ਗ਼ਦਰੀ ਬਾਬਿਆਂ ਦੇ ਮੇਲੇ ‘ਚ ਕਾਫਲੇ ਬੰਨ੍ਹ ਕੇ ਪੁੱਜਣ ਦਾ ਸੱਦਾ

ਜਲੰਧਰ, 29 ਅਕਤੂਬਰ – 7 ਨਵੰਬਰ ਤੋਂ ਜੋਸ਼-ਖਰੋਸ਼ ਨਾਲ ਸ਼ੁਰੂ ਹੋ ਰਹੇ ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਨੂੰ ਪੱਕੇ ਪੈਰੀਂ ਕਰਨ ਲਈ ਸੋਮਵਾਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਨੇ ਮੀਟਿੰਗ ਕਰਕੇ ਠੋਸ ਵਿਉਂਤਬੰਦੀ ਕੀਤੀ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੇਲੇ ਦੇ ਮੁੱਖ ਬੁਲਾਰੇ ਵਿਸ਼ਵ ਪ੍ਰਸਿੱਧ ਵਿਦਵਾਨ ਅਰੁੰਧਤੀ ਰਾਏ, ਨਿਊਜ਼ ਕਲਿੱਕ ਦੇ ਮੋਢੀ ਸੰਪਾਦਕ ਪ੍ਰਬੀਰ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਬੁੱਧੀਜੀਵੀ ਅਪੂਰਵਾਨੰਦ ਅਤੇ ਨਾਮਵਰ ਫ਼ਿਲਮਸਾਜ਼ ਸੰਜੇ ਕਾਕ ਦਾ ਮੇਲੇ ‘ਚ ਆਉਣਾ ਪੱਕਾ ਹੋ ਗਿਆ ਹੈ | 7 ਨਵੰਬਰ ਨੂੰ 2 ਵਜੇ ਚਿੱਤਰਕਲਾ ਉਦਘਾਟਨ ਅਤੇ 4 ਵਜੇ ਪੁਸਤਕ ਸੱਭਿਆਚਾਰ ਬਾਰੇ ਚਰਚਾ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ | ਇਸ ਮੌਕੇ ਵਿੱਛੜੇ ਨਾਮਵਰ ਕਵੀ ਸੁਰਜੀਤ ਪਾਤਰ, ਗਾਇਕ ਕੁਲਦੀਪ ਜਲੂਰ, ਹਰਬੰਸ ਹੀਓਾ ਨੂੰ ਸਿਜਦਾ ਕੀਤਾ ਜਾਏਗਾ | 8 ਨਵੰਬਰ ਨੂੰ ਹੋ ਰਹੇ ਕੁਇਜ਼, ਪੇਂਟਿੰਗ, ਭਾਸ਼ਣ, ਗਾਇਨ ਮੁਕਾਬਲਿਆਂ, ਚਿੱਤਰਕਲਾ, ਫੋਟੋ ਪ੍ਰਦਰਸ਼ਨੀ, ਕਵੀ ਦਰਬਾਰ, ਫ਼ਿਲਮ ਸ਼ੋਅ ਦੀਆਂ ਤਿਆਰੀਆਂ, ਲੰਗਰ, ਵਲੰਟੀਅਰ, ਮੇਲੇ ‘ਚ ਲੋੜੀਂਦੇ ਪ੍ਰਬੰਧਾਂ ‘ਤੇ ਝਾਤ ਮਾਰੀ ਗਈ | ਸੱਭਿਆਚਾਰਕ ਵਿੰਗ ਦੇ ਕਨਵੀਨਰ ਨੇ ਮੀਟਿੰਗ ‘ਚ ਦੱਸਿਆ ਕਿ ਚਕਰੇਸ਼ ਚੰਡੀਗੜ੍ਹ, ਕੇਵਲ ਧਾਲੀਵਾਲ, ਅਨੀਤਾ ਸ਼ਬਦੀਸ਼, ਬਲਰਾਜ ਸਾਗਰ, ਜਸਵਿੰਦਰ ਪੱਪੀ ਦੀ ਨਿਰਦੇਸ਼ਨਾ ‘ਚ ਚੰਡੀਗੜ੍ਹ, ਅੰਮਿ੍ਤਸਰ, ਮੁਹਾਲੀ, ਬਠਿੰਡਾ ਅਤੇ ਅੱਟੀ (ਗੋਰਾਇਆ) ਵਿਖੇ ਨਾਟਕਾਂ ਦੀ ਤਿਆਰੀ ਲਈ ਵਰਕਸ਼ਾਪਾਂ ਚੱਲ ਰਹੀਆਂ ਹਨ |

ਇਸ ਤੋਂ ਇਲਾਵਾ ਅਵਤਾਰ ਚੜਿਕ ਦੀ ਅਗਵਾਈ ‘ਚ ‘ਮੇਲੇ ਤੇ ਭੰਡ’ ਕਲਾ ਦਾ ਮੁਜ਼ਾਹਰਾ ਕਰਨ ਲਈ ਤਿਆਰੀਆਂ ਵਿੱਚ ਜੱੁਟ ਗਏ ਹਨ | ਦੀਵਾਲੀ ਉਪਰੰਤ ਝੰਡੇ ਦੇ ਗੀਤ ਦੀ ਵਰਕਸ਼ਾਪ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਦੇ ਅੰਦਰ/ਬਾਹਰ ਲੱਗੇਗੀ | ਉਸ ਲਈ ਸੈਂਕੜੇ ਕਲਾਕਾਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਮੀਟਿੰਗ ‘ਚ ਦੱਸਿਆ ਗਿਆ ਕਿ ਪੰਜਾਬ ਦੀਆਂ ਸਮੂਹ ਲੋਕ-ਪੱਖੀ ਜੱਥੇਬੰਦੀਆਂ ਨੂੰ ਕਾਫ਼ਲੇ ਬੰਨ੍ਹ ਕੇ ਮੇਲੇ ‘ਚ ਸ਼ਾਮਲ ਹੋਣ, ਲੰਗਰ ਅਤੇ ਆਰਥਿਕ ਮਦਦ ਲਈ ਜਨਤਕ ਅਪੀਲ ਕੀਤੀ ਗਈ ਹੈ | ਗ਼ਦਰੀ ਬਾਬਿਆਂ ਦਾ ਮੇਲਾ ਇਸ ਵਾਰ ਪਹਿਲਾਂ ਨਾਲੋਂ ਵੀ ਵਿਲੱਖਣ ਰੰਗ ਵਿੱਚ ਰੰਗੇ ਜਾਣ ਦੀਆਂ ਉਤਸ਼ਾਹਜਨਕ ਝਲਕਾਂ ਸਾਹਮਣੇ ਆ ਰਹੀਆਂ ਹਨ | ਮੇਲੇ ਦੀ ਦਸਤਕ ਹੁੰਦਿਆਂ ਹੀ ਹਰ ਰੋਜ਼ ਪ੍ਰਦੇਸ਼ ਤੋਂ ਪਰਵਾਰਾਂ ਦੇ ਪਰਵਾਰ ਦੇਸ਼ ਭਗਤ ਯਾਦਗਾਰ ਹਾਲ ਆਉਣੇ ਸ਼ੁਰੂ ਹੋ ਗਏ ਹਨ |

ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ ਉਪਰੰਤ ਕੈਲਗਰੀ (ਕੈਨੇਡਾ) ਤੋਂ ਆਏ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਮੁਖੀਏ ਮਾਸਟਰ ਭਜਨ, ਉਹਨਾਂ ਦੀ ਜੀਵਨ ਸਾਥਣ ਸੁਰਿੰਦਰ ਕੌਰ ਅਤੇ ਉਹਨਾਂ ਨਾਲ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਯਾਦਗਾਰ ਕਮੇਟੀ ਸੁਨੇਤ (ਲੁਧਿਆਣਾ) ਦੇ ਜਸਵੰਤ ਜੀਰਖ, ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਅਤੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਹਰਕੇਸ਼ ਚੌਧਰੀ, ਅਧਿਆਪਕ ਲਹਿਰ, ਸਾਹਿਤਕ ਸਰਗਰਮੀਆਂ ਅਤੇ ਜਗਰਾਓਾ ਲਾਇਬੇ੍ਰਰੀ ਦੇ ਕਾਮੇ ਮਾਸਟਰ ਜੋਗਿੰਦਰ ਆਜ਼ਾਦ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਿਤਾਬਾਂ ਦੇ ਸੈੱਟ ਭੇਟ ਕਰਕੇ ਨਿੱਘਾ ਸਨਮਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਮਾਸਟਰ ਭਜਨ ਨੇ ਕੈਨੇਡਾ ਵਿੱਚ ਪੁਸਤਕ ਸੱਭਿਆਚਾਰ, ਰੰਗ ਮੰਚ, ਵਿਚਾਰ-ਚਰਚਾਵਾਂ ਦੀਆਂ ਸਰਗਰਮੀਆਂ, ਗ਼ਦਰੀ ਬਾਬਿਆਂ ਦੇ ਮੇਲੇ ਦੇ ਹਕੀਕੀ ਸਰੂਪ ਬਾਰੇ ਚਰਚਾ ਕੀਤੀ | ਉਹਨਾਂ ਨੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ (ਕੈਨੇਡਾ) ਦੀ ਤਰਫ਼ੋਂ ਇੱਕ ਹਜ਼ਾਰ ਡਾਲਰ ਗ਼ਦਰੀ ਬਾਬਿਆਂ ਦੇ ਮੇਲੇ ਲਈ ਮਦਦ ਦਾ ਐਲਾਨ ਕੀਤਾ | ਸੁਰਿੰਦਰ ਕੌਰ ਕੈਲਗਰੀ, ਜਸਵੰਤ ਜੀਰਖ, ਹਰਕੇਸ਼ ਚੌਧਰੀ ਅਤੇ ਜੋਗਿੰਦਰ ਆਜ਼ਾਦ ਨੇ ਵੀ ਗ਼ਦਰੀ ਮੇਲੇ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀਆਂ ਸਰਗਰਮੀਆਂ ਦੀ ਤਹਿ ਦਿਲੋਂ ਸ਼ਲਾਘਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਹਾਲ ਲਈ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ | ਅਜਮੇਰ ਸਿੰਘ, ਮਾੜੀਮੇਘਾ ਅਤੇ ਅਮੋਲਕ ਸਿੰਘ ਨੇ ਆਏ ਵਫ਼ਦ ਨੂੰ ਜੀ ਆਇਆਂ ਅਤੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਕਿਹਾ ਕਿ ਭਵਿੱਖ਼ ਵਿੱਚ ਇਹ ਸੱਭਿਆਚਾਰਕ ਸਾਂਝ ਦਾ ਪੁਲ ਬਣਿਆ ਰਹੇ | ਦੋਵੇਂ ਮੀਟਿੰਗਾਂ ਵਿੱਚ ਜਗਜੀਤ ਸਿੰਘ ਸੋਹਲ, ਕਰਨਲ ਜਗਦੀਸ਼ ਬਰਾੜ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ |

ਸਾਂਝਾ ਕਰੋ

ਪੜ੍ਹੋ