ਗ਼ਜ਼ਲ
ਗੱਜਣ ਵਾਲ਼ੇ ਵੱਸਦੇ ਨਈਂ,
ਕਰਤੇ,ਕਿਰਤਾਂ ਦੱਸਦੇ ਨਈਂ।
ਚੌਧਰ,ਚਾਲਾਂ, ਚਮਚਗਿਰੀ,
ਇਹ ਕੰਮ ਮੇਰੇ ਵੱਸ ਦੇ ਨਈਂ।
ਤੈਨੂੰ ਕਿਹੜਾ ਆਖ ਗਿਆ?
ਸੱਪ ਜੋਗੀ ਨੂੰ ਡੱਸਦੇ ਨਈਂ।
ਮਕੜੀ ਜਾਲ਼ ਕਨੂੰਨ ਜਿਹਾ,
ਕਾਲ਼ੇ ਡੇਂਬੂ ਫਸਦੇ ਨਈਂ।
ਸਾਡੀ ਪਿੱਠ ਖਲੋਤਾ ਰਹਿ,
ਮਰ ਜਾਵਾਂਗੇ ਨੱਸਦੇ ਨਈਂ।
‘ਲੋਕਪ੍ਰੇਮੀ’ ਖੋਟ ਬੜੇ,
ਯਾਰ ਕਸੌਟੀ ਕੱਸਦੇ ਨਈਂ।