਾਉਣ ਲਈ ਕਾਫੀ ਹੋਵੇਗਾ। ਸ਼ਾਹ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪੁਣਛ ਜ਼ਿਲ੍ਹੇ ਦੇ ਸਰਹੱਦੀ ਇਲਾਕੇ ’ਚ ਭਾਜਪਾ ਉਮੀਦਵਾਰ ਮੁਰਤਜ਼ਾ ਖਾਨ ਦੀ ਹਮਾਇਤ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਨੌਜਵਾਨਾਂ ਦੇ ਹੱਥਾਂ ’ਚ ਬੰਦੂਕਾਂ ਤੇ ਪੱਥਰਾਂ ਦੀ ਥਾਂ ਲੈਪਟਾਪ ਦੇ ਕੇ ਅਤਿਵਾਦ ਦਾ ਸਫ਼ਾਇਆ ਕਰਨ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਮੂ ਖੇਤਰ ਦੇ ਪਹਾੜਾਂ ’ਚ ਬੰਦੂਕਾਂ ਦੀ ਆਵਾਜ਼ ਨਹੀਂ ਗੂੰਜਣ ਦੇਵੇਗੀ। ਸ਼ਾਹ ਨੇ ਕਿਹਾ, ‘ਅਸੀਂ ਲੋਕਾਂ ਦੀ ਸੁਰੱਖਿਆ ਲਈ ਸਰਹੱਦ ’ਤੇ ਹੋਰ ਬੰਕਰ ਬਣਾਵਾਂਗੇ। ਮੈਂ ਤੁਹਾਨੂੰ 1990 ਦੇ ਦਹਾਕੇ ’ਚ ਸਰਹੱਦ ’ਤੇ ਹੋਣ ਵਾਲੀ ਗੋਲੀਬਾਰੀ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ। ਕੀ ਅੱਜ ਵੀ ਸਰਹੱਦ ਪਾਰੋਂ ਗੋਲੀਬਾਰੀ ਹੋ ਰਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇੱਥੇ ਪਹਿਲਾਂ ਦੇ ਸ਼ਾਸਕ ਪਾਕਿਸਤਾਨ ਤੋਂ ਡਰਦੇ ਸਨ ਪਰ ਹੁਣ ਪਾਕਿਸਤਾਨ ਮੋਦੀ ਤੋਂ ਡਰਦਾ ਹੈ। ਉਹ ਗੋਲੀਬਾਰੀ ਦੀ ਹਿੰਮਤ ਨਹੀਂ ਕਰਨਗੇ ਪਰ ਜੇ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।’ ਭਾਜਪਾ ਆਗੂ ਜੰਮੂ ਕਸ਼ਮੀਰ ਦੇ ਤਿੰਨ ਰੋਜ਼ਾ ਦੌਰੇ ’ਤੇ ਆਏ ਹਨ ਅਤੇ ਉਨ੍ਹਾਂ ਪੁਣਛ ਦੇ ਸੁਨਾਰਕੋਟ, ਰਾਜੌਰੀ ਜ਼ਿਲ੍ਹੇ ਦੇ ਥਾਣਾਮੰਡੀ ਤੇ ਰਾਜੌਰੀ ’ਚ ਵੀ ਰੈਲੀਆਂ ਨੂੰ ਸੰਬੋਧਨ ਕੀਤਾ।

ਮੋਦੀ ਦੇ ਡਰ ਕਾਰਨ ਭਾਰਤ-ਪਾਕਿ ਸਰਹੱਦ ’ਤੇ ਹੈ ਸ਼ਾਂਤੀ – ਅਮਿਤ ਸ਼ਾਹ Read More »

ਕਸ਼ਮੀਰ ਦੀ ਸ਼ਾਂਤੀ ਦੇ ਸੁਰ/ਜਯੋਤੀ ਮਲਹੋਤਰਾ

ਕਈ ਸਾਲਾਂ ਦੀ ਅਸ਼ਾਂਤੀ ਤੋਂ ਬਾਅਦ ਸ੍ਰੀਨਗਰ ਵਿੱਚ ਹੁਣ ਠੰਢ ਠੰਢਾਅ ਹੈ। ਬੱਚੇ ਪਾਰਕਾਂ ਵਿੱਚ ਫੁਟਬਾਲ ਖੇਡਦੇ ਹਨ ਤੇ ਆਸੇ-ਪਾਸੇ ਬੈਠ ਕੇ ਮਾਪੇ ਗੱਪ-ਸ਼ੱਪ ਕਰਦੇ ਰਹਿੰਦੇ ਹਨ। ਲਾਲ ਚੌਕ ਸਾਫ਼ ਸੁਥਰਾ ਹੈ ਅਤੇ ਇੱਥੇ ਪ੍ਰੈਗਨੈਂਸੀ ਟੈਸਟ ਕਿੱਟ ਦਾ ਵੱਡਾ ਸਾਰਾ ਇਸ਼ਤਿਹਾਰ ਹੋਰਡਿੰਗ ਲੱਗਿਆ ਹੋਇਆ ਹੈ। ਮਾਲ ਦੇ ਬੰਨ੍ਹ ਉੱਪਰ ਸਟਾਰਬੱਕਸ ਰੈਸਤਰਾਂ ਖੁੱਲ੍ਹ ਗਿਆ ਹੈ ਜਿਸ ਦੇ ਸਾਹਮਣੇ ਚਿਨਾਰ ਦੇ ਵੱਡੇ-ਵੱਡੇ ਦਰੱਖ਼ਤਾਂ ਦੀ ਪਾਲ਼ ਲਹਿਲਹਾਉਂਦੀ ਹੈ। ਆਟੋ ਅਤੇ ਊਬਰ ਵਾਲੇ (ਜੋ ਹਾਲੇ ਵੀ ਸ਼ਾਮ ਨੂੰ ਪੈਂਥਾ ਚੌਕ ਤੱਕ ਨਹੀਂ ਜਾਂਦੇ) ਅਤੇ ਦੁਕਾਨਦਾਰ ਕਸ਼ਮੀਰ ਵਾਦੀ ਵਿੱਚ ਭਾਰਤੀ ਸੈਲਾਨੀਆਂ ਦੀ ਵਾਪਸੀ ਦਾ ਜਸ਼ਨ ਮਨਾਉਂਦੇ ਹਨ। ਸਕੂਲਾਂ ਵਿੱਚ ਭਰਵੇਂ ਦਾਖ਼ਲੇ ਹੋ ਰਹੇ ਹਨ ਅਤੇ ਇਹ ਸਾਰਾ ਸਾਲ ਖੁੱਲ੍ਹੇ ਰਹਿੰਦੇ ਹਨ -ਪ੍ਰੈਂਜ਼ੇਟੇਸ਼ਨ ਕਾਨਵੈਂਟ ਦੇ ਬਾਹਰ ਇੱਕ ਇਲੈਕਟ੍ਰਾਨਿਕ ਬੋਰਡ ’ਤੇ ਸੰਦੇਸ਼ ਲਿਖਿਆ ਹੈ, ‘‘ਇੱਕ ਚੰਗਾ ਵਿਦਿਆਰਥੀ ਉਹ ਹੁੰਦਾ ਹੈ ਜੋ ਗਿਆਨ ਦੇ ਖੂਹ ’ਚ ਗਹਿਰਾ ਉੱਤਰ ਕੇ ਆਪਣੀ ਪਿਆਸ ਬੁਝਾਉਂਦਾ ਹੈ। ਫਿਰ ਵੀ ਜੇਹਲਮ ਦੇ ਬੰਨ੍ਹ ’ਤੇ ਖਲੋ ਕੇ ਇੱਕ ਗਹਿਰਾ ਸਾਹ ਲਓ ਤੇ ਇਹ ਸੋਚ ਕੇ ਹੈਰਤ ਹੁੰਦੀ ਹੈ ਕਿ ਕੀ ਇਹ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ? 1 ਅਕਤੂਬਰ ਨੂੰ ਜਦੋਂ ਅਸੈਂਬਲੀ ਚੋਣਾਂ ਹੋ ਹਟਣਗੀਆਂ ਅਤੇ ਲੋਕਾਂ ਨੂੰ ਪਤਾ ਲੱਗੇਗਾ ਕਿ ਜੰਮੂ ਕਸ਼ਮੀਰ ਵਿੱਚ ਸੱਤਾ ਦਾ ਇੱਕ ਖੋਖਲਾ ‘ਦਿੱਲੀ ਮਾਡਲ’ ਲਾਗੂ ਕੀਤਾ ਗਿਆ ਹੈ ਤਾਂ ਕੀ ਹੋਵੇਗਾ? ਇਹ ਕਿ ਮੁਕੰਮਲ ਰਾਜ ਦੇ ਦਰਜੇ ਦੀ ਵਾਪਸੀ ਐਨੀ ਸੌਖੀ ਨਹੀਂ ਹੈ, ਭਾਵੇਂ ਪ੍ਰਧਾਨ ਮੰਤਰੀ ਮੋਦੀ ਨੇ ਇਸੇ ਹਫ਼ਤੇ ਇੱਕ ਚੋਣ ਰੈਲੀ ਵਿਚ ਇਸ ਦਾ ਵਾਅਦਾ ਕੀਤਾ ਹੈ। ਇਹ ਕਿ ਸੱਤਾ ਦੀ ਕਮਾਂਡ ਮੋਦੀ ਦੇ ਖ਼ਾਸਮਖਾਸ ਉਪ ਰਾਜਪਾਲ ਦੇ ਹੱਥਾਂ ਵਿੱਚ ਹੀ ਬਣੀ ਰਹੇਗੀ ਤੇ ਜ਼ਮੀਨ ਅਤੇ ਅਮਨ-ਕਾਨੂੰਨ ਜਿਹੇ ਅਹਿਮ ਵਿਭਾਗਾਂ ਦਾ ਚਾਰਜ ਉਨ੍ਹਾਂ ਕੋਲ ਹੀ ਰਹੇਗਾ ਜਦੋਂਕਿ ਚੁਣਿਆ ਹੋਇਆ ਮੁੱਖ ਮੰਤਰੀ ਬਾਕੀ ਸ਼ੋਅ ਚਲਾਵੇਗਾ। ਜਾਂ ਕੀ ਇਹ ਤੂਫ਼ਾਨ ਤੋਂ ਬਾਅਦ ਦੀ ਸ਼ਾਂਤੀ ਹੈ -ਜਿਵੇਂ ਕਿ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਪੱਥਰਬਾਜ਼ੀ ਜਾਂ ਰੋਸ ਮੁਜ਼ਾਹਰਿਆਂ ਜਾਂ ਖਾੜਕੂ ਸਫ਼ਾਂ ਵਿੱਚ ਰਲ਼ਣ ਦੀ ਕੋਈ ਤੁੱਕ ਨਹੀਂ ਰਹਿ ਗਈ? ਯਕੀਨਨ, ਕਸ਼ਮੀਰੀਆਂ ਨੂੰ ਦੇਸ਼ ’ਚੋਂ ਹਰ ਕਿਸੇ ਨਾਲੋਂ (ਸਿਰਫ਼ ਮਨੀਪੁਰੀ ਅਪਵਾਦ ਹਨ) ਬਿਹਤਰ ਪਤਾ ਹੈ ਕਿ ਕਿਸੇ ਇੱਕ ਗ਼ਲਤ ਕਦਮ ਕਰ ਕੇ ਭਾਰਤੀ ਸਟੇਟ ਨੂੰ ਐਨੀ ਸਖ਼ਤੀ ਕਰਨ ਦਾ ਮੌਕਾ ਮਿਲ ਜਾਵੇਗਾ ਕਿ 2019 ਦੀ ਅਗਸਤ ਦੀ ਸਵੇਰ ਨੂੰ ਸ੍ਰੀਨਗਰ ਦੇ ਬਾਹਰਵਾਰ ਸ਼ੂਰਾ ਇਲਾਕੇ ਵਿੱਚ ਲੋਕਾਂ ਦੇ ਰੋਸ ਮੁਜ਼ਾਹਰੇ ਨੂੰ ਤਿਤਰ-ਬਿਤਰ ਕਰਨ ਲਈ ਕੀਤੀ ਗਈ ਫਾਇਰਿੰਗ ਦੀਆਂ ਯਾਦਾਂ ਵੀ ਬਸ ਮਹਿਜ਼ ਯਾਦਾਂ ਬਣ ਕੇ ਰਹਿ ਜਾਣਗੀਆਂ। ਸ਼ਾਇਦ ਇਸ ਤੂਫ਼ਾਨ ਕਰ ਕੇ ਹੀ ਸ਼ਾਂਤੀ ਕਾਇਮ ਹੋਈ ਹੈ। ਇੱਕ ਗੱਲ ਸਾਫ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਫਿਰ ਪਾਸਾ ਸੁੱਟ ਦਿੱਤਾ ਹੈ ਅਤੇ ਤੁਰਪ ਦਾ ਸਭ ਤੋਂ ਅਹਿਮ ਪੱਤਾ ਖੇਡਿਆ ਹੈ। ਮੋਦੀ ਜਾਣਦੇ ਹਨ ਕਿ ਕਿੰਨਾ ਕੁਝ ਦਾਅ ’ਤੇ ਲੱਗਿਆ ਹੋਇਆ ਹੈ, ਖ਼ਾਸਕਰ ਕੌਮਾਂਤਰੀ ਖੇਤਰ ਵਿੱਚ-ਆਉਣ ਵਾਲੇ ਹਫ਼ਤੇ ਉਹ ਅਮਰੀਕਾ ਜਾ ਰਹੇ ਹਨ ਅਤੇ ਜਿੱਥੇ ਉਹ ਆਲਮੀ ਆਗੂਆਂ ਨੂੰ ਮਿਲਣਗੇ ਜੋ ਯਕੀਨਨ ਹੀ ਉਨ੍ਹਾਂ ਤੋਂ ਕਸ਼ਮੀਰ ਬਾਬਤ ਪੁੱਛਣਗੇ। ਉਹ ਹੋਰ ਕਿਸੇ ਨਾਲੋ ਇਹ ਬਿਹਤਰ ਜਾਣਦੇ ਹਨ ਕਿ ਸਫ਼ਲਤਾਪੂਰਬਕ ਚੋਣਾਂ ਕਰਾਉਣ ਨਾਲ ਬਹੁਤ ਫ਼ਰਕ ਪੈਂਦਾ ਹੈ -ਇਸ ਨਾਲ ਜਾਂ ਤਾਂ ਉਨ੍ਹਾਂ ਦੀ ਭਰੋਸੇਯੋਗਤਾ ਵਧੇਗੀ ਜਾਂ ਸੰਦੇਹ ਗਹਿਰੇ ਹੋ ਜਾਣਗੇ। ਜਿਵੇਂ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਜਲਵਾ ਫਿੱਕਾ ਪੈ ਗਿਆ ਹੈ; ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਜੇ ਖੇਡ ਵਿਗੜ ਗਈ ਤਾਂ ਉਹ ਹੋਰ ਦਬਾਅ ਹੇਠ ਆ ਜਾਣਗੇ। ਪਰ ਕਸ਼ਮੀਰ ਦੀ ਗੱਲ ਵੱਖਰੀ ਹੈ। ਇਹ ਚੋਣ ਸਿਰਫ਼ ਮਹਿਜ਼ ਐਨੀ ਨਹੀਂ ਹੈ ਕਿ ਕੌਣ ਜਿੱਤਦਾ ਹੈ-ਹਾਲਾਂਕਿ ਜੇ ਭਾਜਪਾ ਕੋਈ ਦਾਅ ਪੇਚ ਲੜਾ ਕੇ ਸਰਕਾਰ ਬਣਾ ਲੈਂਦੀ ਹੈ ਤਾਂ ਇਹ ਨਾ ਕੇਵਲ ਇੱਕ ਸੁਆਦਲਾ ਪੁਟ ਹੋਵੇਗਾ ਸਗੋਂ ਪਿਛਲੇ ਸਾਲਾਂ ਦੇ ਵਕਫ਼ੇ ’ਤੇ ਮੋਹਰ ਲੱਗਣ ਦੀ ਖੁਸ਼ੀ ਬਰਦਾਸ਼ਤ ਕਰਨੀ ਔਖੀ ਹੋ ਜਾਵੇਗੀ। ਇਸ ਦੇ ਬਾਵਜੂਦ ਕਿ ਕੁਝ ਸਰਕਾਰੀ ਪ੍ਰਾਜੈਕਟ ਉਪ ਰਾਜਪਾਲ ਮਨੋਜ ਸਿਨਹਾ ਦੇ ਪੂਰਬੀ ਉੱਤਰ ਪ੍ਰਦੇਸ਼ ਦੇ ਪੁਸ਼ਤੈਨੀ ਇਲਾਕੇ ਦੇ ਕੁਝ ਠੇਕੇਦਾਰਾਂ ਨੂੰ ਮਿਲੇ ਹਨ, ਇਹ ਤੱਥ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸਭ ਤੋਂ ਕਾਬਿਲ ਅਫ਼ਸਰਾਂ ਅਤੇ ਫ਼ੌਜੀਆਂ ਨੇ ਸਫ਼ਲਤਾਪੂਰਬਕ ਕੰਮ ਕੀਤਾ ਹੈ ਜਿਸ ਦਾ ਸਿੱਧੇ ਤੌਰ ’ਤੇ ਅਸਰ ਖਾੜਕੂਵਾਦ ਵਿੱਚ ਕਮੀ ਦੇ ਰੂਪ ਵਿੱਚ ਹੋਇਆ ਹੈ। ਇਸੇ ਲਈ ਇਹ ਚੋਣ ਵੱਖਰੀ ਹੈ। ਇਹ ਨਿਸ਼ਚਿਤ ਰੂਪ ’ਚ ਦਹਿਸ਼ਤਗਰਦੀ ’ਚ ਨਵੇਂ ਰੰਗਰੂਟਾਂ ਦੀ ਭਰਤੀ ਵਿੱਚ ਪੁਖ਼ਤਾ ਕਮੀ ਆਉਣ ਬਾਰੇ ਹੈ— ਕਿਹਾ ਜਾ ਰਿਹਾ ਹੈ ਕਿ 75 ਵਾਦੀ ਵਿਚ ਹਨ ਤੇ 75 ਹੋਰ ਜੰਮੂ ਖੇਤਰ ਵਿਚ—- ਪਰ ਬੇਸ਼ੱਕ, ਇਹ ਉਚਿਤ ਨਹੀਂ ਹੈ। ਇਨ੍ਹਾਂ ਗਰਮੀਆਂ ’ਚ, ਭਾਰਤੀ ਸੈਨਾ ਨੇ ਸਿਰਫ਼ ਜਵਾਨ ਹੀ ਨਹੀਂ ਗੁਆਏ, ਪਰ ਗ਼ੈਰ-ਮਾਮੂਲੀ ਗਿਣਤੀ ਵਿੱਚ ਅਧਿਕਾਰੀ ਵੀ ਗੁਆਏ ਹਨ, ਜ਼ਿਆਦਾਤਰ ਦੀ ਜਾਨ ਉਨ੍ਹਾਂ ਉੱਚ ਪੱਧਰੀ ਸਿਖਲਾਈ ਤੇ ਸ਼ਹਿ ਪ੍ਰਾਪਤ ਅਤਿਵਾਦੀਆਂ ਹੱਥੋਂ ਗਈ ਹੈ ਜਿਨ੍ਹਾਂ ਕੋਲ ਐਮ-4 ਅਸਾਲਟ ਰਾਈਫਲਾਂ ਵਰਗੇ ਅਮਰੀਕਾ ਦੇ ਬਣੇ ਹਥਿਆਰ ਸਨ- ਸੰਭਵ ਹੈ ਕਿ ਉਹ ਅਫ਼ਗਾਨਿਸਤਾਨ ਤੋਂ ਚੋਰੀ ਕੀਤੇ ਹੋਣ। ਇਹ ਅਤਿਵਾਦੀ ਜੰਮੂ ਖੇਤਰ ਵਿੱਚ ਦਾਖ਼ਲ ਹੋਣ ਲਈ ਕੌਮਾਂਤਰੀ ਸਰਹੱਦ ਦੇ ਹੇਠੋਂ ਸੁਰੰਗਾਂ ਪੁੱਟਦੇ ਹਨ ਤੇ ਭਾਰਤੀ ਸੈਨਿਕਾਂ ਨੂੰ ਪੁਜ਼ੀਸ਼ਨ ਸੰਭਾਲਣ ਦਾ ਮੌਕਾ ਨਹੀਂ ਦਿੰਦੇ। ਫੇਰ ਵੀ ਭਾਰਤੀ ਸੈਨਾ ਨੂੰ ਸਿਹਰਾ ਜਾਂਦਾ ਹੈ ਕਿ ਇਹ ਮੁੜ ਸੰਗਠਿਤ ਹੋਈ ਹੈ, ਇੱਕ ਪਾਸੇ ਕੰਟਰੋਲ ਰੇਖਾ ਉੱਤੇ-ਜਿੱਥੇ ਪਾਕਿਸਤਾਨ ਨਾਲ ਗੋਲੀਬੰਦੀ ਸਮਝੌਤਾ ਲਾਗੂ ਹੈ ਤੇ ਦੂਜੇ ਪਾਸੇ ਜੰਮੂ ਖੇਤਰ ਵਿੱਚ। ਜਾਪਦਾ ਹੈ ਕਿ ਇਸ ਨੇ ਚੜ੍ਹਤ ਲਗਭਗ ਦੁਬਾਰਾ ਕਾਇਮ ਕਰ ਲਈ ਹੈ। ਇਹ ਚੋਣ ਮਹੱਤਵਪੂਰਨ ਹੈ ਕਿਉਂਕਿ ਇਹ ਪ੍ਰਧਾਨ ਮੰਤਰੀ ਮੋਦੀ ਦੇ ਹੁਣ ਤੱਕ ਦੇ ਸਭ ਤੋਂ ਅਹਿਮ ਸਿਆਸੀ ਫ਼ੈਸਲੇ ਹੇਠਾਂ ਲਕੀਰ ਖਿੱਚੇਗੀ। ਅਗਸਤ ਦੀ ਉਸ ਸਵੇਰ ਜਦ ਧਾਰਾ 370 ਪੂਰੀ ਤਰ੍ਹਾਂ ਹਟਾਈ ਗਈ ਸੀ ਤਾਂ ਪੂਰੇ ਰਾਜ ਵਿੱਚ ਸੁਰੱਖਿਆ ਦਾ ਜਾਲ ਵਿਛਾ ਦਿੱਤਾ ਗਿਆ ਸੀ। ਤਬਦੀਲੀ ਦੇ ਵਿਰੋਧੀਆਂ, ਜਿਵੇਂ ਕਿ ਮੀਡੀਆ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ। ਪੱਤਰਕਾਰਾਂ ਤੇ ਫੋਟੋਗ੍ਰਾਫਰਾਂ ਅਤੇ ਕਾਰਕੁਨਾਂ ਨੂੰ ‘ਨੋ ਫਲਾਈ’ ਸੂਚੀ ਵਿੱਚ ਪਾ ਦਿੱਤਾ ਗਿਆ ਤੇ ਮੁਕਾਮੀ ਅਖ਼ਬਾਰਾਂ ਲਗਭਗ ਸਰਕਾਰ ਦੀ ਬੋਲੀ ਬੋਲਣ ਲੱਗ ਪਈਆਂ। ਸਿਆਸਤਦਾਨਾਂ ਨੂੰ ਜਾਂ ਤਾਂ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਜਾਂ ਫੇਰ ਜੇਲ੍ਹ ’ਚ ਸੁੱਟ ਦਿੱਤਾ ਗਿਆ। ਇਨ੍ਹਾਂ ਵਿੱਚੋਂ ਕਈ ਜਿਵੇਂ ਕਿ ਯੂਏਪੀਏ ਤਹਿਤ ਗ੍ਰਿਫ਼ਤਾਰ ਬਾਰਾਮੂਲਾ ਦੇ ਮੌਜੂਦਾ ਲੋਕ ਸਭਾ ਮੈਂਬਰ ਇੰਜਨੀਅਰ ਰਾਸ਼ਿਦ ਚੋਣ ਪ੍ਰਚਾਰ ਲਈ ਪਰਤ ਆਏ ਹਨ, ਜਿਸ ’ਤੇ ਬਹੁਤਿਆਂ ਨੇ ਪੁੱਛਿਆ ਹੈ ਕਿ ਕੀ ਜਮਾਤ-ਏ-ਇਸਲਾਮੀ ਨਾਲ ਸਬੰਧਿਤ ਰਾਸ਼ਿਦ ਤੇ ਹੋਰ ਉਮੀਦਵਾਰ ਭਾਜਪਾ ਦੀ ਸ਼ਹਿ ’ਤੇ ਆਜ਼ਾਦ ਲੋੜ ਲੜ ਰਹੇ ਹਨ? ਵੱਡਾ ਸਵਾਲ ਇਹ ਹੈ ਕਿ ਕੀ ਪੰਜ ਸਾਲ ਬਾਅਦ ਕੋਈ ਫ਼ਾਇਦਾ ਹੋਇਆ। ਕੀ ਤੁਸੀਂ ਇਸ ਤੱਥ ਨੂੰ ਪੈਮਾਨਾ ਮੰਨ ਸਕਦੇ ਹੋ ਕਿ ਸੜਕਾਂ ਸਾਫ-ਸੁਥਰੀਆਂ ਹਨ, ਪਾਰਕ ਭਰੇ ਹੋਏ ਹਨ, ਬੱਚੇ ਸਕੂਲ ਜਾ ਰਹੇ ਹਨ ਤੇ ਰਾਜਮਾਰਗ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਾਂਗ ਪੱਧਰੇ ਹਨ, ਹਾਲਾਂਕਿ ਜੋ ਇਸ ਤੱਥ ਦੇ ਖ਼ਿਲਾਫ਼ ਹੈ ਕਿ ਲੋਕਤੰਤਰ, ਜਿਵੇਂ ਅਸੀਂ ਜਾਣਦੇ ਹਾਂ, ਇਨ੍ਹਾਂ ਪੰਜ ਸਾਲਾਂ ਵਿੱਚ ਅਜੀਬ ਢੰਗ ਨਾਲ ਚੱਲਿਆ ਹੈ? ਇਸ ਤੋਂ ਇਲਾਵਾ ਨੌਕਰਸ਼ਾਹ, ਭਾਵੇਂ ਜਿੰਨੇ ਵੀ ਸਮਰੱਥ ਕਿਉਂ ਨਾ ਹੋਣ, ਸਿਆਸਤਦਾਨਾਂ ਦੀ ਥਾਂ ਨਹੀਂ ਲੈ ਸਕਦੇ, ਜਿਨ੍ਹਾਂ ਦਾ ਕੰਮ ਲੋਕਾਂ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸੁਣਨਾ

ਕਸ਼ਮੀਰ ਦੀ ਸ਼ਾਂਤੀ ਦੇ ਸੁਰ/ਜਯੋਤੀ ਮਲਹੋਤਰਾ Read More »