‘ਪਸ਼ੂ ਪਾਲਣ ਮੇਲਾ’ ਗੁਣਵੱਤਾ ਭਰਪੂਰ ਪਸ਼ੂਧਨ ਉਤਪਾਦ ਬਨਾਉਣ ਦੇ ਸੁਨੇਹੇ ਨਾਲ ਹੋਇਆ ਸੰਪੂਰਨ

ਲੁਧਿਆਣਾ, 16 ਸਤੰਬਰ (ਗਿਆਨ ਸਿੰਘ) – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਗਾਇਆ ਗਿਆ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ ਅੱਜ ਪਸ਼ੂ ਪਾਲਣ ਕਿੱਤਿਆਂ ਵਿਚ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਮੁਨਾਫ਼ਾ ਵਧਾਉਣ ਦੇ ਸੁਨੇਹੇ ਨਾਲ ਸੰਪੂਰਨ ਹੋ ਗਿਆ।ਮੇਲੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਆਪਣੀ ਸ਼ਮੂਲੀਅਤ ਦਰਜ ਕੀਤੀ ਅਤੇ ਨਵੀਆਂ ਤਕਨੀਕਾਂ ਸਿੱਖਣ ਵਿਚ ਆਪਣੀ ਰੁਚੀ ਵਿਖਾਈ। ਅੱਜ ਦੂਜੇ ਦਿਨ ਸਮਾਪਨ ਅਤੇ ਇਨਾਮ ਵੰਡ ਸਮਾਰੋਹ ਮੌਕੇ ਡਾ. ਕਮਲ ਕੁਮਾਰ ਗਰਗ, ਵਧੀਕ ਸਕੱਤਰ, ਪੰਜਾਬ ਸਰਕਾਰ ਬਤੌਰ ਮੁੱਖ ਮਹਿਮਾਨ ਅਤੇ ਸ. ਕੁਲਦੀਪ ਸਿੰਘ, ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ, ਪੰਜਾਬ ਬਤੌਰ ਪਤਵੰਤੇ ਮਹਿਮਾਨ ਪਧਾਰੇ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਅਤੇ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਮੁਨਾਫ਼ੇ ਨੂੰ 25 ਤੋਂ 40 ਪ੍ਰਤੀਸ਼ਤ ਵਧਾਇਆ ਜਾ ਸਕਦਾ ਹੈ।ਉਨ੍ਹਾਂ ਨੇ ਕਿਸਾਨਾਂ ਤਕ ਪਹੁੰਚਣ ਹਿਤ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਅਤੇ ਕੇਂਦਰਾਂ ਦੀਆਂ ਗਤੀਵਿਧੀਆਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਡਾ. ਗਿੱਲ ਨੇ ਕਿਸਾਨੀ ਭਾਈਚਾਰੇ ਨੂੰ ਕਿਹਾ ਕਿ ਵਿਗਿਆਨੀ ਤੁਹਾਡੇ ਇਕ ਸੱਦੇ ’ਤੇ ਤੁਹਾਡੇ ਨਾਲ ਖੜੇ ਹਨ ਇਸ ਲਈ ਅੱਗੇ ਵਧੋ ਤਾਂ ਜੋ ਕਿਸਾਨੀ ਸਭਿਆਚਾਰ ਦੀ ਪੁਰਾਣੀ ਸ਼ਾਨ ਨੂੰ ਮੁੜ ਕੇ ਬਹਾਲ ਕਰੀਏ।

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਸਾਡੇ ਕੁਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਕਰਦੇ ਹਨ। ਉਨਾ੍ਹਂ ਕਿਹਾ ਕਿ ਇਸ ਤਰਾ੍ਹਂ ਦੇ ਕੰਮਾਂ ਨਾਲ ਘਰ ਬੈਠਿਆਂ ਹੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਤਿਆਂ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਇਨਾ੍ ਨੂੰ ਔਰਤਾਂ ਵੀ ਸੌਖਿਆਂ ਹੀ ਕਰ ਸਕਦੀਆਂ ਹਨ। ਉਨਾ੍ਹਂ ਕਿਹਾ ਕਿ ਸਜਾਵਟੀ ਮੱਛੀਆਂ, ਮੱਛੀਆਂ ਲਈ ਐਕਵੇਰੀਅਮ, ਬੋਤਲ ਬੰਦ ਸੁਗੰਧਿਤ ਦੁੱਧ, ਲੱਸੀ, ਪਨੀਰ, ਮੀਟ ਅਤੇ ਆਂਡਿਆਂ ਦੇ ਆਚਾਰ, ਕੋਫਤੇ, ਪੈਟੀਆਂ, ਬਾਲ ਅਤੇ ਮੱਛੀ ਦੇ ਕੀਮੇ ਤੋਂ ਤਿਆਰ ਕੀਤੀਆਂ ਕਈ ਤਰ੍ਹਾਂ ਦੀਆਂ ਸੁਆਦੀ ਵੰਨਗੀਆਂ ਬਣਾਈਆਂ ਜਾ ਸਕਦੀਆਂ ਹਨ।ਯੂਨੀਵਰਸਿਟੀ ਦੇ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਕਾਲਜ, ਪਸ਼ੂਧਨ ਉਤਪਾਦ ਤੇ ਤਕਨਾਲੋਜੀ ਵਿਭਾਗ ਵੱਲੋਂ ਵੱਖ-ਵੱਖ ਕਿਸਮ ਦੇ ਦੁੱਧ, ਮੀਟ ਅਤੇ ਆਂਡਿਆਂ ਦੇ ਕਈ ਉਤਪਾਦ ਤਿਆਰ ਕੀਤੇ ਗਏ ਸਨ ਜਦਕਿ ਫ਼ਿਸ਼ਰੀਜ਼ ਕਾਲਜ ਵੱਲੋਂ ਵੀ ਵੱਡੀ ਗਿਣਤੀ ਵਿਚ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਸਨ। ਡਾ. ਬਰਾੜ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੇ ਪਸ਼ੂ ਪਾਲਣ ਕਿੱਤਿਆਂ ਨੂੰ ਬਿਹਤਰ ਬਨਾਉਣ ਅਤੇ ਵਿਗਿਆਨਕ ਤਕਨੀਕਾਂ ਨੂੰ ਅਪਨਾਉਣ ਵਿੱਚ ਆਪਣੀ ਚੰਗੀ ਰੁਚੀ ਜ਼ਾਹਿਰ ਕੀਤੀ।

ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ ਨੇ ਆਪਣਾ ਗਿਆਨ ਤੇ ਜਾਣਕਾਰੀਆਂ ਪਸ਼ੂ ਪਾਲਕਾਂ ਨੂੰ ਦਿੱਤੀਆਂ।ਪਸ਼ੂ ਆਹਾਰ ਵਿਭਾਗ ਨੇ ਪਸ਼ੂਆਂ ਦੇ ਸੁਚੱਜੇ ਖੁਰਾਕ ਪ੍ਰਬੰਧ ਲਈ ਕਈ ਨਵੀਆਂ ਤਕਨੀਕਾਂ ਜਿਵੇਂ ਬਾਈਪਾਸ ਫੈਟ, ਪਸ਼ੂ ਚਾਟ ਅਤੇ ਧਾਤਾਂ ਦਾ ਚੂਰਾ ਆਦਿ ਵਿਕਸਿਤ ਕੀਤੀਆਂ ਹਨ। ਪਸ਼ੂ ਆਹਾਰ ਤਿਆਰ ਕਰਨ ਵਾਸਤੇ ਪਸ਼ੂ ਪਾਲਕਾਂ ਨੂੰ ਸੰਤੁਲਿਤ ਮਿਕਦਾਰ ਬਾਰੇ ਵੀ ਦੱਸਿਆ ਗਿਆ। ਪਸ਼ੂ ਪ੍ਰਜਣਨ ਵਿਭਾਗ ਨੇ ਪਸ਼ੂਆਂ ਦੇ ਨਾ ਠਹਿਰਣ, ਵਾਰ ਵਾਰ ਫਿਰ ਜਾਣ ਆਦਿ ਵਰਗੀਆਂ ਉਲਝਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਸਮੱਸਿਆਵਾਂ ’ਤੇ ਕਾਬੂ ਪਾਉਣ ਵਾਸਤੇ ਜਾਗਰੂਕ ਕੀਤਾ। ਮਸਨੂਈ ਗਰਭਦਾਨ ਦੇ ਫਾਇਦਿਆਂ ਬਾਰੇ ਵੀ ਕਿਸਾਨਾਂ ਨੂੰ ਦੱਸਿਆ ਗਿਆ। ਫਿਸ਼ਰੀਜ ਕਾਲਜ, ਵੱਲੋ ਵੱਖ-ਵੱਖ ਕਿਸਮਾਂ ਦੀਆਂ ਪਾਲਣਯੋਗ ਮੱਛੀਆਂ ਜਿਵੇਂ ਕਿ ਕਾਰਪ ਮੱਛੀ, ਕੈਟ ਮੱਛੀ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਕਾਲਜ ਵੱਲੋਂ ਦੁੱਧ ਦੀ ਗੁਣਵੱਤਾ ਵਧਾ ਕੇ ਮਿੱਠੀ ਤੇ ਨਮਕੀਨ ਲੱਸੀ, ਦੁੱਧ, ਪਨੀਰ, ਬਰਫੀ ਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਵੱਲੋਂ ਮੀਟ ਦੇ ਉਤਪਾਦ ਤਿਆਰ ਕੀਤੇ ਗਏ। ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਨੇ ਲੋਕਾਂ ਨੂੰ ਅਤੇ ਪਾਲਤੂ ਜਾਨਵਰ ਰੱਖਣ ਵਾਲੇ ਮਾਲਕਾਂ ਨੂੰ ਪਸ਼ੂਆਂ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਬਾਰੇ ਆਗਾਹ ਕੀਤਾ।

ਪਸ਼ੂਆਂ ਦੀ ਸਿਹਤ ਸਮੱਸਿਆਵਾਂ ਲਈ ਕੰਮ ਕਰਦੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੇ ਮਾਹਿਰਾਂ ਨੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਉਹ ਕਿਸੇ ਵੀ ਤਰਾ੍ਹਂ ਦੀ ਸਕੈਨਿੰਗ, ਅਪਰੇਸ਼ਨ ਸਬੰਧੀ, ਕਲੀਨੀਕਲ ਜਾਂ ਦਵਾਈ ਸਬੰਧੀ ਜਾਂਚ ਕਰਵਾ ਸਕਦੇ ਹਨ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ‘‘ਡੇਅਰੀ ਫਾਰਮਿੰਗ’, ‘ਪਸ਼ੂਆਂ ਦੀਆਂ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਿਫਾਰਿਸ਼ਾਂ’, ਮਹੀਨੇਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਕਿਸਾਨਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਮੁਹਤਬਰ ਸ਼ਖ਼ਸੀਅਤਾਂ ਵੱਲੋਂ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਤਿਆਰ ਕੀਤੇ ਗਏ ਕਈ ਕਿਤਾਬਚੇ ਅਤੇ ਪ੍ਰਕਾਸ਼ਨਾਵਾਂ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਵਿਚ ਪੁਸਤਕਾਂ ‘ਸੂਰਾਂ ਦੀ ਸਾਂਭ ਸੰਭਾਲ’, ‘ਮੱਛੀ ਅਤੇ ਝੀਂਗੇ ਦੇ ਗੁਣਵੱਤਾ ਭਰਪੂਰ ਉਤਪਾਦ’, ‘ਕਿਸਾਨ ਉਤਪਾਦਕ ਸੰਗਠਨ’, ‘ਪੰਜਾਬ ਵਿਚ ਲਾਹੇਵੰਦ ਬੱਕਰੀ ਪਾਲਣ’ ਤੇ ਵੀਡੀਓ ਫ਼ਿਲਮ ‘ਅਜ਼ੋਲਾ ਕਾਸ਼ਤ ਅਤੇ ਇਸ ਦੀ ਆਰਥਿਕ ਉਪਯੋਗਿਤਾ’ ਲੋਕ ਅਰਪਣ ਕੀਤੀਆਂ ਗਈਆਂ। ਇਕ ਕਿਸਾਨ ਉਦਮੀ ਵੱਲੋਂ ਬੱਕਰੀ ਦੇ ਦੁੱਧ ਤੋਂ ਤਿਆਰ ਕੀਤੀਆਂ ਗਈਆਂ ਪਿੰਨੀਆਂ ਵੀ ਲੋਕ ਅਰਪਣ ਕੀਤੀਆਂ ਗਈਆਂ।
ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ, ਦਵਾਈਆਂ, ਮਸ਼ੀਨਰੀ, ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮਿਆਂ ਤੇ ਯੂਨੀਵਰਸਿਟੀ ਨਾਲ ਜੁੜ ਕੇ ਕੰਮ ਕਰ ਰਹੀਆਂ ਜਥੇਬੰਦੀਆਂ ਦੇ 100 ਤੋਂ ਵਧੇਰੇ ਸਟਾਲ ਲੱਗੇ ਹੋਏ ਸਨ। ਇਨ੍ਹਾਂ ਸਟਾਲਾਂ ਵਿੱਚੋਂ ਪਾਰਸ ਨਿਊਟ੍ਰੀਸ਼ਨ ਪ੍ਰਾ. ਲਿਮ. ਨੂੰ ਪਹਿਲਾ, ਓਲੰਪਿਕ ਓਵਰਸੀਜ਼ ਨੂੰ ਦੂਸਰਾ, ਐਸ. ਵੈਲ ਇੰਜਨੀਅਰਿੰਗ ਨੂੰ ਤੀਸਰਾ ਜਦਕਿ ਅਨਾਯਾ ਫੀਡ ਪ੍ਰਾ. ਲਿਮ. ਨੂੰ ਹੌਸਲਾ ਵਧਾਊ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ। ਯੂਨੀਵਰਸਿਟੀ ਸ਼੍ਰੇਣੀ ਵਿਚ ਕਾਲਜ ਆਫ ਫ਼ਿਸ਼ਰੀਜ਼ ਨੂੰ ਪਹਿਲਾ, ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਨੂੰ ਦੂਜਾ, ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਨੂੰ ਤੀਸਰਾ ਅਤੇ ਸੈਂਟਰ ਫਾਰ ਵਨ ਹੈਲਥ ਨੂੰ ਹੌਸਲਾ ਵਧਾਊ ਇਨਾਮ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਕਮਲ ਕੁਮਾਰ ਗਰਗ, ਸ਼੍ਰੀ ਕੁਲਦੀਪ ਸਿੰਘ, ਡਾ. ਰਾਜੇਸ਼ ਕਸਰੀਜਾ, ਡਾ. ਪ੍ਰਣਵ ਕੁਮਾਰ ਸਿੰਘ, ਡਾ. ਕੇਵਲ ਅਰੋੜਾ, ਕਿਸਾਨ ਹਰੇਰਾਮ, ਸਿਵਾਨ, (ਬਿਹਾਰ) ਅਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੂੰ ਸਨਮਾਨਿਤ ਕੀਤਾ ਗਿਆ। ਪਸ਼ੂ ਪਾਲਣ ਮੇਲਾ, ਪਸ਼ੂ ਪਾਲਣ ਕਿੱਤਿਆਂ ਨੂੰ ਹੋਰ ਸੁਚੱਜੇ ਅਤੇ ਆਰਥਿਕ ਮੁਨਾਫ਼ੇ ਵਾਲਾ ਕਿੱਤੇ ਬਨਾਉਣ ਦੇ ਸੁਨੇਹੇ ਨਾਲ ਸੰਪੂਰਨ ਹੋਇਆ।
ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...