ਮੋਦੀ ਨੂੰ ਭੈਣ ਪਿੰਕੀ ਗੰਗਵਾਰ ਦਾ ਪੱਤਰ

ਬਣਦੀ ਉਜਰਤ ਤੇ ਬੋਨਸ ਹਾਸਲ ਕਰਨ ਲਈ ਮਰਨ ਵਰਤ ’ਤੇ ਬੈਠੀ ਉੱਤਰਾਖੰਡ ਦੀ ਪਿੰਕੀ ਗੰਗਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਜਜ਼ਬਾਤੀ ਪੱਤਰ ’ਚ ਇੱਛਾ ਜ਼ਾਹਰ ਕੀਤੀ ਹੈ ਕਿ ਉਸ ਦਾ ਅੰਤਮ ਸੰਸਕਾਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਜੋ ਕਿ ਸੂਬੇ ਦੇ ਕਿਰਤ ਮੰਤਰੀ ਵੀ ਹਨ, ਦੇ ਖਟੀਮਾ ਸਥਿਤ ਘਰ ’ਤੇ ਕੀਤਾ ਜਾਣਾ ਯਕੀਨੀ ਬਣਾਉਣ। ਪਿੰਕੀ ਨੇ ਲਿਖਿਆ ਹੈਡਾਲਫਿਨ ਕੰਪਨੀ ’ਚ ਕੰਮ ਕਰਦੇ ਅਸੀਂ ਕਰੀਬ 500 ਮਜ਼ਦੂਰ ਜਨਵਰੀ ਤੋਂ ਸੰਘਰਸ਼ ਕਰ ਰਹੇ ਹਾਂ, ਪਰ ਉੱਤਰਾਖੰਡ ਵਿਚ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਕਿਰਤ ਕਾਨੂੰਨਾਂ ਦੀ ਉਲੰਘਣਾ ਰੋਕਣ ਅਤੇ ਡਾਲਫਿਨ ਕੰਪਨੀ ਦੇ ਮਾਲਕ ਖਿਲਾਫ ਕਾਰਵਾਈ ਕਰਨ ਦੀ ਥਾਂ ਗਰੀਬ ਮਜ਼ਦੂਰਾਂ ਨੂੰ ਹੀ ਦਬਾਅ ਰਹੀ ਹੈ। ਹਾਈ ਕੋਰਟ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਕੀਤੀ ਜਾ ਰਹੀ। ਅਸੀਂ ਸਿਰਫ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਉਜਰਤ ਤੇ ਬੋਨਸ ਦੀ ਹੀ ਮੰਗ ਕਰ ਰਹੇ ਹਾਂ। ਡਾਲਫਿਨ ਕੰਪਨੀ ਵਿਚ ਅੱਠ-ਦਸ ਸਾਲ ਤੋਂ ਕੰਮ ਕਰ ਰਹੀਆਂ ਪੱਕੀਆਂ ਮਹਿਲਾ ਮਜ਼ਦੂਰਾਂ ਨੂੰ ਜਨਵਰੀ ਤੱਕ ਸਿਰਫ 5500 ਤੋਂ 6000 ਰੁਪਏ ਤੱਕ ਮਾਸਕ ਵੇਤਨ ਮਿਲਦਾ ਸੀ। ਬੋਨਸ ਸਿਰਫ 300 ਤੋਂ 500 ਰੁਪਏ ਤੱਕ। ਕੀ ਇਹ ਨੈਤਿਕ ਤੇ ਕਾਨੂੰਨੀ ਤੌਰ ’ਤੇ ਵਾਜਬ ਹੈ? ਕਾਨੂੰਨ ਮੁਤਾਬਕ 250 ਜਾਂ ਵੱਧ ਮਜ਼ਦੂਰਾਂ ਵਾਲੀ ਕੰਪਨੀ ਵਿਚ ਕੰਟੀਨ ਲਾਜ਼ਮੀ ਹੁੰਦੀ ਹੈ, ਪਰ ਸਾਡੀ ਕੰਪਨੀ ਵਿਚ ਇਕ ਹਜ਼ਾਰ ਤੋਂ ਵੱਧ ਮਜ਼ਦੂਰ ਹਨ, ਪਰ ਕੰਟੀਨ ਨਹੀਂ ਹੈ।

ਮੈਂ ਤਿੰਨ ਹੋਰ ਮਹਿਲਾ ਮਜ਼ਦੂਰਾਂ ਤੇ ਦੋ ਮਰਦ ਮਜ਼ਦੂਰਾਂ ਨਾਲ 21 ਅਕਤੂਬਰ ਤੋਂ ਮਰਨ ਵਰਤ ’ਤੇ ਬੈਠੀ ਹਾਂ। ਰੁਦਰਪੁਰ ਦੇ ਕਿਰਤ ਅਫਸਰਾਂ ਨੇ ਮਾਲਕ ਤੇ ਸਾਨੂੰ ਗੱਲਬਾਤ ਲਈ ਸੱਦਿਆ, ਪਰ ਮਾਲਕ ਪੁੱਜਿਆ ਨਹੀਂ ਅਤੇ ਅਫਸਰਾਂ ਨੇ ਸਾਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਸਾਫ ਹੈ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਕਿਰਤ ਵਿਭਾਗ ਮਾਲਕ ਨਾਲ ਖੜ੍ਹੇ ਹਨ। ਪ੍ਰਧਾਨ ਮੰਤਰੀ ਜੀ, ਤੁਹਾਡੇ ਚਹੇਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ ਉੱਤਰਾਖੰਡ ਦੇ ਕਿਰਤ ਮੰਤਰੀ ਵੀ ਹਨ, ਇਸ ਕਰਕੇ ਮਹਿਲਾ ਮਜ਼ਦੂਰਾਂ ਨਾਲ ਹੋ ਰਹੇ ਇਸ ਅੱਤਿਆਚਾਰ ਲਈ ਮੁੱਖ ਤੌਰ ’ਤੇ ਉਹ ਹੀ ਜ਼ਿੰਮੇਵਾਰ ਹਨ। ਤੁਹਾਡੀ ਪਾਰਟੀ ਦੇ ਸਥਾਨਕ ਵਿਧਾਇਕ ਸ਼ਿਵ ਅਰੋੜਾ ਨੇ ਕਈ ਵਾਰ ਮਾਮਲਾ ਸੁਲਝਾ ਦੇਣ ਦਾ ਵਾਅਦਾ ਕੀਤਾ, ਪਰ ਕੀਤਾ ਕੁਝ ਨਹੀਂ। ਪ੍ਰਧਾਨ ਮੰਤਰੀ ਜੀ, ਤੁਸੀਂ ਖੁਦ ਨੂੰ ਓ ਬੀ ਸੀ ਸਮਾਜ ਦਾ ਬੇਟਾ ਤੇ ਸਭ ਤੋਂ ਵੱਧ ਹਿਤੈਸ਼ੀ ਐਲਾਨਦੇ ਹੋ। ਬਨਾਰਸ ਤੋਂ ਚੋਣ ਲੜਦੇ ਸਮੇਂ ਖੁਦ ਨੂੰ ਗੰਗਾ ਮਈਆ ਤੇ ਯੂ ਪੀ ਦਾ ਬੇਟਾ ਬੋਲਦੇ ਰਹੇ ਹੋ। ਮੈਂ ਓ ਬੀ ਸੀ ਸਮਾਜ ਦੀ ਤੇ ਯੂ ਪੀ ਦੀ ਬੇਟੀ ਹਾਂ।

ਇਸ ਲਈ ਮੈਂ ਤੁਹਾਡੀ ਭੈਣ ਤੇ ਤੁਸੀਂ ਮੇਰੇ ਭਰਾ, ਪਰ ਤੁਹਾਡੀ ਡਬਲ ਇੰਜਣ ਦੀ ਸਰਕਾਰ ਵਿਚ ਸਾਡੀ ਇਸ ਕਰਕੇ ਸੁਣਵਾਈ ਨਹੀਂ ਹੋ ਰਹੀ, ਕਿਉਕਿ ਮੈਂ ਮਜ਼ਦੂਰ ਵਰਗ ਦੀ ਮੈਂਬਰ ਹਾਂ ਤੇ ਗਰੀਬ ਹਾਂ। ਪ੍ਰਧਾਨ ਮੰਤਰੀ ਜੀ, ਮੈਂ ਮਰਨਾ ਨਹੀਂ ਚਾਹੁੰਦੀ ਤੇ ਜਿਊਣਾ ਚਾਹੁੰਦੀ ਹਾਂ ਅਤੇ ਜ਼ਿੰਦਗੀ ਨੂੰ ਬਹੁਤ ਪਿਆਰ ਕਰਦੀ ਹਾਂ, ਪਰ ਜਤਿਨ ਦਾਸ ਤੇ ਭਗਤ ਸਿੰਘ ਵਰਗੇ ਮਹਾਪੁਰਸ਼ਾਂ ਤੋਂ ਪ੍ਰੇਰਤ ਹੋ ਕੇ ਇਹੀ ਸੋਚ ਰੱਖਦੀ ਹਾਂ ਕਿ ਦੇਸ਼ ਤੇ ਸਮਾਜ ਦੇ ਹਿੱਤ ’ਚ ਮਜ਼ਦੂਰਾਂ, ਗਰੀਬਾਂ ਦੀ ਆਜ਼ਾਦੀ ਤੇ ਅਧਿਕਾਰਾਂ ਲਈ ਮਰਨ ਵਰਤ ’ਤੇ ਬੈਠ ਕੇ ਪ੍ਰਾਣ ਨਿਛਾਵਰ ਕਰਨਾ ਬਹੁਤ ਸੁਭਾਗ ਦੀ ਗੱਲ ਹੈ। ਅੰਤਮ ਸਾਹ ਤੱਕ ਮੈਂ ਆਪਣੇ ਮਜ਼ਦੂਰ ਸਾਥੀਆਂ ਦੇ ਅਧਿਕਾਰਾਂ ਲਈ ਬਹਾਦਰੀ ਨਾਲ ਲੜਦੀ ਰਹਾਂਗੀ, ਇਹ ਮੇਰਾ ਵਾਅਦਾ ਹੈ। ਪ੍ਰਧਾਨ ਮੰਤਰੀ ਜੀ, ਜੇ ਤੁਸੀਂ ਆਪਣੀ ਸੂਬਾ ਸਰਕਾਰ ਤੋਂ ਇਨਸਾਫ ਨਾ ਦਿਵਾ ਪਾਏ ਤਾਂ ਘੱਟੋ-ਘੱਟ ਇਹ ਜ਼ਰੂਰ ਯਕੀਨੀ ਬਣਾ ਦੇਣਾ ਕਿ ਮੇਰਾ ਅੰਤਮ ਸੰਸਕਾਰ ਧਾਮੀ ਜੀ ਦੇ ਖਟੀਮਾ ਸਥਿਤ ਘਰ ਵਿਖੇ ਹੋਵੇ, ਤਾਂ ਕਿ ਉੱਤਰਾਖੰਡ ਤੇ ਭਾਰਤ ਦੇ ਲੋਕ ਇਹ ਦੇਖ ਤੇ ਮਹਿਸੂਸ ਕਰ ਸਕਣ ਕਿ ਤੁਹਾਡੀ ਡਬਲ ਇੰਜਣ ਦੀ ਸਰਕਾਰ ਦੇ ਕਿਰਤ ਮੰਤਰੀ ਤੇ ਮੁੱਖ ਮੰਤਰੀ ਧਾਮੀ ਜੀ ਮਜ਼ਦੂਰ ਮਹਿਲਾਵਾਂ ਪ੍ਰਤੀ ਕਿੰਨੇ ਲਾਪਰਵਾਹ, ਨਿਰਦਈ ਤੇ ਨਿਰੰਕੁਸ਼ ਹਨ।

ਸਾਂਝਾ ਕਰੋ

ਪੜ੍ਹੋ