ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਕੀਤਾ ਨਜ਼ਰਬੰਦ

ਗੁਰਦਾਸਪੁਰ, 28 ਅਕਤੂਬਰ – ਬੀਤੀ ਸ਼ਾਮ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮਸਤਕੋਟ ਵਿਖੇ ਜਿਮਨੀ ਚੋਣ ਸਬੰਧੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚਣਾ ਸੀ। ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਅਤੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਨੂੰ ਮੰਡੀਆਂ ਵਿੱਚ ਰੁਲ ਰਹੇ ਝੋਨੇ ਡੀਏਪੀ ਦੀ ਘਾਟ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਕੀਤੇ ਜਾ ਰਹੇ ਪਰਚਿਆਂ ਸਬੰਧੀ ਸਵਾਲ ਪੁੱਛਣ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ। ਜਿਸ ਤੇ ਚਲਦੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੂੰ ਡੀ ਐਸ ਪੀ ਡੀ ਸ.ਅਮੋਲਕ ਸਿੰਘ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਪੁਲਿਸ ਕਰਮੀਆਂ ਨੇ ਉਹਨਾਂ ਦੇ ਘਰ ਅਤੇ ਪਿੰਡ ਨੂੰ ਘੇਰਾ ਪਾ ਕੇ ਉਹਨਾਂ ਨੂੰ ਨਜ਼ਰਬੰਦ ਕਰੀ ਰੱਖਿਆ। ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਬੀਰ ਸਿੰਘ ਰੰਧਾਵਾ ਨੂੰ ਪੁਲਿਸ ਸਟੇਸ਼ਨ ਸਦਰ ਬਿਠਾਇਆ ਅਤੇ ਜਦੋਂ ਇਹਨਾਂ ਜਥੇਬੰਦੀਆਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਘਰਾਂ ਚੋਂ ਨਿਕਲ ਕੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਾਲੀ ਥਾਂ ਤੇ ਜਾਣ ਲਈ ਗੁਰਦੁਆਰਾ ਬਉਲੀ ਸਾਹਿਬ ਵਡਾਲਾ ਬਾਂਗਰ ਅਤੇ ਸ਼ਿਵ ਮੰਦਰ ਪਾਰਕ ਕਲਾਨੌਰ ਵਿਖੇ ਇਕੱਤਰ ਹੋਏ ਤਾਂ ਪੁਲਿਸ ਨੇ ਇਹਨਾਂ ਦੋਵਾਂ ਸਥਾਨਾਂ ਨੂੰ ਘੇਰਾ ਪਾ ਕੇ ਇਕੱਤਰ ਹੋਏ ਕਿਸਾਨਾਂ ਨੂੰ ਅਰਜੀ ਤੌਰ ਤੇ ਗ੍ਰਿਫਤਾਰ ਕਰ ਲਿਆ ਅਤੇ ਅਤੇ ਕਈ ਕਿਸਾਨਾਂ ਅਤੇ ਕਿਸਾਨ ਆਗੂਆਂ ਨੂੰ ਕਲਾਨੌਰ ਥਾਣੇ ਬਿਠਾਈ ਰੱਖਿਆ। ਕਿਸਾਨ ਜਥੇਬੰਦੀਆਂ ਦੇ ਝੰਡੇ ਅਤੇ ਸਟਿੱਕਰ ਲੱਗੀਆਂ ਗੱਡੀਆਂ ਤੇ ਮੋਟਰਸਾਈਕਲਾਂ ਨੂੰ ਪੁਲਿਸ ਨੇ ਵੱਖ ਵੱਖ ਇਲਾਕਿਆਂ ਉੱਤੇ ਤੇ ਰੋਕੀ ਰੱਖਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਮੋਰਚੇ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੋ ਤਿੰਨ ਸਵਾਲ ਕਰਨ ਦਾ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਆਗੂ ਸਾਹਿਬਾਨ ਸਾਰੀਆਂ ਇਕਾਈਆਂ ਦੇ ਪ੍ਰਧਾਨ ਸਾਹਿਬਾਨ ਅਤੇ ਇਸ ਪ੍ਰਦਰਸ਼ਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਬੇਸ਼ੱਕ ਤੁਹਾਨੂੰ ਪੰਜਾਬ ਸਰਕਾਰ ਦਾ ਹੱਥ ਠੋਕਾ ਬਣੀ ਪੰਜਾਬ ਪੁਲਿਸ ਦੇ ਧੱਕੇ ਦਾ ਸ਼ਿਕਾਰ ਹੋਣਾ ਪਿਆ ਮੇਰੇ ਬਹੁਤ ਸਾਰੇ ਆਗੂਆਂ ਨੂੰ ਵੱਖ ਵੱਖ ਥਾਣਿਆਂ ਚ ਰੱਖਿਆ ਗਿਆ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਗੁਰੂ ਘਰਾਂ ਵਿੱਚ ਘੇਰਾ ਪਾ ਕੇ ਰੋਕੀ ਰੱਖਣ ਦੇ ਬਾਵਜੂਦ ਤੁਸੀਂ ਜਬਰਦਸਤ ਵਿਰੋਧ ਦਰਜ ਕਰਵਾਉਣ ਵਿਚ ਕਾਮਯਾਬ ਹੋਏ ਓ। ਕਿਉਂਕਿ ਪੂਰੇ ਗੁਰਦਾਸਪੁਰ ਜਿਲੇ ਦੀ ਪੁਲਿਸ ਸਿਰਫ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਅਤੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੂੰ ਰੋਕਣ ਲਈ ਹੀ ਲੱਗੀ ਰਹੀ। ਮੁੱਖ ਮੰਤਰੀ ਦੀ ਸਕਿਉਰਟੀ ਲਈ ਜਿਹੜੀ ਪੁਲਿਸ ਲੱਗੀ ਸੀ ਉਹ ਬਾਹਰਲੇ ਜਿਲ੍ਹਿਆਂ ਦੀ ਸੀ।

ਭੋਜਰਾਜ ਨੇ ਕਿਹਾ ਕਿ ਜਦੋਂ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਨਿਕਲ ਕੇ ਮੁੱਖ ਮੰਤਰੀ ਦੀ ਰੈਲੀ ਵਾਲੀ ਜਗ੍ਹਾ ਵੱਲ ਨੂੰ ਵਧਣ ਲੱਗੇ ਤਾਂ ਇਸ ਵਧਦੇ ਦਬਾਅ ਨੂੰ ਦੇਖ ਕੇ ਜਿਲਾ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੀ ਪਹਿਲਾਂ ਮੀਟਿੰਗ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕਰਵਾਈ ਜਾਵੇਗੀ ਅਤੇ ਕੁਲਦੀਪ ਸਿੰਘ ਧਾਲੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਟਾਈਮ ਤਹਿ ਕਰਨਗੇ ਸੋ ਮੀਟਿੰਗ ਕਰਨ ਲਈ ਕਿਸਾਨ ਆਗੂਆਂ ਦੇ ਇੱਕ ਪੰਜ ਮੈਂਬਰੀ ਵਫਦ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਟਿੰਗ ਕਰਕੇ ਵਾਅਦਾ ਕੀਤਾ ਕਿ ਭਗਵੰਤ ਮਾਨ ਨਾਲ ਤੁਹਾਡੀ ਕਲਾਨੌਰ ਵਿੱਚ ਹੀ ਮੀਟਿੰਗ ਕਰਵਾਈ ਜਾਵੇਗੀ। ਪ੍ਰੰਤੂ ਮੀਟਿੰਗ ਲਈ ਤਹਿ ਕੀਤੀ ਜਗਾ ਦੇ ਉੱਤੇ ਭਗਵੰਤ ਮਾਨ ਨਹੀਂ ਰੁਕਿਆ। ਜਿਸ ਤੋਂ ਗੁੱਸੇ ਵਿੱਚ ਆਏ ਕਿਸਾਨ ਆਗੂਆਂ ਦੇ ਵਫਦ ਨੇ ਸ਼ਿਵ ਮੰਦਰ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਦੀਆਂ ਖੜੀਆਂ ਗੱਡੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਪਾਰਕ ਦੇ ਅੰਦਰ ਹੀ ਰੋਕ ਲਿਆ ਤੇ ਗੇਟ ਦੇ ਵਿੱਚ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ। ਉਪਰੰਤ ਐਸ ਪੀ ਡੀ ਬਲਵਿੰਦਰ ਸਿੰਘ ਰੰਧਾਵਾ ਵੱਲੋਂ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਕਿਸਾਨਾਂ ਦੀ ਮੰਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਕਿਸਾਨ ਆਗੂਆਂ ਨੇ ਧਰਨਾ ਚੁੱਕਿਆ। ਇਸ ਮੌਕੇ ਸੁਖਦੇਵ ਸਿੰਘ ਭੋਜਰਾਜ ਤੋਂ ਇਲਾਵਾ ਬਲਬੀਰ ਸਿੰਘ ਰੰਧਾਵਾ, ਕਵਲਜੀਤ ਸਿੰਘ ਖੁਸ਼ਹਾਲਪੁਰ,ਅਵਤਾਰ ਸਿੰਘ ਰੜੇਵਾਲੀ ਜੋਗਿੰਦਰ ਸਿੰਘ ਖੰਨਾ ਚਮਾਰਾ ਪਰਮਪਾਲ ਸਿੰਘ ਮੇਤਲਾ, ਗੁਰਚਰਨ ਸਿੰਘ ਹੁੰਦਲ, ਜਸਬੀਰ ਸਿੰਘ ਦੁਲਾਨੰਗਲ, ਦੀਦਾਰ ਸਿੰਘ ਕਲਾਨੌਰ, ਹਰਿਕਵਲ ਸਿੰਘ ਰੰਧਾਵਾ, ਸੁਖਦੇਵ ਸਿੰਘ ਗੁਰਚੱਕ, ਗੁਰਜੀਤ ਸਿੰਘ ਵਡਾਲਾ ਬਾਂਗਰ, ਸੰਦੀਪ ਕੁਮਾਰ, ਜਸਬੀਰ ਸਿੰਘ, ਲੰਬਰਦਾਰ ਭਜਨ ਸਿੰਘ, ਸੁਖਵਿੰਦਰ ਸਿੰਘ ਘੁੰਮਣ, ਰਾਜਵਿੰਦਰ ਸਿੰਘ ਸਰਾਂ, ਵਿਕੀ ਰੰਧਾਵਾ, ਸੁੱਚਾ ਸਿੰਘ ਸੰਧੂ ਛੋਟੇਪੁਰ, ਪਰਗਣ ਸਿੰਘ ਭੰਗਵਾ, ਬਿਕਰਮ ਸਿੰਘ ਮੁਸਤਫਾਪੁਰ, ਸੁਖਵਿੰਦਰ ਸਿੰਘ ਉਗੜੂ ਖੈੜਾ, ਮਨਦੀਪ ਸਿੰਘ ਵਡਾਲਾ ਬਾਂਗਰ, ਅਜੀਤ ਪਾਲ ਸਿੰਘ ਸ਼ਾਹਪੁਰ, ਚੇਅਰਮੈਨ ਮਨਦੀਪ ਸਿੰਘ ਪੰਨੂ, ਸਤਬੀਰ ਸਿੰਘ ਖੋਦੇ ਬੇਟ, ਮੰਗਲ ਸਿੰਘ ਬਰਿਆਰ ਆਦਿ ਕਿਸਾਨ ਆਗੂਆਂ ਸ਼ਾਮਿਲ ਸਨ।

ਸਾਂਝਾ ਕਰੋ

ਪੜ੍ਹੋ