ਚੰਡੀਗੜ੍ਹ, 28 ਅਕਤੂਬਰ – ਉੱਘੇ ਕਾਲਮਨਵੀਸ ਤੇ ਲੇਖਕ ਐੱਚ.ਕਿਸ਼ੀ ਸਿੰਘ ਦਾ ਅੱਜ ਇਥੇ ਕਾਂਸਲ ਵਿਚ ਦੇਹਾਂਤ ਹੋ ਗਿਆ। ਸਿੰਘ ਨੇ ‘ਦਿ ਸਟੇਟਸਮੈਨ’ ਨਵੀਂ ਦਿੱਲੀ ਤੇ ਖਾਸ ਕਰਕੇ ‘ਦਿ ਟ੍ਰਿਬਿਊਨ’ ਲਈ ਮੋਟਰਿੰਗ ਕੌਰੇਸਪੌਂਡੈਂਟ ਵਜੋਂ ਵੀ ਕੰਮ ਕੀਤਾ। ਉਨ੍ਹਾਂ ਦਾ ਕਾਲਮ ‘ਗੁੱਡ ਮੋਟਰਿੰਗ’ 27 ਸਾਲਾਂ ਤੋਂ ਵੱਧ ਸਮਾਂ ਦਿ ਟ੍ਰਿਬਿਊਨ ਵਿਚ ਚੱਲਦਾ ਰਿਹਾ। ਉਹ ਕਾਰ ਐਂਡ ਬਾਈਕ, ਆਟੋ ਮੋਟਰ ਐਂਡ ਸਪੋਰਟ ਅਤੇ ਆਟੋ ਇੰਡੀਆ ਜਿਹੇ ਰਸਾਲਿਆਂ ਲਈ ਕੰਟਰੀਬਿਊਟਿੰਗ ਐਡੀਟਰ ਵੀ ਰਹੇ। ਸਿੰਘ ਦੀ ਨਵੀਂ ਕਿਤਾਬ ‘ਗੁੱਡ ਮੋਟਰਿੰਗ’ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਸੀ ਤੇ ਉਹ ਦਲਾਈ ਲਾਮਾ, ਰਸਕਿਨ ਬੌਂਡ, ਖ਼ੁਸ਼ਵੰਤ ਸਿੰਘ ਤੇ ਹੋਰਨਾਂ ਨਾਲ ਕਿਤਾਬ ‘ਦਿ ਵਿਸਪਰਿੰਗ ਦਿਓਦਾਰਜ਼’ ਦੇ ਸਹਿ-ਲੇਖਕ ਵੀ ਸਨ। ਉਹ ਕਈ ਸਮਾਜਿਕ ਤੇ ਸਾਹਿਤਕ ਜਥੇਬੰਦੀਆਂ ਨਾਲ ਵੀ ਜੁੜੇ ਰਹੇ। ਐੱਚ.ਕਿਸ਼ੀ ਸਿੰਘ ਦੀ ਸਕੂਲਿੰਗ ਬਿਸ਼ਪ ਕਾਟਨ ਸਕੂਲ ਸ਼ਿਮਲਾ ਦੀ ਸੀ ਜਦੋਂਕਿ ਉਨ੍ਹਾਂ ਗਰੈਜੂਏਸ਼ਨ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਕੀਤੀ। ਮਗਰੋੋਂ ਉਨ੍ਹਾਂ ਮਾਂਟਰੀਅਲ ਦੀ ਯੂਨੀਵਰਸਿਟੀ ਆਫ ਮੈਕਗਿਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।