July 1, 2024

ਗਠਜੋੜ ਲਈ ਸੁਖਬੀਰ ਨੇ ਕੀਤੀਆਂ ਮੋਦੀ ਦੀਆਂ ਮਿੰਨਤਾਂ

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮੰਨਣ ਤੋਂ ਇਨਕਾਰ ਕਰਨ ਵਾਲੇ ਆਗੂਆਂ ਵਲੋਂ ਕੀਤੀਆਂ ਗਈਆਂ ਬੈਠਕਾਂ ਦਾ ਸਿੱਟਾ ਇਹ ਨਿਕਲਿਆ ਕਿ ਪਾਰਟੀ ਵਿਚ ਮੁੜ ਤੋਂ ਉਹੀ ਚੀਜ਼ ਸੁਰਜੀਤ ਕੀਤੀ ਜਾਵੇ, ਜਿਸ ਨਾਲ ਪਾਰਟੀ ਵਿਚ ਲੋਕਾਂ ਦਾ ਭਰੋਸਾ ਮੁੜ ਸੁਰਜੀਤ ਕੀਤਾ ਜਾ ਸਕੇ। ਇਨ੍ਹਾਂ ਆਗੂਆਂ ਵਿਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਹਨ। ‘ਰੋਜ਼ਾਨਾ ਸਪੋਕਸਮੈਨ’ ਦੇ ਸੀਨੀਅਰ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼ : ਸਵਾਲ: ‘ਪ੍ਰੇਮ’ ਅਕਾਲੀ ਦਲ ਤੋਂ ਘਟਿਆ ਜਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ?  ਜਵਾਬ: ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਮ ਘਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਫ਼ਰਸ਼ ਤੋਂ ਅਰਸ਼ ਤਕ ਲਿਜਾਣ ਲਈ ਹੀ ਇਹ ਵਿਉਂਤਬੰਦੀ ਹੋਈ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੁਨੀਆਂ ਂ ਭਰ ਵਿਚ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਲੋਕ ਚਿੰਤਾ ਵਿਚ ਹਨ। ਅਕਾਲੀ ਦਲ ਦੇਸ਼ ਦੀ ਸੱਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ, ਅੱਜ ਨਿਘਾਰ ਵਲ ਕਿਉਂ ਜਾ ਰਹੀ ਹੈ, ਲੋਕ ਅਕਾਲੀ ਦਲ ਨੂੰ ਵਾਰ-ਵਾਰ ਕਿਉਂ ਨਕਾਰ ਰਹੇ ਹਨ। ਇਸ ਵਿਚ ਆਉਣ ਵਾਲੀਆਂ ਕੁਤਾਹੀਆਂ ਨੂੰ ਕਿਵੇਂ ਦੂਰ ਕੀਤਾ ਜਾਵੇ? ਹਰ ਵਿਅਕਤੀ ਦੇ ਮਨ ਵਿਚ ਇਹ ਤੜਫ ਸੀ। ਚੋਣ ਨਤੀਜਿਆਂ ਤੋਂ ਬਾਅਦ ਕੋਰ ਕਮੇਟੀ ਦੀ ਮੀਟਿੰਗ ਵਿਚ ਮੈਂ ਸੁਝਾਅ ਵੀ ਦਿਤਾ, ਜਿਸ ਨੂੰ ਮੰਨਿਆ ਵੀ ਗਿਆ ਕਿ ਵਿਸਥਾਰ ਵਿਚ ਹੱਲ ਕੱਢੇ ਜਾਣ ਅਤੇ ਨੀਤੀ ਤਿਆਰ ਕੀਤੀ ਜਾਵੇ। ਮੇਰੀ ਗੱਲ ਮੰਨੀ ਵੀ ਗਈ ਪਰ ਉਸ ਤੋਂ ਬਾਅਦ ਬਿਨਾਂ ਸਹਿਮਤੀ ਤੋਂ ਇਕ ਮਤਾ ਕਢਿਆ ਗਿਆ, ਜਿਸ ਨੂੰ ਸੁਖਬੀਰ ਬਾਦਲ ਨੇ ਵੀ ਰੋਕਿਆ ਸੀ। ਜਦੋਂ ਭਰੋਸੇ ਅਤੇ ਬੇਭਰੋਸਗੀ ਦੀ ਚਰਚਾ ਹੀ ਨਹੀਂ ਹੋਈ ਫਿਰ ਮਤੇ ਦੀ ਕੀ ਲੋੜ ਸੀ? ਹੋਰ ਕਈ ਸੀਨੀਅਰ ਆਗੂਆਂ ਨੇ ਇਤਰਾਜ਼ ਵੀ ਪ੍ਰਗਟਾਇਆ। ਮੈਂ ਪ੍ਰਧਾਨ ਜੀ ਨੂੰ ਕਿਹਾ ਕਿ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਪਰ ਉਨ੍ਹਾਂ ਨੇ ਨੋਟਿਸ ਨਹੀਂ ਲਿਆ। ਸਗੋਂ ਪ੍ਰਧਾਨ ਜੀ ਨੇ ਲਗਾਤਾਰ ਇਕ ਧੜੇ ਜਾਂ ਕੁੱਝ ਚੋਣਵੇ ਲੋਕਾਂ ਦੀਆਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿਤੀਆਂ, ਸਾਨੂੰ ਇਸ ਗੱਲ ਦਾ ਬੁਰਾ ਲਗਿਆ ਪਰ ਉਨ੍ਹਾਂ ਦੀ ਮਰਜ਼ੀ ਸੀ। ਸੁਖਬੀਰ ਸਿੰਘ ਬਾਦਲ ਇਕ ਧੜੇ ਦੇ ਆਗੂ ਬਣ ਗਏ ਅਤੇ ਪਾਰਟੀ ਨੂੰ ਆਪ ਹੀ ਖੇਰੂੰ-ਖਰੂੰ ਕਰਨ ਲੱਗੇ। ਜਦੋਂ ਬੰਦਾ ਅਪਣੇ ਘਰ ਨੂੰ ਆਪ ਹੀ ਲਾਂਬੂ ਲਾਣ ਲੱਗ ਜਾਵੇ ਤਾਂ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਸ ਮਗਰੋਂ ਜਲੰਧਰ ਬੈਠਕ ਸੱਦੀ ਗਈ ਅਤੇ ਸੁਹਿਰਦ ਲੋਕਾਂ ਨੇ ਮਹਿਸੂਸ ਕੀਤਾ ਕਿ ਪਾਰਟੀ ਪਹਿਲਾਂ ਹੀ ਹੇਠਾਂ ਲੱਗੀ ਹੋਈ ਹੈ ਅਤੇ ਪ੍ਰਧਾਨ ਖ਼ੁਦ ਹੀ ਇਸ ਨੂੰ ਖੇਰੂੰ-ਖੇਰੂੰ ਕਰਨ ਲੱਗੇ ਹੋਏ ਸੀ। ਉਹ ਆਪ ਹੀ ਇਕ ਧੜੇ ਦੇ ਆਗੂ ਬਣ ਕੇ ਬੈਠ ਗਏ। ਸਵਾਲ: ਉਹ ਧੜਾ ਕਿਹੜਾ ਹੈ? ਜਵਾਬ: ਮੈਂ ਤਾਂ ਇਹੀ ਕਹਾਂਗਾ ਕਿ ਇਨ੍ਹਾਂ ਵਿਚੋਂ ਬਹੁਤੀ ਗਿਣਤੀ ਅਜਿਹੇ ਲੋਕਾਂ ਦੀ ਹੈ, ਜਿਨ੍ਹਾਂ ਨੇ ਅਕਾਲੀ ਮੋਰਚਿਆਂ ਜਾਂ ਸੰਘਰਸ਼ਾਂ ਵਿਚ ਸ਼ਾਇਦ ਪੰਜ ਮਿੰਟ ਲਈ ਵੀ ਜੇਲ ਨਾ ਕੱਟੀ ਹੋਵੇ। ਜਲੰਧਰ ਇਕੱਠੇ ਹੋਏ ਲੋਕ ਉਹ ਪਰਵਾਰ ਹਨ, ਜਿਹੜੇ ਦੇਸ਼ ਅਤੇ ਸੂਬੇ ਵਿਚ ਅਕਾਲੀ ਦਲ ਦਾ ਰਾਜ ਲਿਆਉਣ ਵਿਚ ਮੋਹਰੀ ਭੂਮਿਕਾਵਾਂ ਵਿਚ ਸਨ। ਮਾਸਟਰ ਤਾਰਾ ਸਿੰਘ ਦੀ ਦੋਹਤੀ ਉਥੇ ਹਾਜ਼ਰ ਸੀ, ਜਥੇਦਾਰ ਟੌਹੜਾ ਜੀ ਦਾ ਦੋਹਤਾ ਉਥੇ ਹਾਜ਼ਰ ਸੀ, ਤਲਵੰਡੀ ਸਾਹਿਬ ਦੀ ਧੀ ਉਥੇ ਹਾਜ਼ਰ ਸੀ, ਵਡਾਲਾ ਸਾਹਿਬ ਦਾ ਬੇਟਾ ਉਥੇ ਹਾਜ਼ਰ ਸੀ, ਢੀਂਡਸਾ ਸਾਹਿਬ ਦਾ ਬੇਟਾ ਉਥੇ ਹਾਜ਼ਰ ਸੀ, ਸੰਤ ਕਰਤਾਰ ਸਿੰਘ ਜੀ ਖ਼ਾਲਸਾ ਦਾ ਬੇਟਾ, ਗੁਲਸ਼ਨ ਸਾਹਿਬ ਦਾ ਜਵਾਈ ਉਥੇ ਸ਼ਾਮਲ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਨਾਮ ਹਨ, ਜੋ ਅਕਾਲੀ ਦਲ ਨੂੰ ਅੱਗੇ ਲਿਜਾਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਰਹੇ ਹਨ। ਡੇਢ ਦਰਜਨ ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿਚ ਸਾਬਕਾ ਪ੍ਰਧਾਨ ਵੀ ਹਾਜ਼ਰ ਸਨ। ਅੱਧੀ ਦਰਜਨ ਕੋਰ ਕਮੇਟੀ ਮੈਂਬਰ ਹਾਜ਼ਰ ਸਨ। ਇਨ੍ਹਾਂ ਸਾਰਿਆਂ ਨੇ ਪੂਰੀ ਇਮਾਨਦਾਰੀ ਨਾਲ ਵਿਚਾਰਾਂ ਕੀਤੀਆਂ ਕਿ ਅਕਾਲੀ ਦਲ ਅਰਸ਼ ਤੋਂ ਫ਼ਰਸ਼ ਤਕ ਕਿਵੇਂ ਆਇਆ। ਸਗੋਂ ਇਥੋਂ ਤਕ ਸੋਚਿਆ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਜਦੋਂ ਇਹ ਕੁਤਾਹੀਆਂ ਹੋਈਆਂ, ਉਸ ਵੇਲੇ ਅਸੀਂ ਵੀ ਚੁੱਪ ਰਹੇ। ਇਸ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ। ਸਵਾਲ: ਕਦੋਂ ਜਾ ਰਹੇ ਹੋ ਸ੍ਰੀ ਅਕਾਲ ਤਖ਼ਤ ਸਾਹਿਬ? ਜਵਾਬ: ਇਸ ਦੇ ਲਈ ਪਹਿਲੀ ਜੁਲਾਈ ਦੀ ਤਰੀਕ ਤੈਅ ਕੀਤੀ ਗਈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਭਵਿੱਖ ਵਿਚ ਗੁਰੂ ਸਾਹਿਬ ਸਾਰਿਆਂ ਨੂੰ ਸੁਮੱਤ ਬਖ਼ਸ਼ਣ ਕਿ ਅਸੀਂ ਅਕਾਲੀ ਦਲ ਨੂੰ ਮੁੜ ਬੁਲੰਦੀਆਂ ਵਲ ਲਿਜਾ ਸਕੀਏ। ਮੈਨੂੰ ਬਹੁਤ ਅਫ਼ਸੋਸ ਹੈ ਕਿ ਜਲੰਧਰ ਵਿਚ ਅਕਾਲੀ ਦਲ ਨੂੰ ਬਚਾਉਣ ਲਈ ਮੰਥਨ ਹੋਇਆ ਪਰ ਚੰਡੀਗੜ੍ਹ ਵਿਚ ਇਕ ਵਿਅਕਤੀ ਨੂੰ ਬਚਾਉਣ ਲਈ ਫ਼ੈਸਲੇ ਹੋਏ। ਅਫ਼ਸੋਸ ਇਸ ਗੱਲ ਦਾ ਹੈ ਕਿ ਜਿਸ ਵਿਅਕਤੀ ਨੂੰ ਬਚਾਉਣ ਲਈ ਇਕੱਠੇ ਹੋਏ, ਉਸ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਕਿ ਇਹ ਤਾਂ ਭਾਜਪਾ ਜਾਂ ਕਾਂਗਰਸ ਦੀ ਸਾਜ਼ਸ਼ ਹੈ। ‘ਛੱਜ ਤਾਂ ਬੋਲੇ ਪਰ ਛਾਨਣੀ ਕਿਉਂ ਬੋਲੇ’, ਜਿਹੜੇ ਲੋਕਾਂ ਨੇ ਭਾਜਪਾ ਸਰਕਾਰ ਵਿਚ ਨਜ਼ਾਰੇ ਲਏ ਹੋਣ, ਵਜ਼ੀਰੀਆਂ ਹੰਢਾਈਆਂ ਹੋਣ, ਬਰਨਾਲਾ ਸਾਹਿਬ ਵਰਗੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਕੇ, ਭਾਜਪਾ ਨਾਲ ਸਾਂਝ ਪਾਈ, ਉਦੋਂ ਤਾਂ ਭਾਜਪਾ ਠੀਕ ਸੀ। ਸੀਨੀਅਰ ਆਗੂਆਂ ਨੂੰ ਪਾਸੇ ਕਰ ਕੇ ਹਰਸਿਮਰਤ ਕੌਰ ਬਾਦਲ ਨੂੰ ਵਜ਼ੀਰ ਬਣਾਇਆ, ਫਿਰ ਵੀ ਭਾਜਪਾ ਠੀਕ ਸੀ। ਰਾਸ਼ਟਰਪਤੀ ਅਤੇ ਚੰਡੀਗੜ੍ਹ ਦੇ ਮੇਅਰ ਲਈ ਵੋਟ ਪਾਉਣ ਵੇਲੇ ਵੀ ਭਾਜਪਾ ਠੀਕ ਸੀ। ਕਾਲੇ ਖੇਤੀ ਕਾਨੂੰਨਾਂ ਨੂੰ ਸੰਸਦ ਵਿਚ ਪੇਸ਼ ਕੀਤੇ ਜਾਣ ਸਮੇਂ ਬੀਬਾ ਹਰਸਿਮਰਤ ਬਾਦਲ ਨੇ ਬਿਲ ਦੇ ਸੋਹਲੇ ਗਾਏ, ਉਦੋਂ ਵੀ ਭਾਜਪਾ ਠੀਕ ਸੀ। ਬਾਦਲ ਸਾਹਿਬ ਤੋਂ ਬਿਲਾਂ ਦੇ ਹੱਕ ਵਿਚ ਬਿਆਨ ਦਿਵਾ ਦਿਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਨਾਂ ਪਾਰਟੀ ਨੂੰ ਦਸਿਆਂ, ‘ਸੁਖਬੀਰ ਸਿੰਘ ਬਾਦਲ, ਮੋਦੀ ਸਾਹਿਬ ਕੋਲ ਚਲੇ ਗਏ ਕਿ ਸਾਡੇ ਨਾਲ ਸਮਝੌਤਾ ਕਰੋ। ਇਹ ਵਖਰੀ ਗੱਲ ਹੈ ਕਿ ਉਹ ਨਹੀਂ ਮੰਨੇ, ਜਿੰਨੀਆਂ ਸੀਟਾਂ ਮੰਗਦੇ ਸੀ ਉਨ੍ਹਾਂ ਨੇ ਨਹੀਂ ਦਿਤੀਆਂ। ਹੁਣ ਇਹ ਪਰਦਾਪੋਸ਼ੀ ਕਰ ਰਹੇ ਨੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਦੀ ਗੱਲ ਕੀਤੀ, ਰੌਲਾ ਸਾਰਾ ਸੀਟਾਂ ਦਾ ਸੀ। ਜਿਨ੍ਹਾਂ ਪਰਵਾਰਾਂ ਨੇ ਅਪਣੇ ਪਿੰਡੇ ਉਤੇ ਦਰਦ ਹੰਢਾਏ, ਐਮਰਜੈਂਸੀ ਵਿਚ ਜੇਲਾਂ ਕੱਟੀਆਂ, ਉਨ੍ਹਾਂ ਨੂੰ ਭਾਜਪਾ ਜਾਂ ਕਾਂਗਰਸ ਦੇ ਏਜੰਟ ਦਸਿਆ ਜਾਵੇ, ਇਹ ਸ਼ੋਭਾ ਨਹੀਂ ਦਿੰਦਾ। ਇਹ ਗੱਲਾਂ ਕਹਿਣ ਸਮੇਂ ਉਹ ਅਪਣੇ ਆਪ ਵੀ ਸ਼ਰਮਸਾਰ ਹੁੰਦੇ ਹੋਣਗੇ। ਬੀਬਾ ਹਰਸਿਮਰਤ ਕੌਰ ਬਾਦਲ ਸਾਡੀ ਭੈਣ ਹੈ, ਅਸੀਂ ਮਜੀਠੀਆ ਪ੍ਰਵਾਰ ਦਾ ਬਹੁਤ ਸਤਿਕਾਰ ਕਰਦੇ ਹਾਂ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਅਪਣੇ ਸ਼ਬਦਾਂ ਉਤੇ ਕਾਬੂ ਰੱਖਣ, ਜਿਨ੍ਹਾਂ ਨਾਲ ਅਸੀਂ ਇਕੱਠੇ ਰਹੇ ਹੋਈਏ, ਉਨ੍ਹਾਂ ਬਾਰੇ ਬੋਲਣ ਤੋਂ 100 ਵਾਰ ਗੁਰੇਜ਼ ਕਰਨ ਦੀ ਲੋੜ ਹੁੰਦੀ ਹੈ। ਜੋ ਗੱਲਾਂ ਪਿਛਲੇ ਸਮੇਂ ਵਿਚ ਹੁੰਦੀਆਂ ਰਹੀਆਂ, ਅਸੀਂ ਉਸ ਬਾਰੇ ਅਪਣਾ ਮੂੰਹ ਨਹੀਂ ਖੋਲ੍ਹਣਾ ਚਾਹੁੰਦੇ। ਸਵਾਲ: ਜਿਹੜੇ ਪਰਵਾਰ ਇਕੱਠੇ ਹੋਏ ਕਹਿੰਦੇ ਹਰ ਕਿਸੇ ਦੀ ਕੋਈ ਨਾ ਕੋਈ ਪੀੜ ਹੈ, ਕਿਸੇ ਨੂੰ ਅਣਗੌਲਿਆਂ ਕੀਤਾ ਗਿਆ, ਕਿਸੇ ਨੂੰ ਪਿੱਛੇ ਧੱਕ ਦਿਤਾ ਗਿਆ। ਸੁਣਨ ਵਿਚ ਆਇਆ ਕਿ ਤੁਹਾਡਾ ਵੀ ਇਕ ਦਰਦ ਹੈ ਕਿ 2014 ਵਿਚ ਇਕ ਵੇਲਾ ਅਜਿਹਾ ਸੀ ਕਿ ਕੇਂਦਰੀ ਮੰਤਰੀ ਵਜੋਂ ਤੁਹਾਨੂੰ

ਗਠਜੋੜ ਲਈ ਸੁਖਬੀਰ ਨੇ ਕੀਤੀਆਂ ਮੋਦੀ ਦੀਆਂ ਮਿੰਨਤਾਂ Read More »

ਚੈਂਪੀਅਨ ਬਣਦੇ ਹੀ ਵਿਰਾਟ ਕੋਹਲੀ ਨੇ ਟੀ-20 ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਕ੍ਰਿਕਟ ਟੀਮ ਨੇ T20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ T20 ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਫਾਈਨਲ ਮੈਚ ‘ਚ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀਮ ਲਈ 76 ਦੌੜਾਂ ਦੀ ਅਹਿਮ ਪਾਰੀ ਖੇਡੀ ਅਤੇ ਉਸ ਨੂੰ ਇਸ ਪਾਰੀ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਭਾਰਤ ਦੇ ਚੈਂਪੀਅਨ ਬਣਨ ਤੋਂ ਬਾਅਦ, ਵਿਰਾਟ ਕੋਹਲੀ ਨੇ ਵੀ T20I ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਭਾਰਤ ਦੇ ਦੂਜੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣਨ ਦੇ ਨਾਲ ਹੀ ਕੋਹਲੀ ਨੇ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਕੋਹਲੀ ਨੇ ਕਿਹਾ ਕਿ ਇਹ ਮੇਰਾ ਆਖਰੀ ਟੀ-20 ਵਿਸ਼ਵ ਕੱਪ ਸੀ ਅਤੇ ਅਜਿਹਾ ਹੋਇਆ ਜਿਵੇਂ ਅਸੀਂ ਚਾਹੁੰਦੇ ਸੀ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਭਾਰਤ ਲਈ ਵੀ ਇਹ ਮੇਰਾ ਆਖਰੀ ਟੀ-20 ਮੈਚ ਸੀ।ਕੋਹਲੀ ਨੇ ਅੱਗੇ ਕਿਹਾ ਕਿ ਅਗਲੀ ਪੀੜ੍ਹੀ ਲਈ ਟੀ-20 ਖੇਡ ਨੂੰ ਅੱਗੇ ਲਿਜਾਣ ਦਾ ਸਮਾਂ ਆ ਗਿਆ ਹੈ। ਮੈਨੂੰ ਆਈਸੀਸੀ ਖਿਤਾਬ ਜਿੱਤਣ ਦਾ ਲੰਬਾ ਇੰਤਜ਼ਾਰ ਹੈ। ਜੇਕਰ ਰੋਹਿਤ ਸ਼ਰਮਾ ‘ਤੇ ਨਜ਼ਰ ਮਾਰੀਏ ਤਾਂ 9 ਟੀ-20 ਵਿਸ਼ਵ ਕੱਪ ਖੇਡੇ ਹਨ ਅਤੇ ਮੇਰੇ ਲਈ ਇਹ ਛੇਵਾਂ ਟੀ-20 ਵਿਸ਼ਵ ਕੱਪ ਸੀ ਅਤੇ ਉਹ ਇਸ ਜਿੱਤ ਦਾ ਹੱਕਦਾਰ ਸਨ।

ਚੈਂਪੀਅਨ ਬਣਦੇ ਹੀ ਵਿਰਾਟ ਕੋਹਲੀ ਨੇ ਟੀ-20 ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ Read More »

ਕੈਨੇਡਾ ਵਸਦੇ ਮੋਹਨ ਸਿੰਘ ਸੱਲ ਪਲਾਹੀ ਨਹੀਂ ਰਹੇ

ਪਿੰਡ ਵਾਸੀਆਂ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਕੀਤਾ ਯਾਦ ਸਰੀ ਕੈਨੇਡਾ 1 ਜੁਲਾਈ (ਏ.ਡੀ.ਪੀ ਨਿਯੂਜ਼) ਕੈਨੇਡਾ ਵਸਦੇ, ਪਿੰਡ ਪਲਾਹੀ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਲੰਮਾਂ ਸਮਾਂ ਮੈਨੇਜਰ ਰਹੇ ਮੋਹਨ ਸਿੰਘ ਸੱਲ ਨਹੀਂ ਰਹੇ । ਇਹ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਸੱਲ ਨੇ ਦੱਸਿਆ ਕਿ ਮੋਹਨ ਸਿੰਘ ਸੱਲ ਨੇ 29 ਜੂਨ ਨੂੰ ਕੈਨੇਡਾ ‘ਚ ਆਖਰੀ ਸਾਹ ਲਏ । ਸ : ਮੋਹਨ ਸਿੰਘ ਸੱਲ, ਸਿੱਖ ਇਤਿਹਾਸ ਤੇ ਪਰੰਪਰਾਵਾਂ ਦੇ ਜਾਣੂ ਸਨ । ਪਿੰਡ ਪਲਾਹੀ ਨਾਲ ਉਹਨਾਂ ਦਾ ਵੱਡਾ ਲਗਾਅ ਸੀ, ਅਤੇ ਉਹ ਪਿੰਡ ਦੇ ਵਿਕਾਸ ਕਾਰਜਾਂ ‘ਚ ਸਾਰੀ ਉਮਰ ਯਤਨਸ਼ੀਲ ਰਹੇ ਖਾਸ ਕਰਕੇ ਗੁਰਦੁਆਰੇ ਸਾਹਿਬ ਦੀਆਂ ਇਮਾਰਤਾਂ ਦੀ ਉਸਾਰੀ ਲਈ ਉਹ ਪ੍ਰੇਰਕ ਵਜੋਂ ਸੇਵਾਵਾਂ ਨਿਭਾਉਂਦੇ ਰਹੇ । ਪਿੰਡ ਪਲਾਹੀ ਦੀ ਸਾਬਕਾ ਸਰਪੰਚ ਰਣਜੀਤ ਕੌਰ, ਸੁਖਵਿੰਦਰ ਸਿੰਘ ਸੱਲ, ਪੰਮਾ ਸੱਲ ਕੈਨੇਡਾ , ਮਹਿੰਦਰ ਸਿੰਘ ਸੱਲ ਕੈਨੇਡਾ ,ਗੁਰਨਾਮ ਸਿੰਘ ਸੱਲ, ਪਲਜਿੰਦਰ ਸਿੰਘ ਪ੍ਰਧਾਨ, ਜਗਤਾਰ ਸਿੰਘ ਗਿੱਲ ਇੰਗਲੈਂਡ , ਮਨਜੀਤ ਸਿੰਘ ਸੱਲ ਇੰਗਲੈਂਡ, ਮੰਗਤ ਸਿੰਘ ਸੱਲ ਇੰਗਲੈਂਡ, ਅਮਰੀਕ ਸਿੰਘ ਬਸਰਾ ਅਮਰੀਕਾ ,ਮੋਹਨ ਸਿੰਘ ਠੇਕੇਦਾਰ, ਮਨੋਹਰ ਸਿੰਘ ਸੱਗੂ ਅਤੇ ਸਮੂਹ ਪੰਚਾਇਤ ਨੇ ਉਹਨਾਂ ਦੇ ਸੰਸਾਰ ਤੋਂ ਰੁਖਸਤ ਹੋਣ ਤੇ ਦੁੱਖ ਪ੍ਰਗਟ ਕੀਤਾ ਹੈ।

ਕੈਨੇਡਾ ਵਸਦੇ ਮੋਹਨ ਸਿੰਘ ਸੱਲ ਪਲਾਹੀ ਨਹੀਂ ਰਹੇ Read More »

ਲਹਿੰਦੇ ਪੰਜਾਬ ਦੇ ਸ਼ਾਇਰ ਜ਼ੈਨ ਜੱਟ ਦੀ ਪਲੇਠੀ ਕਿਤਾਬ ‘ਇੰਞ ਨਾ ਹੋਵੇ’ ਫਗਵਾੜਾ ਵਿਖੇ ਲੋਕ ਅਰਪਣ

  ਲਹਿੰਦੇ ਪੰਜਾਬ ਦੇ ਸ਼ਾਇਰ ਜ਼ੈਨ ਜੱਟ ਦੀ ਪਲੇਠੀ ਕਿਤਾਬ ‘ਇੰਞ ਨਾ ਹੋਵੇ’ ਫਗਵਾੜਾ ਵਿਖੇ ਲੋਕ ਅਰਪਣ ਕਰਦੇ ਹੋੇਏ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ, ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ, ਸਕੇਪ ਸਾਹਿਤਕ ਸੰਸਥਾ ਦੇ ਮੈਂਬਰ ਸਾਹਿਬਾਨ ਫਗਵਾੜਾ 1 ਜੂਲਾਈ (ਏ.ਡੀ.ਪੀ ਨਿਯੂਜ਼)ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ ਬਲੱਡ ਬੈਂਕ ਹਾਲ, ਹਰਗੋਬਿੰਦ ਨਗਰ ਫਗਵਾੜਾ ਵਿਖੇ ‘ਵਾਤਾਵਰਨ’ ਵਿਸ਼ੇ ਨਾਲ਼ ਸੰਬੰਧਤ ਕਵੀ ਦਰਬਾਰ ਕਰਵਾਇਆ ਗਿਆ ਅਤੇ ਲਹਿੰਦੇ ਪੰਜਾਬ ਦੇ ਸ਼ਾਇਰ ਜ਼ੈਨ ਜੱਟ ਦੀ ਪਲੇਠੀ ਕਿਤਾਬ ‘ਇੰਞ ਨਾ ਹੋਵੇ’ ਲੋਕ ਅਰਪਣ ਕੀਤੀ ਗਈ। ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ, ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ, ਸਕੇਪ ਸਾਹਿਤਕ ਸੰਸਥਾ ਦੇ ਸਰਪ੍ਰਸਤ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਪ੍ਰਧਾਨ ਕਮਲੇਸ਼ ਸੰਧੂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਕਵੀ ਦਰਬਾਰ ਵਿੱਚ ਜਿੱਥੇ ਵੱਖ-ਵੱਖ ਕਵੀਆਂ ਨੇ ਵਾਤਾਵਰਨ, ਧਰਤੀ, ਹਵਾ, ਪਾਣੀ , ਕੁਦਰਤ, ਪ੍ਰਦੂਸ਼ਣ ਆਦਿ ਵਿਸ਼ਿਆਂ ‘ਤੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਉਥੇ ਕੁਝ ਕਵੀਆਂ ਨੇ ਭੌਤਿਕ ਵਾਤਾਵਰਨ ਦੇ ਵਧਦੇ ਪ੍ਰਦੂਸ਼ਣ ਦੇ ਨਾਲ਼ – ਨਾਲ਼ ਸਮਾਜਿਕ, ਰਾਜਨੀਤਿਕ ਅਤੇ ਮਾਨਸਿਕ ਪ੍ਰਦੂਸ਼ਣ ਬਾਰੇ ਵੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਭੌਤਿਕ ਵਾਤਾਵਰਨ ਦੇ ਨਾਲ਼ – ਨਾਲ਼ ਸਮਾਜਿਕ, ਰਾਜਨੀਤਿਕ ਅਤੇ ਮਾਨਸਿਕ ਵਾਤਾਵਰਨ ਨੂੰ ਵੀ ਸ਼ੁੱਧ ਤੇ ਸਾਫ਼ – ਸੁਥਰਾ ਕਰ ਕੇ ਵਧੀਆ ਸਮਾਜ ਸਿਰਜਣ ਦਾ ਸੱਦਾ ਦਿੱਤਾ। ਇਸ ਮੌਕੇ ਬੋਲਦਿਆਂ ਸੁੱਖੀ ਬਾਠ ਜੀ ਨੇ ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਦੁਆਰਾ ਉਲੀਕੇ ਜਾਂਦੇ ਪ੍ਰੋਗਰਾਮਾਂ ਅਤੇ ਸਾਹਿਤਕ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪੰਜਾਬ ਭਵਨ ਸਰੀ ਦੇ ਕਾਰਜਾਂ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ।ਉਹਨਾਂ ਬੱਚਿਆਂ ਨੂੰ ਸਾਹਿਤ ਨਾਲ਼ ਜੋੜਨ ਦੇ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ‘ਤੇ ਵਧੇਰੇ ਜ਼ੋਰ ਦਿੱਤਾ ਅਤੇ ਪੰਜਾਬ ਭਵਨ ਸਰੀ ਦੁਆਰਾ ਛਾਪੇ ਜਾ ਰਹੇ ਬੱਚਿਆਂ ਦੇ ਕਾਵਿ – ਸੰਗ੍ਰਹਿ ‘ ਨਵੀਆਂ ਕਲਮਾਂ ਨਵੀਂ ਉਡਾਣ ‘ ਬਾਰੇ ਜਾਣਕਾਰੀ ਦਿੱਤੀ ਅਤੇ ਸਕੇਪ ਸਾਹਿਤਕ ਸੰਸਥਾ ਨੂੰ ਬਾਲ – ਸਾਹਿਤ ਛਾਪਣ ਲਈ ਹੱਲਾ – ਸ਼ੇਰੀ ਦਿੰਦਿਆਂ ਕਿਤਾਬ ਸਪਾਂਸਰ ਕਰਨ ਦਾ ਵਾਅਦਾ ਕੀਤਾ। ਇਸ ਸਮੇ  ਬੋਲਦਿਆ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਅਜੋਕੇ ਸਮੇਂ ਵਿਚ ਸੰਜੀਦਾ ਸਾਹਿਤ ਸਿਰਜਣਾ ਜੋਖ਼ਮ ਦਾ ਕੰਮ ਹੈ ਪਰ ਲੇਖਕ ਉਹ ਹੀ ਹੋ ਸਕਦਾ ਹੈ ਜਿਹੜਾ ਆਪਣੀ ਤਿੱਖੀ ਕਲਮ ਚਲਾਵੇ ਅਤੇ ਲੋਕਾਂ ਦੇ ਦਰਦ ਦਾ ਭਾਈਵਾਲ ਬਣੇ। ਕਵੀ ਦਰਬਾਰ ਵਿਚ ਸ਼ਾਮਲ ਕਵੀ, ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਅਤੇ ਪ੍ਰਧਾਨ ਸਕੇਪ ਕਮਲੇਸ਼ ਸੰਧੂ, ਜਨਰਲ ਸਕੱਤਰ ਪ੍ਰਵਿੰਦਰਜੀਤ ਸਿੰਘ ਅਤੇ ਹੋਰਨਾ ਨਾਲ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਜੀ ਨੇ ਸਰੋਤਿਆਂ ਨੂੰ ਆਪਣੀਆਂ ਗ਼ਜ਼ਲਾਂ ਨਾਲ਼ ਕੀਲ ਲਿਆ ,ਉਹਨਾਂ ਜ਼ੈਨ ਜੱਟ ਦੀ ਕਿਤਾਬ ਵੀ ਲੋਕ ਅਰਪਣ ਕੀਤੀ ਅਤੇ ਦੱਸਿਆ ਕਿ ਉਹਨਾਂ ਨੇ ਕਿਤਾਬ ਦਾ ਮੁੱਖ – ਬੰਧ ਲਿਖਿਆ ਹੈ,ਇਸ ਲਈ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹਿਆ – ਵਾਚਿਆ ਹੈ ਅਤੇ ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਨੂੰ ਇਸ ਮਿਆਰੀ ਪੁਸਤਕ ਦੇ ਛਪਣ ‘ ਤੇ ਵਧਾਈ ਦਿੰਦੇ ਹਨ । ਉਹਨਾਂ ਵਾਤਾਵਰਨ ਦੇ ਪ੍ਰਦੂਸ਼ਣ ਦੇ ਨਾਲ਼ ਰਾਜਨੀਤਿਕ ਪ੍ਰਦੂਸ਼ਣ ਦੂਰ ਕਰਨ ਲਈ ਸਹੀ ਪ੍ਰਤੀਨਿਧੀਆਂ ਨੂੰ ਵੋਟ ਪ ਕੇ ਵਧੀਆ ਨੇਤਾ ਚੁਣਨ ਦਾ ਸੁਨੇਹਾ ਦਿੱਤਾ ਤਾਂ ਕੇ ਸੰਸਦ ਵਿੱਚ ਅਪਰਾਧਿਕ ਪਿਛੋਕੜ ਵਾਲ਼ਾ ਕੋਈ ਮਨੁੱਖ ਨਾ ਪੁਹੰਚ ਸਕੇ। ਉੱਘੇ ਕਹਾਣੀਕਾਰ ਰਵਿੰਦਰ ਚੋਟ ਜੀ ਨੇ ਦਿਲਚਸਪ ਅੰਦਾਜ਼ ਵਿੱਚ ਹਰ ਜੀਵ ਦੇ ਜਨਮ ਅਤੇ ਮਰਨ ‘ਤੇ ਰੁੱਖ ਲਗਾਉਣ ਦਾ ਸੱਦਾ ਦਿੱਤਾ। ਐਡਵੋਕੇਟ ਐੱਸ. ਐੱਲ. ਵਿਰਦੀ ਜੀ ਨੇ ਬੋਧੀ ਦੇਸਾਂ ਵਾਂਗ ਹਰ ਤਿੱਥ – ਤਿਉਹਾਰ, ਖ਼ੁਸ਼ੀ – ਗ਼ਮੀ ਦੇ ਮੌਕੇ ਤੇ ਰੁੱਖ ਲਗਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕਿਸੇ ਵੀ ਚੰਗੇ ਕਾਰਜ ਦੇ ਅਰੰਭ ਤੋਂ ਪਹਿਲਾਂ ਪੌਦੇ ਲਗਾਉਣ ਦੀ ਰੀਤ ਪਾਈ ਜਾਵੇ ਅਤੇ ਹਰ ਵਿਅਕਤੀ ਆਪਣੇ ਵਿੱਤ ਅਤੇ ਸਮਰੱਥਾ ਅਨੁਸਾਰ ਇਸ ਪਵਿੱਤਰ ਕਾਰਜ ਵਿਚ ਯੋਗਦਾਨ ਦੇਣ। ਸੰਸਥਾ ਪ੍ਰਧਾਨ ਕਮਲੇਸ਼ ਸੰਧੂ ਨੇ ਕਿਹਾ ਕਿ ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵਧੀਆ ਅਤੇ ਮਿਆਰੀ ਸਾਹਿਤਕ ਰਚਨਾਵਾਂ ਸਾਹਿਤ ਦੀ ਝੋਲੀ ਪਾਉਣ ਲਈ ਵਚਨਬੱਧ ਹੈ। ਉਹਨਾਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲ਼ੀਆਂ ਸਮੂਹ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ । ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪਰਵਿੰਦਰ ਜੀਤ ਸਿੰਘ ਜੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਐਡਵੋਕੇਟ ਐੱਸ. ਐੱਲ. ਵਿਰਦੀ , ਗੁਰਨਾਮ ਬਾਵਾ ,ਲਾਲੀ ਕਰਤਾਰਪੁਰੀ , ਜਸਵਿੰਦਰ ਫਗਵਾੜਾ ,ਸੁਖਦੇਵ ਸਿੰਘ ਭੱਟੀ, ਸੋਢੀ ਸੱਤੋਵਾਲੀ ,ਅਸ਼ੋਕ ਟਾਂਡੀ ਜੀ, ਰਵਿੰਦਰ ਚੋਟ , ਮਨਦੀਪ ਸਿੰਘ,ਸੁਖਵਿੰਦਰ ਕੌਰ ਸੁੱਖੀ , ਸਾਹਿਬਾ ਜੀਟਨ ਕੌਰ , ਪ੍ਰੀਤ ਕੌਰ ਪ੍ਰੀਤੀ, ਸ਼ਾਮ ਸਰਗੂੰਦੀ,ਲਸ਼ਕਰ ਢੰਡਵਾੜਵੀ, ਰਵਿੰਦਰ ਸਿੰਘ ਰਾਏ , ਡਾ: ਇੰਦਰਜੀਤ ਸਿੰਘ ਵਾਸੂ, ਬਚਨ ਗੁੜਾ ,ਸੁਖਦੇਵ ਸਿੰਘ ਗੰਢਵਾ, ਦਲਜੀਤ ਮਹਿਮੀ ਕਰਤਾਰਪੁਰ ,ਅਸ਼ੋਕ ਸ਼ਰਮਾ ,ਪਵਨ ਰਾਣਾ ,ਨੱਕਾਸ਼ ਚਿੱਤੇਵਾਣੀ, ਸੁਖਦੇਵ ਸਿੰਘ ਭੱਟੀ, ਹਰਜਿੰਦਰ ਨਿਆਣਾ ,ਸੋਨਿਕਾ ਰਾਣੀ,ਦੇਵ ਦਾਦਰ , ਜਰਨੈਲ ਸਿੰਘ ਸਾਖੀ,ਬਲਦੇਵ ਰਾਜ ਕੋਮਲ, ਕੁਲਦੀਪ ਸਿੰਘ, ਪ੍ਰਭਲੀਨ ਕੌਰ, ਆਦਿ ਹਾਜ਼ਰ ਸਨ।

ਲਹਿੰਦੇ ਪੰਜਾਬ ਦੇ ਸ਼ਾਇਰ ਜ਼ੈਨ ਜੱਟ ਦੀ ਪਲੇਠੀ ਕਿਤਾਬ ‘ਇੰਞ ਨਾ ਹੋਵੇ’ ਫਗਵਾੜਾ ਵਿਖੇ ਲੋਕ ਅਰਪਣ Read More »

ਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ/ਬੁੱਧ ਸਿੰਘ ਨੀਲੋਂ

ਦੂਰਦਰਸ਼ਨ ਜਲੰਧਰ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿ ਮਾਂ ਬੋਲੀ ਪੰਜਾਬੀ ਨੂੰ ਉਤਸ਼ਾਹਿਤ ਕਰੇਗਾ। ਇਥੋਂ ਬਹੁਤ ਸਾਰੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੁੰਦੇ ਰਹੇ ਹਨ। ਇਸ ਦੂਰਦਰਸ਼ਨ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਸਟਾਰ ਕਲਾਕਾਰ ਵੀ ਬਣਾਇਆ ਸੀ। ਜਦੋਂ ਦੂਰਦਰਸ਼ਨ ਬਣਿਆ ਸੀ ਤਾਂ ਉਸ ਵੇਲ਼ੇ ਮਨੋਰੰਜਨ ਦਾ ਇਹੋ ਦੂਜਾ ਸਾਧਨ ਸੀ, ਇਸ ਤੋਂ ਪਹਿਲਾਂ ਜਲੰਧਰ ਰੇਡੀਓ ਦੇ ਬਹੁਤ ਸਾਰੇ ਪ੍ਰੋਗਰਾਮ ਲੋਕਾਂ ਦੇ ਵਿੱਚ ਹਰਮਨ ਪਿਆਰੇ ਹੋਏ ਸਨ। ਇਸੇ ਤਰ੍ਹਾਂ ਦੂਰਦਰਸ਼ਨ ਜਲੰਧਰ ਦੇ ਹਫਤਾਵਾਰੀ ਪ੍ਰੋਗਰਾਮ ਲੋਕਾਂ ਦੀ ਉਡੀਕ ਦਾ ਹਿੱਸਾ ਬਣੇ ਸਨ। ਹੌਲੀ ਹੌਲੀ ਇਸ ਦੇ ਉਪਰ ਹਿੰਦੀ ਭਾਸ਼ਾ ਦਾ ਅਸਰ ਹੋਣ ਲੱਗਿਆ ਸੀ, ਉਦੋਂ ਕਿਸੇ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਪਰ ਪਿਛਲੇ ਤਿੰਨ ਦਹਾਕਿਆਂ ਤੋਂ ਤਾਂ ਇਸ ਦੇ ਹਰ ਪ੍ਰੋਗਰਾਮ ਦੇ ਵਿੱਚ ਹਿੰਦੀ ਦੇ ਸ਼ਬਦ ਜਾਣਬੁੱਝ ਕੇ ਪਰੋਸੋ ਜਾਣ ਲੱਗੇ। ਗੀਤ ਸੰਗੀਤ, ਖਬਰਾਂ ਤੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਦੇ ਮੰਚ ਸੰਚਾਲਕ ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਦੀ ਖਿੱਚੜੀ ਬਣਾਉਣ ਲੱਗ ਪਏ ਸਨ। ਹੁਣ ਤਾਂ ਸਭ ਹੱਦਾਂ ਪਾਰ ਕਰ ਗਈਆਂ ਹਨ। ਬੁਲਾਰਿਆਂ ਦੇ ਸੰਵਾਦ ਵਿਚੋਂ ਪੰਜਾਬੀ ਭਾਸ਼ਾ ਦੇ ਸ਼ਬਦ ਲੱਭਣੇ ਪੈਂਦੇ ਹਨ। ਸਾਡੇ ਬਹੁਤ ਸਤਿਕਾਰਯੋਗ ਹਰਬੀਰ ਸਿੰਘ ਭੰਵਰ ਸਾਬਕਾ ਪੱਤਰਕਾਰ ਨੇ ਇਹ ਮਸਲਾ ਬਹੁਤ ਵਾਰ ਗੰਭੀਰਤਾ ਨਾਲ ਉਭਾਰਿਆ ਪਰ ਜਲੰਧਰ ਦੂਰਦਰਸ਼ਨ ਦੇ ਅਧਿਕਾਰੀਆਂ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਉਹਨਾਂ ਨੇ ਬਹੁਤ ਸਾਰੇ ਹਿੰਦੀ ਦੇ ਸ਼ਬਦ ਦੱਸੇ ਜਿਹੜੇ ਖਬਰਾਂ ਤੇ ਕਿਸੇ ਪ੍ਰੋਗਰਾਮ ਦੌਰਾਨ ਬੋਲੇ ਜਾਂਦੇ ਹਨ। ਉਹਨਾਂ ਜਿਹੜੇ ਸ਼ਬਦਾਂ ਨੂੰ ਨੋਟ ਕੀਤਾ ਹੈ, ਉਹਨਾਂ ਦਾ ਇਥੇ ਜ਼ਿਕਰ ਕਰ ਰਹੇ ਹਾਂ। ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਨਾਂਅ ਉੱਤੇ ਬਹੁਤ ਸਾਰੀਆਂ ਜੱਥੇਬੰਦੀਆਂ ਹਨ, ਜਿਹੜੀਆਂ ਇਹ ਦਾਅਵਾ ਕਰਦੀਆਂ ਹਨ ਕਿ ਉਹ ਮਾਂ ਬੋਲੀ ਪੰਜਾਬੀ ਦੇ ਪੁੱਤ ਹਨ ਤੇ ਉਸ ਦੀ ਸੇਵਾ ਕਰਦੇ ਹਨ। ਹਕੀਕਤ ਵਿੱਚ ਉਹ ਪੰਜਾਬੀ ਮਾਂ ਬੋਲੀ ਦੇ ਨਾਮ ਹੇਠ ਆਪਣੀਆਂ ਰੋਟੀਆਂ ਸੇਕਦੇ ਹਨ। ਸੋ ਇਹਨਾਂ ਮਾਂ ਬੋਲੀ ਪੰਜਾਬੀ ਦੇ ਵਾਰਸਾਂ ਨੂੰ ਅਪੀਲ ਕਰਦਾ ਕਿ ਉਹ ਇਸ ਮਸਲੇ ਨੂੰ ਲੋਕ ਮਸਲਾ ਬਣਾਉਣ। ਤਾਂ ਕਿ ਪੰਜਾਬੀ ਮਾਂ ਬੋਲੀ ਦੀ ਹੋ ਰਹੀ ਦੁਰਗਤੀ ਨੂੰ ਰੋਕਿਆ ਜਾ ਸਕੇ। ਪ੍ਰਸਾਰ ਭਾਰਤੀ ਨੇ ਦੋ ਕੁ ਸਾਲ ਪਹਿਲਾਂ ਤੋਂ ਹਰ ਰਾਜ ਲਈ ਉਹਨਾਂ ਦੇ ਖਾਸ ਚੈਨਲ ਸਥਾਪਿਤ ਕੀਤੇ ਹਨ ਜਲੰਧਰ ਦੂਰਦਰਸ਼ਨ ਤੋਂ ਇਸ ਦਾ ਨਾਮ ਬਦਲ ਕੇ ਦੂਰਦਰਸ਼ਨ ਪੰਜਾਬੀ ਹੋ ਗਿਆ ਹੈ ਜਾਨੀ ਕਿ ਪੰਜਾਬੀ ਮਾਂ ਬੋਲੀ ਦਾ ਪਸਾਰ ਤੇ ਪ੍ਰਚਾਰ। ਪਰ ਪੰਜਾਬੀ ਮਾਂ ਬੋਲੀ ਤੇ ਇੱਕ ਇਹ ਹਮਲਾ ਹੈ ਕਿ ਹਰ ਰੋਜ਼ ਦੂਰਦਰਸ਼ਨ ਚੰਡੀਗੜ੍ਹ ਦਾ ਪ੍ਰਸਾਰਨ ਡੇਢ ਘੰਟੇ ਦਾ ਪ੍ਰਸਾਰਣ ਦੂਰਦਰਸ਼ਨ ਪੰਜਾਬੀ ਤੋਂ ਕੀਤਾ ਜਾ ਰਿਹਾ ਹੈ ਜੋ ਕਿ ਹਿੰਦੀ ਭਾਸ਼ਾ ਤੇ ਆਧਾਰਤ ਹੈ। ਪ੍ਰਸਾਰ ਭਾਰਤੀ ਦਾ ਸਾਡੇ ਨਾਲ ਬਹੁਤ ਵੱਡਾ ਧੱਕਾ ਅਤੇ ਅਨਿਆਏ ਹੈ। ਸਾਹਿਤ ਸਭਾਵਾਂ ਪੰਜਾਬ ਕਲਾ ਪ੍ਰੀਸ਼ਦ, ਭਾਸ਼ਾ ਵਿਭਾਗ ਪੰਜਾਬ ਇਹ ਮਾਂ ਬੋਲੀ ਪੰਜਾਬੀ ਦੇ ਨਾਹਰੇ ਤਾਂ ਮਾਰਦੇ ਹਨ ਕੀ ਉਹਨਾਂ ਨੂੰ ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮ ਵਿਖਾਈ ਨਹੀਂ ਦੇ ਰਹੇ। ਇੱਕੋ ਇੱਕ ਸਾਡੀ ਮਾਂ ਬੋਲੀ ਪੰਜਾਬੀ ਦਾ ਚੈਨਲ ਹੈ ਅੰਨੀ ਪੀਹ ਰਹੀ ਹੈ ਕੁੱਤਾ ਚੱਟ ਰਿਹਾ ਹੈ ਸਾਡੀਆ ਸਰਕਾਰਾਂ ਸੁੱਤੀਆਂ ਪਈਆਂ ਹਨ। ਕੌਣ ਹੈ ਸਾਡੀ ਮਾਂ ਬੋਲੀ ਪੰਜਾਬੀ ਦਾ ਪਹਿਰੇਦਾਰ ? ਧੰਨਵਾਦ ਸਹਿਤ ਹਰਬੀਰ ਸਿੰਘ ਭੰਵਰ ਹੋਰਾਂ ਵਲੋਂ ਨੋਟ ਕੀਤੇ ਗਏ ਹਿੰਦੀ ਭਾਸ਼ਾ ਦੇ ਸ਼ਬਦ। ਡੀ ਡੀ ਪੰਜਾਬੀ ਤੇ ਪੰਜਾਬੀ ਪੱਤਰਕਾਰੀ ਵਿਚ ਹਿੰਦੀ ਸ਼ਬਦਾਂ ਦੀ ਘੁਸਪੈਠ, ਗੁਹਾਰ (ਫਰਿਆਦ), ਚਪੇਟ (ਲਪੇਟ), ਅੰਨਸ਼ਨ (ਵਰਤ), ਪਕਸ਼ੀ (ਪੰਛੀ), ਲੁਭਾਉਣਾ (ਭਰਮਾਉਣਾ),ਪ੍ਰਲੋਭਣ (ਲਾਲਚ), ਵਰਿਧੀ (ਵਾਧਾ), ਗਾਜ਼ (ਗੁੱਸਾ, ਨਜ਼ਲਾ), ਅਵਗਤ (ਜਾਣੂ), ਕਗਾਰ (ਕੰਢੇ), ਦਿੱਗਜ਼ (ਦਿਓਕੱਦ,ਪ੍ਰਮੁੱਖ), ਸ਼ੇਤਰ (ਖੇਤਰ), ਛਮਾ (ਖਿਮਾ), ਚਰਨ (ਗੇੜ), ਆਹਵਾਨ (ਸੱਦਾ), ਸਮੁਦਾਏ (ਭਾਈਚਾਰਾ), ਅਨੂਮਤੀ (ਮਨਜ਼ੂਰੀ), ਲੁਪਤ (ਗਾਇਬ), ਸ਼ਮਤਾ (ਸਮੱਰਥਾ), ਛਾਤਰ (ਵਿਦਿਆਰਥੀ), ਛੱਵੀ (ਅਕਸ), ਸੰਪਨ (ਸਮਾਪਤ, ਖਤਮ), ਕਗਾਰ (ਕੰਢੇ), ਸ਼ਿਵਰ (ਕੈਂਪ), ਵਿਵਾਹ (ਵਿਆਹ, ਸ਼ਾਦੀ), ਅਧਿਅਕਸ਼ (ਪ੍ਰਧਾਨ), ਅਨੁਵਾਰੀਆ (ਜ਼ਰੂਰੀ, ਲਾਜ਼ਮੀ), ਦੁੱਖਦ (ਦੁੱਖਦਾਈ), ਸ਼ਿਖਸ਼ਾ (ਸਿੱਖਿਆ), ਸ਼ਵ (ਲਾਸ਼), ਵਿਪੱਕਸ਼ (ਵਿਰੋਧੀ), ਪ੍ਰਯਟਨ (ਸੈਰ ਸਪਾਟਾ), ਰਾਜਯ ਸਭਾ (ਰਾਜ ਸਭਾ), ਵਿੱਤੀਅ (ਵਿਤੀ, ਮਾਲੀ), ਲਾਂਛਨ (ਇਲਜ਼ਾਮ), ਬਿਮਾਨ (ਜਹਾਜ਼), ਸਤੱਰਕ (ਚੇਤੰਨ), ਘੱਟਕ ਦਲ (ਭਾਈਵਾਲ ਦਲ), ਨਿਸ਼ਕਾਸ਼ਿਤ (ਬਾਹਰ ਕੱਢਣਾ), ਜਨਾਦੇਸ਼ (ਫਤਵਾ, ਫ਼ੈਸਲਾ), ਆਮੰਤਰਨ (ਸੱਦਾ, ਬੁਲਾਵਾ) ਉਪਰੋਕਤ ਸ਼ਬਦਾਂ ਦਾ ਹਵਾਲਾ ਦੇ ਕੇ ਮੈਂ ਡੀ.ਡੀ. ਪੰਜਾਬੀ ਨੂੰ ਪਿਛਲੇ 4/5 ਸਾਲਾਂ ਤੋਂ ਪੱਤਰ ਲਿਖ ਰਿਹਾ ਹਾਂ, ਕਈ ਪੰਜਾਬੀ ਲੇਖਕ ਸਭਾਵਾਂ ਤੋਂ ਪੱਤਰ ਲਿਖਵਾਏ ਹਨ, ਪਰ ਕੋਈ ਅਸਰ ਨਹੀਂ। ਇਹ ਸਭ ਕੁੱਝ ਪੰਜਾਬ ਦੇ ਸੁਚੇਤ ਤੇ ਸਮਝਦਾਰ ਲੋਕਾਂ ਦੀ ਨਲਾਇਕੀ ਉਜਾਗਰ ਕਰਦਾ ਹੈ,ਕਿ ਇੱਕ ਦੂਜੇ ਦੇ ਖਿਲਾਫ ਤਾਂ ਹਰ ਵੇਲੇ ਸਿੰਗ ਫਸਾ ਕੇ ਲੜਦੇ ਹਨ ਪਰ ਬੁੱਕਲ ਵਿੱਚ ਬੈਠੇ ਸੱਪਾਂ ਨੂੰ ਦੁੱਧ ਪਿਆਉਣ ਦੇ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਪੰਜਾਬ ਦੇ ਵਿੱਚ ਚਾਲੀ ਕਾਮਰੇਡਾਂ ਦੇ ਗਰੁੱਪ ਹਨ, ਅਠਾਰਾਂ ਸ਼੍ਰੋਮਣੀ ਅਕਾਲੀ ਦਲ ਹਨ, ਛੱਤੀ ਕਿਸਾਨ ਜਥੇਬੰਦੀਆਂ ਇਸ ਤੋਂ ਇਲਾਵਾ ਸੈਂਕੜੇ ਹੋਰ ਜੱਥੇਬੰਦੀਆਂ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਵਿੱਚ ਸੰਸਥਾਵਾਂ ਹਨ। ਪੰਜਾਬੀ ਭਾਸ਼ਾ ਦੇ ਨਾਂ ਉੱਤੇ ਦੋ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਹਨ, ਹਜ਼ਾਰਾਂ ਸਾਹਿਤ ਸੰਸਥਾਵਾਂ ਬਣੀਆਂ ਹੋਈਆਂ ਹਨ। ਸਭ ਦੇ ਮੂੰਹ ਨੂੰ ਛਿੱਕਲੀਆਂ ਲੱਗੀਆਂ ਹੋਈਆਂ ਹਨ। ਦੁਸ਼ਮਣ ਘਰ ਪੁਜ ਗਿਆ ਐ, ਇਹ ਭਰਾ ਮਾਰੂ ਜੰਗ ਦੇ ਵਿੱਚ ਉਲ਼ਝੇ ਹੋਏ ਹਨ। ਇਹਨਾਂ ਨੇ ਕੀ ਲੈਣਾ ਐ ਦੂਰਦਰਸ਼ਨ ਜਲੰਧਰ ਕੀ ਗ਼ੁਲ ਖਿਲਾਰੀ ਜਾ ਰਿਹਾ ਐ, ਇਹਨਾਂ ਦਾ ਤੋਰੀ ਫੁਲਕਾ ਤੇ ਖਾਣ ਪੀਣ ਚੱਲਦਾ ਐ। ਪਰ ਕਦੌ ਤੱਕ ਇਸ ਤਰ੍ਹਾਂ ਪੰਜਾਬ ਦੇ ਲੋਕ ਮੂੰਹ ਵਿੱਚ ਘੁੰਘਣੀਆਂ ਪਾ ਕੇ ਬੈਠੇ ਰਹਿਣਗੇ । ਹਿੰਦੀ ਭਾਸ਼ਾ ਤੁਹਾਡੇ ਖੂਨ ਦੇ ਵਿੱਚ ਵਾੜ ਦਿੱਤੀ ਹੈ ਤੇ ਤੁਸੀਂ ਪਿੱਠ ਦਿਖਾ ਕੇ ਵਿਦੇਸ਼ਾਂ ਨੂੰ ਦੌੜ ਪਏ ਓ। ਸ਼ਾਬਸ਼ੇ ਸੂਰਮਿਆਂ ਦੇ ਬਹਾਦਰ ਜਵਾਨਾਂ ਦੇ। ਉਹ ਦਿਨ ਦੂਰ ਨਹੀਂ ਜਦੋਂ ਮੱਛੀਆਂ ਪੱਥਰ ਚੱਟ ਕੇ ਮੁੜਨਗੀਆਂ ਤੇ ਇਥੇ ਪਾਣੀ ਨਹੀਂ ਹੋਣਾ। ਬੁੱਧ ਸਿੰਘ ਨੀਲੋਂ 9464370823

ਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ/ਬੁੱਧ ਸਿੰਘ ਨੀਲੋਂ Read More »