ਤਾਜ਼ਾ ਖ਼ਬਰਾਂ

ਡਿਪਟੀ ਕਮਿਸ਼ਨਰ ਵੱਲੋਂ ਕੂੜਾ ਚੁੱਕਣ ਲਈ 90 ਹੋਰ ਗੱਡੀਆਂ ਲਗਾਉਣ ਦੀ ਹਦਾਇਤ

ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

*ਭਗਤਾਂ ਵਾਲਾ ਡੰਪ ਵਿਖੇ ਵੀ ਲਗਾਈਆਂ ਜਾਣਗੀਆਂ ਨਵੀਆਂ ਬਾਇਓ ਰੀਮੀਡੀਏਸ਼ਨ ਮਸ਼ੀਨਾਂ
ਅੰਮ੍ਰਿਤਸਰ , 18 ਸਤੰਬਰ (ਗਿਆਨ ਸਿੰਘ/ਏ ਡੀ ਪੀ ਨਿਊਜ) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ਹਿਰ ਦੀ ਸਾਫ ਸਫਾਈ ਲਈ ਮੈਡੀਕਲ ਅਫ਼ਸਰਾਂ, ਇੰਪਰੂਵਮੈਂਟ ਟਰੱਸਟ ਅਤੇ ਪੁੱਡਾ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ | ਉਨ੍ਹਾਂ ਕੂੜੇ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਉਂਸੀਪਲ ਕਾਰਪੋਰੇਸ਼ਨ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਅਤੇ ਪੁੱਡਾ ਵਰਗੀਆਂ ਏਜੰਸੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਜ਼ੋਨਾਂ ਵਿੱਚ ਸਫ਼ਾਈ ਮੁਹਿੰਮ ਸ਼ੁਰੂ ਕਰਨ ਦੇ ਸਖ਼ਤ ਆਦੇਸ਼ ਦਿੱਤੇ। ਮੌਜੂਦਾ ਸਮੱਸਿਆ ਨੂੰ ਸਮਝਦੇ ਹੋਏ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚੋਂ ਕੂੜਾ ਚੁੱਕਣ ਵਾਲੀ ਏਜੰਸੀ ਨੂੰ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਗਿਣਤੀ 110 ਤੋਂ ਵਧਾ ਕੇ 200 ਕਰਨ ਲਈ ਹਦਾਇਤ ਕੀਤੀ। ਉਨਾਂ ਕਿਹਾ ਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ ਕਰਨ ਲਈ ਵਿਸ਼ੇਸ਼ ਵਾਹਨਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਭਗਤਵਾਲਾ ਡੰਪਾਂ ਨੂੰ ਨਵੀਂ ਬਾਇਓ ਰੀਮੀਡੀਏਸ਼ਨ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਹਨਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਏਜੰਸੀ ਜਾਂ ਠੇਕੇਦਾਰ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਥੇ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਮੁੜ ਲੀਹਾਂ ਉੱਤੇ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਇਹ ਸ਼ਹਿਰ ਜਿੱਥੇ ਕਿ ਲਗਭਗ ਇਕ ਲੱਖ ਯਾਤਰੀ ਰੋਜ਼ਾਨਾ ਬਾਹਰੋਂ ਆਉਂਦੇ ਹਨ ਨੂੰ ਸਾਫ ਰੱਖਣ ਲਈ ਹੋਰ ਸਾਧਨਾਂ ਦੀ ਲੋੜ ਹੈ ਅਤੇ ਇਸ ਉੱਤੇ ਕੰਮ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਜਿੱਥੇ ਕਿ ਧਾਰਮਿਕ ਯਾਤਰੀਆਂ ਦੇ ਨਾਲ ਨਾਲ ਟੂਰਿਜਮ ਦੀਆਂ ਅਥਾਹ ਸੰਭਾਵਨਾਵਾਂ ਹਨ ਨੂੰ ਮੁੱਖ ਰੱਖਦੇ ਹੋਏ ਇਸ ਦੀ ਸਫਾਈ ਵਿਵਸਥਾ ਬਿਲਕੁਲ ਸਮੇਂ ਦੇ ਹਾਣ ਦੀ ਹੋਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਹਤ ਅਫਸਰ ਨਗਰ ਨਿਗਮ ਡਾ: ਕਿਰਨ ਕੁਮਾਰ ਨੂੰ ਕਿਹਾ ਕਿ ਉਹ ਆਪਣੀ ਦੇਖ ਰੇਖ ਹੇਠ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਸ਼ਹਿਰ ਦੀ ਸਾਫ ਸਫਾਈ ਰੋਜ਼ਾਨਾਂ ਹੋਣੀ ਚਾਹੀਦੀ ਹੈ। ਇਸ ਮੌਕੇ ਐਕਸੀਅਲ ਸ: ਸੰਦੀਪ ਸਿੰਘ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

ਸਾਂਝਾ ਕਰੋ

ਪੜ੍ਹੋ