ਅੱਠ ਘੰਟੇ ਕੰਮ ਦਾ ਅੰਦੋਲਨ ਸਮੇਂ ਦੀ ਲੋੜ

ਕੱਲ੍ਹ ਅਸੀਂ ਕੰਮ ਦੇ ਬੋਝ ਹੇਠ ਦਫ਼ਨ ਹੋ ਚੁੱਕੀ 26 ਸਾਲਾ ਅੰਨਾ ਸੇਬੇਸਿਟਾਇਨ ਦੀ ਗੱਲ ਕੀਤੀ ਸੀ। ਅੰਨਾ ਦੀ ਮੌਤ ਤਿੰਨ ਮਹੀਨੇ ਪਹਿਲਾਂ ਹੋਈ ਸੀ ਤੇ ਉਸ ਦੀ ਮੌਤ ਦਾ ਕਾਰਨ ਉਸ ਦੀ ਮਾਂ ਵੱਲੋਂ ਕੰਪਨੀ ਮਾਲਕ ਨੂੰ ਭੇਜੀ ਚਿੱਠੀ ਦੇ ਲੀਕ ਹੋ ਜਾਣ ਬਾਅਦ ਹੁਣ ਸਾਹਮਣੇ ਆਇਆ ਸੀ। ਰਣਵਿਜੇ ਗੌਤਮ ਦੀ ਮੌਤ ਤਾਂ ਇਸੇ ਹਫ਼ਤੇ ਹੋਈ ਹੈ। ਰਣਵਿਜੇ 23 ਸਤੰਬਰ ਨੂੰ ਦੁਪਹਿਰ ਦੀ ਸ਼ਿਫਟ ’ਤੇ ਕੰਮ ਕਰਨ ਲਈ ਨੈੱਟਵਰਕ 18 ਦੇ ਦਫ਼ਤਰ ਪਹੁੰਚੇ ਸਨ। ਉਹ ਆਪਣੀ ਗੱਡੀ ਖੜ੍ਹੀ ਕਰਕੇ ਦਫ਼ਤਰ ਦੇ ਗੇਟ ਹੀ ਲੰਘੇ ਸਨ ਕਿ ਲੜਖੜਾ ਕੇ ਡਿਗ ਪਏ। ਆਲੇ-ਦੁਆਲੇ ਦੇ ਲੋਕ ਉਨ੍ਹਾ ਨੂੰ ਹਸਪਤਾਲ ਲੈ ਕੇ ਗਏ, ਪਰ 40 ਸਾਲਾ ਰਣਵਿਜੇ ਪ੍ਰਾਣ ਤਿਆਗ ਚੁੱਕੇ ਸਨ। ਉਨ੍ਹਾ ਦੇ ਦੋਸਤਾਂ ਮੁਤਾਬਕ ਉਹ ਬੇਹੱਦ ਸੁਸ਼ੀਲ, ਮਿਹਨਤੀ ਤੇ ਸੰਭਾਵਨਾਵਾਂ ਭਰਪੂਰ ਵਿਅਕਤੀ ਸਨ, ਪਰ ਇਸ ਗੱਲ ਦੀ ਚਰਚਾ ਕੋਈ ਨਹੀਂ ਕਰ ਰਿਹਾ ਕਿ ਨਿਊਜ਼ ਚੈਨਲਾਂ ਅੰਦਰ ਟੀ ਆਰ ਪੀ ਵਧਾਉਣ ਦੀ ਦੌੜ ਦਾ ਉਨ੍ਹਾਂ ਵਿੱਚ ਕੰਮ ਕਰਦੇ ਵਰਕਰ ਕਿੰਨਾ ਭਿਆਨਕ ਮੁੱਲ ਤਾਰਦੇ ਹਨ। 12-12 ਘੰਟੇ ਕੰਮ ਤੇ ਤਿੰਨ-ਤਿੰਨ ਘੰਟੇ ਮਹਾਂਨਗਰਾਂ ਦੀ ਭੀੜ ਵਿੱਚ ਘਰ ਤੋਂ ਦਫ਼ਤਰ ਤੇ ਦਫ਼ਤਰੋਂ ਘਰ ਤੱਕ ਪੁੱਜਣ ਦੇ ਸਮੇਂ ਤੋਂ ਬਾਅਦ ਉਨ੍ਹਾਂ ਕੋਲ ਆਪਣੀ ਸਿਹਤ ਨੂੰ ਠੀਕ ਰੱਖਣ ਤੇ ਖੁਸ਼ ਰਹਿਣ ਲਈ ਕਿਹੜਾ ਵਕਤ ਬਚਦਾ ਹੋਵੇਗਾ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ। ਸ਼ੁਰੂ ਵਿੱਚ ਜਦੋਂ ਦੇਸੀ-ਬਦੇਸ਼ੀ ਕਾਰਪੋਰੇਟ ਕੰਪਨੀਆਂ ਲੱਖਾਂ ਦੀ ਨੌਕਰੀ ਦਿੰਦੀਆਂ ਹਨ ਤਾਂ ਵਿਅਕਤੀ ਹਵਾ ਵਿੱਚ ਉਡਣ ਲਗਦਾ ਹੈ। ਇਸ ਦੇ ਇਵਜ਼ ਵਿੱਚ ਉਹ ਤਿੰਨ-ਤਿੰਨ ਕਰਮਚਾਰੀਆਂ ਦੇ ਕੰਮ ਦਾ ਬੋਝ ਸਹਿਣ ਲਈ ਤਿਆਰ ਹੋ ਜਾਂਦਾ ਹੈ। ਉਹ ਵਧੀਆ ਤਨਖਾਹ ਦੇ ਚਾਅ ਵਿੱਚ ਕਿਸ਼ਤਾਂ ’ਤੇ ਘਰ ਤੇ ਕਾਰ ਵੀ ਖਰੀਦ ਲੈਂਦਾ ਹੈ।

ਕੰਪਨੀ ਕੰਮ ਦਾ ਬੋਝ ਵਧਾ ਦਿੰਦੀ ਹੈ ਤੇ ਟਾਰਗੈੱਟ ਵੀ ਤੈਅ ਕਰ ਦਿੰਦੀ ਹੈ। ਵਿਅਕਤੀ ਨੂੰ ਹਰ ਹਾਲ ਦਿਨ-ਰਾਤ ਕੰਮ ਕਰਕੇ ਟਾਰਗੈੱਟ ਪੂਰਾ ਕਰਨਾ ਪੈਂਦਾ ਹੈ। ਉਸ ਨੂੰ ਕੰਪਨੀ ਦੀ ਹਰ ਅਣਮਨੁੱਖੀ ਮੰਗ ਪੂਰੀ ਕਰਨੀ ਪੈਂਦੀ ਹੈ, ਕਿਉਂਕਿ ਉਸ ਲਈ ਨੌਕਰੀ ਬਚਾ ਕੇ ਰੱਖਣਾ ਜ਼ਿੰਦਗੀ ਦੀ ਪਹਿਲੀ ਸ਼ਰਤ ਬਣ ਚੁੱਕੀ ਹੁੰਦੀ ਹੈ। ਕੋਰੋਨਾ ਕਾਲ ਵਿੱਚ ਸ਼ੁਰੂ ਹੋਏ ‘ਵਰਕ ਫਰੌਮ ਹੋਮ’ ਨੇ ਹਰ ਕਰਮਚਾਰੀ ਨੂੰ ਕਾਰਪੇਰੇਟਾਂ ਦੇ ਚੌਵੀ ਘੰਟੇ ਦਾ ਗੁਲਾਮ ਬਣਾ ਦਿੱਤਾ ਹੈ। ਇਨ੍ਹਾਂ ਘਟਨਾਵਾਂ ਨੇ ਕੰਮ ਦੇ ਘੰਟਿਆਂ ਦੇ ਸਵਾਲ ਨੂੰ ਅੱਜ ਏਜੰਡੇ ’ਤੇ ਲੈ ਆਂਦਾ ਹੈ। ਤਾਮਿਲਨਾਡੂ ਵਿੱਚ ਸੈਮਸੰਗ ਵਰਗੀ ਨਾਮਣੇ ਵਾਲੀ ਕੰਪਨੀ ਦੇ ਮੁਲਾਜ਼ਮ ਕੰਮ ਦੇ ਘੰਟਿਆਂ ਤੇ ਉਨ੍ਹਾਂ ਦੀ ਯੂਨੀਅਨ ਬਣਾਉਣ ਦੀ ਮੰਗ ਨੂੰ ਲੈ ਕੇ 12 ਦਿਨਾਂ ਤੋਂ ਹੜਤਾਲ ’ਤੇ ਹਨ। ਇੱਕ ਸਮਾਂ ਸੀ, ਜਦੋਂ ਉੱਚੀਆਂ ਤਨਖ਼ਾਹਾਂ ’ਤੇ ਕਾਰਪੋਰੇਟ ਕੰਪਨੀਆਂ ਵਿੱਚ ਕੰਮ ਕਰਦੇ ਕਰਮਚਾਰੀ ਕਿਰਤੀ ਜਥੇਬੰਦੀਆਂ ਨੂੰ ਵਿਕਾਸ ਵਿਰੋਧੀ ਸਮਝਦੇ ਸਨ, ਪਰ ਅੱਜ ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਉਨ੍ਹਾਂ ਦੇ ਪੈਰੀਂ ਪੈ ਚੁੱਕੀਆਂ ਕਾਰਪੋਰੇਟ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਸਿਰਫ਼ ਉਨ੍ਹਾਂ ਦੀ ਏਕਤਾ ਸ਼ਕਤੀ ਹੀ ਤੋੜ ਸਕਦੀ ਹੈ। ਕਿਰਤ ਕਾਨੂੰਨਾਂ ਵਿੱਚ ਸੁਧਾਰਾਂ ਦੇ ਨਾਂਅ ’ਤੇ ਕੰਮ ਘੰਟੇ ਵਧਾ ਕੇ ਕਾਰਪੋਰੇਟਾਂ ਦੀ ਲੁੱਟ ਅੱਜ ਸਿਖ਼ਰਾਂ ’ਤੇ ਪੁੱਜ ਗਈ ਹੈ।

ਧਾਰਮਿਕ ਆਗੂ ਕਹੇ ਜਾਣ ਵਾਲੇ ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਵੱਲੋਂ ਹਫ਼ਤੇ ਵਿੱਚ 70 ਘੰਟੇ ਕੰਮ ਦਾ ਸੱਦਾ ਦਿੱਤਾ ਗਿਆ ਹੈ। ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਅੰਨਾ ਦੀ ਮੌਤ ਉਤੇ ਦਿੱਤਾ ਬਿਆਨ ਸਰਕਾਰ ਤੇ ਕਾਰਪੋਰੇਟਾਂ ਦੀ ਇਸ ਸੰਬੰਧੀ ਮਿਲੀਭੁਗਤ ਨੂੰ ਉਜਾਗਰ ਕਰਦਾ ਹੈ। ਚੇਨਈ ਦੇ ਇੱਕ ਕਾਲਜ ਵਿੱਚ ਬੋਲਦਿਆਂ ਸੀਤਾਰਮਨ ਨੇ ਕਿਹਾ, ‘‘ਇੱਕ ਕੰਪਨੀ ਵਿੱਚ ਇੱਕ ਲੜਕੀ ਮੁਲਾਜ਼ਮ ਸੀ, ਉਸ ਨੇ ਸੀ ਏ ਦੀ ਪੜ੍ਹਾਈ ਕੀਤੀ ਸੀ। ਉਹ ਕੰਮ ਦਾ ਦਬਾਅ ਨਾ ਝੱਲ ਸਕੀ ਤੇ ਉਸ ਦੀ ਮੌਤ ਹੋ ਗਈ। ਸਾਨੂੰ ਦਬਾਅ ਝੱਲਣ ਦੀ ਸ਼ਕਤੀ ਈਸ਼ਵਰ ਤੋਂ ਪ੍ਰਾਪਤ ਕਰਨੀ ਚਾਹੀਦੀ ਹੈ। ਈਸ਼ਵਰ ’ਤੇ ਵਿਸ਼ਵਾਸ਼ ਰੱਖੋ। ਈਸ਼ਵਰ ਦੀ ਕ੍ਰਿਪਾ ਦੀ ਸਾਨੂੰ ਲੋੜ ਹੈ। ਈਸ਼ਵਰ ਦੀ ਕ੍ਰਿਪਾ ਨਾਲ ਹੀ ਸਾਡੀ ਆਤਮਿਕ ਸ਼ਕਤੀ ਵਧੇਗੀ। ਆਤਮਿਕ ਸ਼ਕਤੀ ਵਧਣ ਨਾਲ ਅੰਤਰਿਕ ਤਾਕਤ ਆਵੇਗੀ। ਸਾਡੀਆਂ ਸਿੱਖਿਆ ਸੰਸਥਾਵਾਂ ਨੂੰ ਅਧਿਆਤਮਿਕ ਸਿੱਖਿਆ ਦੇਣੀ ਚਾਹੀਦੀ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਦਬਾਅ ਝੱਲਣ ਦੀ ਵੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾ ਵੱਲੋਂ ਅੰਨਾ ਤੇ ਉਸ ਦੇ ਪਰਵਾਰ ਬਾਰੇ ਇਹ ਕਹਿਣਾ ਕਿ ਅੰਨਾ ਨੂੰ ਘਰ ਵਿੱਚ ਕੰਮ ਦਾ ਦਬਾਅ ਝੱਲਣ ਦੀ ਸਿੱਖਿਆ ਹਾਸਲ ਕਰਨੀ ਚਾਹੀਦੀ ਸੀ, ਕਰੂਰਤਾ ਦੀ ਸਿਖਰ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅੱਜ ਫਿਰ ਉਹੋ 1886 ਵਾਲੀ ਸਥਿਤੀ ਬਣ ਚੁੱਕੀ ਹੈ, ਜਦੋਂ ਸ਼ਿਕਾਗੋ ਦੇ ਮਜ਼ਦੂਰਾਂ ਨੇ ਅੱਠ ਘੰਟੇ ਕੰਮ, ਅੱਠ ਘੰਟੇ ਅਰਾਮ ਤੇ ਅੱਠ ਘੰਟੇ ਮਨੋਰੰਜਨ ਦੇ ਨਾਅਰੇ ਹੇਠ ਇਤਿਹਾਸਕ ਅੰਦੋਲਨ ਸ਼ੁਰੂ ਕੀਤਾ ਸੀ। ਉਸ ਅੰਦੋਲਨ ਵਿੱਚ ਮਜ਼ਦੂਰਾਂ ਨੇ ਆਪਣੇ ਖੂਨ ਰਾਹੀਂ ਸਫੈਦ ਝੰਡੇ ਨੂੰ ਲਾਲ ਕਰਕੇ ਅੱਠ ਘੰਟੇ ਦੀ ਦਿਹਾੜੀ ਦਾ ਅਧਿਕਾਰ ਪ੍ਰਾਪਤ ਕੀਤਾ ਸੀ। ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਸਾਰੇ ਸੰਸਾਰ ਵਿੱਚ ਮਈ ਦਿਵਸ ਮਨਾਇਆ ਜਾਂਦਾ ਹੈ। ਅੱਜ ਫਿਰ ਸ਼ਿਕਾਗੋ ਦੇ ਮਜ਼ਦੂਰਾਂ ਵਰਗਾ ਅੰਦੋਲਨ ਸ਼ੁਰੂ ਕਰਨਾ ਸਮੇਂ ਦੀ ਲੋੜ ਬਣ ਚੁੱਕਾ ਹੈ।

ਸਾਂਝਾ ਕਰੋ

ਪੜ੍ਹੋ