
ਇਹ ਐਗਜ਼ਿਟ ਪੋਲ ਏਜੰਸੀਆਂ ਕਿਵੇਂ ਸਰਵੇ ਕਰਦੀਆਂ ਨੇ ਅਤੇ ਕਿਵੇਂ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੰਦੀਆਂ ਨੇ। ਇਸ ਬਾਰੇ ਹਾਲ ਦੀ ਘੜੀ ਤਾਂ ਪਤਾ ਨਹੀਂ ਲੱਗਿਆ, ਪਰ ਜੇਕਰ ਇਹਦੇ ਪਿਛੋਕੜ ਤੇ ਨਿਗਾਹ ਮਾਰੀਏ ਤਾਂ, ਇਹਨਾਂ ਨੂੰ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਵੱਲੋਂ ਹੀ ਬਣਾਇਆ ਗਿਆ ਲੱਗਦਾ ਹੈ। ਵੈਸੇ ਕਮਾਲ ਦੀ ਗੱਲ ਹੈ ਕਿ ਨਤੀਜੇ ਆਉਣ ਤੋਂ ਪਹਿਲਾਂ ਹੀ ਕਿਸੇ ਪਾਰਟੀ ਨੂੰ ਇੰਨੀ ਜ਼ਿਆਦਾ ਹਵਾ ਮਿਲ ਜਾਂਦੀ ਹੈ ਕਿ ਉਹ ਲੱਡੂਆਂ ਦੇ ਵੀ ਆਰਡਰ ਤੱਕ ਦੇ ਦਿੰਦੀ ਹੈ ਕਿ ਉਨ੍ਹਾਂ ਦੀ ਤਾਂ ਸਰਕਾਰ ਬਣ ਰਹੀ ਹੈ। ਹਰਿਆਣੇ ਵਿੱਚ ਤਾਂ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ।
ਪਰ ਐਗਜ਼ਿਟ ਪੋਲ ਹਮੇਸ਼ਾ ਸਹੀ ਨਹੀਂ ਹੁੰਦਾ। ਮੰਨਿਆ ਜਾਂਦਾ ਹੈ ਕਿ ਐਗਜ਼ਿਟ ਪੋਲ ਚੰਦ ਕੁ ਗਲੀਆਂ ਜਾਂ ਮਹੱਲਿਆਂ ਬਾਜ਼ਾਰਾਂ ਅਤੇ ਘਰਾਂ ਵਿੱਚ ਜਾ ਕੇ ਆਮ ਲੋਕਾਂ ਦੀ ਸੋਚ ਫੜਦਾ, ਜਿਸ ਦੇ ਵਿੱਚ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਅਤੇ ਉਹਦੇ ਕਿਹੜੇ ਕੰਮਾਂ ਦੀ ਸ਼ਲਾਘਾ ਕਰਦੇ ਨੇ ਅਤੇ ਇਹਨਾਂ ਚੀਜ਼ਾਂ ਨੂੰ ਹੀ ਪੁਆਇੰਟ ਆਊਟ ਕਰਕੇ ਏਜੰਸੀਆਂ ਐਗਜ਼ਿਟ ਪੋਲ ਤਿਆਰ ਕਰਦੀਆਂ ਨੇ।
ਵੈਸੇ, 2015 ਅਤੇ 2020 ਵਿੱਚ ਜਦੋਂ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਪੂਰੀ ਹਵਾ ਸੀ ਅਤੇ ਲੋਕ ਬਦਲਾਅ ਦੀ ਉਡੀਕ ਵਿੱਚ ਸਨ ਤਾਂ, ਉਸ ਵੇਲੇ ਐਗਜ਼ਿਟ ਪੋਲ ਕਿੰਨੇ ਸਹੀ ਸਾਬਤ ਹੋਏ ਸਨ। ਕਿਉਂਕਿ ਲੋਕ ਸ਼ਰੇਆਮ ਕਹਿ ਰਹੇ ਸਨ ਕਿ ਉਹ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। 2020 ਅਤੇ 2015 ਦੇ ਅੰਕੜਿਆਂ ਦੇ ਆਧਾਰ ‘ਤੇ ਐਗਜ਼ਿਟ ਪੋਲ ਸਹੀ ਸਾਬਤ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਐਗਜ਼ਿਟ ਪੋਲ ਸਿਰਫ਼ ਅਨੁਮਾਨਾਂ ‘ਤੇ ਆਧਾਰਤ ਹੁੰਦੇ ਹਨ। 2020 ਦੇ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ ਕੇਜਰੀਵਾਲ ਦੀ ਪਾਰਟੀ ਲਈ 59-68 ਸੀਟਾਂ ਦਾ ਅਨੁਮਾਨ ਲਗਾਇਆ ਸੀ।
ਜ਼ਿਆਦਾਤਰ ਐਗਜ਼ਿਟ ਪੋਲਾਂ ਨੇ 2020 ਵਿੱਚ ਦਾਅਵਾ ਕੀਤਾ ਸੀ ਕਿ ‘ਆਪ’ ਨੂੰ 50 ਤੋਂ ਵੱਧ ਸੀਟਾਂ ਮਿਲਣਗੀਆਂ। ਕਾਫ਼ੀ ਹੱਦ ਤੱਕ ਭਵਿੱਖਬਾਣੀਆਂ ਸਹੀ ਸਾਬਤ ਹੋਈਆਂ। ‘ਆਪ’ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ। ਪਿਛਲੀ ਵਾਰ ਏਬੀਪੀ ਨਿਊਜ਼ ਅਤੇ ਸੀ ਵੋਟਰ ਨੇ ਵੀ ਆਪਣੇ ਅਨੁਮਾਨ ਜਾਰੀ ਕੀਤੇ ਸਨ। ਐਗਜ਼ਿਟ ਪੋਲ ਦੇ ਅਨੁਸਾਰ, ‘ਆਪ’ ਨੂੰ 49-63 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਨਿਊਜ਼-ਐਕਸ ਅਤੇ ਪੋਲਸਟ੍ਰੇਟ ਨੇ ਆਪਣੇ ਸਰਵੇਖਣਾਂ ਵਿੱਚ ਭਵਿੱਖਬਾਣੀ ਕੀਤੀ ਸੀ ਕਿ ‘ਆਪ’ 50-56 ਸੀਟਾਂ ਜਿੱਤੇਗੀ, ਜਦੋਂ ਕਿ ਰਿਪਬਲਿਕ-ਜਨ ਕੀ ਬਾਤ ਨੇ ਭਵਿੱਖਬਾਣੀ ਕੀਤੀ ਸੀ ਕਿ ‘ਆਪ’ 48-61 ਸੀਟਾਂ ਜਿੱਤੇਗੀ। ਅੰਦਾਜ਼ੇ ਲਗਭਗ ਸਹੀ ਸਾਬਤ ਹੋਏ। ਹਰ ਪੋਲ ਨੇ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ, ਏਬੀਪੀ ਨਿਊਜ਼-ਸੀ ਵੋਟਰ ਅਤੇ ਰਿਪਬਲਿਕ ਟੀਵੀ-ਜਨ ਕੀ ਬਾਤ ਨੇ 60 ਤੋਂ ਵੱਧ ਸੀਟਾਂ ਦਿਖਾਈਆਂ ਸਨ।
ਪਰ ਮੌਜੂਦਾ ਵੇਲੇ ਵਿੱਚ ਇਹਨਾਂ ਐਗਜ਼ਿਟ ਪੋਲਾਂ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਨਾ ਗ਼ਲਤ ਹੈ। ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਵੇਲੇ ਦੇ ਵਿੱਚ ਹੈ। ਦਾਅਵਾ ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਆਤਸ਼ੀ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਦੇ ਅੰਦਰ ਚੌਥੀ ਵਾਰ ਬਣਨ ਜਾ ਰਹੀ ਹੈ। ਪਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਹੋਰ ਭਾਜਪਾ ਦੇ ਵੱਡੇ ਲੀਡਰ ਇਹ ਕਹਿ ਰਹੇ ਨੇ ਕਿ ਉਨ੍ਹਾਂ ਨੇ ਤਾਂ ਇਸ ਵਾਰ ਦਿੱਲੀ ਜਿੱਤ ਹੀ ਲੈਣੀ ਹੈ।
ਪਰ ਵੇਖਣਾ ਹੁਣ ਇਹ ਹੋਏਗਾ ਕਿ 8 ਫਰਵਰੀ ਨੂੰ ਐਗਜ਼ਿਟ ਪੋਲ ਦੇ ਨਤੀਜੇ ਕਿੰਨੇ ਸੱਚ ਸਾਬਤ ਹੁੰਦੇ ਨੇ ਜਾਂ ਫਿਰ ਲੋਕਾਂ ਦੁਆਰਾ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਦੁਬਾਰਾ ਬਹੁਮਤ ਮਿਲ ਕੇ ਫਿਰ ਆਪ ਦੀ ਸਰਕਾਰ ਬਣਦੀ ਹੈ। ਬਾਕੀ ਪਾਠਕਾਂ ਨੂੰ ਦੱਸ ਦਈਏ ਕਿ ਉਹ ਇਹਨਾਂ ਐਗਜ਼ਿਟ ਪੋਲਾਂ ਨੂੰ ਦੇਖ ਕੇ ਬਹੁਤ ਆ ਖ਼ੁਸ਼ ਨਾ ਹੋਣ, ਕਿਉਂਕਿ ਇਹ ਕਿਸੇ ਸਿਆਸੀ ਪਾਰਟੀ ਦੁਆਰਾ ਹੀ ਛੱਡੀ ਗਈ ਛੁਰਲੀ ਹੋ ਸਕਦੀ ਹੈ। ਸੋ ਇਸ ਲਈ ਸਹੀ ਨਤੀਜਿਆਂ ਦੇ ਆਉਣ ਦੀ ਉਡੀਕ 8 ਫਰਵਰੀ ਤੱਕ ਪਾਠਕਾਂ ਨੂੰ ਕਰਨੀ ਚਾਹੀਦੀ ਹੈ।
ਗੁਰਪ੍ਰੀਤ
9569820314