ਸੀ.ਬੀ.ਐੱਸ.ਈ. ਸਕੂਲਾਂ ਦੀ ਪੜ੍ਹਾਈ ਵਿੱਚੋਂ ਪੰਜਾਬੀ ਵਿਸ਼ਾ ਗਾਇਬ

*ਡਾ.ਜੌਹਲ ਵਲੋਂ ਕੇਂਦਰੀ ਅਤੇ ਸੂਬਾ ਮੰਤਰੀਆਂ ਨੂੰ ਪੱਤਰ

ਜਲੰਧਰ, 26 ਫਰਵਰੀ – ਸਕੂਲ ਸਿੱਖਿਆ ਨਾਲ ਸੰਬੰਧਿਤ ਭਾਰਤ ਸਰਕਾਰ ਦੇ ਸੀ.ਬੀ.ਐੱਸ.ਈ. ਬੋਰਡ ਵੱਲੋਂ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਸੰਬੰਧੀ ਜਾਰੀ ਕੀਤੇ ਗਏ ਇਕ ਨਵੇਂ ਸਰਕੂਲਰ ਅਨੁਸਾਰ ਸਕੂਲ ਸਿੱਖਿਆ ਵਿੱਚੋਂ ਪੰਜਾਬੀ ਵਿਸ਼ੇ ਦੀ ਪੜ੍ਹਾਈ ਹਟਾਏ ਜਾਣ ਦਾ ਪ੍ਰਸਤਾਵ ਹੈ। ਮਿਤੀ 25 ਫਰਵਰੀ 2025 ਨੂੰ ਜਾਰੀ ਕੀਤੇ ਗਏ ਡਰਾਫਟ-ਸਰਕੂਲਰ ਨੰਬਰ ਸੀ.ਬੀ.ਐੱਸ.ਈ./ਸੀ ਈ/ਐੱਸ.ਪੀ.ਪੀ ਐਸ 2025 ਅਨੁਸਾਰ ਪੰਜਾਬੀ ਭਾਸ਼ਾ ਪੜ੍ਹਨ ਸਬੰਧੀ 004 ਕੋਡ ਹਟਾ ਦਿੱਤਾ ਗਿਆ ਹੈ।

ਇਸ ਸਬੰਧੀ ਸਖਤ ਇਤਰਾਜ਼ ਉਠਾਉਂਦੇ ਹੋਏ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਕੇਂਦਰੀ ਸਿੱਖਿਆ ਮੰਤਰੀ ਡਾਕਟਰ ਧਰਮੇਂਦਰ ਪ੍ਰਧਾਨ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਸੰਬੰਧਿਤ ਬੋਰਡ ਨੂੰ ਅਜਿਹਾ ਕਰਨ ਤੋਂ ਰੋਕਣ ਕਿਉਂਕਿ ਪੰਜਾਬੀ ਭਾਸ਼ਾ ਦੇਸ਼ ਦੀਆਂ ਮਾਨਤਾ ਪ੍ਰਾਪਤ 22 ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਸੰਬੰਧਿਤ ਸਕੂਲਾਂ ਵਿੱਚ ਨਾ ਪੜ੍ਹਾਇਆ ਜਾਣਾ ਇਸ ਨਾਲ ਘੋਰ ਵਿਤਕਰਾ ਹੈ। ਡਾਕਟਰ ਜੌਹਲ ਨੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਵੀ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਕੋਲ ਇਹ ਮਾਮਲਾ ਉਠਾਉਣ ਅਤੇ ਪੰਜਾਬ ਵਿਚਲੇ ਕੇਂਦਰੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ। ਸੋਸਾਇਟੀ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਅਤੇ ਸਕੱਤਰ ਡਾਕਟਰ ਹਰਜਿੰਦਰ ਸਿੰਘ ਅਟਵਾਲ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਲਈ ਕੰਮ ਕਰ ਰਹੀਆਂ ਹੋਰ ਜਥੇਬੰਦੀਆਂ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਉਣ ਲਈ ਕਿਹਾ ਹੈ।

ਸਾਂਝਾ ਕਰੋ

ਪੜ੍ਹੋ