ਕੇਂਦਰੀ ਯੂਨੀਵਰਸਿਟੀ ਦੇ 148 ਵਿਦਿਆਰਥੀਆਂ ਨੇ ਵੱਖ ਵੱਖ ਵਕਾਰੀ ਪ੍ਰੀਖਿਆਵਾਂ ‘ਚ ਸਫਲਤਾ ਪ੍ਰਾਪਤ ਕੀਤੀ

ਬਠਿੰਡਾ, 20 ਨਵੰਬਰ – ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ 148 ਵਿਦਿਆਰਥੀਆਂ ਨੇ ਜੂਨ 2024 ਵਿੱਚ ਹੋਈ ਰਾਸ਼ਟਰੀ ਯੋਗਤਾ ਟੈਸਟ (ਯੂਜੀਸੀ ਅਤੇ ਸੀਐਸਆਈਆਰ – ਨੈੱਟ) ਪਰੀਖਿਆ ਪਾਸ ਕਰਕੇ ਇੱਕ ਨਵੀਂ ਉਪਲੱਬਧੀ ਹਾਸਲ ਕੀਤੀ ਹੈ। ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਅਤੇ ਯੂਜੀਸੀ ਅਤੇ ਸੀਐਸਆਈਆਰ ਦੁਆਰਾ ਕਰਵਾਈਆਂ ਗਈਆਂ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਹਾਲ ਹੀ ਵਿੱਚ ਘੋਸ਼ਿਤ ਕੀਤੇ ਗਏ ਹਨ। ਸਫਲ ਵਿਦਿਆਰਥੀਆਂ ਵਿੱਚੋਂ, 21 ਵਿਦਿਆਰਥੀਆਂ ਨੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ) ਅਤੇ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਰਾਸ਼ਟਰੀ ਯੋਗਤਾ ਟੈਸਟ (ਨੈੱਟ) ਅਤੇ 65 ਵਿਦਿਆਰਥੀਆਂ ਨੇ ਅਸਿਸਟੈਂਟ ਪ੍ਰੋਫੈਸਰ ਅਤੇ ਪੀਐਚਡੀ ਦੇ ਦਾਖਲੇ ਲਈ ਨੈੱਟ ਪ੍ਰੀਖਿਆ ਪਾਸ ਕੀਤੀ। ਇਸ ਤੋਂ ਇਲਾਵਾ ਇਸੇ ਟੈਸਟ ਦੇ ਅਧਾਰ ਤੇ ਪੀਐਚਡੀ ਵਿੱਚ ਦਾਖਲੇ ਲਈ 62 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ।

ਇਸ ਪ੍ਰੀਖਿਆ ਵਿੱਚ ਸਭ ਤੋਂ ਵੱਧ ਸਫਲਤਾ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀਆਂ ਨੇ ਹਾਸਲ ਕੀਤੀ, ਜਿਨ੍ਹਾਂ ਵਿੱਚੋਂ 21 ਵਿਦਿਆਰਥੀ ਸਫ਼ਲ ਹੋਏ। ਇਸ ਤੋਂ ਬਾਅਦ ਮਨੋਵਿਗਿਆਨ ਵਿਭਾਗ ਦੇ 19, ਕਾਨੂੰਨ ਵਿਭਾਗ ਦੇ 14 ਅਤੇ ਬੌਟਨੀ ਅਤੇ ਸਰੀਰਕ ਸਿੱਖਿਆ ਵਿਭਾਗ ਦੇ 12-12 ਵਿਦਿਆਰਥੀ ਸਫ਼ਲ ਹੋਏ। ਹੋਰ ਵਿਸ਼ਿਆਂ ਜਿਨ੍ਹਾਂ ਨਾਲ ਸਬੰਧਿਤ ਵਿਦਿਆਰਥੀਆਂ ਨੇ ਇਸ ਪਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ, ਉਨ੍ਹਾਂ ਵਿੱਚ ਆਰਥਿਕ ਅਧਿਐਨ, ਸਮਾਜ ਸ਼ਾਸਤਰ, ਦੱਖਣੀ ਅਤੇ ਮੱਧ ਏਸ਼ੀਆਈ ਅਧਿਐਨ, ਸਿੱਖਿਆ, ਜੀਵ ਵਿਗਿਆਨ, ਵਾਤਾਵਰਣ ਵਿਗਿਆਨ, ਭੂਗੋਲ, ਹਿੰਦੀ, ਜਨ ਸੰਚਾਰ ਅਤੇ ਮੀਡੀਆ ਅਧਿਐਨ, ਮਾਈਕ੍ਰੋਬਾਇਓਲੋਜੀ, ਇਤਿਹਾਸ, ਪੰਜਾਬੀ, ਅਪਲਾਈਡ ਐਗਰੀਕਲਚਰ, ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ, ਫਾਰਮਾਕੋਲੋਜੀ, ਵਿੱਤੀ ਪ੍ਰਸ਼ਾਸਨ ਅਤੇ ਰਸਾਇਣ ਵਿਗਿਆਨ ਆਦਿ ਸ਼ਾਮਲ ਹਨ।

ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਯੂਜੀਸੀ- ਨੈੱਟ ਪਰੀਖਿਆਵਾਂ ਪਾਸ ਕੀਤੀਆਂ ਹਨ। ਉਨ੍ਹਾਂ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਅਕਾਦਮਿਕ ਅਤੇ ਪੇਸ਼ੇਵਰ ਸਫਲਤਾ ਲਈ ਲੋੜੀਂਦੇ ਸਰੋਤ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਸਾਂਝਾ ਕਰੋ

ਪੜ੍ਹੋ