ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਕੌਂਸਲ ਦੀ ਬੈਠਕ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਅਗਾਮੀ ਪਾਕਿਸਤਾਨ ਦੌਰਾ ਭਾਰਤ ਲਈ ਕੂਟਨੀਤਕ ਤਾਲਮੇਲ ਦੀ ਸੰਭਾਵਨਾ ਤਲਾਸ਼ਣ ਦਾ ਮਹੱਤਵਪੂਰਨ ਮੌਕਾ ਬਣ ਸਕਦਾ ਹੈ। ਸੰਗਠਨ ਵਿੱਚ ਸ਼ਾਮਿਲ ਮੁਲਕਾਂ ਦੇ ਨੇਤਾਵਾਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਸ੍ਰੀ ਜੈਸ਼ੰਕਰ 15-16 ਅਕਤੂਬਰ ਨੂੰ ਪਾਕਿਸਤਾਨ ਦੇ ਦੌਰੇ ’ਤੇ ਜਾਣਗੇ। ਪਿਛਲੇ ਇੱਕ ਦਹਾਕੇ ਵਿੱਚ ਕਿਸੇ ਭਾਰਤੀ ਵਿਦੇਸ਼ ਮੰਤਰੀ ਦਾ ਇਹ ਪਹਿਲਾ ਪਾਕਿਸਤਾਨੀ ਦੌਰਾ ਹੋਵੇਗਾ। ਪਿਛਲੀ ਵਾਰ ਸੁਸ਼ਮਾ ਸਵਰਾਜ ਨੇ 2015 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਅਜਿਹਾ ਕੋਈ ਉੱਚ ਪੱਧਰੀ ਦੌਰਾ ਨਹੀਂ ਹੋਇਆ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਾਵੇਂ ਸਪੱਸ਼ਟ ਕੀਤਾ ਹੈ ਕਿ ਇਹ ਦੌਰਾ ਭਾਰਤ-ਪਾਕਿਸਤਾਨ ਰਿਸ਼ਤਿਆਂ ’ਤੇ ਚਰਚਾ ਕਰਨ ਲਈ ਨਹੀਂ ਹੈ ਪਰ ਇਸ ਦਾ ਸਮਾਂ ਦੋਵਾਂ ਮੁਲਕਾਂ ਦੇ ਸਬੰਧਾਂ ਵਿੱਚ ਆਈ ਖੜੋਤ ਤੋੜਨ ਦਾ ਵਿਲੱਖਣ ਮੌਕਾ ਬਣ ਸਕਦਾ ਹੈ।
ਸਾਲ 2019 ਵਿੱਚ ਜੰਮੂ ਤੇ ਕਸ਼ਮੀਰ ਵਿੱਚ ਧਾਰਾ 370 ਦੇ ਖਾਤਮੇ ਅਤੇ ਪੁਲਵਾਮਾ ਅਤਿਵਾਦੀ ਹਮਲੇ ਤੇ ਬਾਲਾਕੋਟ ਹਵਾਈ ਹਮਲਿਆਂ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਤਣਾਅ ਆ ਗਿਆ ਸੀ ਜੋ ਬਰਕਰਾਰ ਹੈ; ਹਾਲਾਂਕਿ ਕੁਝ ਚੀਜ਼ਾਂ ਜਿਵੇਂ 2021 ਵਿਚ ਕੰਟਰੋਲ ਰੇਖਾ (ਐੱਲਓਸੀ) ’ਤੇ ਗੋਲੀਬੰਦੀ, ਨੇ ਕੁਝ ਆਸ ਜ਼ਰੂਰ ਜਗਾਈ। ਸਾਲ 2021 ਦੇ ਗੋਲੀਬੰਦੀ ਸਮਝੌਤੇ ਨੇ ਕੰਟਰੋਲ ਰੇਖਾ ਦੇ ਨਾਲ 2003 ’ਚ ਹੋਈ ਸੰਧੀ ਨੂੰ ਬਹਾਲ ਕੀਤਾ ਜਿਸ ਨਾਲ ਸਰਹੱਦੀ ਖੇਤਰਾਂ ਵਿੱਚ ਆਮ ਨਾਗਰਿਕਾਂ ਦੀ ਜਿ਼ੰਦਗੀ ਕਾਫ਼ੀ ਸੌਖੀ ਹੋ ਗਈ। ਜੰਮੂ ਤੇ ਕਸ਼ਮੀਰ ਵਿੱਚ ਹਾਲ ਹੀ ਵਿੱਚ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੇ ਚੋਣ ਅਮਲ ਨੇ ਵੀ ਸਥਿਰਤਾ ਦੀ ਸੰਭਾਵਨਾ ਵੱਲ ਸੰਕੇਤ ਕੀਤਾ ਹੈ ਜੋ ਸੰਵਾਦ ਲਈ ਸੁਖਾਵਾਂ ਮਾਹੌਲ ਉਸਾਰਨ ਵਿੱਚ ਕਾਰਗਰ ਸਾਬਿਤ ਹੋ ਸਕਦਾ ਹੈ। ਤਣਾਅ ਦੇ ਬਾਵਜੂਦ ਜਿਸ ਵਿੱਚ ਪਾਕਿਸਤਾਨ ਦਾ ਅੰਦਰੂਨੀ ਸਿਆਸੀ ਸੰਘਰਸ਼ ਵੀ ਸ਼ਾਮਿਲ ਹੈ, ਭਾਰਤ ਤੇ ਪਾਕਿਸਤਾਨ ਦਰਮਿਆਨ ਸ਼ੁਰੂ ਹੋਣ ਵਾਲੀ ਕੋਈ ਵੀ ਗ਼ੈਰ-ਰਸਮੀ ਗੱਲਬਾਤ ਸਾਂਝੀ ਫਿ਼ਕਰਮੰਦੀ ਵਾਲੇ ਕਈ ਖੇਤਰਾਂ ’ਚ ਭਵਿੱਖੀ ਤਾਲਮੇਲ ਦਾ ਮੰਚ ਤਿਆਰ ਕਰ ਸਕਦੀ ਹੈ। ਇਸ ਵਿੱਚ ਸੁਰੱਖਿਆ ਤੇ ਵਪਾਰਕ ਹਿੱਤ ਵੀ ਸ਼ਾਮਿਲ ਹਨ। ਐੱਸਸੀਓ ਮੀਟਿੰਗ ਤੋਂ ਵੱਖ ਵਾਰਤਾ ਕਰ ਕੇ ਭਾਰਤ ਅਤਿਵਾਦ ਪ੍ਰਤੀ ਆਪਣੇ ਕਰੜੇ ਰੁਖ਼ ’ਤੇ ਕਾਇਮ ਰਹਿੰਦਿਆਂ ਸ਼ਾਂਤੀਪੂਰਨ ਸਹਿ-ਹੋਂਦ ਬਾਰੇ ਆਪਣਾ ਰੁਖ਼ ਸਪੱਸ਼ਟ ਕਰ ਸਕਦਾ ਹੈ।
ਇਸ ਮਾਮਲੇ ਵਿੱਚ ਹੁਣ ਪਾਕਿਸਤਾਨ ਨੂੰ ਆਪਣੇ ਵੱਲੋਂ ਅਜਿਹੀ ਵਚਨਬੱਧਤਾ ਦਾ ਮੁਜ਼ਾਹਰਾ ਕਰਨਾ ਪਏਗਾ ਜਿਸ ਵਿੱਚ ਅਤਿਵਾਦ ਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਸਿਰਜਣ ਦਾ ਜਿ਼ਕਰ ਹੋਵੇ। ਪਾਕਿਸਤਾਨ ਨੂੰ ਆਪਣੀ ਕਹਿਣੀ ਤੇ ਕਰਨੀ ਵਿਚਾਲੇ ਫ਼ਰਕ ਨੂੰ ਦੂਰ ਕਰਨਾ ਪਏਗਾ ਤੇ ਹਕੀਕੀ ਬਦਲਾਓ ਲਿਆਉਣੇ ਪੈਣਗੇ। ਇਹ ਦੌਰਾ ਜੋ ਪ੍ਰਮੁੱਖ ਤੌਰ ’ਤੇ ਬਹੁ-ਪੱਖੀ ਸਹਿਯੋਗ ’ਤੇ ਕੇਂਦਰਿਤ ਹੈ, ਦੋ ਪਰਮਾਣੂ ਸ਼ਕਤੀ ਨਾਲ ਲੈਸ ਗੁਆਂਢੀਆਂ ਵਿਚਕਾਰ ਚਿਰਾਂ ਤੋਂ ਕਾਇਮ ਦੁਸ਼ਮਣੀ ਘਟਾਉਣ ਵੱਲ ਚੁੱਕਿਆ ਪਹਿਲਾ ਕਦਮ ਬਣ ਸਕਦਾ ਹੈ। ਇਹੀ ਨਹੀਂ, ਅਗਾਂਹ ਜਾ ਕੇ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਰਿਸ਼ਤੇ ਹੋਰ ਚੰਗੇ ਹੋਣ ਨਾਲ ਦੋਹਾਂ ਪਾਸਿਆਂ ਦੇ ਲੋਕਾਂ ਅਤੇ ਕਾਰੋਬਾਰੀ ਨੂੰ ਲਾਭ ਹਾਸਿਲ ਹੋਵੇਗਾ। ਇਸ ਲਈ ਹਾਲਾਤ ਦੀ ਨਜ਼ਾਕਤ ਦੇ ਮੱਦੇਨਜ਼ਰ ਇਸ ਮੌਕੇ ਨੂੰ ਖੁੰਝਾਉਣਾ ਨਹੀਂ ਚਾਹੀਦਾ।