ਇਜ਼ਰਾਈਲ ਅਤੇ ਇਰਾਨ ਦਾ ਯੁੱਧ ਛਿੜ ਪਿਆ ਹੈ। ਇਜ਼ਰਾਈਲ ਯਹੂਦੀ ਪ੍ਰਭੁਤਾ ਤੇ ਪਾਸਾਰ ਨੂੰ ਸਮਰਪਿਤ ਦੇਸ਼ ਹੈ ਅਤੇ ਇਰਾਨ 1979 ਤੋਂ ਬਾਅਦ ਇਸਲਾਮਿਕ ਸੋਚ ਨੂੰ ਸਮਰਪਿਤ ਹੈ। ਯਹੂਦੀ ਭਾਈਚਾਰਾ ਕੁੱਲ ਦੁਨੀਆ ਵਿਚ ਪੜ੍ਹੇ ਲਿਖੇ ਖੁਸ਼ਹਾਲ ਵਪਾਰੀ ਪਰ ਹਰ ਮੁਲਕ ਵਿਚ ਘੱਟ ਗਿਣਤੀ ਸਨ। ਆਪਣੀ ਨਸਲੀ ਸ਼ੁੱਧਤਾ ਤੋਂ ਸੁਚੇਤ। ਯੂਰੋਪ ਵਿਚ ਯਹੂਦੀਆਂ ਨੂੰ ਧਾਰਮਿਕ ਨਸਲੀ ਵਖਰੇਵੇਂ ਅਤੇ ਆਰਥਿਕ ਸ਼ਰੀਕੇਬਾਜ਼ੀ ਕਾਰਨ ਖ਼ਤਰੇ ਵਜੋਂ ਦੇਖਦਿਆਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਇਸ ਦੀ ਸਿਖਰ ਦੂਜੀ ਸੰਸਾਰ ਜੰਗ ਸਮੇਂ 1945 ਤਕ ਜਰਮਨ ਵਿਚ ਹਿਟਲਰ ਦੁਆਰਾ ਲੱਖਾਂ ਯਹੂਦੀਆਂ ਦਾ ਕਤਲੇਆਮ ਸੀ। ਫ਼ਲਸਤੀਨ ਸਮੁੰਦਰ ਕੰਢੇ ਸਦੀਆਂ ਤੋਂ ਸੁੱਖੀਂ ਸਾਂਦੀ ਵੱਸ ਰਿਹਾ ਪ੍ਰਾਚੀਨ ਸਭਿਅਤਾ ਵਾਲਾ ਮੁਲਕ ਸੀ ਜਿਸ ਉੱਤੇ 1948 ਵਿਚ ਬਸਤੀ ਵਜੋਂ ਇੰਗਲੈਂਡ ਦਾ ਕਬਜ਼ਾ ਸੀ। ਯੇਰੋਸ਼ਲਮ ਨੂੰ ਇਸਾਈ, ਯਹੂਦੀ ਤੇ ਮੁਸਲਿਮ, ਤਿੰਨਾਂ ਹੀ ਧਾਰਮਿਕ ਭਾਈਚਾਰਿਆਂ ਦਾ ਪਵਿੱਤਰ ਥਾਂ ਹੋਣ ਦਾ ਮਾਣ ਹਾਸਿਲ ਹੈ। ਮਿਸਰ, ਫ਼ਲਸਤੀਨ, ਇਰਾਕ, ਸਊਦੀ ਅਰਬ, ਇਰਾਨ, ਤੁਰਕੀ, ਅਫ਼ਗਾਨਿਸਤਾਨ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਚੀਨ, ਇਹ ਸਾਰੀ ਪੱਟੀ ਪ੍ਰਾਚੀਨ ਇਨਸਾਨੀ ਵਿਰਾਸਤ ਅਤੇ ਗਿਆਨ ਦਾ ਕੇਂਦਰ ਰਹੀ ਹੈ। ਧਰਤੀ ਹੇਠਲੇ ਲੱਭੇ ਤੇਲ ਭੰਡਾਰਾਂ ਨੇ ਇਸ ਨੂੰ ਹੋਰ ਲੁਭਾਉਣਾ ਬਣਾ ਦਿੱਤਾ। ਭਾਰਤ ਤੇ ਚੀਨ ਨੂੰ ਛੱਡ ਕੇ ਇਹ ਸਾਰਾ ਖਿੱਤਾ ਮੁਸਲਿਮ ਬਹੁਲ ਹੈ।
ਸੋ ਅਮਰੀਕਾ ਇੰਗਲੈਂਡ ਨੇ ਯੂਐੱਨ ਰਾਹੀਂ ਜੁਗਾੜ ਕਰ ਕੇ ਮੁਸਲਿਮ ਬਹੁਲ ਫ਼ਲਸਤੀਨ ਨੂੰ ਤਕਰੀਬਨ ਅੱਧਾ-ਅੱਧਾ ਵੰਡ ਕੇ 1948 ਵਿਚ ਯਹੂਦੀ ਮੁਲਕ ਇਜ਼ਰਾਈਲ ਬਣਾ ਦਿੱਤਾ ਅਤੇ ਉਸ ਦੇ ਸਰਪ੍ਰਸਤ ਬਣ ਗਏ। ਹੌਲੀ-ਹੌਲੀ ਬਹਾਨੇ ਬਣਾ-ਬਣਾ ਕੇ ਫ਼ਲਸਤੀਨੀਆਂ ਨੂੰ ਇਕ ਤਰ੍ਹਾਂ ਗੁਲਾਮ ਬਣਾ ਕੇ ਸਾਰੇ ਦੇਸ਼ ਉੱਤੇ ਕਬਜ਼ਾ ਕਰ ਲਿਆ, ਉਜਾੜਾ ਕੀਤਾ, ਜ਼ੁਲਮ ਕੀਤੇ, ਜੇਲ੍ਹੀਂ ਡੱਕਿਆ। ਅੱਜ ਫ਼ਲਸਤੀਨ ਨਾਮ ਦਾ ਕੋਈ ਆਜ਼ਾਦ ਦੇਸ਼ ਨਹੀਂ। 2012 ਤੋਂ ਫ਼ਲਸਤੀਨ ਦੀ ਯੂਐੱਨਓ ਵਿਚ ਕੋਈ ਨੁਮਾਇੰਦਗੀ ਨਹੀਂ। ਉੱਜੜੇ ਲੱਖਾਂ ਫ਼ਲਸਤੀਨੀ ਦੂਜੇ ਮੁਲਕਾਂ ਵਿਚ ਸ਼ਰਨਾਰਥੀ ਹਨ। ਮਗਰੋਂ ਯੂਐੱਨਓ ਨੇ ਸੈਂਕੜੇ ਮਤੇ ਫ਼ਲਸਤੀਨ ਦੇ ਹੱਕ ਵਿਚ ਪਾਸ ਕੀਤੇ ਜੋ ਅਮਰੀਕਾ ਨੇ ਵੀਟੋ ਕੀਤੇ ਅਤੇ ਇਜ਼ਰਾਈਲ ਨੇ ਨਹੀਂ ਮੰਨੇ। ਇਹ ਹਾਲਾਤ ਸਾਰੀ ਪੁਆੜੇ ਦੀ ਜੜ੍ਹ ਹਨ। ਇੰਝ ਫ਼ਲਸਤੀਨ ਦਾ ਇਜ਼ਰਾਈਲ ਨਾਲ ਲੜਾਈ ਝਗੜਾ ਪਿਛਲੇ ਸਾਲ ਹਮਾਸ ਦੇ ਹਮਲੇ ਤੋਂ ਸ਼ੁਰੂ ਨਹੀਂ ਹੋਇਆ ਜਿਵੇਂ ਸਾਡਾ ਮੀਡੀਆ ਪ੍ਰਚਾਰਨ ’ਤੇ ਤੁਲਿਆ ਹੋਇਆ ਹੈ। ਯੂਐੱਨਓ ਨੇ ਜੂਨ 2024 ਵਿਚ ਵੀ ਮਤਾ ਪਾਸ ਕੀਤਾ ਹੈ ਕਿ ਫ਼ਲਸਤੀਨ ਪ੍ਰਭੂਸੱਤਾ ਵਾਲਾ ਦੇਸ਼ ਹੈ। 193 ਵਿਚੋਂ 146 ਮੈਂਬਰਾਂ ਇਸ ਦੇ ਹੱਕ ਵਿਚ ਵੋਟ ਪਾਈ। ਤਾਜ਼ੇ 17 ਸਤੰਬਰ ਨੂੰ ਪਾਸ ਕੀਤੇ ਮਤੇ ਵਿਚ ਵੀ ਇਕ ਸਾਲ ਅੰਦਰ ਫ਼ਲਸਤੀਨ ਦਾ ਕਬਜ਼ਾ ਛੱਡਣ ਦਾ ਇਜ਼ਰਾਈਲ ਨੂੰ ਨਿਰਦੇਸ਼ ਦਿੱਤਾ ਹੈ ਜਿਸ ਨੂੰ ਮੰਨਣ ਤੋਂ ਉਸ ਨੇ ਇਨਕਾਰ ਕਰ ਦਿੱਤਾ ਹੈ।
ਕਿਸੇ ਵੇਲੇ ਅਰਬ ਲੀਗ ਅਤੇ ਗੁੱਟ ਨਿਰਲੇਪ ਮੁਲਕਾਂ ਦੇ ਸੰਗਠਨ ਸਨ ਜੋ ਅਮਰੀਕੀ ਅਤੇ ‘ਨਾਟੋ’ ਫੌਜੀ ਧੌਂਸ ਕਾਰਨ ਮਰ ਮੁੱਕ ਗਏ। ਸੋਵੀਅਤ ਯੂਨੀਅਨ ਦੇ ਪਤਨ ਮਗਰੋਂ ਅਮਰੀਕਾ ਨੇ ਸਗੋਂ ‘ਨਾਟੋ’ ਦਾ ਹੋਰ ਬੇਲੋੜਾ ਵਿਸਥਾਰ ਕਰਦਿਆਂ ਆਪਣੇ ਨਾਲ ਅਸਹਿਮਤ ਦੇਸ਼ਾਂ ਨੂੰ ਫੌਰੀ ਮਸਲਣ ਦੀ ਨੀਤੀ ਫੜੀ। ਝੂਠੇ ਖੋਖਲੇ ਬਹਾਨੇ ਬਣਾ ਕੇ ਇਰਾਕ ਅਤੇ ਲਿਬੀਆ ਮਸਲ ਸੁੱਟੇ। ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਅਰਬ ਏਕਤਾ ਦਾ ਨਾਅਰਾ ਦਿੰਦਾ ਸੀ। ਪਹਿਲਾਂ ਕਿਹਾ ਕਿ ਇਰਾਕ ਕੋਲ ਰਸਾਇਣਕ ਹਥਿਆਰਾਂ ਦੇ ਭੰਡਾਰ ਹਨ, ਉਸ ਦੇ ਘਰ ਦੀ ਵੀ ਤਲਾਸ਼ੀ ਲਈ। ਕੁਝ ਨਾ ਮਿਲਿਆ। ਫਿਰ ਨਾਦਰਸ਼ਾਹੀ ਫ਼ਰਮਾਨ ਦਿੱਤਾ ਕਿ ਤਿੰਨ ਦਿਨਾਂ ’ਚ ਗੱਦੀ ਛੱਡੇ, ਤੇ ਫਿਰ ਹਮਲਾ ਕਰ ਦਿੱਤਾ। ਸੱਦਾਮ ਹੁਸੈਨ ਨੂੰ ਫਾਹੇ ਟੰਗ ਦਿੱਤਾ। ਅੱਜ ਤਕ ਪੰਜ ਲੱਖ ਇਰਾਕੀ ਮਾਰੇ ਜਾ ਚੁੱਕੇ ਹਨ, ਦੇਸ਼ ਖਿੱਲਰ ਗਿਆ ਹੈ ਤੇ ਹੁਣ ਇਰਾਕ ਵਿਚ ਪੱਕਾ ਅਮਰੀਕੀ ਫ਼ੌਜੀ ਅੱਡਾ ਹੈ। ਲਿਬੀਆ ਦਾ ਰਾਸ਼ਟਰਪਤੀ ਕਰਨਲ ਗੱਦਾਫੀ ‘ਗਰੀਨ ਬੁੱਕ’ ਲਿਖ ਕੇ ਪੱਛਮੀ ਤਰਜ਼ ਦੇ ਵਿਕਾਸ ਮਾਡਲ ਦੀ ਬਜਾਇ ਸਥਾਨਕ ਹਿੱਤਾਂ ਅਨੁਕੂਲ ਵਿਕਾਸ ਮਾਡਲ ਪ੍ਰਚਾਰਦਾ ਸੀ ਪਰ ਅਮਰੀਕਾ ਆਖਦਾ ਸੀ ਕਿ ਲਿਬੀਆ ’ਚ ਤਾਨਾਸ਼ਾਹੀ ਹੈ। ਫਿਰ ਗੱਦਾਫੀ ਨੂੰ ਬਹਾਨੇ ਬਣਾ ਕੇ ਮਾਰ ਮੁਕਾਇਆ। ਉੱਥੇ ਖਾਨਾਜੰਗੀ ਹੋਈ ਤੇ ਅੱਜ ਲਿਬੀਅਨ ਸ਼ਰਨਾਰਥੀ ਮੰਗਤੇ ਬਣੇ ਬੈਠੇ ਹਨ। ਤਾਨਾਸ਼ਾਹੀ ਵਾਲਾ ਬਹਾਨਾ ਲਾ ਕੇ ਰੂਸ ਪੱਖੀ ਮੁਲਕ ਸੀਰੀਆ ਦੀ ਸਰਕਾਰ ਡੇਗਣ ਲਈ ਧਾਵਾ ਬੋਲਿਆ ਪਰ ਵਿਚ ਰੂਸ ਆ ਖਲੋਤਾ। ਉੱਤਰੀ ਕੋਰੀਆ, ਇਰਾਨ ਅਤੇ ਕਿਊਬਾ ਬਚ ਨਿਕਲੇ ਭਾਵੇਂ ਅੱਜ ਸਖ਼ਤ ਆਰਥਿਕ ਪਾਬੰਦੀਆਂ ਦੀ ਮਾਰ ਹੇਠ ਹਨ। 1979 ਤਕ ਇਰਾਨ ਦਾ ਸ਼ਾਸਕ ਮੁਹੰਮਦ ਰਜ਼ਾ ਪਹਿਲਵੀ ਅਮਰੀਕਾ ਇਜ਼ਰਾਈਲ ਪੱਖੀ ਸੀ ਜਿਸ ਨੂੰ ਆਇਤੁਲਾ ਖੁਮੈਨੀ ਦੀ ਅਗਵਾਈ ਵਿਚ ਗੱਦੀ ਤੋਂ ਲਾਹ ਕੇ ਇਸਲਾਮੀ ਸਰਕਾਰ ਬਣੀ। ਇਰਾਨ ਉੱਤੇ ਸਖ਼ਤ ਅਮਰੀਕੀ ਪਾਬੰਦੀਆਂ ਲੱਗੀਆਂ। ਇਰਾਨ ਨੇ ਫ਼ਲਸਤੀਨ ਦੀ ਥਾਂ ਵਸਾਏ ਯਹੂਦੀ ਮੁਲਕ ਇਜ਼ਰਾਈਲ ਦੀ ਹੋਂਦ ਨੂੰ ਅਸਵੀਕਾਰ ਕੀਤਾ। ਇੰਝ ਵਧਦਾ ਵਧਦਾ ਕਲੇਸ਼ ਅੱਜ ਵਾਲੀ ਜੰਗ ਤਕ ਪੁੱਜ ਗਿਆ। ਅੱਜ ਇਜ਼ਰਾਈਲ ਅਮਰੀਕਾ ਦਾ ਲੈਫਟੀਨੈਂਟ ਅਤੇ ਪੱਕੀ ਠਾਹਰ ਹੈ। ਕਈ ਵਾਰ ਅਮਰੀਕਾ ਨਾਲ ਰਲ ਕੇ ਇਰਾਕ ਇਰਾਨ ਦੇ ਪਰਮਾਣੂ ਕੇਂਦਰਾਂ ਉੱਤੇ ਸਿੱਧਾ ਹਮਲਾ ਕਰ ਚੁੱਕਾ ਹੈ।
ਫ਼ਲਸਤੀਨੀਆਂ ਨੂੰ ਉਨ੍ਹਾਂ ਦੀ ਬਣਦੀ ਅੱਧੀ ਭੂਮੀ ਦੇ ਕੇ ਪ੍ਰਭੂਤਾ ਵਾਲੇ ਮੁਲਕ ਵਜੋਂ ਮਾਨਤਾ ਦੇਣ ਤੋਂ ਬਿਨਾ ਮਸਲੇ ਦਾ ਕੋਈ ਹੋਰ ਫੌਜੀ ਹੱਲ ਹੰਢਣਸਾਰ ਨਹੀਂ ਲਗਦਾ। ਫ਼ਲਸਤੀਨ ਨੂੰ ਹੱਕ ਦਿਵਾਉਣ ਦੀ ਚਰਚਾ ਨਹੀਂ ਹੋ ਰਹੀ। ਮੁੱਦਾ ਲਾਂਭੇ ਕਰ ਦਿੱਤਾ ਗਿਆ ਹੈ। ਚਰਚਾ ਇਹ ਫੈਲਾ ਦਿੱਤੀ ਹੈ ਕਿ ਇਹ ਤਾਂ ਕੋਈ ਹਮਾਸ ਅਤੇ ਹਿਜ਼ਬੁਲਾ ਵਰਗੇ ਅਤਿਵਾਦੀ ਜਥੇਬੰਦੀਆਂ ਨੂੰ ਕਾਬੂ ਕਰਨ ਦਾ ਮੁੱਦਾ ਹੈ। ਕੈਦੀਆਂ ਦੇ ਵਟਾਂਦਰੇ ਨਾਲ ਇਜ਼ਰਾਈਲੀ ਬੰਦੀ ਛੁਡਾਏ ਜਾ ਰਹੇ ਸਨ, ਬਾਕੀ ਵੀ ਛੁਡਾਏ ਜਾ ਸਕਦੇ ਸਨ ਪਰ ਰੋਕ ਕੇ ਗੱਲ ਲੜਾਈ ਵਧਾਉਣ ਵਾਲੇ ਬੰਨੇ ਤੋਰ ਕੇ ਗਾਜ਼ਾ ਦਾ ਮੁਕੰਮਲ ਉਜਾੜਾ, ਇਰਾਨ ਦੇ ਪਰਮਾਣੂ ਫੌਜੀ ਅਤੇ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਅਸਲ ਗੁੱਝਾ ਟੀਚਾ ਹਾਸਲ ਕਰਨ ਉੱਤੇ ਕੇਂਦਰਿਤ ਕੀਤੀ ਜਾ ਰਹੀ ਹੈ। ਅਮਰੀਕਾ ਦੇ ਇਸ ਖਿੱਤੇ ਵਿਚ ਇਜ਼ਰਾਈਲ ਤੋਂ ਇਲਾਵਾ ਤੁਰਕੀ, ਇਰਾਕ, ਸੀਰੀਆ, ਬਹਿਰੀਨ, ਸਊਦੀ ਅਰਬ, ਕਤਰ, ਯੂਏਈ, ਓਮਾਨ, ਕੁਵੈਤ ਵਿਚ ਪੱਕੇ ਫੌਜੀ ਅੱਡੇ ਹਨ ਜਿੱਥੇ ਉਨ੍ਹਾਂ ਅਨੁਸਾਰ, 40 ਹਜ਼ਾਰ ਫੌਜੀ ਤਾਇਨਾਤ ਹਨ। ਇਹ ਇਸ ਤੇਲ ਖਿੱਤੇ ਉੱਤੇ ਜ਼ੋਰਾਵਰੀ ਕਾਬੂ ਕਬਜ਼ੇ ਲਈ ਹਨ।
ਯੂਕਰੇਨ, ਫ਼ਲਸਤੀਨ, ਤਾਈਵਾਨ, ਉੱਤਰੀ ਕੋਰੀਆ ਆਦਿ ਸਭ ਕਲੇਸ਼ਖਾਨਿਆਂ ਵਿਚ ਹਰ ਥਾਂ ਇਕ ਪਾਸਿਉਂ ਅਮਰੀਕਾ ਮੋਹਰੀ ਹੈ। ਅੱਜ ਬੰਗਲਾਦੇਸ਼ ਵਿਚ ਜੋ ਹਾਲਾਤ ਹਨ, ਇਸ ਵਿਚ ਹੋਰ ਕਾਰਨਾਂ ਦੇ ਨਾਲ-ਨਾਲ ਅਮਰੀਕਾ ਦਾ ਹੱਥ ਹੋਣ ਦੇ ਇਲਜ਼ਾਮ ਵੀ ਲੱਗੇ ਹਨ। ਇਹ ਸਭ ਵਪਾਰਕ ਤੇ ਆਰਥਿਕ ਹਿੱਤਾਂ ਲਈ ਹੋ ਰਿਹਾ ਹੈ ਪਰ ਇਹ ਆਮ ਅਮਰੀਕੀ ਲੋਕਾਂ ਦੇ ਹਿੱਤ ਵਿਚ ਨਹੀਂ। ਵੱਡੀ ਜੰਗ ਭੜਕੀ ਤਾਂ ਵਪਾਰੀਆਂ ਨੇ ਤਾਂ ਨਹੀਂ ਮਰਨਾ, ਨਾ ਕਦੀ ਪਹਿਲਾਂ ਮਰੇ; ਇਹ ਦੇਸ਼ ਭਗਤੀ ਦਾ ਡੌਰੂ ਖੜਕਾ ਕੇ ਰੋਟੀ ਖ਼ਾਤਿਰ ਭਰਤੀ ਹੋਏ ਮਾਵਾਂ ਦੇ ਫੌਜੀ ਪੁੱਤਾਂ ਦਾ ਖੂਨ ਹੀ ਵਹਾਉਣਗੇ। ਫਿਰ ਪਹਿਲਾਂ ਵਾਂਗ ਬੈਠ ਕੇ ਸਮਝੌਤਾ ਕਰ ਲੈਣਗੇ ਜਿਵੇਂ ਦੂਜੀ ਸੰਸਾਰ ਜੰਗ ਵਾਲੇ ਅਮਰੀਕਾ, ਜਪਾਨ, ਜਰਮਨ, ਇੰਗਲੈਂਡ, ਫਰਾਂਸ, ਇਟਲੀ ਜੱਫੀਆਂ ਪਾ ਰਹੇ ਨੇ। ਦੇਸ਼ ਭਗਤੀ ਖ਼ਾਤਿਰ ਮਰੇ ਫੌਜੀ ਫਿਰ ਕਿਹੜੇ ਖਾਤੇ ਗਏ? ਇਹੀ ਕੁਝ ਹੁਣ ਹੋਣਾ। ਦੁਨੀਆ ਦੇ ਲੋਕਾਂ ਨੂੰ ਸਮਝਣਾ ਪਵੇਗਾ ਕਿ ਅਮਰੀਕਾ ਇੰਗਲੈਂਡ ਵਰਗੇ 32 ਦੇਸ਼ਾਂ ਨੇ ਰਲ ਕੇ ‘ਨਾਟੋ’ ਫੌਜੀ ਗਠਜੋੜ ਮਾੜੇ ਮੁਲਕਾਂ ਨੂੰ ਲੁੱਟਣ ਤੇ ਕੁੱਟਣ ਲਈ ਬਣਾਇਆ ਹੈ। ਇਹ ਵਿਕਾਸਸ਼ੀਲ ਦੇਸ਼ਾਂ ਲਈ ਵੱਡਾ ਖ਼ਤਰਾ ਹੈ। ਅੱਜ ਬੇਭਰੋਸਗੀ ਇੰਨੀ ਹੈ ਕਿ ਹਥਿਆਰਾਂ ਦੀ ਦੌੜ ਕਦੀ ਨਹੀਂ ਜੇ ਰੁਕਣੀ। ਇਹ ਗੱਲ ਬਾਕੀ ਮੁਲਕਾਂ ਨੇ ਨਹੀਂ ਮੰਨਣੀ (ਭਾਰਤ ਨੇ ਵੀ ਨਹੀਂ ਸੀ ਮੰਨੀ) ਕਿ 8-10 ਮੁਲਕਾਂ ਕੋਲ ਪਰਮਾਣੂ ਹਥਿਆਰਾਂ ਦੀ ਕਾਨੂੰਨੀ ਧੌਂਸ ਹੋਵੇ ਅਤੇ ਬਾਕੀਆਂ ਨੂੰ ਵਰਜਿਆ ਜਾਵੇ ਕਿ ਇੰਝ ਕਰਨਾ ਗੈਰ-ਕਾਨੂੰਨੀ ਹੈ। ਜੇ ਇਹ ਸੱਚ ਹੈ ਤਾਂ ਕਿਸੇ ਨਾ ਕਿਸੇ ਦਿਨ ਤਬਾਹੀ ਅਟੱਲ ਹੈ। ਅਮੀਰਾਂ ਨੇ ਲੁਕ ਜਾਣਾ ਤੇ ਮਰਨਾ ਆਮ ਲੋਕਾਂ ਨੇ ਹੈ। ਇਸ ਲਈ ਆਮ ਲੋਕਾਂ ਨੂੰ ਇਸ ਧਰਤੀ/ਇਨਸਾਨੀਅਤ ਵਿਰੋਧੀ ਰੁਝਾਨ ਵਿਰੁੱਧ ਫੌਰੀ ਉੱਠ ਖਲੋਣਾ ਚਾਹੀਦਾ ਹੈ।
ਦੁਖੀ ਯਹੂਦੀਆਂ ਦਾ ਮੁਸਲਿਮ ਖਿੱਤੇ ਵਿਚ ਜਬਰੀ ਕਬਜ਼ੇ ਵਾਲਾ ਘਰ (ਇਜ਼ਰਾਈਲ) ਬਣਵਾ ਕੇ ਸਾਮਰਾਜੀਆਂ ਨੇ ਆਪਣੇ ਗਲੋਂ ਬਲਾ ਲਾਹੁਣ ਲਈ ਮੁਸਲਮਾਨਾਂ ਤੇ ਯਹੂਦੀਆਂ, ਦੋਹਾਂ ਨਾਲ ਧ੍ਰੋਹ ਕੀਤਾ। ਖੁਸ਼ਹਾਲ ਯਹੂਦੀ ਹੁਣ ਹਮੇਸ਼ਾ ਤਣਾਅ ਅਤੇ ਬੇਯਕੀਨੀ ਦਾ ਸ਼ਿਕਾਰ ਰਹਿਣਗੇ। ਮਰਦੇ ਮਾਰਦੇ ਰਹਿਣਗੇ। ਉਂਝ, ਧੱਕਾ ਸਦਾ ਨਹੀਂ ਚੱਲਦਾ ਹੁੰਦਾ। ਇਸ ਲਈ ਜੇ ਮੋੜਾ ਕੱਟਣ ਤਾਂ ਚੰਗੇ ਰਹਿਣਗੇ। ਅਮੀਰ ਤਾਂ ਹਨ ਹੀ, ਸਿਆਣੇ ਬਣ ਕੇ ਆਪਣੇ ਬੱਚਿਆਂ ਦਾ ਹਿੱਤ ਸੋਚਣ। ਚੁੱਕਣ ਚੁਕਾਉਣ ਵਾਲਿਆਂ ਦਾ ਅਸਲੀ ਚਿਹਰਾ ਪਛਾਨਣ। ਇਰਾਨ ਨੂੰ ਦਿਸਦਾ ਸੱਚ ਸਵੀਕਾਰਦਿਆਂ ਇਜ਼ਰਾਈਲ ਦੀ ਹੋਂਦ ਮੰਨਣੀ ਹੋਵੇਗੀ। ਸ਼ਾਂਤੀ ਲਈ ਇਹ ਜ਼ਰੂਰੀ ਹੈ। ਇਜ਼ਰਾਈਲ ਨੂੰ ਵੀ ਹੰਕਾਰ ਛੱਡ ਕੇ ਦੂਰ ਦੀ ਸੋਚਦਿਆਂ ਫ਼ਲਸਤੀਨ ਨੂੰ ਆਜ਼ਾਦ ਦੇਸ਼ ਸਵੀਕਾਰਨਾ ਪਵੇਗਾ। ਬਾਕੀ ਸਭ ਰਸਤੇ ਤਬਾਹੀ ਵੱਲ ਜਾਂਦੇ ਹਨ। ਸਮਾਂ ਹੱਥੋਂ ਨਿਕਲਣ ਵਾਲਾ ਹੈ। ਹੁਣ ਸਾਰਾ ਕੁਝ ਲੀਡਰਾਂ ਦੀ ਅਕਲ ’ਤੇ ਨਿਰਭਰ ਹੈ।