ਕੈਨੇਡਾ, 22 ਨਵੰਬਰ – ਇਨ੍ਹੀਂ ਦਿਨੀਂ ਕੈਨੇਡਾ ਭਾਰੀ ਮਹਿੰਗਾਈ ਨਾਲ ਜੂਝ ਰਿਹਾ ਹੈ। ਸਥਿਤੀ ਇਹ ਹੈ ਕਿ ਲੋਕ ਆਪਣੇ ਕਰਿਆਨੇ ਦੇ ਖ਼ਰਚਿਆਂ ਵਿੱਚ ਕਟੌਤੀ ਕਰ ਰਹੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਸਹੀ ਭੋਜਨ ਮੁਹੱਈਆ ਕਰਵਾ ਸਕਣ। ਇੱਕ ਰਿਪੋਰਟ ‘ਚ ਇਹ ਖ਼ੁਲਾਸਾ ਹੋਇਆ ਹੈ। ਕੈਨੇਡਾ ਵਿੱਚ ਇਸ ਸਮੇਂ ਮਹਿੰਗਾਈ ਅਤੇ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹੈ। ਇਸ ਕਾਰਨ ਲੋਕ ਆਪਣੇ ਰੋਜ਼ਾਨਾ ਦੇ ਖਰਚਿਆਂ ਵਿੱਚ ਕਟੌਤੀ ਕਰਨ ਲਈ ਮਜਬੂਰ ਹਨ। ਇਹ ਲੋਕ ਆਪਣੇ ਖ਼ਰਚਿਆਂ ਨੂੰ ਕਾਬੂ ਵਿੱਚ ਰੱਖਣ ਲਈ ਭੋਜਨ ਵਰਗੀਆਂ ਜ਼ਰੂਰੀ ਚੀਜ਼ਾਂ ‘ਤੇ ਕਟੌਤੀ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 25 ਫੀਸਦੀ ਮਾਪਿਆਂ ਨੇ ਆਪਣੇ ਭੋਜਨ ਦੀ ਮਾਤਰਾ 24 ਫੀਸਦੀ ਤੱਕ ਘਟਾ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਲੋੜੀਂਦਾ ਭੋਜਨ ਮਿਲ ਸਕੇ। ਕੈਨੇਡਾ ਵਿੱਚ ਹਰ ਚਾਰ ਵਿੱਚੋਂ ਇੱਕ ਮਾਪੇ ਆਪਣੇ ਬੱਚਿਆਂ ਲਈ ਭੋਜਨ ਦੇ ਖਰਚੇ ਨੂੰ ਘਟਾ ਰਹੇ ਹਨ। ਸਾਲਵੇਸ਼ਨ ਆਰਮੀ ਨੇ ਇਹ ਰਿਪੋਰਟ 21 ਨਵੰਬਰ ਨੂੰ ਜਾਰੀ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸਰਵੇ ‘ਚ ਸ਼ਾਮਲ 90 ਫੀਸਦੀ ਲੋਕਾਂ ਨੇ ਆਪਣੇ ਖਾਣ-ਪੀਣ ਦੇ ਖ਼ਰਚੇ ਘੱਟ ਕਰਨ ਦੀ ਗੱਲ ਕਹੀ ਹੈ। ਫੂਡ ਬੈਂਕ ਖਾਲੀ ਹੋ ਰਹੇ ਹਨ। ਇਹ ਸਥਿਤੀ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਕਿਵੇਂ ਕੈਨੇਡਾ ਵਿੱਚ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਰਿਪੋਰਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਜ਼ਰੂਰੀ ਚੀਜ਼ਾਂ ‘ਤੇ ਜੀਐੱਸਟੀ ‘ਚ ਕਟੌਤੀ ਦਾ ਐਲਾਨ ਕੀਤਾ ਹੈ। ਹਾਲ ਹੀ ਦੇ ਆਰਥਿਕ ਸੰਕਟ ਦੇ ਮੱਦੇਨਜ਼ਰ, ਟਰੂਡੋ ਸਰਕਾਰ ਨੇ 14 ਦਸੰਬਰ ਤੋਂ ਦੋ ਮਹੀਨਿਆਂ ਲਈ ਕਰਿਆਨੇ ਅਤੇ ਬੱਚਿਆਂ ਦੇ ਕੱਪੜਿਆਂ ‘ਤੇ ਜੀਐਸਟੀ ਅਤੇ ਐਚਐਸਟੀ ਨੂੰ ਰੋਕਣ ਦਾ ਐਲਾਨ ਕੀਤਾ ਹੈ। ਹਾਲਾਂਕਿ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਕਦਮ ਅਗਲੀਆਂ ਚੋਣਾਂ ਨੂੰ ਧਿਆਨ ‘ਚ ਰੱਖ ਕੇ ਚੁੱਕਿਆ ਗਿਆ ਹੈ। ਸਾਲਵੇਸ਼ਨ ਆਰਮੀ ਦੇ ਬੁਲਾਰੇ ਜੌਹਨ ਮਰੇ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਿਨ ਵਿੱਚ ਦੋ ਵਕਤ ਦਾ ਭੋਜਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਇਹ ਦੇਸ਼ ਵਿੱਚ ਇੱਕ ਵੱਡੇ ਅਨਾਜ ਸੰਕਟ ਨੂੰ ਪ੍ਰਗਟ ਕਰਦਾ ਹੈ। 25 ਫੀਸਦੀ ਲੋਕਾਂ ਨੇ ਆਪਣੇ ਬੱਚਿਆਂ ਨੂੰ ਢੁੱਕਵਾਂ ਭੋਜਨ ਮੁਹੱਈਆ ਕਰਵਾਉਣ ਲਈ ਆਪਣੇ ਭੋਜਨ ਦੀ ਖਪਤ ਘਟਾ ਦਿੱਤੀ ਹੈ। ਬਹੁਤ ਸਾਰੇ ਲੋਕ ਸਸਤੇ ਹੋਣ ਕਾਰਨ ਘੱਟ ਪੌਸ਼ਟਿਕ ਭੋਜਨ ਖਰੀਦ ਰਹੇ ਹਨ, ਜਦਕਿ 84 ਫੀਸਦੀ ਲੋਕ ਮਹਿੰਗਾਈ ਕਾਰਨ ਇਕ ਸਮੇਂ ਦਾ ਖਾਣਾ ਛੱਡ ਰਹੇ ਹਨ।ਜ਼ਿਕਰ ਕਰ ਦਈਏ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਕੈਨੇਡਾ ਵਿੱਚ ਖ਼ੁਦਕੁਸ਼ੀਆਂ ਦਾ ਸਿਲਸਿਲਾ ਵੀ ਬਹੁਤ ਵਧਿਆ ਹੈ। ਇਸ ਵਿੱਚੋਂ ਮਾੜੀ ਖ਼ਬਰ ਇਹ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੌਮਾਂਤਰੀ ਵਿਦਿਆਰਥੀ ਹੁੰਦੇ ਹਨ ।