ਭਾਜਪਾਈ ਡਾਕਟਰ

ਯੂ ਪੀ ਦੇ ਮੰਤਰੀ ਸੰਜੇ ਸਿੰਘ ਗੰਗਵਾਰ ਨੇ ਬੀਤੇ ਦਿਨ ਪੀਲੀਭੀਤ ਦੇ ਨੋਗਵਾ ਪਕੜੀਆ ’ਚ ਗਊਸ਼ਾਲਾ ਦਾ ਉਦਘਾਟਨ ਕਰਦਿਆਂ ਦਿਲਚਸਪ ਡਾਕਟਰੀ ਨੁਕਤੇ ਦੱਸੇ। ਉਨ੍ਹਾ ਕਿਹਾ ਕਿ ਜੇ ਕੋਈ ਗਊਸ਼ਾਲਾ ਨੂੰ ਸਾਫ ਕਰਨ ਤੋਂ ਬਾਅਦ ਉੱਥੇ ਲੇਟ ਜਾਵੇ ਤਾਂ ਕੈਂਸਰ ਠੀਕ ਹੋ ਸਕਦਾ ਹੈ। ਬਲੱਡ ਪ੍ਰੈਸ਼ਰ ਦਾ ਮਰੀਜ਼ ਜੇ ਗਊ ਦੀ ਪਿੱਠ ’ਤੇ ਹੱਥ ਫੇਰਦਾ ਹੈ ਤਾਂ ਜੇ ਉਹ ਬਲੱਡ ਪ੍ਰੈਸ਼ਰ ਦੀ 20 ਐੱਮ ਜੀ ਦੀ ਗੋਲੀ ਖਾਂਦਾ ਹੈ, 10 ਐੱਮ ਜੀ ’ਤੇ ਆ ਜਾਵੇਗਾ। ਇਹ ਸਿਰਫ ਦਸ ਦਿਨਾਂ ਵਿਚ ਹੀ ਹੋ ਜਾਵੇਗਾ। ਪਾਥੀਆਂ ਬਾਲਣ ਨਾਲ ਮੱਛਰ ਭੱਜ ਜਾਂਦੇ ਹਨ। ਗਊ ਵਿੱਚ ਪੂਰਾ ਬ੍ਰਹਿਮੰਡ ਸ਼ਾਮਲ ਹੈ। ਖੇਤਾਂ ਵਿੱਚ ਅਵਾਰਾ ਪਸ਼ੂ ਇਸ ਕਰਕੇ ਘੁੰਮ ਰਹੇ ਹਨ ਕਿਉਕਿ ਕਿਸਾਨ ਗਊਆਂ ਦਾ ਪੂਰਾ ਸਨਮਾਨ ਨਹੀਂ ਕਰਦੇ। ਮੁਸਲਮਾਨਾਂ ਨੂੰ ਗਊਸ਼ਾਲਾ ਵਿੱਚ ਆਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਈਦ ’ਤੇ ਸੇਵੀਂਆਂ ਗਊ ਦੇ ਦੁੱਧ ਦੀਆਂ ਬਣਾਉਣੀਆਂ ਚਾਹੀਦੀਆਂ ਹਨ। ਭਾਜਪਾ ਦੇ ਪੱਛਮੀ ਬੰਗਾਲ ਦੇ ਸਾਬਕਾ ਪ੍ਰਧਾਨ ਦਲੀਪ ਘੋਸ਼ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਦੇਸੀ ਗਊਆਂ ਦੇ ਦੁੱਧ ਵਿੱਚ ਸੋਨਾ ਹੁੰਦਾ ਹੈ। ਦੇਸੀ ਗਊਆਂ ਦੀ ਢੁੱਠ ’ਤੇ ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਸੋਨਾ ਪੈਦਾ ਕਰਦੀ ਹੈ।

ਦੇਸੀ ਗਊ ਦਾ ਦੁੱਧ ਇਸੇ ਕਰਕੇ ਹਲਕਾ ਸੁਨਹਿਰੀ ਹੁੰਦਾ ਹੈ ਜਦਕਿ ਵਲੈਤੀ ਗਊਆਂ ਦਾ ਦੁੱਧ ਇਸ ਕਰਕੇ ਸੁਨਹਿਰੀ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੀ ਢੁੱਠ ਨਹੀਂ ਹੁੰਦੀ। ਆਸਾਮ ਦੇ ਇੱਕ ਭਾਜਪਾ ਆਗੂ ਨੇ ਕਿਹਾ ਸੀ ਕਿ ਜੇ ਕ੍ਰਿਸ਼ਨ ਵਾਂਗ ਬਾਂਸੁਰੀ ਵਜਾਓ ਤਾਂ ਗਊ ਵੱਧ ਦੁੱਧ ਦਿੰਦੀ ਹੈ। ਭੋਪਾਲ ਤੋਂ ਭਾਜਪਾ ਸਾਂਸਦ ਰਹੀ ਪ੍ਰਗਿਆ ਠਾਕੁਰ ਨੇ ਦਾਅਵਾ ਕੀਤਾ ਸੀ ਕਿ ਗਊ ਮੂਤਰ ਪੀਣ ਨਾਲ ਉਸ ਨੂੰ ਕੈਂਸਰ ਤੋਂ ਛੁਟਕਾਰਾ ਮਿਲ ਗਿਆ। ਉੱਤਰਾਖੰਡ ਦੇ ਵੇਲੇ ਦੇ ਭਾਜਪਾ ਮੁੱਖ ਮੰਤਰੀ ਤਿ੍ਰਵੇਂਦਰ ਸਿੰਘ ਰਾਵਤ ਨੇ ਦਾਅਵਾ ਕੀਤਾ ਸੀ ਕਿ ਗਊ ਹੀ ਇੱਕੋ ਇੱਕ ਪ੍ਰਾਣੀ ਹੈ ਜਿਹੜੀ ਆਕਸੀਜਨ ਗ੍ਰਹਿਣ ਕਰਦੀ ਤੇ ਆਕਸੀਜਨ ਛੱਡਦੀ ਹੈ। ਅੱਠ ਸਾਲ ਪਹਿਲਾਂ ਆਰ ਐੱਸ ਐੱਸ ਨਾਲ ਸੰਬੰਧਤ ਅਖਿਲ ਭਾਰਤੀ ਗਊ ਸੇਵਾ ਸੰਘ ਦੇ ਪ੍ਰਧਾਨ ਸ਼ੰਕਰ ਲਾਲ ਨੇ ਕਿਹਾ ਸੀ ਕਿ ਗਊ ਦੇ ਗੋਹੇ ਨਾਲ ਰੈਡੀਏਸ਼ਨ ਤੋਂ ਬਚਾਅ ਹੰੁਦਾ ਹੈ। ਉਹ ਤੇ ਆਰ ਐੱਸ ਐੱਸ ਦੇ ਹੋਰ ਵਰਕਰ ਮੋਬਾਇਲ ਫੋਨਾਂ ਦੇ ਪਿੱਛੇ ਗਊ ਦਾ ਗੋਹਾ ਲਾਉਂਦੇ ਹਨ ਤਾਂ ਕਿ ਰੈਡੀਏਸ਼ਨ ਤੋਂ ਬਚਾਅ ਹੋਵੇ। ਅਜਿਹੀਆਂ ਗੈਰ-ਵਿਗਿਆਨਕ ਗੱਲਾਂ ਉਸ ਪਾਰਟੀ ਦੇ ਆਗੂ ਕਰਦੇ ਹਨ, ਜਿਸ ਦਾ ਆਗੂ ਦੇਸ਼ ਨੂੰ ਚੰਨ ਤੋਂ ਵੀ ਪਰੇ ਲਿਜਾਣ ਦੇ ਦਾਅਵੇ ਕਰਦਾ ਹੈ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

          ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ...