ਮਜਬੂਰੀ ਦਾ ਸੌਦਾ

ਬਰਤਾਨੀਆ ਦੀ ਸਰਕਾਰ ਨੇ ਚਾਗੋਸ ਦੀਪ ਸਮੂਹ ਦੀ ਪ੍ਰਭੂਸੱਤਾ ਮੌਰੀਸ਼ਸ ਨੂੰ ਸੌਂਪ ਦੇਣ ਦਾ ਜੋ ਫ਼ੈਸਲਾ ਕੀਤਾ ਹੈ, ਉਸ ਪਿੱਛੇ ਕੂਟਨੀਤਕ ਫਰਾਖ਼ਦਿਲੀ ਦੀ ਬਜਾਇ ਭੂ-ਰਾਜਸੀ ਮਜਬੂਰੀਆਂ ਜਿ਼ਆਦਾ ਨਜ਼ਰ ਆ ਰਹੀਆਂ ਹਨ। ਦੋਵਾਂ ਦੇਸ਼ਾਂ ਵਿਚਾਲੇ ਹੋਈ ਸੰਧੀ ਤਹਿਤ ਬਰਤਾਨੀਆ ਅਤੇ ਅਮਰੀਕਾ ਦੇ ਡੀਏਗੋ ਗਾਰਸੀਆ ਫ਼ੌਜੀ ਅੱਡੇ ਦੇ ਭਵਿੱਖ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ ਜਿਸ ਦਾ ਦਰਜਾ ਨਿਰਵਿਵਾਦ ਹੋ ਗਿਆ ਹੈ। ਜੇ ਬਰਤਾਨੀਆ ਨੇ ਵਾਕਈ ਫਰਾਖ਼ਦਿਲੀ ਤੋਂ ਕੰਮ ਲਿਆ ਹੁੰਦਾ ਤਾਂ ਡੀਏਗੋ ਗਾਰਸੀਆ ਦਾ ਚਾਰਜ ਵੀ ਮੌਰੀਸ਼ਸ ਨੂੰ ਸੌਂਪ ਦੇਣਾ ਸੀ ਪਰ ਇਸ ਨੇ ਰਣਨੀਤਕ ਤੌਰ ’ਤੇ ਅਹਿਮ ਇਹ ਟਾਪੂ ਆਪਣੇ ਹੱਥਾਂ ਵਿੱਚ ਹੀ ਰੱਖ ਲਿਆ ਹੈ ਅਤੇ ਇਸ ਸਬੰਧ ਵਿੱਚ ਦਲੀਲ ਪੇਸ਼ ਕੀਤੀ ਹੈ ਕਿ ਕੌਮਾਂਤਰੀ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਹਿੰਦ ਮਹਾਸਾਗਰ ਤੇ ਹਿੰਦ ਪ੍ਰਸ਼ਾਂਤ ਖਿੱਤੇ ਅੰਦਰ ਅਮਨ ਨੂੰ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਰੋਕਣ ਲਈ ਅਜਿਹਾ ਕਰਨਾ ਜ਼ਰੂਰੀ ਹੈ।

ਬਹਰਹਾਲ, ਇਹ ਸਾਰਾ ਬਿਰਤਾਂਤ ਇਸ ਤੱਥ ਨੂੰ ਨਹੀਂ ਲੁਕਾ ਸਕਦਾ ਕਿ ਉਹ ਸਮਾਂ ਬੀਤ ਚੁੱਕਿਆ ਹੈ ਜਦੋਂ ਸਮੁੰਦਰੀ ਲਹਿਰਾਂ ’ਤੇ ਬਰਤਾਨੀਆ ਦਾ ਝੰਡਾ ਝੁੱਲਦਾ ਹੁੰਦਾ ਸੀ। ਵਰਲਡ ਡਾਇਰੈਕਟਰੀ ਆਫ ਮਾਡਰਨ ਮਿਲਟਰੀ ਵਾਰਸ਼ਿਪਜ਼ ਮੁਤਾਬਕ ਦੁਨੀਆ ਦੀਆਂ ਸਭ ਤੋਂ ਤਾਕਤਵਰ ਜਲ ਸੈਨਾਵਾਂ ਦੀ ਸੂਚੀ ਵਿੱਚ ਬ੍ਰਿਟਿਸ਼ ਰਾਇਲ ਨੇਵੀ ਨੌਵੇਂ ਮੁਕਾਮ ’ਤੇ ਹੈ। ਇੱਥੋਂ ਤੱਕ ਕਿ ਲੜਾਕੂ ਸਮੱਰਥਾ ਦੇ ਲਿਹਾਜ਼ ਤੋਂ ਭਾਰਤੀ ਜਲ ਸੈਨਾ ਦੀ ਦਰਜਾਬੰਦੀ ਇਸ ਨਾਲੋਂ ਬਿਹਤਰ ਗਿਣੀ ਜਾਂਦੀ ਹੈ। ਇਸ ਸੂਚੀ ਵਿੱਚ ਅੱਵਲ ਮੁਕਾਮ ਅਮਰੀਕਾ ਦਾ ਹੈ; ਚੀਨ ਵੀ ਇਸ ਦੇ ਨੇੜੇ ਤੇੜੇ ਆ ਢੁੱਕਿਆ ਹੈ। ਸਮੁੰਦਰਾਂ ’ਚ ਜਿ਼ਆਦਾਤਰ ਅਮਰੀਕਾ ’ਤੇ ਨਿਰਭਰ ਬਰਤਾਨੀਆ, ਡੀਏਗੋ ਗਾਰਸ਼ੀਆ ਤੋਂ ਵੱਖ ਹੋ ਕੇ ਆਪਣੇ ਕਰੀਬੀ ਸਾਥੀ ਨੂੰ ਨਾਰਾਜ਼ ਨਹੀਂ ਕਰ ਸਕਦਾ ਸੀ।

ਬਰਤਾਨੀਆ ਦੀ ਸਥਿਤੀ 2019 ਵਿੱਚ ਉਦੋਂ ਹੀ ਅਸਥਿਰ ਹੋ ਗਈ ਸੀ ਜਦੋਂ ਕੌਮਾਂਤਰੀ ਨਿਆਂ ਅਦਾਲਤ ਨੇ ਕਿਹਾ ਸੀ ਕਿ ਚਾਗੋਸ ਦੀਪ ਸਮੂਹ ’ਤੇ ਇਸ ਦਾ ਲਗਾਤਾਰ ਕਬਜ਼ਾ ਸਹੀ ਨਹੀਂ ਹੈ। ਅਦਾਲਤ ਨੇ ਕਿਹਾ ਸੀ ਕਿ ਇਹ ਉਸ ਥਾਂ ਦੀ ਕੌਮਾਂਤਰੀ ਜਿ਼ੰਮੇਵਾਰੀ ਦੇ ਪੱਖ ਤੋਂ ਗ਼ਲਤ ਹੈ। ਖ਼ੁਦ ਨੂੰ ਜਿ਼ੰਮੇਵਾਰ ਪੱਛਮੀ ਤਾਕਤ ਸਾਬਿਤ ਕਰਨ ਲਈ ਕਾਹਲੇ ਬਰਤਾਨੀਆ ਨੇ ਇਹ ਸਮਝੌਤਾ ਲਿਆਂਦਾ ਜੋ ਬਿਲਕੁਲ ਨਿਸ਼ਾਨੇ ਉੱਤੇ ਲੱਗੇ। ਇਸ ਸਮਝੌਤੇ ਦੇ ਉਦੇਸ਼ਾਂ ਵਿੱਚ ਹਿੰਦ ਮਹਾਸਾਗਰ ਨੂੰ ਯੂਕੇ ਤੱਕ ਗ਼ੈਰ-ਕਾਨੂੰਨੀ ਪਰਵਾਸ ਦਾ ਰੂਟ ਬਣਨ ਤੋਂ ਰੋਕਣਾ ਵੀ ਸ਼ਾਮਿਲ ਹੈ। ਬਰਤਾਨੀਆ ਨੇ ਸਮਝਦਾਰੀ ਵਰਤਦਿਆਂ ਡੀਏਗੋ ਗਾਰਸ਼ੀਆ ’ਤੇ ਪਹੁੰਚਣ ਵਾਲੇ ਪ੍ਰਵਾਸੀਆਂ ਦੀ ਜਿ਼ੰਮੇਵਾਰੀ ਮੌਰੀਸ਼ਸ ਸਿਰ ਪਾ ਦਿੱਤੀ ਹੈ ਜੋ ਉੱਥੇ ਪਹੁੰਚ ਕੇ ਸ਼ਰਨ ਮੰਗਦੇ ਰਹੇ ਹਨ। ਹਿੰਦ ਮਹਾਸਾਗਰ ਖੇਤਰ ਵਿੱਚ ਚੀਨ ਦੇ ਵਧਦੇ ਦਖ਼ਲ ਦੇ ਮੱਦੇਨਜ਼ਰ, ਯੂਕੇ ਮੌਰੀਸ਼ਸ ਨੂੰ ਵੀ ਆਪਣੇ ਨਾਲ ਰੱਖਣਾ ਚਾਹੁੰਦਾ ਹੈ ਜਿਸ (ਮੌਰੀਸ਼ਸ) ਦੇ ਪੇਈਚਿੰਗ ਨਾਲ ਕਰੀਬੀ ਵਪਾਰਕ ਰਿਸ਼ਤੇ ਹਨ। ਭਾਰਤ ਨੇ ਚਾਗੋਸ ਮਾਮਲੇ ’ਚ ਹੋਈ ਕਾਰਵਾਈ ਦਾ ਭਾਵੇਂ ਸਵਾਗਤ ਕੀਤਾ ਹੈ ਪਰ ਇਸੇ ਖੇਤਰ ਵਿੱਚ ਚੀਨੀ ਖ਼ਤਰੇ ਦਾ ਟਾਕਰਾ ਕਰਨ ਲਈ ਇਸ ਨੂੰ ਆਪਣੇ ਰਣਨੀਤਕ ਹਿੱਤਾਂ ’ਤੇ ਵੀ ਲਗਾਤਾਰ ਗ਼ੌਰ ਕਰਦੇ ਰਹਿਣਾ ਚਾਹੀਦਾ ਹੈ। ਇਹ ਤਰਜੀਹਾਂ ’ਚ ਹੋਣਾ ਚਾਹੀਦਾ ਹੈ ਤੇ ਸਲਾਹ-ਮਸ਼ਵਰਾ ਕਰਦੇ ਰਹਿਣਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...