ਸਪੇਨ, 30 ਅਕਤੂਬਰ – ਮੰਗਲਵਾਰ ਨੂੰ ਸਪੇਨ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ਵਿੱਚ ਅਚਾਨਕ ਆਏ ਹੜ੍ਹ ਕਾਰਨ ਕਈ ਕਾਰਾਂ ਰੁੜ ਗਈਆਂ ਅਤੇ ਰੇਲ ਸੇਵਾਵਾਂ ਵਿੱਚ ਵਿਘਨ ਪਿਆ। ਅਧਿਕਾਰੀਆਂ ਨੇ ਕਈ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਹੈ। ਅਚਾਨਕ ਆਏ ਹੜ੍ਹ ਨੇ ਦੱਖਣ ਵਿੱਚ ਮਾਲਾਗਾ ਸੂਬੇ ਤੋਂ ਪੂਰਬ ਵਿੱਚ ਵੈਲੇਂਸੀਆ ਤੱਕ ਤਬਾਹੀ ਮਚਾ ਦਿੱਤੀ ਹੈ। ਸਪੇਨ ਦੇ ਰਾਸ਼ਟਰੀ ਪ੍ਰਸਾਰਕ ਆਰ.ਟੀ.ਵੀ.ਈ. ਵੱਲੋਂ ਪ੍ਰਸਾਰਿਤ ਫੁਟੇਜ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰਾਂ ਰੁੜਦੀਆਂ ਦਿਖਾਈ ਦਿੱਤੀਆਂ ਅਤੇ ਨੀਵੇਂ ਇਲਾਕਿਆਂ ਵਿੱਚ ਘਰਾਂ ਵਿਚ ਕਈ ਫੁੱਟ ਤੱਕ ਪਾਣੀ ਭਰਿਆ ਦਿਖਾਈ ਦਿੱਤਾ।ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮਾਲਗਾ ਨੇੜੇ 300 ਲੋਕਾਂ ਨੂੰ ਲਿਜਾ ਰਹੀ ਟਰੇਨ ਪਟੜੀ ਤੋਂ ਉਤਰ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਵੈਲੇਂਸੀਆ ਅਤੇ ਮੈਡ੍ਰਿਡ ਸ਼ਹਿਰ ਦੇ ਵਿਚਕਾਰ ਹਾਈ-ਸਪੀਡ ਰੇਲ ਸੇਵਾ ਵਿੱਚ ਵਿਘਨ ਪਿਆ ਹੈ। ਪੁਲਿਸ ਅਤੇ ਬਚਾਅ ਸੇਵਾਵਾਂ ਨੇ ਲੋਕਾਂ ਨੂੰ ਘਰਾਂ ਅਤੇ ਕਾਰਾਂ ‘ਚੋਂ ਬਾਹਰ ਕੱਢਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ। ਸਪੇਨ ਦੀ ਰਾਸ਼ਟਰੀ ਮੌਸਮ ਵਿਗਿਆਨ ਸੇਵਾ ਦੇ ਅਨੁਸਾਰ, ਤੂਫਾਨ ਦਾ ਪ੍ਰਭਾਵ ਦੇਸ਼ ਵਿੱਚ ਵੀਰਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।