ਰੂਸ ਵੱਲੋਂ ਯੂਕਰੇਨ ਦੀ ਖਰਸੋਨ ਮਾਰਕੀਟ ’ਤੇ ਕੀਤੀ ਗਈ ਗੋਲਾਬਾਰੀ

ਕੀਵ, 2 ਅਕਤੂਬਰ – ਰੂਸ ਵੱਲੋਂ ਦੱਖਣੀ ਯੂਕਰੇਨ ਦੇ ਸ਼ਹਿਰ ਖਰਸੋਨ ਦੀ ਮਾਰਕੀਟ ਵਿੱਚ ਕੀਤੀ ਗੋਲਾਬਾਰੀ ਵਿੱਚ ਘੱਟੋ ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਖੇਤਰੀ ਗਵਰਨਰ ਓਲੈਕਜ਼ੈਂਡਰ ਪ੍ਰੋਕੂਦਿਨ ਨੇ ਦੱਸਿਆ ਕਿ ਰੂਸ ਵੱਲੋਂ ਇਹ ਹਮਲਾ ਸਿਟੀ ਸੈਂਟਰ ਮਾਰਕੀਟ ਵਿੱਚ ਕੀਤਾ ਗਿਆ, ਜਿੱਥੇ ਖ਼ਰੀਦਦਾਰੀ ਕਰਨ ਆਏ ਲੋਕ ਅਤੇ ਦੁਕਾਨਦਾਰ ਹਮਲੇ ਦੀ ਲਪੇਟ ਵਿੱਚ ਆ ਗਏ। ਉਨ੍ਹਾਂ ਵੱਲੋਂ ਵੀਡੀਓ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਾਧਾਰਨ ਕੱਪੜਿਆਂ ਵਾਲੇ ਲੋਕਾਂ ਦੀਆਂ ਲਾਸ਼ਾਂ ਟਮਾਟਰਾਂ ਅਤੇ ਹੋਰ ਸਬਜ਼ੀਆਂ ਦੀਆਂ ਫੜ੍ਹੀਆਂ ਨੇੜੇ ਪਈਆਂ ਦਿਖ ਰਹੀਆਂ ਹਨ। ਯੂਕਰੇਨ ਦੇ ਜਨਰਲ ਪ੍ਰੋਸੀਕਿਊਟਰ ਦਫ਼ਤਰ ਨੇ ਕਿਹਾ ਕਿ ਇਹ ਹਮਲਾ ਸੰਭਾਵੀ ਤੌਰ ’ਤੇ ਰੂਸ ਦੀ ਫੌਜ ਵੱਲੋਂ ਇਕ ਜਨਤਕ ਟਰਾਂਸਪੋਰਟ ਬੱਸ ਸਟਾਪ ਨੇੜੇ ਕੀਤਾ ਗਿਆ ਹੈ। ਹਾਲ ਹੀ ਵਿੱਚ ਇਹ ਸ਼ਹਿਰ ਜੰਗ ਵਿੱਚ ਮੁੱਖ ਕੇਂਦਰ ਨਹੀਂ ਸੀ ਪਰ ਹੁਣ ਜੰਗ ਦੇ ਤੀਜੇ ਸਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਯੂਕਰੇਨ ਦੇ ਪੂਰਬੀ ਦੋਨੇਤਸਕ ਖੇਤਰ ਵਿੱਚ ਭਿਆਨਕ ਜੰਗ ਚੱਲ ਰਹੀ ਹੈ। ਇੱਥੇ ਰੂਸੀ ਫੌਜ ਵੱਲੋਂ ਸਰਦੀਆਂ ਤੋਂ ਪਹਿਲਾਂ ਕਬਜ਼ਾ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਾਂਝਾ ਕਰੋ

ਪੜ੍ਹੋ