ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ – ਲਾਹੌਰ ’ਚ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੇ ਵਿਚ ਡੂੰਘੀਆਂ ਵਿਚਾਰਾਂ

-ਪੰਜਾਬੀ ਸਿਨਮੇ ਨੂੰ ਵਿਰਸੇ ਤੇ ਸਭਿਆਚਾਰ ਦਾ ਸ਼ੰਦੇਸ਼ਵਾਹਕ ਬਣਾਈਏ
ਲਾਹੌਰ, 19 ਨਵੰਬਰ 2024 (-ਹਰਜਿੰਦਰ ਸਿੰਘ ਬਸਿਆਲਾ-) – ‘ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’ ਲਾਹੌਰ ਦਾ ਅੱਜ ਦੂਜਾ ਦਿਨ ਸੀ। ਉਪਰ ਲਿਖੇ ਮੁੱਖ ਉਦੇਸ਼ ਕਿ ‘ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ’ ਵੱਲ ਨੂੰ ਵਧਦਿਆਂ ਅੱਜ ਬਹੁਤ ਹੀ ਡੂੰਗੀਆਂ ਵਿਚਾਰਾਂ ਹੋਈਆਂ। ਅੱਜ ਕਾਨਫਰੰਸ ਦਾ ਆਗਾਜ਼ ਇਨਾਮ ਜੇਤੂ ਗਵੱਈਏ ਬੱਚਿਆਂ ਨੇ ਉਸਤਾਦੀ ਸੁਰਾਂ ਦੇ ਸੰਗ ਕੀਤਾ। ਗਵਰਨਰ ਸਾਹਿਬ ਪਹੁੰਚੇ, ਰਸਮੀ ਸ਼ੁਰੂਆਤ ਹੋਈ। ਸ੍ਰੀ ਐਸ. ਅਸ਼ੌਕ ਭੌਰਾ, ਸ੍ਰੀ ਨਾਸਿਰ ਢਿੱਲੋਂ, ਫਰਹਾਦ ਇਕਬਾਲ ਨੇ ਸਵਾਗਤੀ ਸ਼ਬਦਾਂ ਦੇ ਨਾਲ ਗੱਲ ਅੱਗੇ ਤੋਰੀ। ਡਾ. ਸੁਰਿੰਦਰ ਸਿੰਘ ਗਿੱਲ ਹੋਰਾਂ ਦੀ ਕਿਤਾਬ ਜਾਰੀ ਕੀਤੀ ਗਈ। ਉਨ੍ਹਾਂ ਇਥੇ ਪੰਜਾਬੀ ਸਕੂਲ ਖੋਲ੍ਹਣ ਦਾ ਐਲਾਨ ਕਰਕੇ ਪੰਜਾਬੀ ਮਾਂ ਬੋਲੀ ਨੂੰ ਵੱਡਾ ਹੁਲਾਰਾ ਦਿੱਤਾ ਅਤੇ ਭਾਈ ਮਰਦਾਨਾ ਸੰਗੀਤ ਵਿਦਿਆਲਾ ਖੋਲ੍ਹਣ ਦੀ ਵੀ ਗੱਲ ਕੀਤੀ। ਪਹਿਲੀ ਵਿਚਾਰ ਚਰਚਾ ਦੇ ਵਿਚ ਅੱਜ ਬਾਬਾ ਫਰੀਦ, ਬਾਬਾ ਨਾਨਕ, ਬੁੱਲ੍ਹੇ ਸ਼ਾਹ ਅਤੇ ਅਜੋਕੇ ਸਮਾਜ ਦੇ ਵਿਸ਼ੇ ਨੂੰ ਛੋਹਿਆ ਗਿਆ। ਪੈਨਲ ਦੇ ਵਿਚ ਮੌਜੂਦ ਖਾਲਿਦ, ਮੰਜੂਰ ਸ਼ਾਹ, ਪ੍ਰੋ. ਕਲਿਆਣ ਸਿੰਘ ਕਲਿਆਣ ਅਤੇ ਸੁਗਰਾ ਸੈਦਫ ਸ਼ਾਮਿਲ ਹੋਏ। ਦੂਜੀ ਵਿਚਾਰ ਚਰਚਾ ਦੇ ਵਿਚ ਪੰਜਾਬੀ ਸਿਨਮੇ ਦੇ ਬਦਲਦੇ ਰੂਪ ਉਤੇ ਵਿਚਾਰ ਹੋਈ। ਪੈਨਲ ਦੇ ਵਿਚ ਸੋਹੇਲ ਅਹਿਮਦ, ਮੈਡਮ ਗੁਰਪ੍ਰੀਤ ਕੌਰ ਭੰਗੂ ਅਤੇ ਸ. ਮਲਕੀਤ ਸਿੰਘ ਰੌਣੀ ਬੈਠੇ। ਸ. ਰੌਣੀ ਨੇ ਫਿਲਮਾਂ ਨੂੰ ਦੂਰਦਰਸ਼ੀ ਨਜ਼ਰੀਏ ਤੋਂ ਵੇਖਣ ਅਤੇ ਬਨਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਬਹੁਤੀਆਂ ਫਿਲਮਾਂ ਅਖੀਰ ਦੇ ਵਿਚ ਕਹਾਣੀ ਸਮੇਟਣ ਤੱਕ ਰਹਿ ਜਾਂਦੀਆਂ ਹਨ, ਪਰ ਉਸ ਤੋਂ ਬਾਅਦ ਦੀ ਕਹਾਣੀ ਕਿੰਝ ਹੁੰਦੀ ਹੈ, ਉਥੇ ਤੱਕ ਪਹੁੰਚ ਨਹੀਂ ਹੁੰਦੀ। ਪਰ ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਅਜੋਕੀਆਂ ਪੰਜਾਬੀ ਫਿਲਮਾਂ ਹੁਣ ਮਨੋਰਥ ਭਰਪੂਰ ਬਨਣ ਲੱਗੀਆਂ ਹਨ। ਮੈਡਮ ਗੁਰਪ੍ਰੀਤ ਕੌਰ ਭੰਗੂ ਹੋਰਾਂ ਵੀ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਪੰਜਾਬੀ ਸਿਨਮਾ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਜ਼ਰੀਆ ਬਣ ਰਿਹਾ ਹੈ। ਉਨ੍ਹਾਂ ਵੀ ਚੰਗੀਆਂ ਫਿਲਮਾਂ ਬਨਣ ਦੀ ਪ੍ਰੋੜਤਾ ਉਤੇ ਜੋਰ ਦਿੱਤਾ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੁੱਦੇ, ਸੁਰ-ਸੰਗੀਤ ਤੇ ਪੰਜਾਬੀ ਦੇ ਮਹਾਨ ਗਾਇਕਾਂ ਦੀ ਗੱਲ ਹੋਈ। ਅੱਜ ਚੜ੍ਹਦੇ ਪੰਜਾਬ ਤੋਂ ਪੁੱਜੇ ਫਿਲਮ ਐਕਟਰ ਕਰਮਜੀਤ ਅਨਮੋਲ ਹੋਰਾਂ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਥੇ ਪੁੱਜਣ ਉਤੇ ਬੇਅੰਤ ਖੁਸ਼ੀ ਹੋਈ ਹੈ। ਉਨ੍ਹਾਂ ਆਪਣਾ ਮਸ਼ਹੂਰ ਗੀਤ ‘ਮੈਂ ਚਾਦਰ ਕੱਢਦੀ ਨੀ’ ਗਾ ਕੇ ਖੂਬ ਰੰਗ ਬੰਨਿ੍ਹਆ। ਪ੍ਰਸਿੱਧ ਗਾਇਕ ਬੀਰ ਸਿੰਘ ਨੇ ਵੀ ਬਹੁਤ ਹੀ ਦੋ ਸੁੰਦਰ ਰਚਨਾਵਾਂ ਪੇਸ਼ ਕੀਤੀਆਂ ਅਤੇ ਤਾੜੀਆਂ ਦਾ ਮੀਂਹ ਪੈ ਗਿਆ। ਇੰਗਲੈਂਡ ਤੋਂ ਪੁੱਜੇ ਪ੍ਰਸਿੱਧ ਗੀਤਕਾਰ ਅਤੇ ਪੇਸ਼ੇ ਵਜੋਂ ਡਾਕਟਰ ਬੱਲ ਸਿੱਧੂ ਹੋਰਾਂ ਨੇ ਆਪਣੇ ਲਿਖੇ ਇਕ-ਦੋ ਗੀਤ ਗਾ ਕੇ ਮਾਹੌਲ ਖੁਸ਼ਗਵਾਰ ਕਰ ਦਿੱਤਾ। ਅੱਜ ਵੀ ਸਥਾਨਿਕ ਕਲਾਕਾਰਾਂ ਨੇ ਸਟੇਜ ਉਤੇ ਕਈ ਤਰ੍ਹਾਂ ਦੇ ਰੰਗ ਬੰਨ੍ਹੇ ਅਤੇ ਦਰਸ਼ਕਾਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਰਿਝਾਈ ਰੱਖਿਆ। ਕੱਲ੍ਹ ਆਖਰੀ ਦਿਨ ਦੀ ਕਾਨਫਰੰਸ ਹੈ ਅਤੇ ਨਾਮ ਕਲਾਕਾਰ ਅਤੇ ਹੋਰ ਵਿਦਵਾਨ ਕੱਲ੍ਹ ਵੀ ਪਹੁੰਚ ਰਹੇ ਹਨ।

ਸਾਂਝਾ ਕਰੋ

ਪੜ੍ਹੋ