ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਨੂੰ ਭੁੱਲੀ ਬੈਠੀ ਹੈ ਆਮ ਆਦਮੀ ਪਾਰਟੀ : ਚੰਨੀ

ਬਰਨਾਲਾ, 13 ਨਵੰਬਰ – ਬਰਨਾਲਾ ਜ਼ਿਮਨੀ ਚੋਣ ’ਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸੇ ਲੜੀ ਤਹਿਤ ਸ੍ਰੀ ਚੰਨੀ ਨੇ ਕਾਲਾ ਢਿੱਲੋਂ ਦੇ ਹੱਕ ’ਚ ਸਥਾਨਕ ਪੱਤੀ ਰੋਡ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਖ਼ੁਦ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹਨ। ਜੇ ਪੰਜਾਬ ਪ੍ਰਤੀ ਕੋਈ ਵੀ ਫ਼ੈਸਲਾ ਲੈਣਾ ਹੋਵੇ ਤਾਂ ਉਹ ਦਿੱਲੀ ਹਾਈਕਮਾਨ ਦੀ ਸਹਿਮਤੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਹਾਈਕਮਾਨ ਦੀ ਮਹਿਜ਼ ਕਠਪੁਤਲੀ ਹਨ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੋਂ ਸਰਕਾਰ ਸੰਭਲ ਨਹੀਂ ਰਹੀ,­ ਜਿਸ ਕਰ ਕੇ ਕੇਜਰੀਵਾਲ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸਹੁੰ ਖਾ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਆਦਰਸ਼ਾਂ ਨੂੰ ਭੁੱਲ ਚੁੱਕੀ ਹੈ। ਸ੍ਰੀ ਚੰਨੀ ਨੇ ਕਿਹਾ ਕਿ ‘ਆਪ’ ਦੇ ਪਹਿਲਾਂ ਵਿਧਾਇਕ ਤੇ ਹੁਣ ਸੰਸਦ ਮੈਂਬਰ ਮੀਤ ਹੇਅਰ ਲੋਕਾਂ ਦੇ ਫ਼ੋਨ ਵੀ ਨਹੀਂ ਚੁੱਕਦੇ ਤੇ ਨਾ ਹੀ ਲੋਕਾਂ ਨੂੰ ਬਰਨਾਲੇ ’ਚ ਮਿਲਦੇ ਹਨ ਜਦਕਿ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 24 ਘੰਟੇ ਬਰਨਾਲਾ ’ਚ ਹਾਜ਼ਰ ਰਹਿੰਦੇ ਹਨ ਤੇ ਹਰ ਫ਼ੋਨ ਨੂੰ ਤਵੱਜੋ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੇ ਆਪਣੇ ਮਿਹਨਤੀ ਵਰਕਰ ਕਾਲਾ ਢਿੱਲੋਂ ਨੂੰ ਟਿਕਟ ਦੇ ਕੇ ਆਪਣਾ ਫ਼ਰਜ਼ ਨਿਭਾਅ ਦਿੱਤਾ ਹੈ, ਹੁਣ ਲੋਕਾਂ ਦੀ ਵਾਰੀ ਹੈ ਕਿ ਉਹ ਕਾਲਾ ਢਿੱਲੋਂ ਨੂੰ ਵਿਧਾਇਕ ਬਣਾ ਕੇ ਆਪਣਾ ਫ਼ਰਜ਼ ਅਦਾ ਕਰਨ।

ਸਾਂਝਾ ਕਰੋ

ਪੜ੍ਹੋ