ਬੰਗਲੂਰੂ, 7 ਫਰਵਰੀ – ਕਰਨਾਟਕ ਹਾਈ ਕੋਰਟ ਨੇ ਅੱਜ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਦੀ ਪੋਕਸੋ ਐਕਟ ਦੇ ਉਪਬੰਧਾਂ ਤਹਿਤ ਆਪਣੇ ਖ਼ਿਲਾਫ਼ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਅੰਸ਼ਕ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ, ਜਦੋਂ ਕਿ ਉਨ੍ਹਾਂ ਖ਼ਿਲਾਫ਼ ਦਰਜ ਅਪਰਾਧਿਕ ਮਾਮਲਾ ਹੇਠਲੀ ਅਦਾਲਤ ਵਿੱਚ ਵਾਪਸ ਭੇਜ ਦਿੱਤਾ।

ਹਾਲਾਂਕਿ, ਅਦਾਲਤ ਨੇ ਸੀਨੀਅਰ ਭਾਜਪਾ ਨੇਤਾ ਦੀ ਅਗਾਊਂ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। 81 ਸਾਲਾ ਯੇਦੀਯੁਰੱਪਾ ਨੇ ਆਪਣੇ ਖ਼ਿਲਾਫ਼ ਪੋਕਸੋ ਤਹਿਤ ਦਰਜ ਇੱਕ ਅਪਰਾਧਿਕ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਹ ਮਾਮਲਾ ਪਿਛਲੇ ਸਾਲ 14 ਮਾਰਚ ਨੂੰ ਇੱਕ 17 ਸਾਲਾ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮਹਿਲਾ ਨੇ ਦੋਸ਼ ਲਾਇਆ ਸੀ ਕਿ ਯੇਦੀਯੁਰੱਪਾ ਨੇ ਦੋ ਫਰਵਰੀ ਨੂੰ ਡਾਲਰਸ ਕਲੋਨੀ ਸਥਿਤ ਆਪਣੇ ਘਰ ਇੱਕ ਮੀਟਿੰਗ ਦੌਰਾਨ ਉਸ ਦੀ ਧੀ ਦਾ ਜਿਣਸੀ ਸ਼ੋਸ਼ਣ ਕੀਤਾ ਸੀ।

ਜਸਟਿਸ ਨਾਗਪ੍ਰਸੰਨਾ ਨੇ ਕਿਹਾ, ‘‘ਰਿਟ ਪਟੀਸ਼ਨ ਨੂੰ ਅੰਸ਼ਕ ਤੌਰ ’ਤੇ ਮਨਜ਼ੂਰੀ ਦਿੱਤੀ ਜਾਂਦੀ ਹੈ। ਅਪਰਾਧ, ਜਾਂਚ ਅਤੇ ਅੰਤਿਮ ਰਿਪੋਰਟ ਸਭ ਬਰਕਰਾਰ ਹਨ। ਹੁਕਮ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਦਿਆਂ ਮਾਮਲਾ ਸਬੰਧਿਤ ਅਦਾਲਤ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਉਹ ਸੀਆਈਡੀ ਵੱਲੋਂ ਪੇਸ਼ ਕੀਤੀ ਗਈ ਅੰਤਿਮ ਰਿਪੋਰਟ ’ਤੇ ਢੁੱਕਵੇਂ ਆਦੇਸ਼ ਜਾਰੀ ਕਰੇ।’’