
ਬੰਗਾ, 9 ਫਰਵਰੀ – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਹਾਰ ਨੂੰ ਪੰਜਾਬ ਅੰਦਰ ਅਗਲੀ ਰਾਜਸੀ ਤਬਦੀਲੀ ਦਾ ਸੰਕੇਤ ਦੱਸਿਆ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ 2027 ’ਚ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਦਿਖਾਵੇ ਵਾਲੇ ਰਾਜ ਤੋਂ ਰਾਹਤ ਮਿਲ ਜਾਵੇਗੀ। ਉਹ ਅੱਜ ਕਸਬਾ ਮੁਕੰਦਪੁਰ ਵਿੱਚ ਦਿੱਲੀ ਦੇ ਨਤੀਜਿਆਂ ਸਬੰਧੀ ਆਪਣੀ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਰਾਹੀਂ ਪੰਜਾਬ ਦੀ ਆਰਥਿਕ ਲੁੱਟ ਦਾ ਨਤੀਜਾ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ।
ਪੰਜਾਬ ਦੀ ‘ਆਪ’ ਸਰਕਾਰ ’ਤੇ ਤਨਜ ਕੱਸਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮਾਰਗਾਂ ਅਤੇ ਸਾਰੀਆਂ ਸੰਪਰਕ ਸੜਕਾ ’ਤੇ ਮੁੱਖ ਮੰਤਰੀ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਤੋਂ ਬਿਨਾਂ ਕੁੱਝ ਦਿਖਾਈ ਨਹੀਂ ਦੇ ਰਿਹਾ ਜਦੋਂਕਿ ਸਰਕਾਰਾਂ ਦੇ ਬਣਦੇ ਫ਼ਰਜ਼ ਨਿਭਾਉਣ ਪੱਖੋਂ ਜ਼ਮੀਨੀ ਪੱਧਰ ’ਤੇ ਲੋੜੀਂਦੇ ਕਾਰਜ ਅਜੇ ਬਾਕੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਸੱਤਾ ਤਬਦੀਲੀ ਦਾ ਮਨ ਬਣਾ ਚੁੱਕੇ ਹਨ।