ਸਚਾਈ ਬਾਹਰ

ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਕਿਹੜੀਆਂ-ਕਿਹੜੀਆਂ ਘਪਲੇਬਾਜ਼ੀਆਂ ਕੀਤੀਆਂ, ਉਸ ਦੀ ਇੱਕ ਮਿਸਾਲ ਮੱਧ ਪ੍ਰਦੇਸ਼ ਦੇ ਭਾਜਪਾਈਆਂ ਵੱਲੋਂ ਕੀਤੇ ਖੁਲਾਸਿਆਂ ਨਾਲ ਸਾਹਮਣੇ ਆਈ ਹੈ। ਵਾਇਰਲ ਵੀਡੀਓ ਵਿੱਚ ਸਾਗਰ ਹਲਕੇ ਤੋਂ ਜਿੱਤੀ ਲਤਾ ਵਾਨਖੇੜੇ ਦੇ ਇੱਕ ਪ੍ਰੋਗਰਾਮ ਵਿੱਚ ਉਸ ਤੋਂ ਨਾਰਾਜ਼ ਭਾਜਪਾਈਆਂ ਨੇ ਅਜਿਹੇ ਮਿਹਣੇ ਮਾਰੇ, ਜਿਹੜੇ ਉਸ ਦੀ ਮੈਂਬਰੀ ਲਈ ਖਤਰਾ ਬਣ ਸਕਦੇ ਹਨ। ਲਤਾ ਵਾਨਖੇੜੇ ਆਪਣੀ ਟੀਮ ਨਾਲ ਲੰਘੇ ਵੀਰਵਾਰ ਸਿਰੋਂਜ ਅਸੰਬਲੀ ਹਲਕੇ ਦੇ ਲਟੇਰੀ ਕਸਬੇ ਵਿੱਚ ਕੁਸ਼ ਜੈਅੰਤੀ ਦੇ ਪ੍ਰੋਗਰਾਮ ’ਚ ਪੁੱਜੀ ਸੀ। ਪ੍ਰੋਗਰਾਮ ਤੋਂ ਐਨ ਪਹਿਲਾਂ ਉੱਥੇ ਭਾਜਪਾਈ ਆਪਸ ਵਿੱਚ ਉਲਝ ਗਏ। ਭਾਜਪਾ ਦੇ ਮੰਡਲ ਮਹਾਮੰਤਰੀ ਰਾਮ ਗੁਲਾਮ ਰਾਜੋਰੀਆ ਸਣੇ ਕੁਝ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਮਿਹਨਤ ਕਰਕੇ ਉਨ੍ਹਾਂ ਨੇ ਜਿਤਾਇਆ ਤੇ ਹੁਣ ਸਾਂਸਦ ਉਨ੍ਹਾਂ ਨੂੰ ਭਰੋਸੇ ਵਿਚ ਲਏ ਬਿਨਾਂ ਹਲਕੇ ਦੇ ਦੌਰੇ ਕਰ ਰਹੀ ਹੈ। ਉਸ ਦੇ ਦੌਰਿਆਂ ਦੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਹੀ ਮਿਲਦੀ ਹੈ। ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਕਿ ਲਤਾ ਵਾਨਖੇੜੇ ਨੇ ਜਿਸ ਦੇ ਘਰ ਖਾਣਾ ਖਾਣਾ ਹੈ, ਉਹ ਕਾਂਗਰਸੀ ਹੈ। ਜੇ ਉਹ ਉਸ ਦੇ ਘਰ ਗਈ ਤਾਂ ਕਾਰਕੁਨਾਂ ਤੇ ਪਾਰਟੀ ਦਾ ਨੱਕ ਵੱਢਿਆ ਜਾਏਗਾ। ਸਿਰੋਂਜ ਦੇ ਭਾਜਪਾ ਵਿਧਾਇਕ ਉਮਾਕਾਂਤ ਸ਼ਰਮਾ ਦਾ ਪ੍ਰਤੀਨਿਧ ਤੇ ਲਟੇਰੀ ਨਗਰ ਕੌਂਸਲ ਦੀ ਪ੍ਰਧਾਨ ਦਾ ਪਤੀ ਸੰਜੇ ਅੱਤੂ ਭੰਡਾਰੀ ਤਾਂ ਬਹੁਤ ਗੁੱਸੇ ਵਿੱਚ ਨਜ਼ਰ ਆਇਆ।

ਉਸ ਨੇ ਕਿਹਾਜਿਹੜੇ ਲੋਕ ਅੱਜ ਅੱਗੇ-ਅੱਗੇ ਹੋ ਕੇ ਗੱਲਾਂ ਕਰ ਰਹੇ ਹਨ, ਉਹ ਚੋਣਾਂ ਵੇਲੇ ਕਿੱਥੇ ਸਨ? ਅਸੀਂ 13 ਪੋਲਿੰਗ ਬੂਥਾਂ ’ਤੇ ਕਾਂਗਰਸ ਦਾ ਕੋਈ ਏਜੰਟ ਬੈਠਣ ਨਹੀਂ ਦਿੱਤਾ। ਲੜੇ ਅਸੀਂ ਤੇ ਹੁਣ ਮੂਹਰੇ ਹੋਰ ਹੋ ਗਏ ਹਨ। ਵਾਇਰਲ ਵੀਡੀਓ ਵਿੱਚ ਇੱਕ ਨੌਜਵਾਨ ਇਹ ਕਹਿੰਦਾ ਨਜ਼ਰ ਆ ਰਿਹਾਮੈਂ 15 ਵੋਟਾਂ ਪਾਈਆਂ। ਜਾਅਲੀ ਵੋਟਾਂ ਅਸੀਂ ਪਾਈਆਂ। ਜੇਲ੍ਹ ਜਾਂਦੇ ਤਾਂ ਅਸੀਂ ਜਾਂਦੇ। ਕਾਰਕੁੰਨਾਂ ਦੇ ਆਪਸ ਵਿੱਚ ਗੁੱਥਮਗੁੱਥਾ ਹੋਣ ਦੀ ਨੌਬਤ ਆਉਦੀ ਦੇਖ ਸਾਂਸਦ ਖਿਸਕਦੀ ਬਣੀ। ਇਸ ਵੀਡੀਓ ਤੋਂ ਬਾਅਦ ਕਾਂਗਰਸ ਫਿਰ ਹਮਲਾਵਰ ਹੋ ਗਈ ਹੈ। ਉਸ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਹੇਰਾਫੇਰੀ ਦੀਆਂ ਸਬੂਤਾਂ ਨਾਲ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਉਸ ਨੇ ਪਰਵਾਹ ਨਹੀਂ ਕੀਤੀ। ਹੁਣ ਘਪਲੇਬਾਜ਼ੀਆਂ ਦੀ ਪੋਲ ਜਦ ਭਾਜਪਾਈ ਖੁਦ ਖੋਲ੍ਹ ਰਹੇ ਹਨ ਤਾਂ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਹੈ। ਕਮਿਸ਼ਨ ਨੂੰ ਸਾਗਰ ਹਲਕੇ ਦੀ ਚੋਣ ਰੱਦ ਕਰਕੇ ਨਵੇਂ ਸਿਰਿਓਂ ਕਰਾਉਣੀ ਚਾਹੀਦੀ ਹੈ। ਜੇ ਕਮਿਸ਼ਨ ਨੇ ਕਾਰਵਾਈ ਨਹੀਂ ਕੀਤੀ ਤਾਂ ਕਾਂਗਰਸ ਕੋਰਟ ਜਾਏਗੀ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਾਰੀਆਂ 29 ਸੀਟਾਂ ਜਿੱਤੀਆਂ ਸਨ। ਅਜਿਹਾ ਸੂਬੇ ਵਿਚ ਪਹਿਲੀ ਵਾਰ ਹੋਇਆ। ਚੋਣਾਂ ਦੌਰਾਨ ਭਾਜਪਾ ਨੇ ਕਾਂਗਰਸ ਦੇ ਖੇਮੇ ਵਿੱਚ ਜ਼ਬਰਦਸਤ ਸੰਨ੍ਹ ਲਾਈ ਸੀ। ਕਈ ਵਿਧਾਇਕਾਂ ਨੂੰ ਤੋੜਿਆ ਸੀ। ਭਾਜਪਾ ਦੇ ਅਪ੍ਰੇਸ਼ਨ ਦਾ ਆਲਮ ਇਹ ਰਿਹਾ ਸੀ ਕਿ ਨਾਂ ਵਾਪਸੀ ਵਾਲੇ ਦਿਨ ਇੰਦੌਰ ਤੋਂ ਕਾਂਗਰਸੀ ਉਮੀਦਵਾਰ ਅਕਸ਼ੈ ਕਾਂਤੀ ਬੰਬ ਨਾਂ ਵਾਪਸ ਲੈ ਕੇ ਭਾਜਪਾ ਦੀ ਗੋਦ ਵਿਚ ਜਾ ਬੈਠਾ ਸੀ। ਖਜੂਰਾਹੋ ਦੀ ਸੀਟ ਕਾਂਗਰਸ ਨੇ ਸਮਾਜਵਾਦੀ ਪਾਰਟੀ ਲਈ ਛੱਡੀ ਸੀ ਪਰ ਉਸ ਦੇ ਉਮੀਦਵਾਰ ਦਾ ਪਰਚਾ ਰੱਦ ਹੋ ਗਿਆ ਸੀ।

ਸਾਂਝਾ ਕਰੋ

ਪੜ੍ਹੋ