ਸੁਰਜੀਤ ਕਾਉੰਕੇ ਦੀ ਪੁਸਤਕ “ ਸਮੇਂ ਦੀ ਅੱਖ “ ਲੋਕ ਅਰਪਣ

ਲਿਖਾਰੀ ਸਭਾ ਮੋਗਾ ਦੇ ਮੈਂਬਰ ਸੁਰਜੀਤ ਸਿੰਘ ਕਾਉੰਕੇ ਦੀ ਪੁਸਤਕ “ ਸਮੇੰ ਦੀ ਅੱਖ” ਲੋਕ ਅਰਪਣ ਕਰਦੇ ਹੋਏ ।

ਮੋਗਾ 22 ਸਤੰਬਰ(ਏ ਡੀ ਪੀ ਨਿਊਜ) ਲਿਖਾਰੀ ਸਭਾ ਮੋਗਾ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਲੰਬੀ ਉਮਰ 95 ਸਾਲ ਦੇ ਸੁਹਿਰਦ ਲੇਖਕ ਜੋਧ ਸਿੰਘ ਮੋਗਾ ਅਤੇ ਪੱਤਰਕਾਰ ਤੇ ਕਾਲਮ ਨਵੀਸ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਦੀ ਰਹਿਨੁਮਾਈ ਹੇਠ ਸਭਾ ਦੇ ਸਮੂਹ ਮੈੰਬਰਾਂ ਵੱਲੋਂ ਨੇਚਰ ਪਾਰਕ ਮੋਗਾ ਵਿਖੇ ਸਭਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਦੀ ਨਵੀਂ ਪੁਸਤਕ “ ਸਮੇਂ ਦੀ ਅੱਖ” (ਗ਼ਜ਼ਲ ਸੰਗ੍ਰਹਿ) ਲੋਕ ਅਰਪਿਤ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸਹਾਇਕ ਸਕੱਤਰ ਉੱਭਰਦੇ ਸ਼ਾਇਰ ਮੀਤ ਗੁਰਮੀਤ ਨੇ ਬਾਖੂਬੀ ਨਿਭਾਉੰਦਿਆਂ ਕਿਹਾ ਕਿ ਪ੍ਰੋਫੈਸਰ ਕਾਉੰਕੇ ਦੀ ਇਹ ਦਸਵੀਂ ਪੁਸਤਕ ਹੈ ਅਤੇ ਕਿਸੇ ਵੀ ਲੇਖਕ ਦਾ ਸੁਭਾਅ , ਸ਼ਖਸੀਅਤ , ਬੌਧਿਕਤਾ , ਵਿਦਵਤਾ ਤੇ ਸਮਾਜ ਅਤੇ ਸ਼ਭਿਆਚਾਰ ਪ੍ਰਤੀ ਪ੍ਰਤੀਬੱਧਤਾ ਉਸਦੀਆਂ ਪੁਸਤਕਾਂ ਤੋਂ ਹੀ ਜਾਣਿਆ ਜਾ ਸਕਦਾ ਹੈ ਅਤੇ ਸਾਨੂੰ ਉਸ ਦੀਆਂ ਲਿਖਤਾਂ ਤੋਂ ਊਰਜਾ ਉਤਸ਼ਾਹ ਅਤੇ ਪ੍ਰੇਰਨਾ ਮਿਲ ਰਹੀ ਹੈ । ਇਸ ਮੌਕੇ ਜੋਧ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਕਾਉੰਕੇ ਪੰਜਾਬੀ ਸ਼ਾਇਰੀ ਦਾ ਇਕ ਉੱਚਾ ਬੁਰਜ ਹੈ ਹਥਲਾ ਗ਼ਜ਼ਲ ਸੰਗ੍ਰਹਿ ਉਸ ਦੀ ਨਿਰੰਤਰ ਸਾਧਨਾ ਦਾ ਚਮਤਕਾਰ ਹੈ ਜੋ ਉਸਨੂੰ ਬੁਲੰਦ ਗਜਲਗਾਰਾਂ ਦੀ ਕਤਾਰ ਵਿਚ ਖੜ੍ਹਾ ਕਰਦਾ ਹੈ । ਸਾਬਕਾ ਡੀ ਪੀ ਆਰ ਓ ਗਿਆਨ ਸਿੰਘ ਨੇ ਕਿਹਾ ਕਿ ਸੁਰਜੀਤ ਕਾਉੰਕੇ ਦਾ ਕਾਵਿ- ਬੋਧ ਆਪਣੀ ਰੂਪਕ ਗੁਣਵੱਤਾ ਅਤੇ ਬਿੰਬਾਵਲੀ ਸਦਕਾ ਨਵੇਂ ਦਿਸਹੱਦੇ ਕਾਇਮ ਕਰਦਾ ਦਿਖਾਈ ਦਿੰਦਾ ਹੈ ਉਸਨੂੰ ਸ਼ਬਦਾਂ ਦੀਆਂ ਉੱਡਦੀਆਂ ਚਿੜੀਆਂ ਫੜਨ ਦਾ ਸ਼ੌਕ ਹੈ । ਇਸ ਸਮੇਂ ਨਾਮਵਰ ਲੇਖਕ ਸੁਰਜੀਤ ਕਾਲੇਕੇ ਨੇ ਉਸ ਵੱਲੋਂ ਇਸ ਪੁਸਤਕ ਦਾ ਲਿਖਿਆ ਮੁੱਖ ਬੰਦ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਕਾਉਕੇ ਦੀ ਵਿਸ਼ੇਸ਼ਤਾ ਹੈ ਕਿ ਬੜਾ ਹੀ ਭਿਆਨਕ ਅਤੇ ਵਿਸ਼ਾਲ ਰੂਪ ਧਾਰਨ ਕਰ ਚੁੱਕੀਆਂ ਵਰਤਮਾਨ ਹਕੀਕਤਾਂ , ਬੁਰਿਆਈਆਂ , ਸਮੱਸਿਆਵਾਂ ਤੇ ਤ੍ਰਾਸਦੀਆਂ ਨੂੰ ਸਮਾਜ ਨੂੰ ਮਹਸੂਸ ਕਰਾਉਣ ਲਈ ਉਹ ਕੁੜੀਆਂ, ਚਿੜੀਆਂ, ਕੂੰਜਾਂ ਅਤੇ ਕੰਜਕਾਂ ਜੇਹੇ ਬਹੁਤ ਹੀ ਮਹੀਨ ਅਤੇ ਸੂਖਮ ਪ੍ਰਤੀਕ ਸਿਰਜਦਾ ਹੈ । ਸਮਾਗਮ ਦੌਰਾਨ ਚੇਅਰਮੈਨ ਪਰਮਜੀਤ ਸਿੰਘ ਚੂਹੜਚੱਕ ਜਨਰਲ ਸਕੱਤਰ ਨੇ ਇਸ ਪੁਸਤਕ ਦੇ ਅਖੀਰ ਵਿਚ ਲਿਖਿਆ ਜੋਧ ਸਿੰਘ ਦਾ ਰੇਖਾ ਚਿੱਤਰ ਬੜੇ ਹੀ ਠਰ੍ਹੰਮੇ , ਪ੍ਰਭਾਵੀ , ਭਾਵਪੂਰਤ ਲਹਿਜੇ ਅਤੇ ਸ਼ਿੱਦਤ ਨਾਲ ਪੇਸ਼ ਕਰਕੇ ਪਾਠਕਾਂ ਨੂੰ ਸਰਸ਼ਾਰ ਕਰ ਦਿੱਤਾ। ਕੈਨੇਡਾ ਤੋਂ ਪੰਜਾਬ ਫੇਰੀ ਤੇ ਆਏ ਸਭਾ ਦੇ ਸੁਹਿਰਦ ਤੇ ਸੀਨੀਅਰ ਮੈਂਬਰ ਠਾਕਰਪਰੀਤ ਰਾਊਕੇ ਨੇ ਕਿਹਾ ਕਿ ਸੁਰਜੀਤ ਕਾਉੰਕੇ ਸਮਾਜਕ ਸਰੋਕਾਰਾਂ ਦਾ ਸ਼ਾਇਰ ਹੈ ਅਤੇ ਇਸ ਦੀਆਂ ਪੁਸਤਕਾਂ ਵਿਦੇਸ਼ਾਂ ਵਿਚ ਵੀ ਪਾਠਕ ਬੜੇ ਸ਼ੌਕ ਨਾਲ ਪੜ੍ਹਦੇ ਹਨ,ਜਿਸ ਲਈ ਉਹ ਵਧਾਈ ਦੇ ਪਾਤਰ ਹਨ । ਗੀਤਾਂ ਦੇ ਬਾਦਸ਼ਾਹ ਪਿਆਰਾ ਸਿੰਘ ਚਹਿਲ ਨੇ ਬਹੁਤ ਪਿਆਰੀ ਗ਼ਜ਼ਲ ਤਰੰਨਮ ਵਿਚ ਪੇਸ਼ ਕਰਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ । ਉਪਰੋਕਤ ਤੋਂ ਇਲਾਵਾ ਇਸ ਸਮੇਂ ਹਾਜ਼ਰ ਡਾਃ ਬਲਦੇਵ ਸਿੰਘ ਢਿੱਲੋੰ , ਅਰੁਨ ਸ਼ਰਮਾ ਜੋਨੀ , ਪ੍ਰੇਮ ਕੁਮਾਰ ਵਿੱਤ ਸਕੱਤਰ , ਬਲਬੀਰ ਸਿੰਘ ਪਰਦੇਸੀ , ਈਲੀਨਾ ਧੀਮਾਨ , ਗਿੱਲ ਕੋਟਲੀ ਸੰਘਰ , ਗੁਰਨਾਮ ਸਿੰਘ ਅਟਵਾਲ, ਜਗੀਰ ਖੋਖਰ , ਅਕਾਸ਼ਦੀਪ ਸਿੰਘ , ਬਲਜੀਤ ਸਿੰਘ , ਗੀਤਕਾਰ ਬਲਵਿੰਦਰ ਸਿੰਘ ਕੈਂਥ ਆਦਿ ਨੇ ਪ੍ਰੋ. ਕਾਉੰਕੇ ਨੂੰ ਵਧਾਈ ਦਿੱਤੀ। ਸੁਰਜੀਤ ਸਿੰਘ ਕਾਉੰਕੇ ਨੇ ਦੂਰੋੰ ਨੇੜਿਓੰ ਆਏ ਸਾਰੇ ਲੇਖਕਾਂ ਦਾ ਤਹਿ ਦਿਲੋੰ ਧੰਨਵਾਦ ਕੀਤਾ ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...